07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਅਮਰੀਕਾ ਵਸਦੇ ਪੰਜਾਬੀਆਂ ਦੀਆਂ ਸਫ਼ਲਤਾਵਾਂ ਦਾ ਦਸਤਾਵੇਜ਼ 'ਪੰਜਾਬੀ ਰੂਟਸ ਅਮਰੀਕਨ ਡਰੀਮਜ਼'

ਅਜੀਤ ਡੈਸਕ 15-02-2026

ਪੰਜਾਬੀਆਂ ਦੀ ਜੁਮੈਟਰੀ ਨੂੰ ਸਮਝਣਾ ਬਹੁਤ ਔਖਾ ਹੈ। ਕਿਉਂਕਿ ਇਨ੍ਹਾਂ ਵਰਗਾ ਤਾਲ-ਮੇਲ ਬਣਾ ਕੇ ਰੱਖਣਾ ਕਿਸੇ ਨੂੰ ਆਉਂਦਾ ਹੀ ਨਹੀਂ। ਇਹ ਜਿਸ ਵੀ ਖਿੱਤੇ 'ਚ ਪੈਰ ਰੱਖਦੇ ਨੇ, ਉੱਥੇ ਪੈੜਾਂ ਹੀ ਨਹੀਂ ਪਾਉਂਦੇ, ਸਗੋਂ ਜਿਨ੍ਹਾਂ ਰਾਹਾਂ 'ਤੇ ਇਨ੍ਹਾਂ ਨੇ ਚੱਲਣਾ ਹੁੰਦਾ ਹੈ ਉਨ੍ਹਾਂ ਨੂੰ ਸ਼ਾਹਰਾਹਾਂ ਬਣਾ ਦਿੰਦੇ ਨੇ। ਪੰਜਾਬੀਆਂ ਦਾ ਅਲਜਬਰਾ ਏਨਾ ਸਫਲ ਰਿਹਾ ਹੈ ਕਿ ਇਹ ਘੱਟ ਪੜ੍ਹੇ ਲਿਖੇ ਹੋਣ ਤਾਂ ਵੀ ਵੱਧ ਪੜ੍ਹਿਆਂ-ਲਿਖਿਆਂ ਨੂੰ ਪੜ੍ਹਨੇ ਪਾ ਦਿੰਦੇ ਨੇ। ਦੇਸ਼-ਵਿਦੇਸ਼ ਵਿਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ ਇਹ ਨਵੀਆਂ ਪੈੜਾਂ ਪਾ ਰਹੇ ਹਨ। ਪੰਜਾਬੀਆਂ ਨੇ ਵਿਸ਼ਵ ਪੱਧਰ 'ਤੇ ਜੋ ਕੀਤਾ ਹੈ, ਉਸ ਦਾ ਇਕ ਆਪਣਾ ਇਤਿਹਾਸ ਹੈ ਤੇ ਇਹ ਇਤਿਹਾਸ ਹਮੇਸ਼ਾ ਯਾਦ ਰੱਖਿਆ ਜਾਵੇਗਾ। ਜਿਸ ਪੁਸਤਕ ਦੀ ਗੱਲ ਇਥੇ ਕਰਨ ਲੱਗੇ ਹਾਂ ਇਹ ਪੁਸਤਕ ਵੀ ਪੰਜਾਬੀਆਂ ਬਾਰੇ ਹੈ ਤੇ ਇਹ ਸਾਧਾਰਨ ਪੁਸਤਕ ਨਹੀਂ। 'ਪੰਜਾਬੀ ਰੂਟਸ ਅਮਰੀਕਨ ਡਰੀਮਜ਼' ਜਿਸ ਨੂੰ ਨਾਮਵਰ ਲੇਖਕ-ਪੱਤਰਕਾਰ ਐਸ. ਅਸ਼ੋਕ ਭੌਰਾ ਨੇ ਲਿਖਿਆ ਹੈ ਤੇ ਇਸ ਪੁਸਤਕ ਨੂੰ ਪੜ੍ਹ ਕੇ ਤੇ ਦੇਖ ਕੇ ਪੰਜਾਬ ਨੂੰ, ਪੰਜਾਬੀ ਵਿਰਾਸਤ ਨੂੰ ਤੇ ਪੰਜਾਬੀਆਂ ਦੀਆਂ ਬੁਲੰਦੀਆਂ ਨੂੰ ਮੋਹ ਕਰਨ ਵਾਲੇ ਦਾ ਆਪਣਾ ਕੱਦ ਮੱਲੋ ਮੱਲੀ ਗਿੱਠ ਉੱਚਾ ਹੋ ਜਾਂਦਾ ਹੈ। ਇਹ ਵੱਡ ਆਕਾਰੀ ਪੁਸਤਕ ਪੰਜਾਬ ਦੇ ਕੌਮਾਂਤਰੀ ਇਤਿਹਾਸ ਵਿਚ ਇਕ ਵਾਧਾ ਹੈ ਤੇ ਇਸ ਪੁਸਤਕ ਵਿਚ ਜਿਨ੍ਹਾਂ ਲੋਕਾਂ ਦੀ ਗੱਲ ਹੋਈ ਹੈ, ਉਨ੍ਹਾਂ ਨੂੰ ਪੜ੍ਹ ਕੇ, ਸੁਣ ਕੇ ਇੰਝ ਲੱਗਦਾ ਹੈ ਕਿ ਸੱਚੀਂ-ਮੁੱਚੀਂ ਹੀ ਪੰਜਾਬੀਆਂ ਦਾ ਤੋੜ ਨਹੀਂ। ਇਹ ਜਿਸ ਵੀ ਖਿੱਤੇ 'ਚ ਪੈਰ ਧਰਦੇ ਨੇ ਉਹਦੀ ਸਿਖਰ ਤੱਕ ਜਾਂਦੇ ਨੇ, ਚਾਹੇ ਉਹ ਖੇਤਰ 'ਚ ਫਿਰ ਘਾਟੇ ਦਾ ਹੋਵੇ ਜਾਂ ਵਾਧੇ ਦਾ। ਇਸੇ ਕਰਕੇ ਪੰਜਾਬੀ ਕਹਿੰਦੇ ਨੇ ਕਿ 'ਚੰਗੇ ਆਂ ਜਾਂ ਮੰਦੇ ਆਂ, ਜ਼ਮਾਨੇ ਨਾਲੋਂ ਚੰਗੇ ਆਂ, ਪਰ ਪਾ'ਤੀਆਂ ਨੇ ਪੈੜਾਂ ਜਿਨ੍ਹਾਂ ਰਾਹਾਂ ਵਿਚੋਂ ਲੰਘੇ ਆਂ। 'ਪੰਜਾਬੀਅਤ ਦੇ ਚਿਹਰੇ 'ਤੇ ਕੋਈ ਲੱਖ ਦਾਗ ਪਾਉਣ ਤੇ ਪੋਚੇ ਮਾਰਨ ਦੀ ਕੋਸ਼ਿਸ਼ ਕਰੇ ਪਰ ਇਹ ਸੰਭਵ ਨਹੀਂ ਹੋਏਗਾ, ਕਿਉਂਕਿ ਪੰਜਾਬੀ ਚੰਗੇ ਭਵਿੱਖ ਦੀ ਉਡੀਕ ਇਸ ਕਰਕੇ ਕਰਦੇ ਹਨ ਕਿ ਉਨ੍ਹਾਂ ਨੇ ਭਵਿੱਖ ਵਿਚ ਬਹੁਤ ਕੁਝ ਕਰਨ ਦੀਆਂ ਵਿਉਂਤਬੰਦੀਆਂ ਕੀਤੀਆਂ ਹੁੰਦੀਆਂ ਹਨ। ਇਹ ਪੰਜਾਬੀਆਂ ਦੀ ਸਭ ਤੋਂ ਵੱਡੀ ਖਾਸੀਅਤ ਹੈ। 'ਪੰਜਾਬੀ ਰੂਟਸ ਅਮਰੀਕਨ ਡਰੀਮਜ਼' ਭਾਵ ਕਿ ਪੰਜਾਬ ਦੀਆਂ ਜੜ੍ਹਾਂ ਤੇ ਅਮਰੀਕੀ ਸੁਪਨੇ ਇਹ ਵੀ ਇਕ ਤਾਲਮੇਲ ਦਾ ਸਿਖਰ ਕਹਿ ਸਕਦੇ ਹਨ। ਇਸ ਪੁਸਤਕ ਵਿਚ ਜਿਨ੍ਹਾਂ 50 ਲੋਕਾਂ ਦਾ ਜ਼ਿਕਰ ਹੋਇਆ ਹੈ, ਉਨ੍ਹਾਂ ਬਾਰੇ ਪੜ੍ਹ ਕੇ ਤੁਹਾਨੂੰ ਵੀ ਲੱਗੇਗਾ ਕਿ ਇਨ੍ਹਾਂ ਦਾ ਜ਼ਿਕਰ ਹੋਣਾ ਹੀ ਚਾਹੀਦਾ ਸੀ। ਸਿੱਖ ਹਲਕਿਆਂ 'ਚ ਤਾਂ ਦੀਦਾਰ ਸਿੰਘ ਬੈਂਸ ਨੂੰ ਯਾਦ ਕੀਤਾ ਜਾਂਦਾ ਹੈ, ਉਹ ਦੁਆਬੇ ਖਿੱਤੇ ਦੇ ਮਾਹਿਲਪੁਰ ਲਾਗਲੇ ਪਿੰਡ ਨੰਗਲ ਕਲਾਂ ਨਾਲ ਸੰਬੰਧਿਤ ਹਨ। ਲੰਬਾ ਸਮਾਂ ਅਮਰੀਕਾ ਦੀ ਸਿੱਖ ਸਿਆਸਤ ਉਸ ਨਾਲ ਜੁੜਦੀ ਰਹੀ ਹੈ ਤੇ ਉਸ ਨੂੰ ਅਮਰੀਕਾ 'ਚ 'ਆੜੂਆਂ ਦਾ ਬਾਦਸ਼ਾਹ' ਕਰਕੇ ਵੀ ਜਾਣਿਆ ਜਾਂਦਾ ਹੈ। ਇਸ ਪੁਸਤਕ ਵਿਚ ਪਹਿਲਾ ਲੇਖ ਦੀਦਾਰ ਸਿੰਘ ਬੈਂਸ ਬਾਰੇ ਹੈ। ਦਸਤਾਰ ਤੇ ਸਤਿਕਾਰ ਦੀ ਜਿਹੜੀ ਸਭ ਤੋਂ ਵੱਡੀ ਪਛਾਣ ਇਸ ਵੇਲੇ ਕੌਮਾਂਤਰੀ ਪੱਧਰ 'ਤੇ ਹੈ ਉਹ ਅਜੈ ਪਾਲ ਸਿੰਘ ਬੰਗਾ ਦੀ ਹੈ ਜੋ ਵਰਡ ਬੈਂਕ ਦੇ ਮੁਖੀ ਤੇ ਪੰਜਾਬੀ ਹਨ। ਉਨ੍ਹਾਂ ਦਾ ਵਿਚਰਨਾ, ਉਨ੍ਹਾਂ ਦਾ ਮਿਲਵਰਤਨ ਉਨ੍ਹਾਂ ਦੀਆਂ ਪ੍ਰਾਪਤੀਆਂ ਵੱਡੀਆਂ ਨੇ, ਇਸ ਪੁਸਤਕ ਵਿਚ ਬੰਗਾ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਭਾਰਤ ਅੰਦਰ ਬਿਹਤਰੀਨ ਸਿਹਤ ਸੇਵਾਵਾਂ ਦੇਣ ਵਾਲੇ ਤੇ ਅਮਰੀਕਾ ਦੇ ਸ਼ਹਿਰ ਸੇਲਮ 'ਚ ਵਸਦੇ ਬਹਾਦਰ ਸਿੰਘ ਦੀਆਂ ਪੈੜਾਂ ਨੂੰ ਹਰ ਪੰਜਾਬੀ ਆਪਣੀ ਪੈੜ ਮੰਨਦਾ ਹੈ ਤੇ ਸੁਭਾਵਿਕ ਹੈ ਕਿ ਬਹਾਦਰ ਸਿੰਘ ਨੇ ਪੰਜਾਬੀਆਂ ਨੂੰ ਆਪ ਵੀ ਇਕ ਇਕ ਨਿਵੇਕਲੀ ਪੈੜ ਦਿੱਤੀ ਹੈ। ਪੈਟਰੋਲੀਅਮ ਦਾ ਬਾਦਸ਼ਾਹ ਦਰਸ਼ਨ ਸਿੰਘ ਧਾਲੀਵਾਲ ਹੈ। ਭਾਰਤੀ ਤੇ ਪੰਜਾਬੀ ਸਿਆਸਤ ਦਾ ਧੁਰਾ ਵੀ ਕਈ ਵਾਰੀ ਦਰਸ਼ਨ ਸਿੰਘ ਧਾਲੀਵਾਲ ਦੁਆਲੇ ਘੁੰਮਦਾ ਰਿਹਾ ਹੈ ਪਰ ਉਸ ਨੇ ਆਪਣੇ ਕਾਰੋਬਾਰ ਵਿਚ ਸਿਖਰ ਵਿਖਾ ਕੇ ਦੁਨੀਆਂ ਨੂੰ ਦੱਸਿਆ ਹੈ ਕਿ ਇਹ ਸਿਰਫ ਪੰਜਾਬੀ ਹੀ ਕਰ ਸਕਦੇ ਹਨ। ਸੌਗੀ ਦਾ ਬਾਦਸ਼ਾਹ ਚਰਨਜੀਤ ਸਿੰਘ ਬਾਠ ਲੰਬੇ ਸਮੇਂ ਤੋਂ ਪੰਜਾਬੀ ਆਪਣੀ ਇਕ ਇਤਿਹਾਸ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਸੰਭਾਲ ਕੇ ਬੈਠਾ ਹੈ। ਚਰਨਜੀਤ ਸਿੰਘ ਬਾਠ ਨੂੰ ਮਿਲ ਕੇ ਵੇਖੋ ਤੇ ਉਹ ਅੱਜ ਵੀ ਇਹ ਕਥਨ ਸੱਚ ਸਾਬਤ ਕਰਦਾ ਹੈ ਕਿ ਪੰਜਾਬੀਆਂ ਅੰਦਰ ਭਵਿੱਖ ਦੀਆਂ ਵਿਉਂਤਬੰਦੀਆਂ ਹਨ। ਭਾਵੇਂ ਉਮਰ ਕੋਈ ਵੀ ਹੋਵੇ ਪੰਜਾਬੀ ਜ਼ਿੰਦਾਬਾਦ ਨੇ। ਰਾਜ ਕਾਹਲੋਂ ਪਿਸਤਾ ਕਿੰਗ ਹੈ ਕਾਹਲੋਂ ਦੇ ਜੀਵਨ ਨੂੰ ਪੜ੍ਹੋਗੇ ਤਾਂ ਤੁਹਾਨੂੰ ਲੱਗੇਗਾ ਕਿ ਪੰਜਾਬ ਦੀ ਪੈੜ ਮਾਝੇ ਤੋਂ ਚੱਲ ਕੇ ਅਮਰੀਕਾ ਤੱਕ ਕਿੱਡੀ ਲੰਬੀ ਹੈ। ਉਸਨੇ ਪਿਸਤੇ ਦੇ ਉਤਪਾਦਨ 'ਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਤੇ ਗੋਰਿਆਂ ਨੂੰ ਵੀ ਦੱਸਿਆ ਹੈ ਕਿ ਪੰਜਾਬੀਆਂ ਦੀ ਮਿਹਨਤ ਤੇ ਭਵਿੱਖ ਦੀ ਸੋਚ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਬਣਾ ਸਕਦੇ ਹਨ। ਕਿਸੇ ਨੂੰ ਬਣਾਉਣਾ ਹੀ ਨਾ ਆਉਂਦਾ ਹੋਵੇ। ਟਰਾਂਸਪੋਰਟ ਖਿੱਤੇ ਨੂੰ ਪਹਿਲਿਆਂ 'ਚ ਪੰਜਾਬੀਆਂ ਦੇ ਪੱਲੇ ਮਾਣ ਨਾਲ ਬੰਨ੍ਹਣ ਵਾਲਾ ਨਾਂ ਹੈ ਮੰਗਲ ਸਿੰਘ ਭੰਡਾਲ। ਮੰਗਲ ਸਿੰਘ ਭੰਡਾਲ ਕੋਲ ਬਹੁਤ ਸਾਰੇ ਲੋਕਾਂ ਨੇ ਕੰਮ ਕਰਕੇ ਆਪਣੀਆਂ ਤਰੱਕੀਆਂ ਟੱਰਕਿੰਗ ਕਾਰੋਬਾਰ ਨਾਲ ਜੋੜ ਕੇ ਕੀਤੀਆਂ ਨੇ। ਜਲੰਧਰ ਦੇ ਪਰਾਗਪੁਰ ਪਿੰਡ ਦੇ ਟੁੱਟ ਭਰਾਵਾਂ ਸੁਰਜੀਤ ਸਿੰਘ ਟੁੱਟ, ਰਣਜੀਤ ਸਿੰਘ ਟੁੱਟ, ਅਮਰਜੀਤ ਸਿੰਘ ਟੁੱਟ ਦੀਆਂ ਪ੍ਰਾਪਤੀਆਂ ਨੂੰ ਕੋਈ ਭੁੱਲ ਨਹੀਂ ਸਕਦਾ, ਉਨ੍ਹਾਂ ਨੇ ਟਰਾਂਸਪੋਰਟ ਦੇ ਕਿੱਤੇ ਨੂੰ ਵੀ ਨਵੀਂ ਲੀਹ ਦਿੱਤੀ, ਬਦਾਮਾਂ ਦੇ ਖਿੱਤੇ 'ਚ ਇਸ ਵੇਲੇ ਉਨ੍ਹਾਂ ਦਾ ਕੌਮਾਂਤਰੀ ਵਪਾਰ 'ਚ ਵੱਡਾ ਨਾਂਅ ਹੈ। ਜਲੰਧਰ ਲਾਗਲੇ ਹੀ ਗਾਖਲ ਪਿੰਡ ਦੇ ਗਾਖਲ ਭਰਾ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਦੀਆਂ ਕਬੱਡੀ, ਟਰਾਂਸਪੋਰਟ, ਹੋਟਲ ਕਾਰੋਬਾਰ, ਸਮਾਜ ਸੇਵਾ , ਸਿੱਖਿਆ ਖੇਤਰ 'ਚ ਸੇਵਾਵਾਂ ਨੂੰ ਕਦੇ ਵੀ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ ਤੇ ਇਹ ਕਾਰਜ ਅੱਜ ਵੀ ਉਹ ਬੜੇ ਚਾਅ ਤੇ ਉਤਸ਼ਾਹ ਨਾਲ ਕਰ ਰਹੇ ਹਨ। ਦਰਸ਼ਨ ਸਿੰਘ ਦਰੜ ਜਿਸ ਨੂੰ ਮਾਨਵੀ ਹਿਰਦੇ ਦਾ ਰੰਗਲਾ ਇਨਸਾਨ ਵੀ ਕਿਹਾ ਜਾਂਦਾ ਹੈ ਹਰ ਇਕ ਦੇ ਕੰਮ ਆਉਣ ਲਈ ਅੱਗੇ ਰਿਹਾ ਹੈ। ਉਸ ਦੇ ਕਾਰੋਬਾਰ ਨੂੰ ਦੇਖ ਕੇ ਬੰਦੇ ਦੀ ਮਲੋਮੱਲੀ ਛਾਤੀ ਚੌੜੀ ਹੋ ਜਾਂਦੀ ਹੈ। ਡਾ. ਗੁਰਪ੍ਰੀਤ ਸਿੰਘ ਧੁੱਗਾ, ਅਟਾਰਨੀ ਜਸਪ੍ਰੀਤ ਸਿੰਘ ਐਨ.ਆਰ.ਆਈ. ਸਭਾ ਦੇ ਸਾਬਕ ਪ੍ਰਧਾਨ ਅਤੇ ਹਰੇ ਟਰੱਕਾਂ ਤੋਂ ਹੁਣ ਤੱਕ ਆਪਣਾ ਸਫਲਤਾ ਨਾਲ ਸਫਰ ਤੈਅ ਕਰਨ ਵਾਲੇ ਪਾਲ ਸਹੋਤਾ ਇਕ ਹਨ। ਨਵੀਆਂ ਪੰਜਾਬੀ ਪੈੜਾਂ ਪਾਉਣ 'ਚੋਂ ਅਮੋਲਕ ਸਿੰਘ ਗੁਣਾਚੌਰ, ਡੈਨੀ ਦੇ ਬਾਦਸ਼ਾਹ ਕਰਕੇ ਜਾਣੇ ਜਾਂਦੇ ਗੁਲਿੰਦਰ ਗਿੱਲ, ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਸ਼ੇਰਮਾਰ ਭਰਾ ਸ਼ਿੰਗਾਰਾ ਸਿੰਘ ਸ਼ੇਰਮਾਰ ਤੇ ਉਸਦੇ ਪੁੱਤਰ ਬਲੀ ਸਿੰਘ ਨੂੰ ਤੇ ਦਲਵੀਰ ਸਿੰਘ ਸ਼ੇਰਮਾਰ ਚੜ੍ਹਦੀ ਉਮਰ ਦੇ ਉਹ ਪੰਜਾਬੀ ਨੇ ਜਿਨ੍ਹਾਂ ਨੇ ਗੈਸ ਸਟੇਸ਼ਨ ਕਾਰੋਬਾਰ ਨਾਲ ਛੋਟੀ ਉਮਰ 'ਚ ਇਕ ਲੰਬੀ ਸਫਲਤਾ ਦੀ ਲਕੀਰ ਖਿੱਚੀ ਹੈ। ਸਹਾਇਤਾ ਸੰਸਥਾ ਰਾਹੀਂ ਪੰਜਾਬ ਤੇ ਕੌਮਾਂਤਰੀ ਪੱਧਰ 'ਤੇ ਸੇਵਾਵਾਂ ਨਿਭਾਉਣ ਵਾਲੇ ਡਾ ਹਰਕੇਸ਼ ਸੰਧੂ, ਖਾਣ ਪੀਣ ਤੇ ਰੈਸਟੋਰੈਂਟ ਕਾਰੋਬਾਰ 'ਚ ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਦੀ ਜੋੜੀ, ਹਿਸਾਬ ਕਿਤਾਬ 'ਚ ਅਮਰੀਕ ਚੰਦ ਲਾਖਾ, ਬਦਾਮਾਂ ਦੇ ਖਿੱਤੇ 'ਚ ਹੀ ਬਹੁਤ ਚਰਚਿਤ ਨਾਮ ਕੁਲਦੀਪ ਸਿੰਘ ਅਟਵਾਲ, ਸੁਰਜੀਤ ਸਿੰਘ ਅਟਵਾਲ, ਮੋਟਲ-ਹੋਟਲ 'ਚ ਅਵਤਾਰ ਸਿੰਘ ਓਹਾਇਓ, ਨਾਮਵਰ ਸ਼ਾਇਰ ਆਜ਼ਾਦ ਜਲੰਧਰੀ, ਬਲਵੀਰ ਸਿੰਘ ਉਸਮਾਨਪੁਰ, ਚੇਤ ਸਿੰਘ ਸਿੱਧੂ, ਦਲਵਿੰਦਰ ਸਿੰਘ ਧੂਤ, ਦਿਲਬਾਗ ਸਿੰਘ ਲਿੱਦੜ, ਮਜਾਰਾ ਰਾਜਾ ਸਾਹਿਬ ਦੇ ਗਿੱਲ ਭਰਾ, ਹਰਦੁੱਮਣ ਸਿੰਘ ਬਿੱਲਾ ਸੰਘੇੜਾ, ਲਿੱਦੜ ਬਰਦਰ, ਸੁਨਿਆਰਾ ਕਾਰੋਬਾਰ 'ਚ ਪੰਜਾਬੀਆਂ ਲਈ ਨਵਾਂ ਇਤਿਹਾਸ ਸਿਰਜਣ ਵਾਲਾ ਇੰਦਰਜੀਤ ਸਿੰਘ ਚੀਨਾ, ਨਿਊਯਾਰਕ 'ਚ ਵੱਡਾ ਕਾਰੋਬਾਰੀ ਨਾਂਅ ਜਸਵਿੰਦਰ ਸਿੰਘ ਜੌਹਲ, ਦੀਪਕ ਭਾਰਦਵਾਜ, ਰੀਅਲ ਅਸਟੇਟ 'ਚ ਹੈਰੀ ਸਿੱਧੂ, ਜਤਿੰਦਰ ਤੂਰ, ਕੱਪੜਾ ਕਾਰੋਬਾਰ 'ਚ ਕਸ਼ਮੀਰ ਸਿੰਘ ਧੁੱਗਾ, ਮਨੋਰੰਜਨ ਜਗਤ 'ਚ ਲਖਵੀਰ ਸਿੰਘ ਜੌਹਲ, ਕਪਾਹ ਦਾ ਬਾਦਸ਼ਾਹ ਤੇ ਹਦਵਾਣੇ ਨੂੰ ਬੀਜ-ਰਹਿਤ ਕਰਨ ਵਾਲਾ ਲਖਵਿੰਦਰ ਸਿੰਘ ਰੰਧਾਵਾ, ਗੈਸ ਸਟੇਸ਼ਨ ਕਾਰੋਬਾਰ 'ਚ ਨਿਰਮਲ ਸਿੰਘ ਚੰਦੀ, ਖੇਤੀਬਾੜੀ 'ਚ ਨਿਰਮਲ ਸਿੰਘ ਸਹੋਤਾ, ਤੇਲ ਤੇ ਸਿਹਤ ਸੇਵਾਵਾਂ 'ਚ ਵੱਡੀਆਂ ਮਿਸਾਲਾਂ ਕਾਇਮ ਕਰਨ ਵਾਲੇ ਨੌਰਦ ਭਰਾ ਜੋਗਾ ਸਿੰਘ ਤੇ ਕਰਨੈਲ ਸਿੰਘ ਨੌਰਦ, ਸਮੋਸਾ ਕਿੰਗ ਰਣਜੀਤ ਸਿੰਘ ਨਿੱਕਾ, ਹੋਟਲ ਕਾਰੋਬਾਰ 'ਚ ਰੇਸ਼ਮ ਸਿੰਘ ਖੱਖ, ਜਲੰਧਰ ਜ਼ਿਲ੍ਹੇ ਦੇ ਬੜਾ ਪਿੰਡ ਤੋਂ ਸਹੋਤਾ ਭਰਾ, ਸਮਾਜ ਸੇਵਾ 'ਚ ਸੁਖਰਾਜ ਸਿੰਘ ਚੋਪੜਾ, ਸਕੂਲ ਸਿੱਖਿਆ 'ਚ ਸੇਵਾਵਾਂ ਦੇਣ ਲਈ ਲਖਬੀਰ ਸਿੰਘ ਲੱਕੀ ਸਹੋਤਾ ਤੇ ਪੰਜਾਬੀ ਦੇ ਉੱਘੇ ਸ਼ਾਇਰ ਗੀਤਕਾਰ ਅਮਰੀਕ ਤਲਵੰਡੀ ਦਾ ਪੁੱਤਰ ਨਵਗੀਤ ਧਨੋਆ, ਲਖਵਿੰਦਰ ਸਿੰਘ ਬੱਗਾ, ਸੁਰਜੀਤ ਸਿੰਘ ਮੱਟੂ, ਨਵਾਂ ਸ਼ਹਿਰ ਦੇ ਸ਼ਾਰਧਾ ਭਰਾ ਤੇ ਪਿੰਡ ਭੌਰਾ ਤੋਂ ਅਮਰੀਕ ਸਿੰਘ ਤੇ ਬਲਵੀਰ ਸਿੰਘ ਭੌਰਾ ਵਲੋਂ ਕਾਰੋਬਾਰ ਖੇਤਰ ਵਿਚ ਪਾਈਆਂ ਪੈੜਾਂ ਪੰਜਾਬੀਆਂ ਲਈ ਉਦਾਹਰਨਾਂ ਹਨ ਤੇ ਇਹ ਬਣੀਆਂ ਵੀ ਰਹਿਣਗੀਆਂ ਤੇ ਇਨ੍ਹਾਂ ਪੈੜਾਂ 'ਚ ਪੈਰ ਰੱਖਣਾ ਸ਼ਾਇਦ ਗੋਰੇ ਲੋਕਾਂ ਲਈ ਵੀ ਸੌਖਾ ਨਹੀਂ ਹੋਵੇਗਾ। ਇਨ੍ਹਾਂ 'ਚੋਂ ਕੁਝ ਲੇਖ ਅਜੀਤ ਦੇ ਪੰਨਿਆਂ ਦਾ ਸ਼ਿੰਗਾਰ ਰਹੇ ਹਨ। ਸਰਲ ਅੰਗਰੇਜ਼ੀ ਭਾਸ਼ਾ 'ਚ ਐਸ. ਅਸ਼ੋਕ ਭੌਰਾ ਵਲੋਂ ਲਿਖੀ ਗਈ ਇਹ ਪੁਸਤਕ ਪੰਜਾਬੀਆਂ ਲਈ ਕੌਮਾਂਤਰੀ ਪੱਧਰ 'ਤੇ ਪ੍ਰਾਪਤੀਆਂ ਦੀ ਆਪ ਇਕ ਲਾਇਬਰੇਰੀ ਸਾਬਤ ਹੋਵੇਗੀ।
ਭੌਰਾ ਨੇ ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਪੱਤਰਕਾਰੀ ਤੇ ਲੇਖਣੀ 'ਚ ਵੱਡਾ ਯੋਗਦਾਨ ਪਾਇਆ ਹੈ ਤੇ ਪੰਜਾਬ ਦੇ ਸੰਗੀਤਕ ਜਗਤ ਵਿਚ ਉਨ੍ਹਾਂ ਦਾ ਇਕ ਆਪਣਾ ਨਾਂਅ ਹੈ। ਉਹ ਗੀਤਕਾਰ ਵੀ ਨੇ ਤੇ ਇਸ ਵੇਲੇ ਅਮਰੀਕਾ ਤੋਂ ਅਜੀਤ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਨਾਜ਼ ਕੀਤਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਇਸ ਪੱਧਰ ਤੱਕ ਸਿਰਜਿਆ ਇਤਿਹਾਸ ਇਸ ਪੁਸਤਕ ਦੇ ਰੂਪ ਵਿਚ ਦੁਨੀਆਂ ਦੇ ਸਾਹਮਣੇ ਉਸ ਭਾਸ਼ਾ 'ਚ ਰੱਖ ਦਿੱਤਾ ਹੈ ਜਿਸ ਦੀ ਗੱਲ ਤੁਰੇਗੀ। ਉੱਤਰ ਪ੍ਰਦੇਸ਼ ਦੇ ਭੀਰਾ ਖੀਰੀ ਤੋਂ 'ਵਨ ਬੀਟ ਮੈਡੀਕਲ ਗਰੁੱਪ' ਵਲੋਂ ਇਸ ਪੁਸਤਕ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਤੇ ਇਸ ਪੁਸਤਕ ਵਿਚ ਸ਼ਾਮਿਲ ਸਾਰੀਆਂ ਸ਼ਖ਼ਸੀਅਤਾਂ ਦੇ ਰੰਗਦਾਰ ਚਿੱਤਰ ਬਣਾ ਕੇ ਪੁਸਤਕ ਨੂੰ ਹੋਰ ਸ਼ਿੰਗਾਰਨ ਦਾ ਯਤਨ ਸਫਲ ਰਿਹਾ ਹੈ। ਆਧੁਨਿਕ ਤਕਨੀਕ ਨਾਲ ਛਪੀ 304 ਪੰਨਿਆਂ ਦੀ ਇਹ ਪੁਸਤਕ ਜਿਸ ਦਾ ਵਜ਼ਨ ਸਵਾ ਦੋ ਕਿਲੋ ਹੈ, ਪੰਜਾਬੀਆਂ ਦੀਆਂ ਪ੍ਰਾਪਤੀਆਂ ਦੇ ਭਾਰ ਨੂੰ ਸਾਂਭਣ ਯੋਗ ਤੇ ਯੋਗ ਅਗਵਾਈ ਦੇਣ ਵਾਲੀ ਪੁਸਤਕ ਹੈ। ਸਮੁੱਚੇ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਇਸ ਪੁਸਤਕ ਦੇ ਲੇਖਕ ਨੂੰ ਇਸ ਨਵੀਂ ਪੈੜ ਲਈ ਬਹੁਤ ਬਹੁਤ ਮੁਬਾਰਕ।

ਪਿਛਲੀ ਖ਼ਬਰ ਧਰਤੀ ਦਾ ਸੁਰੱਖਿਆ ਕਵਚ ਹੈ ਓਜ਼ੋਨ ਪਰਤ ਅਗਲੀ ਖ਼ਬਰ ਵੰਡ ਤੋਂ ਪਹਿਲਾਂ ਲਾਹੌਰ ਦੇ ਫ਼ਿਲਮ ਸਟੂਡੀਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।