ਪੰਜਾਬ ਦੇ ਪਿੰਡਾਂ 'ਚ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਵਿਦੇਸ਼ ਦੀ ਧਰਤੀ 'ਤੇ ਸਵਰਗ ਨਜ਼ਰ ਆ ਰਿਹਾ ਹੁੰਦਾ ਹੈ। ਪਰ ਸ. ਜਸਪਾਲ ਸਿੰਘ ਨੇ ਦੱਸਿਆ ਕਿ ਸੰਘਰਸ਼ ਤਾਂ ਹਰ ਜਗ੍ਹਾ 'ਤੇੇ ਕਰਨਾ ਪੈਂਦਾ ਹੈ, ਕਿਉਂਕਿ ਉਸ ਵਲੋਂ ਵੀ 2008 'ਚ ਆਸਟ੍ਰੇਲੀਆ ਜਾਣ ਦਾ ਫ਼ੈਸਲਾ ਕੀਤਾ ਗਿਆ। ਪਰ ਬਾਅਦ 'ਚ ਸਭ ਕੁਝ ਛੱਡ ਕੇ ਆਪਣੇ ਪਿੰਡ ਭਿੰਡਰ (ਅੰਮ੍ਰਿਤਸਰ) ਵਿਖੇ ਵਾਪਸ ਪਰਤ ਆਇਆ ਤੇ ਸ਼ੁਰੂਆਤੀ ਤੌਰ 'ਤੇ ਖੇਤੀਬਾੜੀ ਕੀਤੀ। ਬਾਅਦ 'ਚ ਤੇਜ਼ੀ ਨਾਲ ਉੱਭਰ ਰਹੀ ਐਚ-ਐਫ ਗਾਵਾਂ ਦੀ ਡੇਅਰੀ ਫਾਰਮਿੰਗ ਦਾ ਪਤਾ ਲੱਗਾ ਤਾਂ ਮਾਤਰ ਰੁਝੇਵੇਂ ਖ਼ਾਤਰ ਮਨ ਕੀਤਾ ਕਿ ਗਾਵਾਂ ਦੀ ਡੇਅਰੀ ਫਾਰਮਿੰਗ ਸ਼ੁਰੂ ਕੀਤੀ ਜਾਵੇ। 2017 'ਚ ਉਸ ਨੇ ਸਿਰਫ਼ ਪੰਜ ਗਾਵਾਂ ਤੋਂ ਡੇਅਰੀ ਫਾਰਮ ਦੀ ਸ਼ੁਰੂਆਤ ਕੀਤੀ, ਜੋ ਅੱਜ 55 ਗਾਵਾਂ ਤੇ ਵੱਛੀਆਂ ਦੇ ਫਾਰਮ ਤੱਕ ਵਿਕਸਿਤ ਹੋ ਚੁੱਕਾ ਹੈ। ਜਸਪਾਲ ਸਿੰਘ ਨੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸ਼ੁਰੂਆਤ ਵਿਚ ਉਹ ਆਪਣੇ ਪਿੰਡਾਂ ਦੇ ਮੁਹਾਰ ਮੁਤਾਬਕ ਗਾਵਾਂ ਰੱਸੀ ਨਾਲ ਬੰਨ੍ਹ ਕੇ ਰੱਖਦੇ ਸਨ ਤੇ ਹਰਾ ਚਾਰਾ ਵੱਖਰਾ ਤੇ ਵੰਡ ਵੱਖਰਾ ਖਵਾਉਂਦੇ ਸਨ, ਜੋ ਖ਼ੁਰਾਕੀ ਤਕਨੀਕ ਮੁਤਾਬਕ ਬਿਲਕੁਲ ਗਲਤ ਸੀ। ਅਸਲ 'ਚ ਵਲੈਤਣ ਗਾਵਾਂ ਬਹੁਤ ਜ਼ਿਆਦਾ ਦੁੱਧ ਦਿੰਦੀਆਂ ਹਨ ਪਰ ਇਨ੍ਹਾਂ 'ਚ ਇਕ ਔਗੁਣ ਹੈ ਕਿ ਇਹ ਦੇਸੀ ਗਾਵਾਂ ਤੇ ਮੱਝਾਂ ਵਾਂਗ ਸਵੈ ਪ੍ਰਬੰਧਨ ਨਹੀਂ ਕਰ ਸਕਦੀਆ, ਜਿਸ ਨਾਲ ਖ਼ੁਰਾਕੀ ਵਿਕਾਰ ਪੈਦਾ ਹੋਣ ਕਾਰਨ ਇਨ੍ਹਾਂ ਨੂੰ ਪੁੱਜਾ ਸਰੀਰਿਕ ਨੁਕਸਾਨ ਸਿੱਧਾ ਆਰਥਿਕ ਨੁਕਸਾਨ 'ਚ ਤਬਦੀਲ ਹੋ ਜਾਂਦਾ ਹੈ। ਬਾਅਦ 'ਚ ਪਤਾ ਲੱਗਾ ਕਿ ਹਾਈ-ਟੈਕ ਡੇਅਰੀ ਫਾਰਮਿੰਗ ਲਈ ਵਿਸ਼ਵ ਵਿਆਪੀ ਤਕਨੀਕ ਵੀ ਬਹੁਤ ਜ਼ਰੂਰੀ ਹੈ ਤੇ ਉਨ੍ਹਾਂ ਕੋਲ ਮੌਜੂਦਾ ਜਾਣਕਾਰੀ ਅਤੇ ਔਹੜ-ਪੋਹੜ ਕੇਵਲ 10% ਹਨ। ਫਿਰ ਉਨ੍ਹਾਂ ਆਧੁਨਿਕ ਤਰੀਕੇ ਨਾਲ ਡੇਅਰੀ ਫਾਰਮਿੰਗ ਦਾ ਫ਼ੈਸਲਾ ਲਿਆ ਤੇ ਆਧੁਨਿਕ ਡੇਅਰੀ ਦੇ ਤਕਨੀਕੀ ਥੰਮ੍ਹ ਜਿਵੇਂ ਨਸਲ ਸੁਧਾਰ, ਖ਼ੁਰਾਕੀ ਤਕਨੀਕ ਤੇ ਪ੍ਰਬੰਧਨ ਬਾਰੇ ਡੂੰਘਾਈ ਨਾਲ ਜਾਣਕਾਰੀ ਹਾਸਿਲ ਕੀਤੀ। ਇਸ ਸੰਬੰਧੀ ਉਨ੍ਹਾਂ ਡੇਅਰੀ ਫਾਰਮਰ ਸੰਗਠਨ ਪ੍ਰੋਗਰੈਮਿੰਗ ਡੇਅਰੀ ਫਾਰਮਰ ਐਸੋਸਈਏਸ਼ਨ ਦੀਆਂ ਮੀਟਿੰਗਾਂ ਤੇ ਕੈਮਿਨ ਸਾਊਥ ਏਸ਼ੀਆ ਦੇ ਤਕਨੀਕੀ ਤੇ ਖ਼ੁਰਾਕੀ ਮਾਹਿਰਾਂ ਨਾਲ ਸੰਪਰਕ ਕੀਤਾ। ਅੱਜ ਇਹ ਸਾਰੇ ਉਨ੍ਹਾਂ ਦੀ ਡੇਅਰੀ ਫਾਰਮਿੰਗ ਦੀ ਤਕਨੀਕੀ ਟੀਮ ਦਾ ਅਹਿਮ ਹਿੱਸਾ ਹਨ।
ਅੱਜ ਇਨ੍ਹਾਂ ਦੇ ਡੇਅਰੀ ਫਾਰਮ 'ਤੇ ਕਾਫ਼ ਮੈਨੇਜਮੈਂਟ, ਵੈੜਾਂ ਦੇ ਸਰੀਰਕ ਵਾਧੇ, ਸੂਏ ਦੀ ਸਾਂਭ-ਸੰਭਾਲ, ਏ.ਆਈ. ਤਕਨੀਕ ਨਾਲ ਗਾਵਾਂ ਨਵੇਂ ਦੁੱਧ 'ਤੇ ਕਰਨ ਦਾ ਟੀਚਾ ਅਤੇ ਗਾਵਾਂ ਦੀ ਖ਼ੁਰਾਕ ਨੂੰ ਡਰਾਈ ਮੈਟਰ ਮੁਤਾਬਕ ਸੈਟ ਕਰਕੇ ਟੀ.ਐਮ.ਆਰ ਅਨੁਸਾਰ, ਗੱਲ ਕੀ ਡੇਅਰੀ ਦਾ ਹਰ ਕੰਮ ਆਧੁਨਿਕ ਤਕਨੀਕ ਅਨੁਸਾਰ ਕੀਤਾ ਜਾਂਦਾ ਹੈ। ਧਿਆਨ ਦੇਣ ਯੋਗ ਗੱਲ ਹੈ ਕਿ ਆਪਣੇ ਬਹੁਤ ਸਾਰੇ ਕਿਸਾਨ ਅੱਜ ਵੀ ਹਰੇ ਚਾਰੇ ਦੀ ਵਰਤੋਂ ਤਾਜ਼ਾ ਚਾਰਾ ਸਮਝ ਕੇ ਕਰਦੇ ਹਨ ਪਰ ਹਰੇ ਚਾਰੇ 'ਚ ਨਮੀ ਦੀ ਮਾਤਰਾ ਬਹੁਤ ਹੁੰਦੀ ਹੈ, ਜਿਸ ਨਾਲ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਦਾ ਸਰੀਰਕ ਨੁਕਸਾਨ ਬਹੁਤ ਹੁੰਦਾ ਹੈ। ਇਸ ਦੇ ਹੱਲ ਲਈ ਉਨ੍ਹਾਂ ਹਰੇ ਚਾਰੇ ਦੀ ਨਮੀ ਨੂੰ ਘਟਾਉਣ ਤੇ ਚਾਰੇ 'ਚ ਉਪਲਬਧ ਡਰਾਈ ਮੈਟਰ ਦੀ ਮਾਤਰਾ ਵਧਾਉਣ ਦਾ ਫ਼ੈਸਲਾ ਕੀਤਾ, ਜਿਸ ਲਈ ਉਨ੍ਹਾਂ ਵਲੋਂ ਪੀ.ਏ.ਯੂ. ਲੁਧਿਆਣਾ ਤੋਂ ਜਵੀਂ ਦੀ ਇਕ ਖ਼ਾਸ ਕਿਸਮ ®*-15 ਦੀ ਬਿਜਾਈ ਕਰਕੇ ਬਾਅਦ 'ਚ ਖੜ੍ਹੀ ਫ਼ਸਲ ਕੱਟ ਕੇ ਧੁੱਪ ਵਿਚ ਸੁਕਾ ਲਈ, ਜਿਸ ਨਾਲ ਹਰੇ ਚਾਰੇ ਵਿਚਲੀ ਨਮੀ ਘਟ ਗਈ ਤੇ ਅੰਦਰੂਨੀ ਚਾਰਾ 25 ਤੋਂ 85% ਤੋ ਗਿਆ। ਇਸੇ ਤਰ੍ਹਾਂ ਉਨ੍ਹਾਂ ਦੁਆਰਾ ਮੱਕੀ ਦਾ ਆਚਾਰ ਵੀ ਪਾਇਆ ਗਿਆ। ਜਿੱਥੇ ਬਰਸੀਮ 'ਚ ਨਮੀ ਵਧੇਰੇ ਹੋਣ ਕਾਰਨ ਅੰਦਰੂਨੀ ਚਾਰਾ ਕੇਵਲ 10% ਹੁੰਦਾ ਹੈ, ਜਦਕਿ ਮੱਕੀ ਦੇ ਆਚਾਰ 'ਚ ਅੰਦਰੂਨੀ ਚਾਰਾ ਜਿਸ ਨੂੰ ਡਰਾਈ ਮੈਟਰ ਕਹਿੰਦੇ ਹਨ, ਉਹ 35% ਹੁੰਦਾ ਹੈ। ਚਾਰੇ ਦੀ ਸਾਲਾਨਾ ਸਟੋਰੇਜ ਬਾਰੇ ਫੋਡਰ ਐਗਰੋਨਾਮਿਸਟ ਸ੍ਰੀ ਅਸ਼ੋਕ ਵਰਮਾ ਤੇ ਪਸ਼ੂ ਖ਼ੁਰਾਕ ਮਾਹਰ ਸ. ਗੁਰਇਕਬਾਲ ਸਿੰਘ ਥਿੰਦ ਨੇ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਦੇ ਫਾਰਮ ਦੀ ਹੁਣ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰੇ ਸਾਲ ਦੀ ਫੋਡਰ ਬੈਂਕ ਨੀਤੀ ਤਿਆਰ ਹੁੰਦੀ ਹੈ, ਜਿਸ ਮੁਤਾਬਕ ਪੂਰੇ ਸਾਲ ਦੇ ਚਾਰੇ ਨੂੰ ਸਟੋਰ ਕਰਨ ਲਈ ਯੋਜਨਾ ਬਣਾ ਲਈ ਜਾਂਦੀ ਹੈ।
ਪਿਛਲੇ ਸਾਲ ਇਨ੍ਹਾਂ ਦੇ ਡੇਅਰੀ ਫਾਰਮ ਵਲੋਂ ਸੀਜ਼ਨ 'ਚ 600 ਲੀਟਰ ਪ੍ਰਤੀ ਦਿਨ ਦੁੱਧ ਦਾ ਉਤਪਾਦਨ ਸੀ, ਜਿਸ ਤੋਂ ਉਨ੍ਹਾਂ ਨੂੰ ਇਕ ਲੱਖ ਪ੍ਰਤੀ ਮਹੀਨਾ ਆਮਦਨ ਪੂਰਾ ਸਾਲ ਪ੍ਰਾਪਤ ਹੋਈ। ਇਸ ਸਾਲ ਵੱਧ ਤੋਂ ਵੱਧ 900 ਲੀਟਰ ਪ੍ਰਤੀ ਦਿਨ ਦੁੱਧ ਉਤਪਾਦਨ ਹੋਣ ਦੀ ਸੰਭਾਵਨਾ ਹੈ। ਭਵਿੱਖ 'ਚ 2000 ਲੀਟਰ ਪ੍ਰਤੀ ਦਿਨ ਤੇ ਫਿਰ 5000 ਪ੍ਰਤੀ ਦਿਨ ਲੀਟਰ ਦੁੱਧ ਦਾ ਉਤਪਾਦਨ ਕਰਨਾ ਉਨ੍ਹਾਂ ਦਾ ਟੀਚਾ ਹੈ। ਉਨ੍ਹਾਂ ਕੋਲ 60 ਲੀਟਰ ਪ੍ਰਤੀ ਦਿਨ ਦੁੱਧ ਦੇਣ ਵਾਲੀ ਨਸਲ ਵੀ ਮੌਜੂਦ ਹੈ। ਗਾਵਾਂ ਦੀ ਵਧੀਆ ਨਸਲ ਤੋਂ ਦੁੱਧ ਲੈਣ ਲਈ ਜਿੱਥੇ ਇਨ੍ਹਾਂ ਦਾ ਰੱਖ-ਰਖਾਅ ਆਧੁਨਿਕ ਹੋਣਾ ਚਾਹੀਦਾ ਹੈ, ਉੱਥੇ ਇਨ੍ਹਾਂ ਦੀ ਕੁੱਲ ਖ਼ੁਰਾਕ 'ਚ ਵੰਡ ਵੀ ਵਧੀਆ ਗੁਣਵੱਤਾ ਤੇ ਨਿੱਗਰ ਕਿਸਮ ਦੀ ਹੋਣੀ ਚਾਹੀਦੀ ਹੈ। ਵਧੀਆ ਨਸਲ ਦੇ ਸਦਕਾ ਭਵਿੱਖ ਵਿਚ ਉਨ੍ਹਾਂ ਦੀ ਯੋਜਨਾ ਹਾਈਟੈਕ ਡੇਅਰੀ ਫਾਰਮ ਸਥਾਪਤ ਕਰਨ ਦੀ ਹੈ, ਜਿਸ ਵਿਚ ਆਧੁਨਿਕ ਕੰਪਿਊਟਰਾਈਜ਼ਡ ਦੁੱਧ ਚੁਆਈ ਕੇਂਦਰ, ਗਾਵਾਂ ਦੇ ਗਲ਼ 'ਚ ਏ.ਆਈ. ਤਕਨੀਕ ਵਾਲੇ ਟੈਗ ਜੋ ਸਮਾਰਟ ਘੜੀ ਵਾਂਗ ਕੰਮ ਕਰਦੇ ਹਨ ਤੇ ਹਰ ਸਮੇਂ ਪ੍ਰਤੀ ਗਾਂ ਲੋੜੀਂਦੀ ਜਾਣਕਾਰੀ ਤੁਰੰਤ ਫਾਰਮ ਦੇ ਡਾਟਾ ਸੈਂਟਰ ਅਤੇ ਮੋਬਾਈਲ 'ਤੇ ਭੇਜਦੇ ਰਹਿੰਦੇ ਹਨ। ਅੱਜ ਪਿੰਡ ਦੇ ਕਈ ਨੌਜਵਾਨ ਤੇ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨਾਲ ਡੇਅਰੀ ਫਾਰਮਿੰਗ ਦੀ ਸ਼ੁਰੂਆਤ ਕਰਨ ਲਈ ਸਲਾਹ-ਮਸ਼ਵਰਾ ਕਰਦੇ ਹਨ। ਇਸ ਤੋਂ ਇਲਾਵਾ ਬਾਹਰ ਬੈਠੇ ਮਿੱਤਰ ਵੀ ਡੇਅਰੀ ਫਾਰਮਿੰਗ ਬਾਰੇ ਰੁਚੀ ਰੱਖਦੇ ਹਨ।
ਸਾਡੇ ਸਾਰਿਆਂ ਦੀ ਆਪਸੀ ਗੱਲਬਾਤ ਵਿਚ ਇਕ ਗੱਲ ਸਾਂਝੀ ਹੈ ਕਿ ਪੰਜਾਬ ਵਿਚ ਕਾਰੋਬਾਰ ਲਈ ਬਹੁਤ ਸਾਰੀਆਂ ਚੁਣੌਤੀਆ ਹਨ। ਪਰ ਪੰਜਾਬ ਨੂੰ ਆਰਿਥਕ ਤੌਰ 'ਤੇ ਅੱਗੇ ਲੈ ਕੇ ਆਉਣਾ ਹੈ ਤਾਂ ਪਿੰਡ-ਪਿੰਡ ਕਿਸੇ ਨਾ ਕਿਸੇ ਕਾਰੋਬਾਰ ਦੀ ਸ਼ੁਰੂਆਤ ਕਰਨੀ ਹੋਵੇਗੀ, ਜਿਸ ਨਾਲ ਸਾਰਿਆਂ ਲਈ ਆਰਿਥਕ ਮੌਕੇ ਪੈਦਾ ਹੋਣਗੇ। ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਤਾਂ ਬਸ ਆਪਣੇ ਪਿੰਡ ਦੇ ਮੋਹ ਤੇ ਉਦਯੋਗਿਕ ਸੋਚ ਅਨੁਸਾਰ ਡੇਅਰੀ ਫਾਰਮ ਦੀ ਇਕ ਨਿੱਕੀ ਜਿਹੀ ਸ਼ੁਰੂਆਤ ਕੀਤੀ ਸੀ ਤੇ ਅੱਜ ਦਾ ਇਹ ਫਾਰਮ ਉਨ੍ਹਾਂ ਦੇ ਵੱਡੇ ਵਪਾਰਕ ਡੇਅਰੀ ਫਾਰਮ ਦੇ ਸੁਪਨਿਆਂ ਦਾ ਠੋਸ ਆਧਾਰ ਹੈ, ਜਿਸ ਨੂੰ ਉਹ ਆਪਣੀ ਜ਼ਿੰਦਗੀ ਦਾ ਟੀਚਾ ਮੰਨਦੇ ਹਨ ਤੇ ਅਗਲੀ ਪੀੜ੍ਹੀ ਨੂੰ ਵਿਸ਼ਵ ਵਿਆਪੀ ਤਕਨੀਕ ਨਾਲ ਲੈਸ ਆਧੁਨਿਕ ਤਕਨੀਕ ਵਾਲਾ ਫਾਰਮ ਸੌਂਪਣਗੇ।
-(ਆਧੁਨਿਕ ਡੇਅਰੀ ਮਾਹਿਰ)
ਮੋਬਾਈਲ : 94636-81793