ਬੋਰਡ ਪ੍ਰੀਖਿਆ ਕਿਸੇ ਵਿਦਿਆਰਥੀ ਦੇ ਜੀਵਨ ਦਾ ਉਹ ਮੋੜ ਹੁੰਦੀ ਹੈ ਜੋ ਉਸਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਪ੍ਰੀਖਿਆ ਸਿਰਫ਼ ਪਾਠਕ੍ਰਮ ਦੀ ਜਾਂਚ ਨਹੀਂ ਕਰਦੀ, ਸਗੋਂ ਵਿਦਿਆਰਥੀ ਦੇ ਮਾਨਸਿਕ ਪੱਧਰ, ਅਨੁਸ਼ਾਸਨ, ਸਮੇਂ ਦੀ ਸਮਝ ਅਤੇ ਆਤਮ-ਵਿਸ਼ਵਾਸ ਨੂੰ ਵੀ ਪਰਖਦੀ ਹੈ। ਵੇਖਣ ਵਿਚ ਆਉਂਦਾ ਹੈ ਕਿ ਇਸ ਨਾਜ਼ੁਕ ਅਤੇ ਮਹੱਤਵਪੂਰਨ ਦੌਰ ਵਿਚ ਮਾਪਿਆਂ ਦਾ ਰੋਲ ਕੇਂਦਰੀ ਅਤੇ ਨਿਰਣਾਇਕ ਬਣ ਜਾਂਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਦੀ ਕਾਮਯਾਬੀ ਦੇ ਪਿੱਛੇ ਮਾਪਿਆਂ ਦੀ ਸੋਚ, ਸਹਿਯੋਗ ਅਤੇ ਪ੍ਰੇਰਣਾ ਦੀ ਵੱਡੀ ਭੂਮਿਕਾ ਹੁੰਦੀ ਹੈ।
ਬੋਰਡ ਪ੍ਰੀਖਿਆ ਦੌਰਾਨ ਵਿਦਿਆਰਥੀ ਤਣਾਅ, ਡਰ ਅਤੇ ਅਨਿਸ਼ਚਿਤਤਾ ਮਹਿਸੂਸ ਕਰਦਾ ਹੈ। ਵੱਡੀਆਂ ਉਮੀਦਾਂ, ਸਮਾਜਿਕ ਦਬਾਅ ਅਤੇ ਕਰੀਅਰ ਨਾਲ ਜੁੜੀਆਂ ਚਿੰਤਾਵਾਂ ਬੱਚੇ ਦੇ ਮਨ ਨੂੰ ਤਣਾਅਗ੍ਰਸਤ ਕਰ ਦਿੰਦੀਆਂ ਹਨ। ਅਜਿਹੇ ਸਮੇਂ ਮਾਪੇ ਬੱਚੇ ਲਈ ਉਸ ਦਾ ਸਭ ਤੋਂ ਵੱਡਾ ਸਹਾਰਾ ਬਣਦੇ ਹਨ। ਉਨ੍ਹਾਂ ਦੇ ਪਿਆਰ ਭਰੇ ਸ਼ਬਦ, ਧੀਰਜ ਅਤੇ ਸਮਝ-ਸੂਝ ਬੱਚੇ ਦੇ ਡਰ ਨੂੰ ਵਿਸ਼ਵਾਸ ਵਿਚ ਬਦਲ ਸਕਦੇ ਹਨ। ਜਦੋਂ ਮਾਪੇ ਬੱਚੇ ਨੂੰ ਇਹ ਯਕੀਨ ਦਿਵਾਉਂਦੇ ਹਨ ਕਿ ਅੰਕ ਜੀਵਨ ਦਾ ਅੰਤ ਨਹੀਂ, ਸਗੋਂ ਇਕ ਪੜਾਅ ਹਨ, ਤਾਂ ਬੱਚਾ ਨਿਸ਼ਚਿੰਤ ਹੋ ਕੇ ਆਪਣੀ ਪ੍ਰੀਖਿਆ ਦੀ ਤਿਆਰੀ ਕਰ ਸਕਦਾ ਹੈ।
ਮਾਪਿਆਂ ਦਾ ਸਭ ਤੋਂ ਪਹਿਲਾ ਅਤੇ ਅਹਿਮ ਫ਼ਰਜ਼ ਬੱਚੇ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਹੁੰਦਾ ਹੈ। ਕਈ ਵਾਰੀ ਅਣਜਾਣੇ ਵਿਚ ਮਾਪੇ ਆਪਣੇ ਸੁਪਨੇ ਬੱਚਿਆਂ ਉੱਤੇ ਲੱਦ ਦਿੰਦੇ ਹਨ, ਜੋ ਉਨ੍ਹਾਂ ਲਈ ਦਬਾਅ ਬਣ ਜਾਂਦੇ ਹਨ। ਇਸ ਦੇ ਉਲਟ, ਜੇ ਮਾਪੇ ਬੱਚੇ ਦੀ ਯੋਗਤਾ, ਰੁਚੀ ਅਤੇ ਸਮਰੱਥਾ ਨੂੰ ਸਮਝ ਕੇ ਉਸਦੀ ਹੌਂਸਲਾ ਅਫ਼ਜ਼ਾਈ ਕਰਦੇ ਹਨ ਤਾਂ ਉਨ੍ਹਾਂ ਦਾ ਬੱਚਾ ਹੋਰ ਭਰੋਸੇ ਨਾਲ ਅੱਗੇ ਵਧਦਾ ਹੈ। ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਸਾਕਾਰਾਤਮਕ ਸੋਚ ਅਤੇ ਸਹਿਯੋਗੀ ਰਵੱਈਆ ਵਿਦਿਆਰਥੀ ਨੂੰ ਅਸਫ਼ਲਤਾ ਦੇ ਡਰ ਤੋਂ ਮੁਕਤ ਕਰਦਾ ਹੈ।
ਇਸ ਤੋਂ ਇਲਾਵਾ, ਮਾਪੇ ਪੜ੍ਹਾਈ ਲਈ ਢੁੱਕਵਾਂ ਅਤੇ ਅਨੁਕੂਲ ਮਾਹੌਲ ਤਿਆਰ ਕਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਘਰ ਦਾ ਸ਼ਾਂਤ ਵਾਤਾਵਰਨ, ਪੜ੍ਹਨ ਲਈ ਨਿਰਧਾਰਤ ਸਮਾਂ ਅਤੇ ਜ਼ਰੂਰੀ ਸਾਧਨਾਂ ਦੀ ਉਪਲਬਧਤਾ ਬੱਚੇ ਦੀ ਤਿਆਰੀ ਨੂੰ ਸੁਚੱਜੀ ਬਣਾਉਂਦੀ ਹੈ। ਮਾਪਿਆਂ ਵੱਲੋਂ ਤਿਆਰ ਕੀਤਾ ਗਿਆ ਇਕ ਅਨੁਸ਼ਾਸਿਤ ਰੁਟੀਨ ਜਿਸ ਵਿਚ ਪੜ੍ਹਾਈ, ਆਰਾਮ ਅਤੇ ਮਨੋਰੰਜਨ ਦਾ ਸੰਤੁਲਨ ਹੋਵੇ ਬੱਚੇ ਨੂੰ ਥਕਾਵਟ ਤੋਂ ਬਚਾਉਂਦਾ ਹੈ।
ਬੱਚਿਆਂ ਦੀ ਸਿਹਤ ਵੀ ਬੋਰਡ ਪ੍ਰੀਖਿਆ ਦੇ ਦੌਰਾਨ ਬਹੁਤ ਅਹਿਮ ਹੁੰਦੀ ਹੈ। ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚੇ ਦੀ ਖੁਰਾਕ, ਨੀਂਦ ਅਤੇ ਆਰਾਮ ਦਾ ਖ਼ਾਸ ਧਿਆਨ ਰੱਖਣ। ਪੌਸ਼ਟਿਕ ਭੋਜਨ, ਪੂਰੀ ਨੀਂਦ ਅਤੇ ਥੋੜ੍ਹਾ ਜਿਹਾ ਮਨੋਰੰਜਨ ਬੱਚੇ ਨੂੰ ਤੰਦਰੁਸਤ ਅਤੇ ਤਾਜ਼ਗੀ ਭਰਿਆ ਰੱਖਦਾ ਹੈ। ਸਿਆਣੇ ਕਹਿੰਦੇ ਹਨ ਕਿ, 'ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਮਨ ਵਸਦਾ ਹੈ।' ਇਹ ਕਹਾਵਤ ਇੱਥੇ ਪੂਰੀ ਤਰ੍ਹਾਂ ਸਹੀ ਸਾਬਤ ਹੁੰਦੀ ਹੈ।
ਬੋਰਡ ਪ੍ਰੀਖਿਆ ਸਮੇਂ ਮਾਪਿਆਂ ਦਾ ਰੋਲ ਸਿਰਫ਼ ਨਿਗਰਾਨੀ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਬੱਚੇ ਨਾਲ ਦੋਸਤਾਂ ਵਾਂਗ ਗੱਲਬਾਤ ਕਰਨਾ, ਉਸ ਦੀਆਂ ਸਮੱਸਿਆਵਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਲੱਭਣ ਵਿਚ ਮਦਦ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਬੱਚਾ ਆਪਣੀ ਘਬਰਾਹਟ ਮਾਪਿਆਂ ਨਾਲ ਸਾਂਝੀ ਕਰਦਾ ਹੈ ਤਾਂ ਉਸਦਾ ਮਨ ਹੌਲਾ ਹੋ ਜਾਂਦਾ ਹੈ। ਇਸ ਤਰ੍ਹਾਂ ਮਾਪੇ ਬੱਚੇ ਦੇ ਭਰੋਸੇਮੰਦ ਸਾਥੀ ਬਣ ਜਾਂਦੇ ਹਨ।
ਇਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਮਾਪੇ ਬੱਚੇ ਦੀ ਤੁਲਨਾ ਹੋਰਨਾਂ ਨਾਲ ਨਾ ਕਰਨ। ਹਰ ਬੱਚਾ ਵੱਖਰਾ ਹੁੰਦਾ ਹੈ ਅਤੇ ਹਰ ਇਕ ਦੀ ਸਮਰੱਥਾ ਵੀ ਵੱਖ-ਵੱਖ ਹੁੰਦੀ ਹੈ। ਤੁਲਨਾ ਕਰਨ ਨਾਲ ਬੱਚੇ ਵਿਚ ਹੀਣ ਭਾਵਨਾ ਪੈਦਾ ਹੋ ਸਕਦੀ ਹੈ, ਜੋ ਉਸਦੇ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ। ਇਸ ਦੀ ਬਜਾਏ, ਜੇ ਮਾਪੇ ਬੱਚੇ ਦੀ ਆਪਣੀ ਤਰੱਕੀ ਨੂੰ ਮਹੱਤਵ ਦੇਣ, ਤਾਂ ਉਹ ਹੋਰ ਉਤਸ਼ਾਹ ਨਾਲ ਅੱਗੇ ਵਧਦਾ ਹੈ।
ਬੋਰਡ ਪ੍ਰੀਖਿਆ ਦੇ ਨਤੀਜੇ ਚਾਹੇ ਕਿਹੋ ਜਿਹੇ ਵੀ ਹੋਣ, ਮਾਪਿਆਂ ਦਾ ਰਵੱਈਆ ਸਥਿਰ ਅਤੇ ਸਹਿਯੋਗੀ ਹੋਣਾ ਚਾਹੀਦਾ ਹੈ। ਸਫ਼ਲਤਾ ਵੇਲੇ ਅਹੰਕਾਰ ਤੋਂ ਬਚਾਉਣਾ ਅਤੇ ਅਸਫਲਤਾ ਦੇ ਵੇਲੇ ਹੌਂਸਲਾ ਬਰਕਰਾਰ ਰੱਖਣਾ ਮਾਪਿਆਂ ਦੀ ਸਮਝਦਾਰੀ ਨੂੰ ਦਰਸਾਉਂਦਾ ਹੈ। ਬੱਚੇ ਨੂੰ ਇਹ ਸਿਖਾਉਣਾ ਕਿ ਜਿੱਤ ਅਤੇ ਹਾਰ ਦੋਵੇਂ ਜੀਵਨ ਦੇ ਅੰਗ ਹਨ, ਉਸ ਦੀ ਸ਼ਖਸੀਅਤ ਨੂੰ ਮਜ਼ਬੂਤ ਬਣਾਉਂਦਾ ਹੈ।
ਅੱਜ ਦੇ ਸਮੇਂ ਵਿਚ ਜਦੋਂ ਮੁਕਾਬਲਾ ਬਹੁਤ ਵਧ ਚੁੱਕਾ ਹੈ ਤਾਂ ਮਾਪਿਆਂ ਲਈ ਇਹ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ ਕਿ ਉਹ ਬੱਚੇ ਨੂੰ ਸਿਰਫ਼ ਅੰਕਾਂ ਦੀ ਦੌੜ ਵਿਚ ਨਾ ਫਸਾਉਣ, ਸਗੋਂ ਉਸ ਦੇ ਚਹੁੰਮੁਖੀ ਵਿਕਾਸ ਉੱਤੇ ਧਿਆਨ ਦੇਣ। ਨੈਤਿਕ ਮੁੱਲ, ਆਤਮ-ਅਨੁਸ਼ਾਸਨ ਅਤੇ ਜੀਵਨ ਦੀ ਸਹੀ ਸੋਚ ਬੱਚੇ ਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਹਨ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਬੋਰਡ ਪ੍ਰੀਖਿਆ ਵਿਚ ਵਿਦਿਆਰਥੀ ਦੀ ਕਾਮਯਾਬੀ ਦੇ ਪਿੱਛੇ ਮਾਪਿਆਂ ਦਾ ਰੋਲ ਇਕ ਮਜ਼ਬੂਤ ਨੀਂਹ ਵਾਂਗ ਹੁੰਦਾ ਹੈ। ਉਨ੍ਹਾਂ ਦਾ ਪਿਆਰ, ਸਹਿਯੋਗ, ਸਮਝਦਾਰੀ ਅਤੇ ਪ੍ਰੇਰਣਾ ਬੱਚੇ ਨੂੰ ਨਾ ਸਿਰਫ਼ ਪ੍ਰੀਖਿਆ ਵਿਚ ਸਫਲ ਬਣਾਉਂਦੀ ਹੈ, ਸਗੋਂ ਜੀਵਨ ਦੀਆਂ ਹਰ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦੇ ਯੋਗ ਵੀ ਬਣਾਉਂਦੀ ਹੈ। ਇਸ ਲਈ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਫਲ ਵਿਦਿਆਰਥੀ ਦੇ ਪਿੱਛੇ ਸਿਆਣੇ ਅਤੇ ਸਹਿਯੋਗੀ ਮਾਪੇ ਹੁੰਦੇ ਹਨ।
-ਲੈਕਚਰਾਰ (ਪੰਜਾਬੀ) ਦਿੱਲੀ
ਮੋਬਾਈਲ : 92126-32234