26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਣਕ ਦੀ ਵਾਢੀ ਮਗਰੋਂ ਖੇਤਾਂ ਨੂੰ ਧੁੱਪ ਲਵਾਉਣੀ ਜ਼ਰੂਰੀ

ਅਜੀਤ ਡੈਸਕ 12-05-2026

ਅੱਜ-ਕੱਲ੍ਹ ਖੇਤੀ ਵਿਚ ਵੱਧ ਪੈਦਾਵਾਰ ਲਈ ਅਸੀਂ ਮਿੱਟੀ 'ਤੇ ਕਾਫ਼ੀ ਦਬਾਅ ਪਾ ਰਹੇ ਹਾਂ। ਲਗਾਤਾਰ ਫ਼ਸਲਾਂ ਲੈਣ ਅਤੇ ਵੱਧ ਰਸਾਇਣਕ ਖਾਦਾਂ ਤੇ ਦਵਾਈਆਂ ਦੇ ਛਿੜਕਾਅ ਨਾਲ ਮਿੱਟੀ ਦੀ ਸਿਹਤ ਖਰਾਬ ਹੋ ਰਹੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ-ਸਮੇਂ 'ਤੇ ਮਿੱਟੀ ਦੀ ਸਾਂਭ-ਸੰਭਾਲ ਤੇ ਪਰਖ ਕਰਵਾਉਂਦੇ ਰਹੀਏ। ਮਈ-ਜੂਨ ਦੇ ਮਹੀਨੇ ਜਦੋਂ ਖੇਤ ਅਕਸਰ ਖਾਲੀ ਹੁੰਦੇ ਹਨ, ਮਿੱਟੀ ਦੀ ਸਿਹਤ ਸੁਧਾਰਨ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਇਸ ਦੌਰਾਨ ਖੇਤਾਂ ਨੂੰ ਵਾਹ ਕੇ ਖੁੱਲ੍ਹਾ ਛੱਡਣਾ ਅਤੇ ਸੂਰਜ ਦੀ ਧੁੱਪ ਲਗਾਉਣਾ ਇਕ ਸੌਖਾ, ਸਸਤਾ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਤਰੀਕਾ ਨਾ ਸਿਰਫ਼ ਕੀੜਿਆਂ, ਬਿਮਾਰੀਆਂ ਅਤੇ ਨਦੀਨਾਂ ਨੂੰ ਘਟਾਉਂਦਾ ਹੈ, ਸਗੋਂ ਮਿੱਟੀ ਨੂੰ ਅਗਲੀ ਫ਼ਸਲ ਲਈ ਤਿਆਰ ਵੀ ਕਰਦਾ ਹੈ। ਖੇਤਾਂ ਨੂੰ ਸੂਰਜੀ ਧੁੱਪ ਲਵਾਉਣ ਦੇ ਹੇਠ ਲਿਖੇ ਕਈ ਫ਼ਾਇਦੇ ਹੁੰਦੇ ਹਨ:-
ਬਿਮਾਰੀਆਂ ਦਾ ਪ੍ਰਬੰਧਨ-ਕਣਕ ਦੀ ਵਾਢੀ ਤੋਂ ਬਾਅਦ ਜੇਕਰ ਲਗਾਤਾਰ ਖੇਤਾਂ ਵਿਚ ਪਾਣੀ ਲਗਦਾ ਰਹੇ ਤਾਂ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਵਧਣ-ਫੁੱਲਣ ਦਾ ਮੌਕਾ ਮਿਲ ਜਾਂਦਾ ਹੈ। ਮਿੱਟੀ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਦੇ ਕੀਟਾਣੂ ਪਾਏ ਜਾਂਦੇ ਹਨ ਜਿਵੇਂ ਕਿ ਉੱਲੀਆਂ, ਬੈਕਟੀਰੀਆ ਅਤੇ ਨੀਮਾਟੋਡ ਆਦਿ। ਬਿਮਾਰੀ ਵਾਲੀਆਂ ਉੱਲੀਆਂ ਜ਼ਮੀਨ ਵਿਚ ਕਈ ਸਾਲ ਤੱਕ ਜੀਵਿਤ ਰਹਿੰਦੀਆਂ ਹਨ। ਪਰ ਜੇਕਰ ਧੁੱਪ ਵਾਲਾ ਮੌਸਮ ਕਈ ਦਿਨਾਂ ਜਾਂ ਹਫ਼ਤਿਆਂ ਤੱਕ ਰਹਿੰਦਾ ਹੈ ਤਾਂ ਸੂਰਜ ਦੀ ਗਰਮੀ ਮਿੱਟੀ ਦੇ ਤਾਪਮਾਨ ਨੂੰ ਉਸ ਪੱਧਰ ਤੱਕ ਵਧਾ ਦਿੰਦੀ ਹੈ, ਜਿਸ ਨਾਲ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਾਤਮਾ ਕਾਫ਼ੀ ਹੱਦ ਤੱਕ ਹੋ ਜਾਂਦਾ ਹੈ, ਜਿਵੇਂ ਫਿਊਜ਼ਰੀਅਲ ਵਿਲਟ ਅਤੇ ਟਮਾਟਰ ਦੇ ਬੈਕਟੀਰੀਅਲ ਕੈਂਕਰ ਨੂੰ ਸੂਰਜੀ ਧੁੱਪ ਲਗਾਉਣ ਨਾਲ ਘਟਾਇਆ ਜਾ ਸਕਦਾ ਹੈ।
ਕੀੜੇ-ਮਕੌੜਿਆਂ ਦਾ ਪ੍ਰਬੰਧਨ-ਲਗਾਤਾਰ ਪਾਣੀ ਲਗਾਉਣ ਨਾਲ ਵੱਟਾਂ ਉੱਪਰ ਉੱਗੇ ਨਦੀਨਾਂ ਵਿਚ ਕੁਝ ਕੀੜੇ-ਮਕੌੜੇ ਪਲਦੇ ਰਹਿੰਦੇ ਹਨ, ਜਿਸ ਕਰਕੇ ਕੁਝ ਕੀੜਿਆਂ ਦਾ ਜੀਵਨ ਚੱਕਰ ਲਗਾਤਾਰ ਸਾਰਾ ਸਾਲ ਚਲਦਾ ਰਹਿੰਦਾ ਹੈ। ਖੇਤਾਂ ਨੂੰ ਹਲ਼ ਵਾਹ ਕੇ ਚੰਗੀ ਧੁੱਪ ਲਗਾਉਣ ਨਾਲ ਜ਼ਮੀਨ ਵਿਚ ਮੌਜੂਦ ਕੀੜੇ-ਮਕੌੜਿਆਂ ਦੇ ਅੰਡੇ, ਪਿਊਪੇ, ਸੁੰਡੀਆਂ ਗਰਮੀ ਦੇ ਪ੍ਰਭਾਵ ਨਾਲ ਨਸ਼ਟ ਹੋ ਜਾਂਦੇ ਹਨ। ਇਸ ਤਰਾਂ ਆਉਣ ਵਾਲੀ ਫ਼ਸਲ ਤੇ ਕੀੜਿਆਂ ਦਾ ਹਮਲਾ ਘੱਟ ਜਾਂਦਾ ਹੈ।
ਨਦੀਨਾਂ ਦਾ ਪ੍ਰਬੰਧਨ-ਜ਼ਮੀਨ ਨੂੰ ਵਾਹ ਕੇ ਧੁੱਪ ਲਗਾੳਣ ਨਾਲ ਕਈ ਨਦੀਨਾਂ ਦੇ ਬੀਜ ਅਤੇ ਬੂਟੇ ਜਿਵੇਂ ਕਿ ਲੂੰਬੜ ਘਾਹ, ਚੁਲਾਈ, ਇਟਸਿੱਟ, ਮੋਥਾ ਆਦਿ ਬਿਲਕੁਲ ਸੁੱਕ ਕੇ ਮਰ ਜਾਂਦੇ ਹਨ। ਜੇ ਖੇਤ ਵਿਚ ਪਾਣੀ ਖੜ੍ਹਾ ਰਹੇ ਤਾਂ ਇਹ ਨਦੀਨ ਬਹੁਤ ਤੇਜ਼ੀ ਨਾਲ ਵਧਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਹੈ।
ਮਿੱਟੀ 'ਚ ਸੁਧਾਰ-ਖੇਤ ਨੂੰ ਵਾਹ ਕੇ ਧੁੱਪ ਵਿਚ ਛੱਡਣ ਨਾਲ ਮਿੱਟੀ ਭੁਰਭੁਰੀ ਬਣਦੀ ਹੈ ਅਤੇ ਹਵਾ ਦੀ ਆਵਾਜਾਈ ਵਧਦੀ ਹੈ। ਇਹ ਜੜ੍ਹਾਂ ਦੇ ਵਿਕਾਸ ਅਤੇ ਪੌਦਿਆਂ ਦੀ ਸਮੁੱਚੀ ਸਿਹਤ ਲਈ ਲਾਭਦਾਇਕ ਹੈ। ਇਸ ਤਰ੍ਹਾਂ ਧੁੱਪ ਲਵਾਉਣ ਨਾਲ ਮਿੱਟੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ।
ਪੋਸ਼ਕ ਤੱਤ ਦਾ ਵਾਧਾ-ਧੁੱਪ ਨਾਲ ਹਾਨੀਕਾਰਕ ਜੀਵਾਣੂ ਘਟਦੇ ਹਨ ਅਤੇ ਲਾਭਕਾਰੀ ਜੀਵਾਣੂਆਂ ਨੂੰ ਵਧਣ ਦਾ ਮੌਕਾ ਮਿਲਦਾ ਹੈ। ਇਹ ਮਿੱਟੀ ਵਿਚ ਨਾਈਟ੍ਰੋਜਨ ਅਤੇ ਹੋਰ ਜ਼ਰੂਰੀ ਤੱਤਾਂ ਦੀ ਉਪਲਬਧਤਾ ਵਧਾਉਂਦੇ ਹਨ। ਪਾਣੀ ਦੀ ਬੱਚਤ-ਵਾਧੂ ਪਾਣੀ ਖੇਤ ਵਿਚ ਨਾ ਛੱਡਣ ਨਾਲ ਨਾ ਸਿਰਫ਼ ਮਿੱਟੀ ਦੀ ਸਿਹਤ ਬਣੀ ਰਹਿੰਦੀ ਹੈ, ਸਗੋਂ ਪਾਣੀ ਦੀ ਵੀ ਵੱਡੀ ਬੱਚਤ ਬੜੇ ਸੁਚੱਜੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਖ਼ਰਚੇ ਵਿਚ ਕਮੀ-ਧੁੱਪ ਲਵਾਉਣ ਨਾਲ ਕੁਦਰਤੀ ਤਰੀਕੇ ਨਾਲ ਕੀੜਿਆਂ, ਬਿਮਾਰੀਆਂ ਅਤੇ ਨਦੀਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿਸਾਨਾਂ ਨੂੰ ਦਵਾਈਆਂ 'ਤੇ ਘੱਟ ਖ਼ਰਚਾ ਕਰਨਾ ਪੈਂਦਾ ਹੈ।

-ਪੀ.ਏ.ਯੂ., ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।

ਪਿਛਲੀ ਖ਼ਬਰ ਅਲੋਪ ਹੋ ਰਹੀ ਕੁੱਪ ਬੰਨ੍ਹਣ ਦੀ ਕਲਾ ਅਗਲੀ ਖ਼ਬਰ ਆਸਟ੍ਰੇਲੀਆ ਤੋਂ ਪਰਤੇ ਨੌਜਵਾਨ ਵਲੋਂ ਹਾਈਟੈਕ ਡੇਅਰੀ ਫਾਰਮਿੰਗ ਦੀ ਸਫ਼ਲ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।