ਅਬਦੁਰ ਰਸ਼ੀਦ ਕਾਰਦਾਰ ਉਰਫ਼ ਏ.ਆਰ.ਕਾਰਦਾਰ ਤੇ ਉਨ੍ਹਾਂ ਦੇ ਜਿਗਰੀ ਯਾਰ ਅਦਾਕਾਰ ਐਮ. ਇਸਮਾਇਲ ਨੇ ਯੂਨਾਈਟਿਡ ਪਲੇਅਰਸ ਕਾਰਪੋਰੇਸ਼ਨ ਨਾਂਅ ਦੀ ਫ਼ਿਲਮ ਕੰਪਨੀ ਸ਼ੁਰੂ ਕਰਕੇ ਲਾਹੌਰ ਫ਼ਿਲਮ ਇੰਡਸਟਰੀ ਦੀ ਨੀਂਹ ਰੱਖੀ। ਸੰਨ 1929 ਵਿਚ ਏ. ਆਰ. ਕਾਰਦਾਰ ਨੇ ਆਪਣੀ ਇਸ ਕੰਪਨੀ ਦੀ ਪਹਿਲੀ ਪ੍ਰੋਡਕਸ਼ਨ ਫ਼ਿਲਮ 'ਹੁਸਨ ਕਾ ਡਾਕੂ' ਦਾ ਨਿਰਮਾਣ ਕੀਤਾ ਤੇ ਇਸ ਤਰ੍ਹਾਂ ਇਸ ਫ਼ਿਲਮ ਦੇ ਬਣਨ ਨਾਲ ਲਾਹੌਰ ਸ਼ਹਿਰ ਜਿੱਥੇ ਏ.ਆਰ.ਕਾਰਦਾਰ ਨੇ ਫ਼ਿਲਮ ਸਟੂਡੀਓ ਵੀ ਬਣਾ ਲਿਆ ਸੀ, ਫ਼ਿਲਮਾਂ ਬਣਾਉਣ ਦਾ ਇਕ ਪ੍ਰਮੁੱਖ ਕੇਂਦਰ ਬਣ ਗਿਆ। ਸ਼ਹਿਰ ਵਿਚ ਨਵੀ ਫ਼ਿਲਮ ਇੰਡਸਟਰੀ ਨੂੰ ਤਰੱਕੀ ਕਰਦਿਆਂ ਵੇਖ ਹੋਰ ਵੀ ਕਾਰੋਬਾਰੀ ਤੇ ਫ਼ਿਲਮਾਂ ਬਣਾਉਣ ਦੇ ਸ਼ੌਕੀਨ ਲਾਹੌਰ ਫ਼ਿਲਮ ਇੰਡਸਟਰੀ ਵੱਲ ਖਿੱਚੇ ਆਉਣ ਲੱਗੇ। ਫ਼ਿਲਮਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਲਾਹੌਰ ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਲੱਗੀਆਂ। ਠੀਕ ਉਸੇ ਸਮੇਂ ਦਲਸੁਖ ਐਮ.ਪੰਚੋਲੀ ਵੀ ਏ.ਆਰ ਕਾਰਦਾਰ ਦੇ ਨਾਲ ਫ਼ਿਲਮ ਨਿਰਮਾਣ ਵਿਚ ਸ਼ਾਮਿਲ ਹੋ ਗਏ, ਹਾਲਾਂਕਿ ਉਨ੍ਹਾਂ ਦੇ ਪਿਤਾ ਰੇਵਾ ਸ਼ੰਕਰ ਪੰਚੋਲੀ ਫ਼ਿਲਮ ਕਾਰੋਬਾਰ ਨਾਲ ਪਹਿਲਾਂ ਹੀ ਜੁੜੇ ਹੋਏ ਸਨ। ਰੇਵਾ ਸ਼ੰਕਰ 1920 ਦੇ ਦਹਾਕੇ ਵਿਚ ਫ਼ਿਲਮ ਡਿਸ਼ਟਰੀਬਿਊਸ਼ਨ ਅਤੇ ਪ੍ਰਦਰਸ਼ਨ ਦੇ ਕਾਰੋਬਾਰ ਨਾਲ ਜੁੜੇ ਹੋਏ ਵੱਡੇ ਕਾਰੋਬਾਰੀ ਵਿਅਕਤੀ ਸਨ, ਜਿਨ੍ਹਾਂ ਦੇ ਕਰਾਚੀ ਵਿਚ ਇੰਪੀਰੀਅਲ ਅਤੇ ਪਿਕਚਰ ਹਾਊਸ ਨਾਂਅ ਦੇ ਦੋ ਸਿਨੇਮਾ ਘਰ ਸਨ। ਇਸੇ ਤਰ੍ਹਾਂ ਬਰਾਂਡਰੇਥ ਰੋਡ ਲਾਹੌਰ ਦੇ ਵਸਨੀਕ ਸ਼ੌਰੀ ਪਰਿਵਾਰ ਰੌਸ਼ਨ ਲਾਲ ਸ਼ੋਰੀ ਅਤੇ ਉਨ੍ਹਾਂ ਦਾ ਪੁੱਤਰ ਰੂਪ ਕੇ. ਸ਼ੋਰੀ ਵੀ ਇਸ ਨਵੀ ਇੰਡਸਟਰੀ ਦਾ ਹਿੱਸਾ ਬਣ ਗਏ, ਜਿਨ੍ਹਾਂ ਦੀਆਂ ਫ਼ਿਲਮਾਂ ਨੇ ਪੰਜਾਬੀ ਸਿਨੇਮੇ ਦੀਆਂ ਨੀਂਹਾਂ ਨੂੰ ਮਜ਼ਬੂਤ ਕਰਨ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ।
ਵੰਡ ਤੋਂ ਪਹਿਲਾਂ ਲਾਹੌਰ ਫ਼ਿਲਮ ਇੰਡਸਟਰੀ ਵਿਚ ਅੱਠ ਵੱਡੇ ਫ਼ਿਲਮ ਸਟੂਡੀਓ ਹੋਇਆ ਕਰਦੇ ਸਨ, ਜਿਨ੍ਹਾਂ ਦੀ ਮਾਲਕੀ ਹਿੰਦੂ ਸੇਠਾਂ ਕੋਲ ਸੀ। 47 ਦੇ ਰੌਲਿਆਂ ਵਿਚ ਅੱਠਾਂ ਵਿਚੋਂ ਤਿੰਨ ਫ਼ਿਲਮ ਸਟੂਡੀਓ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ, ਜਿਨ੍ਹਾਂ ਦੇ ਨਾਂਅ ਸਨ ਪ੍ਰੈਜ਼ੀਡੈਂਟ ਫ਼ਿਲਮ ਸਟੂਡੀਓ, ਇੰਪੀਰੀਅਲ ਫ਼ਿਲਮ ਸਟੂਡੀਓ ਅਤੇ ਨਾਰਦਰਨ ਇੰਡੀਆ ਫ਼ਿਲਮ ਸਟੂਡੀਓ ਜਿੱਥੇ ਰਾਗਿਨੀ ਅਤੇ ਨਜ਼ਮੁਲ ਹਸਨ ਦੀ ਮਸ਼ਹੂਰ ਪੀਰੀਅਡ ਹਿੰਦੀ/ਉਰਦੂ ਫ਼ਿਲਮ ਦਾਸੀ (1944) ਦਾ ਨਿਰਮਾਣ ਹੋਇਆ ਸੀ।
ਲਾਹੌਰ ਦੇ ਪੰਜ ਮਸ਼ਹੂਰ ਫ਼ਿਲਮ ਸਟੂਡੀਓ, ਜਿੱਥੇ ਵੰਡ ਤੋਂ ਪਹਿਲਾਂ ਕਈ ਸੁਪਰਹਿੱਟ ਪੰਜਾਬੀ ਹਿੰਦੀ ਫ਼ਿਲਮਾਂ ਦੀ ਸੂਟਿੰਗ ਹੋਈ ਸੀ, ਜਿਨ੍ਹਾਂ ਦਾ ਵੇਰਵਾ ਕੁਝ ਇੰਝ ਹੈ-
ਪਲੇਅ ਆਰਟ ਫੋਟੋਟੋਨ ਫ਼ਿਲਮ ਸਟੂਡੀਓ: ਪਲੇਅ ਆਰਟ ਫੋਟੋਟੋਨ ਫ਼ਿਲਮ ਸਟੂਡੀਓ, ਜਿਸ ਦਾ ਪਹਿਲਾ ਨਾਂਅ ਯੂਨਾਈਟਿਡ ਪਲੇਅਰਸ ਕਾਰਪੋਰੇਸ਼ਨ ਫ਼ਿਲਮ ਕੰਪਨੀ ਸੀ ਇਸ ਸਟੂਡੀਓ ਦਾ ਨਿਰਮਾਣ ਅਬਦੁਰ ਰਸ਼ੀਦ ਕਾਰਦਾਰ ਨੇ ਸੰਨ 1929-30 ਦੇ ਕਰੀਬ ਕੀਤਾ ਸੀ, ਜਿਸ ਨੇ ਲਾਹੌਰ ਫ਼ਿਲਮ ਇੰਡਸਟਰੀ ਨੂੰ ਬਣਾਉਣ ਵਿਚ ਮੁੱਖ ਭੂਮਿਕਾ ਅਦਾ ਕੀਤੀ ਸੀ। ਮੂਕ ਫ਼ਿਲਮਾਂ ਤੋਂ ਸ਼ੁਰੂਆਤ ਕਰਕੇ ਪਹਿਲੀ ਪੰਜਾਬੀ ਸਾਊਂਡ ਫ਼ਿਲਮ ਬਣਾਉਣ ਲਈ ਪੰਜਾਬੀ ਸਿਨੇਮੇ ਦੇ ਇਤਿਹਾਸ ਵਿਚ ਆਪਣਾ ਨਾਂਅ ਦਰਜ ਕਰਨ ਵਾਲੇ ਏ.ਆਰ.ਕਾਰਦਾਰ ਦਾ ਇਹ ਫ਼ਿਲਮ ਸਟੂਡੀਓ ਪਹਿਲਾ ਅਜਿਹਾ ਰਾਹ ਦਸੇਰਾ ਫ਼ਿਲਮ ਸਟੂਡੀਓ ਸੀ, ਜਿਸ ਦੇ ਫ਼ਿਲਮ ਨਿਰਮਾਣ ਦੇ ਕੰਮ ਨੂੰ ਵੇਖ ਕੇ ਦਲਸੁਖ ਪੰਚੋਲੀ ਅਤੇ ਰੂਪ ਕੇ ਸ਼ੋਰੀ ਵਰਗੇ ਫ਼ਿਲਮ ਨਿਰਮਾਤਾਵਾਂ ਨੇ ਵੀ ਬਾਅਦ ਵਿਚ ਲਾਹੌਰ ਫ਼ਿਲਮ ਇੰਡਸਟਰੀ ਵਿਚ ਆਪਣੇ ਆਪਣੇ ਫ਼ਿਲਮ ਸਟੂਡੀਓ ਕਾਇਮ ਕਰ ਲਏ। ਇਸ ਫ਼ਿਲਮ ਸਟੂਡੀਓ ਨੂੰ ਵੀ ਵੰਡ ਤੋਂ ਬਾਅਦ ਏ.ਆਰ.ਕਾਰਦਾਰ ਦੇ ਭਾਰਤ ਹਿਜਰਤ ਕਰਨ ਕਾਰਨ ਪਾਕਿਸਤਾਨ ਸਰਕਾਰ ਨੇ ਆਪਣੀ ਮਲਕੀਅਤ ਬਣਾ ਲਿਆ।
ਪੰਚੋਲੀ ਆਰਟ ਪਿਕਚਰਜ਼, ਸਟੂਡੀਓ (ਲਾਹੌਰ): ਇਸ ਸਟੂਡੀਓ ਦੇ ਸੰਸਥਾਪਕ ਸਨ ਦਲਸੁੱਖ ਐਮ.ਪੰਚੋਲੀ, ਜਿਨ੍ਹਾਂ ਨੇ ਸੰਨ 1930 ਵਿਚ ਇਸ ਸਟੂਡੀਓ ਦਾ ਨਿਰਮਾਣ ਕੀਤਾ। ਵੰਡ ਤੋਂ ਪਹਿਲਾਂ ਇਹ ਸਟੂਡੀਓ ਲਾਹੌਰ ਫ਼ਿਲਮ ਇੰਡਸਟਰੀ ਦਾ ਸਭ ਤੋਂ ਵੱਧ ਸਫਲ ਤੇ ਪ੍ਰਭਾਵਸ਼ਾਲੀ ਫ਼ਿਲਮ ਸਟੂਡੀਓ ਸੀ। ਇਸ ਸਟੂਡੀਓ ਵਿਚ ਬਣੀ ਪੰਜਾਬੀ ਫ਼ਿਲਮ ਗੁਲ ਬਕਾਵਲੀ (1939) ਨੇ ਪੰਜਾਬੀ ਫ਼ਿਲਮਾਂ ਦੇ ਸ਼ੁਰੂਆਤੀ ਦੌਰ ਵਿਚ ਸਫ਼ਲਤਾ ਦੀ ਨਵੀ ਇਬਾਰਤ ਲਿਖੀ। ਇਸੇ ਸਟੂਡੀਓ ਦੀ ਪ੍ਰੋਡਕਸ਼ਨ ਸੰਨ 1941 ਵਿਚ ਬਣੀ ਉਰਦੂ ਫ਼ਿਲਮ ਖਜ਼ਾਨਚੀ ਇਕ ਪ੍ਰਮੁੱਖ ਸੰਗੀਤਕ ਹਿੱਟ ਫ਼ਿਲਮ ਸੀ, ਜਿਸ ਨੇ ਭਾਰਤੀ ਫ਼ਿਲਮਾਂ ਵਿਚ ਧੁਨੀ ਡਿਜ਼ਾਇਨ ਵਿਚ ਕ੍ਰਾਂਤੀ ਲੈ ਆਂਦੀ ਸੀ। ਵੰਡ ਦੇ ਦੌਰਾਨ ਹੋਈ ਫ਼ਿਰਕੂ ਹਿੰਸਾ ਵਿਚ ਇਸ ਸਟੂਡੀਓ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਮਗਰੋਂ ਸਟੂਡੀਓ ਨੂੰ ਪਾਕਿਸਤਾਨ ਦੇ ਆਹਲਾ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ, ਜੋ ਬਾਅਦ ਵਿਚ ਇਹ ਸਟੂਡੀਓ ਆਗਾ ਜੀ. ਏ. ਗੁਲ ਨੂੰ ਦੇ ਦਿੱਤਾ ਗਿਆ ਅਤੇ ਇਹ ਐਵਰਨਿਊ ਸਟੂਡੀਓ ਦੇ ਨਾਂਅ ਨਾਲ ਮਸ਼ਹੂਰ ਹੋਇਆ।
ਕਮਲਾ ਮੂਵੀਟੋਨ, ਲਾਹੌਰ (ਸ਼ੋਰੀ ਪਿਕਚਰਜ਼) ਫ਼ਿਲਮ ਸਟੂਡੀਓ: ਸੰਨ 1920 ਦੇ ਦਹਾਕੇ ਵਿਚ ਬਣਾਇਆ ਗਿਆ ਇਹ ਫ਼ਿਲਮ ਸਟੂਡੀਓ ਰੌਸ਼ਨ ਲਾਲ ਸ਼ੋਰੀ ਵਲੋਂ ਕਨਾਲ ਰੋਡ (ਬੈਂਕ), ਲਾਹੌਰ ਕੋਲ ਬਣਾਇਆ ਗਿਆ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਸੂਟਿੰਗ ਹੋਇਆ ਕਰਦੀ ਸੀ। ਰੋਸ਼ਨ ਲਾਲ ਸ਼ੋਰੀ ਦੇ ਪੁੱਤਰ ਰੂਪ ਕੇ. ਸ਼ੋਰੀ ਨੇ ਵੀ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਇਸੇ ਸਟੂਡੀਓ ਤੋਂ ਹੀ ਇਕ ਸਿਨੇਮੈਟੋਗ੍ਰਾਫਰ ਅਤੇ ਫ਼ਿਲਮ ਨਿਰਮਾਤਾ ਵਜੋਂ ਕੀਤੀ ਸੀ, ਜੋ ਬਾਅਦ ਵਿਚ ਪੰਜਾਬੀ ਦੇ ਸਭ ਤੋਂ ਵੱਧ ਸਫ਼ਲ ਫ਼ਿਲਮ ਨਿਰਦੇਸ਼ਕ ਵਜੋਂ ਜਾਣੇ ਜਾਣ ਲੱਗੇ। ਇਸ ਸਟੂਡੀਓ ਦੇ ਬੈਨਰ ਹੇਠ ਰੂਪ ਕੇ. ਸ਼ੋਰੀ ਨੇ ਸੋਹਣੀ ਮਹੀਂਵਾਲ (1939), ਦੁੱਲਾ ਭੱਟੀ (1940) ਅਤੇ ਇਕ ਮੁਸਾਫ਼ਿਰ (1940) ਨਾਂਅ ਦੀਆਂ ਵੱਡੀਆਂ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕੀਤਾ। 1940 ਤੋਂ ਬਾਅਦ ਸ਼ੋਰੀ ਪਿਕਚਰਜ਼ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਸਟੂਡੀਓ ਦੇ ਬੈਨਰ ਹੇਠ ਸੁਪਰਹਿੱਟ ਫ਼ਿਲਮ ਮੰਗਤੀ (1942) ਦਾ ਨਿਰਮਾਣ ਕੀਤਾ ਗਿਆ। ਪੰਜਾਬੀ ਸਿਨੇਮੇ ਦੀ ਇਹ ਇਕ ਅਜਿਹੀ ਫ਼ਿਲਮ ਹੈ, ਜਿਸ ਨੇ ਗੋਲਡਨ ਜੁਬਲੀ ਮਨਾਈ ਅਤੇ ਲਾਹੌਰ ਦੇ ਪ੍ਰਭਾਤ ਸਿਨੇਮੇ (ਸਨੋਬਰ ਸਿਨੇਮਾ) ਵਿਚ ਇਸ ਫ਼ਿਲਮ ਨੇ ਰਿਕਾਰਡ 60 ਹਫਤੇ ਪੂਰੇ ਕੀਤੇ, ਜੋ ਕਿ ਲਾਹੌਰ ਵਿਚ ਕਿਸੇ ਫ਼ਿਲਮ ਦਾ ਇਕ ਰਿਕਾਰਡ ਬਿਜ਼ਨਸ ਸੀ।
ਲਕਸ਼ਮੀ ਸਟੂਡੀਓ, ਲਾਹੌਰ: ਇਸ ਸਟੂਡੀਓ ਨੂੰ ਬੀ.ਆਰ. ਓਬਰਾਏ ਨਾਂਅ ਦੇ ਕਾਰੋਬਾਰੀ ਨੇ ਸੰਨ 1940 ਵਿਚ ਬਣਾਇਆ ਸੀ। ਇਸ ਸਟੂਡੀਓ ਦਾ ਸ਼ੁਮਾਰ ਵੀ ਲਾਹੌਰ ਫ਼ਿਲਮ ਇੰਡਸਟਰੀ ਦੇ ਆਹਲਾ ਮਿਆਰੀ ਸਟੂਡੀਓਜ਼ ਵਿਚ ਹੁੰਦਾ ਸੀ। ਵੰਡ ਤੋਂ ਬਾਅਦ ਇਸ ਸਟੂਡੀਓ ਦੇ ਮਾਲਿਕ ਵੀ ਲਾਹੌਰ ਤੋਂ ਹਿਜਰਤ ਕਰ ਭਾਰਤ ਚਲੇ ਗਏ ਸਨ। ਜਦੋਂ ਪਾਕਿਸਤਾਨੀ ਫ਼ਿਲਮਾਂ ਬਣਨੀਆਂ ਸ਼ੁਰੂ ਹੋਈਆਂ ਤਾਂ ਇਸ ਸਟੂਡੀਓ ਨੂੰ ਕਈ ਫ਼ਿਲਮਸਾਜ਼ਾਂ ਨੇ ਸ਼ੂਟਿੰਗ ਲਈ ਵਰਤਿਆ।
ਸ਼ੋਰੀ ਸਟੂਡੀਓ, ਲਾਹੌਰ: ਰੂਪ ਲਾਲ ਸ਼ੋਰੀ ਵਲੋਂ ਬਣਾਇਆ ਇਹ ਸਟੂਡੀਓ ਪੰਜਾਬੀ ਫ਼ਿਲਮ ਮੰਗਤੀ ਦੇ ਰਿਕਾਰਡ ਬਿਜ਼ਨਸ ਤੋਂ ਬਾਅਦ ਬਣਾਇਆ ਗਿਆ ਸੀ। ਅਸਲ ਵਿਚ ਇਹ ਸਟੂਡੀਓ ਪਹਿਲੇ ਸ਼ੋਰੀ ਪਿਕਚਰਜ਼ ਸਟੂਡੀਓ, ਜੋ ਕਿ ਕਨਾਲ ਬੈਂਕ ਲਾਹੌਰ ਕੋਲ ਸਥਿਤ ਸੀ ਨੂੰ ਨਿਊ ਥੀਏਟਰ ਹਾਲ ਮੁਲਤਾਨ ਰੋਡ ਜਿਹੜਾ ਹੁਣ ਮੁਸਲਿਮ ਟਾਊਨ ਰਿਹਾਇਸ਼ੀ ਏਰੀਏ ਵਿਚ ਤਬਦੀਲ ਹੋ ਚੁੱਕਾ ਵਿਖੇ ਦੁਬਾਰਾ ਬਣਾਇਆ ਗਿਆ ਸੀ ਪਰ ਬਦਕਿਸਮਤੀ ਨਾਲ ਇਹ ਸਟੂਡੀਓ ਲਾਹੌਰ ਵਿਚ 1947 ਨੂੰ ਹੋਈ ਫ਼ਿਰਕੂ ਹਿੰਸਾ ਦੀ ਭੇਟ ਚੜ੍ਹ ਗਿਆ ਸੀ। ਫਿਰਕੂ ਭੀੜ ਨੇ ਇਸ ਸਟੂਡੀਓ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਸ਼ੋਰੀ ਪਰਿਵਾਰ ਨੂੰ ਭਾਰਤ ਹਿਜਰਤ ਕਰਨ ਕਾਰਨ ਇਹ ਸਟੂਡੀਓ ਛੱਡਣਾ ਪਿਆ ਤੇ ਪਾਕਿਸਤਾਨ ਬਣਨ ਤੋਂ ਬਾਅਦ ਇਹ ਸਟੂਡੀਓ ਅਦਾਕਾਰਾ, ਗਾਇਕਾ ਮੈਡਮ ਨੂਰਜਹਾਂ ਤੇ ਉਸ ਦੇ ਨਿਰਮਾਤਾ ਨਿਰਦੇਸ਼ਕ ਪਤੀ ਸ਼ੌਕਤ ਹੁਸੈਨ ਰਿਜ਼ਵੀ ਨੂੰ ਅਲਾਟ ਹੋ ਗਿਆ ਸੀ, ਜਿਸ ਨੂੰ ਮਗਰੋਂ ਸ਼ਾਹ ਨੂਰ ਸਟੂਡੀਓ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।
ਲਾਹੌਰ ਫ਼ਿਲਮ ਇੰਡਸਟਰੀ ਦਾ ਪੰਜਾਬੀ ਸਿਨੇਮੇ ਵਿਚ ਯੋਗਦਾਨ: ਪੰਜਾਬੀ ਸਿਨੇਮੇ ਵਿਚ ਜਿੰਨੀਆਂ ਵੀ ਬਿਹਤਰੀਨ ਫ਼ਿਲਮਾਂ ਬਣੀਆਂ ਜ਼ਿਆਦਾਤਰ ਉਹ ਲਾਹੌਰ ਫ਼ਿਲਮ ਇੰਡਸਟਰੀ ਦੀ ਹੀ ਦੇਣ ਸਨ। ਲਾਹੌਰ ਸਾਂਝੇ ਪੰਜਾਬ ਦੀ ਰਾਜਧਾਨੀ, ਪੰਜਾਬੀ ਸਭਿਆਚਾਰ ਦੀ ਤਰਜ਼ਮਾਨੀ ਕਰਦਾ ਇਕ ਅਜਿਹਾ ਖੂਬਸੂਰਤ ਸ਼ਹਿਰ ਸੀ, ਜੋ ਕਲਾ ਅਤੇ ਸਾਹਿਤਿਕ ਸਰਗਰਮੀਆਂ ਦਾ ਵੱਡਾ ਕੇਂਦਰ ਰਿਹਾ, ਜਿਸ ਦਾ ਅਸਰ ਉਸ ਵੇਲੇ ਦੇ ਪੰਜਾਬੀ ਸਿਨੇਮੇ 'ਤੇ ਵੀ ਦਿਖਾਈ ਦਿੰਦਾ ਸੀ।
ਪੰਜਾਬੀ ਫ਼ਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਕੇਂਦਰ ਲਾਹੌਰ ਸ਼ਹਿਰ ਪਾਕਿਸਤਾਨ ਦੇ ਹਿੱਸੇ ਆਉਣ ਅਤੇ 47 ਦੀ ਵੰਡ ਵੇਲੇ ਹੋਈ ਫ਼ਿਰਕੂ ਹਿੰਸਾ ਵਿਚ ਕਈ ਖੂਬਸੂਰਤ ਸਟੂਡੀਓ ਅੱਗ ਦੀ ਭੇਟ ਚੜ੍ਹ ਗਏ। ਸਾਰੇ ਹਿੰਦੂ ਸਿੱਖ ਫ਼ਿਲਮੀ ਕਲਾਕਾਰਾਂ ਅਤੇ ਸਟੂਡੀਓ ਮਾਲਕਾਂ ਨੂੰ ਲਾਹੌਰ ਛੱਡ ਕੇ ਆਪਣੀਆਂ ਜਾਨਾਂ ਬਚਾ ਮਜਬੂਰੀ ਵਿਚ ਭਾਰਤ ਆਉਣਾ ਪਿਆ, ਜਿਸ ਨਾਲ ਲਾਹੌਰ ਫ਼ਿਲਮ ਇੰਡਸਟਰੀ ਪੂਰੀ ਤਰ੍ਹਾਂ ਉੱਜੜ ਗਈ। 47 ਦੀ ਵੰਡ ਕਰਕੇ ਪੰਜਾਬੀਆਂ ਵਾਗੂ ਲਾਹੌਰ ਦੀ ਪੰਜਾਬੀ ਫ਼ਿਲਮ ਇੰਡਸਟਰੀ ਵੀ ਘਰੋਂ-ਬੇਘਰ ਹੋ ਗਈ ਤੇ ਮੁੜ ਕੇ ਉਸ ਨੂੰ ਕਦੇ ਲਾਹੌਰ ਵਰਗਾ ਆਪਣਾ ਸਾਂਝਾ ਘਰ ਨਸੀਬ ਨਾ ਹੋਇਆ।
-ਮੋਬਾਈਲ : 9464628857