ਪੇਂਡੂ ਜਨ-ਜੀਵਨ 'ਚ ਕੁੱਪ ਦੀ ਵਿਸ਼ੇਸ਼ ਤੇ ਵਿਲੱਖਣ ਥਾਂ ਰਹੀ ਹੈ। ਕਾਰੀਗਰ ਵਿਅਕਤੀਆਂ ਦੇ ਬੰਨ੍ਹੇ ਹੋਏ ਕੁੱਪਾਂ ਨੂੰ ਲੋਕ ਦੂਰੋਂ-ਦੂਰੋਂ ਦੇਖਣ ਲਈ ਆਉਂਦੇ ਸੀ। ਇਸ ਕਲਾ 'ਚ ਕਈ ਵਿਅਕਤੀਆਂ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ ਜਾਂਦਾ ਸੀ। ਅੱਜ ਬਹੁਤੀ ਵਾਢੀ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ਤੇ ਬਾਅਦ 'ਚ ਰੀਪਰ ਨਾਲ ਤੂੜੀ ਬਣਾਈ ਜਾਂਦੀ ਹੈ। ਪਰ ਕਰੀਬ 3 ਕੁ ਦਹਾਕੇ ਪਹਿਲਾਂ ਬਹੁਤੀ ਵਾਢੀ ਹੱਥੀਂ ਹੁੰਦੀ ਸੀ। ਹਾੜ੍ਹੀ ਦੇ ਦਿਨਾਂ 'ਚ ਖੇਤਾਂ ਵਿਚ ਮੇਲਾ ਲੱਗਾ ਰਹਿੰਦਾ ਸੀ। ਵੱਢੀ ਹੋਈ ਕਣਕ ਦੇ ਭਰੇ ਬੰਨ੍ਹੇ ਜਾਂਦੇ, ਜਿਨ੍ਹਾਂ ਨੂੰ ਸਿਰਾਂ 'ਤੇ ਚੁੱਕ ਕੇ ਥ੍ਰੈਸ਼ਰ ਤੱਕ ਪਹੁੰਚਾਇਆ ਜਾਂਦਾ। ਥ੍ਰੈਸ਼ਰ ਇਕ ਪਾਸੇ ਦਾਣੇ ਕੱਢੀ ਜਾਂਦਾ ਤੇ ਦੂਜੇ ਪਾਸੇ ਤੂੜੀ ਬਣਾਈ ਜਾਂਦਾ। ਤੂੜੀ ਸਾਂਭਣ ਲਈ ਬਹੁਤੇ ਕਿਸਾਨ ਆਪਣੀ ਮੋਟਰ 'ਤੇ ਹੀ ਕੁੱਪ ਬੰਨ੍ਹ ਲੈਂਦੇ। ਮਜ਼ਦੂਰ ਭਾਈਚਾਰਾ ਵਾਢੇ 'ਚ ਮਿਲਣ ਵਾਲੀ ਤੂੜੀ ਨੂੰ ਪਿੰਡ ਦੀ ਕਿਸੇ ਖਾਲੀ, ਬੇਆਬਾਦ ਜਾਂ ਸ਼ਾਮਲਾਟ 'ਚ ਕੁੱਪ ਬੰਨ੍ਹ ਕੇ ਸਾਂਭ ਲੈਂਦੇ।
ਕੁੱਪ ਨੂੰ ਬੰਨ੍ਹਣ ਲਈ ਕਾਫ਼ੀ ਸਾਮਾਨ ਇਕੱਠਾ ਕਰਨਾ ਪੈਂਦਾ ਸੀ। ਪਹਿਲਾਂ ਸਹੀ ਜਗ੍ਹ੍ਹਾ ਚੁਣੀ ਜਾਂਦੀ ਕਿ ਉਹ ਨੀਵੀਂ ਥਾਂ ਨਾ ਹੋਵੇ ਤਾਂ ਕਿ ਮੀਂਹ ਦੇ ਪਾਣੀ ਤੋਂ ਬਚਾਅ ਰਹੇ। ਫਿਰ ਸਲਵਾੜ, ਪਰਾਲੀ, ਅਰਹਰ ਦੀਆਂ ਛਟੀਆਂ, ਸੁੱਖਾ, ਨਾੜ ਆਦਿ ਸਾਮਾਨ ਇਕੱਠਾ ਕੀਤਾ ਜਾਂਦਾ। ਇਕ ਗੋਲ ਚੱਕਰ 'ਚ 4-5 ਕਿੱਲੇ ਗੱਡੇ ਜਾਂਦੇ, ਜਿਨ੍ਹਾਂ ਦੁਆਲੇ ਗੋਲ-ਚੱਕਰ ਵਾਂਗ ਲੋਹੇ ਦੀ ਤਾਰ ਜਾਂ ਵੇੜ ਫੇਰੀ ਜਾਂਦੀ। ਫਿਰ ਉਸ ਅੰਦਰ ਸਲਵਾੜ, ਕਾਹੀ, ਪਰਾਲੀ ਆਦਿ ਨੂੰ ਲਾਇਆ ਜਾਂਦਾ। ਕੁਝ ਦੂਰੀ 'ਤੇ ਨਾਲ-ਨਾਲ ਰੱਸੀਆਂ ਬੰਨ੍ਹੀਆਂ ਜਾਂਦੀਆਂ, ਜਿਨ੍ਹਾਂ ਨੂੰ ਦੰਗੇ ਕਿਹਾ ਜਾਂਦਾ ਸੀ। ਇਸ ਤੋਂ ਤੂੜੀ ਦੀਆਂ ਪੰਡਾਂ ਲਿਆ ਕੇ ਉਸ 'ਚ ਸੁੱਟੀਆਂ ਜਾਂਦੀਆਂ। ਇਸ ਤਰ੍ਹਾਂ ਕੁੱਪ ਦਾ ਥੱਲਾ ਤੁਰ ਪੈਂਦਾ। ਇਕ ਜਾਂ ਦੋ ਜਣੇ ਤੂੜੀ ਦੀਆਂ ਪੰਡਾਂ ਖੋਲ੍ਹਣ ਤੇ ਤੂੜੀ ਤੁਆਈ ਕਰਨ ਲਈ ਕੁੱਪ ਦੇ ਅੰਦਰ ਹੁੰਦੇ। ਜਿਵੇਂ-ਜਿਵੇਂ ਤੂੜੀ ਪੈਂਦੀ ਜਾਂਦੀ, ਕੁੱਪ ਉੱਚਾ ਹੁੰਦਾ ਜਾਂਦਾ। ਨਾਲ-ਨਾਲ ਤਾਰ ਦੇ ਗੇੜ ਤੇ ਦੰਗ੍ਹੇ ਲਾਉਣ ਦਾ ਕੰਮ ਜਾਰੀ ਰਹਿੰਦਾ। ਕੁੱਪ ਬੰਨ੍ਹਣ ਮਗਰੋਂ ਉਸ ਵਿਚ ਪਰਾਲੀ ਦੀ ਇਕ ਪੂਲੀ ਚੰਗੀ ਕੱਸ ਕੇ ਬੰਨ੍ਹ ਕੇ ਉਸ ਨੂੰ ਕੁੱਪ ਦੇ ਸਿਰ 'ਤੇ ਟਿਕਾਇਆ ਜਾਂਦਾ, ਜਿਸ 'ਤੇ ਬਹੁਤੇ ਲੋਕ ਛਿੱਤਰ ਟੰਗ ਦਿੰਦੇ, ਕਈ ਝੰਡਾਂ ਵੀ ਬੰਨ੍ਹਦੇ ਤਾਂ ਕਿ ਕਿਸੇ ਦੀ ਨਜ਼ਰ ਨਾ ਲੱਗੇ। ਇਸ ਤਰ੍ਹਾਂ ਕੁੱਪ ਬੰਨ੍ਹਣ ਦੀ ਇਹ ਕਲਾਂ ਆਪਣੇ-ਆਪ 'ਚ ਉੱਤਮ ਕਲਾ ਸੀ। ਭਾਵੇਂ ਅੱਜ ਸਮੇਂ ਦੀ ਘਾਟ ਜਾਂ ਬਹੁਤੇ ਰੁਝੇਂਵਿਆਂ ਕਾਰਨ ਬਾਜ਼ਾਰਾਂ 'ਚ ਬਣੇ ਬਣਾਏ ਤਰਪਾਲ ਦੇ ਕੁੱਪ ਮਿਲ ਜਾਂਦੇ ਹਨ ਜਾਂ ਕਈ ਹੋਰ ਵਿਧੀਆਂ ਪ੍ਰਚੱਲਿਤ ਹੋ ਗਈਆਂ ਹਨ ਪਰ ਇਨ੍ਹਾਂ 'ਚ ਤੂੜੀ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਨਹੀਂ ਰੱਖਿਆ ਜਾ ਸਕਦਾ।
-ਪਿੰਡ ਬੀਜਾ, ਤਹਿ-ਖੰਨਾ, ਜ਼ਿਲ੍ਹਾ-ਲੁਧਿਆਣਾ।
ਪਿੰਨ ਕੋਡ-141412
ਮੋਬਾਈਲ : 99884-66885