21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਜਦੋਂ ਵਾਰ-ਵਾਰ ਚਿਤਾਵਨੀ ਦੇਵੇ ਸਰੀਰ

ਅਜੀਤ ਡੈਸਕ 05-06-2026

ਪਰਮਾਤਮਾ ਨੇ ਸਾਡੇ ਸਰੀਰ ਦੀ ਰਚਨਾ ਇਸ ਤਰ੍ਹਾਂ ਕੀਤੀ ਹੈ ਕਿ ਇਸ ਵਿਚ ਕੋਈ ਕਮੀ ਲੱਭਣ ਨਾਲ ਵੀ ਨਹੀਂ ਲੱਭ ਸਕਦੀ। ਇਸ ਨੂੰ ਇਸ ਤਰ੍ਹਾਂ ਮਾਲਕ ਨੇ ਬਣਾਇਆ ਹੈ ਕਿ ਆਪਣੀ ਲੋੜ ਦੇ ਸਭ ਜ਼ਰੂਰੀ ਪੋਸ਼ਕ ਤੱਤਾਂ ਦਾ ਨਿਰਮਾਣ ਇਹ ਖ਼ੁਦ ਕਰ ਲੈਂਦਾ ਹੈ। ਜਿਨ੍ਹਾਂ-ਜਿਨ੍ਹਾਂ ਤੱਤਾਂ ਦੀ ਇਸ ਨੂੰ ਜ਼ਰੂਰਤ ਨਹੀਂ ਹੁੰਦੀ ਉਨ੍ਹਾਂ ਨੂੰ ਇਹ ਸਰੀਰ 'ਚੋਂ ਬਾਹਰ ਕੱਢਦਾ ਰਹਿੰਦਾ ਹੈ। ਇਹ ਖ਼ੁਦ ਹੀ ਆਪਣਾ ਸੁਧਾਰ ਦਾ ਕੰਮ ਕਰਨ ਦੇ ਸਮਰੱਥ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਜਦੋਂ ਨਿਰੋਗ ਰਹਿਣ ਲਈ ਇਹ ਸਰੀਰ ਦਾ ਸਾਰਾ ਨਿਰਮਾਣ ਕਾਰਜ ਕਰ ਸਕਦਾ ਹੈ ਤਾਂ ਫਿਰ ਇਹ ਵਾਰ-ਵਾਰ ਰੋਗੀ ਕਿਉਂ ਹੋਣ ਲਗਦਾ ਹੈ?
ਇਸ ਪ੍ਰਸ਼ਨ ਦੇ ਉੱਤਰ ਵਿਚ ਸਿਰਫ਼ ਇਹੀ ਕਹਿ ਸਕਦੇ ਹਾਂ ਕਿ ਇਹ ਖ਼ੁਦ ਰੋਗੀ ਨਹੀਂ ਹੁੰਦਾ। ਇਸ ਨੂੰ ਅਸੀਂ ਆਪਣੀ ਮੂਰਖਤਾ ਨਾਲ ਰੋਗੀ ਬਣਾ ਦਿੰਦੇ ਹਾਂ। ਹੁਣ ਤੁਸੀਂ ਕਹਿ ਸਕਦੇ ਹੋ ਕਿ ਮੈਂ ਕਿੰਨੀ ਹਾਸੇ ਵਾਲੀ ਗੱਲ ਕਹੀ ਹੈ। ਕਿਹੜਾ ਵਿਅਕਤੀ ਹੋਵੇਗਾ ਜੋ ਰੋਗੀ ਬਣ ਕੇ ਦੁਖ ਸਹਿਣਾ ਚਾਹੁੰਦਾ ਹੋਵੇ? ਕਿਹੜਾ ਆਪਣੇ ਪੈਸੇ ਅਤੇ ਸਮਾਂ ਦੋਵੇਂ ਹੀ ਬਰਬਾਦ ਕਰਨਾ ਚਾਹੁੰਦਾ ਹੈ? ਕਿਹੜਾ ਡਾਕਟਰਾਂ ਦੇ ਚੱਕਰ ਲਗਾਉਣਾ ਚਾਹੁੰਦਾ ਹੈ?
ਇਨ੍ਹਾਂ ਸਭ ਪ੍ਰਸ਼ਨਾਂ ਦੇ ਉੱਤਰ ਵਿਚ ਮੈਂ ਫਿਰ ਉਹੀ ਕਹਾਂਗਾ ਕਿ ਅਸੀਂ ਖ਼ੁਦ ਹੀ ਇਸ ਸਭ ਦੇ ਜ਼ਿੰਮੇਵਾਰ ਹਾਂ। ਅਸੀਂ ਆਪਣੀ ਨਾਦਾਨੀ ਕਾਰਨ ਰੋਗੀ ਬਣ ਕੇ ਡਾਕਟਰਾਂ ਦੇ ਚੱਕਰ ਲਗਾਉਂਦੇ ਹਾਂ ਅਤੇ ਆਪਣਾ ਸਮਾਂ ਤੇ ਪੈਸਾ ਦੋਵੇਂ ਹੀ ਫ਼ਜ਼ੂਲ ਗਵਾਉਂਦੇ ਹਾਂ।
ਅਸੀਂ ਆਪਣੀ ਸਿਹਤ ਪ੍ਰਤੀ ਸਦਾ ਲਾਪ੍ਰਵਾਹ ਰਹਿੰਦੇ ਹਾਂ। ਇੰਝ ਕਹਿਣਾ ਵੀ ਸਹੀ ਨਹੀਂ ਹੋਵੇਗਾ ਕਿ ਅਸੀਂ ਉਸ ਵੱਲ ਬਿਲਕੁਲ ਹੀ ਧਿਆਨ ਨਹੀਂ ਦਿੰਦੇ। ਅਸੀਂ ਖ਼ੁਦ ਹੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਬਣਦੇ ਹਾਂ। ਸਾਡਾ ਭੋਜਨ, ਵਿਹਾਰ, ਸਾਡੇ ਤੌਰ-ਤਰੀਕੇ ਜਾਂ ਸਾਡੀ ਜੀਵਨਸ਼ੈਲੀ ਸਭ ਪੂਰੀ ਤਰ੍ਹਾਂ ਦੋਸ਼ਪੂਰਨ ਹਨ। ਇਸ ਲਈ ਕੋਈ ਹੋਰ ਨਹੀਂ, ਅਸੀਂ ਖ਼ੁਦ ਹੀ ਜ਼ਿੰਮੇਵਾਰ ਹਾਂ।
ਸਿਹਤਮੰਦ ਰਹਿਣ ਦੇ ਮੁਢਲੇ ਨਿਯਮ ਹਨ ਕਿ ਸਮੇਂ 'ਤੇ ਸੌਂਵੋ ਅਤੇ ਜਾਗੋ, ਸਮੇਂ 'ਤੇ ਭੋਜਨ ਕਰੋ, ਹਰ ਰੋਜ਼ ਸੈਰ ਕਰਨ ਜਾਓ ਅਤੇ ਕਸਰਤ ਕਰੋ। ਅਸੀਂ ਇਨ੍ਹਾਂ ਮੂਲਭੂਤ ਨਿਯਮਾਂ ਨੂੰ ਆਪਣੇ ਰੁਝੇਵਿਆਂ ਦਾ ਬਹਾਨਾ ਬਣਾਉਂਦੇ ਹੋਏ ਅਣਦੇਖਿਆ ਕਰ ਦਿੰਦੇ ਹਾਂ।
ਜਿਸ ਰੋਟੀ ਨੂੰ ਕਮਾਉਣ ਲਈ ਸਾਰੇ ਕੰਮ ਕਰਦੇ ਹਾਂ, ਝੂਠ-ਸੱਚ ਬੋਲਦੇ ਹਾਂ, ਪਾਪ-ਪੁੰਨ ਕਰਦੇ ਹਾਂ, ਉਸੇ ਨੂੰ ਖਾਣ ਲਈ ਸਾਡੇ ਕੋਲ ਸਮਾਂ ਹੁੰਦਾ। ਸਮੇਂ ਦੀ ਘਾਟ ਕਾਰਨ ਬੇਟਾਈਮ ਖਾਣਾ ਖਾਣ ਨਾਲ ਭੋਜਨ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਅਸੀਂ ਪ੍ਰੇਸ਼ਾਨੀ ਵਿਚ ਆ ਜਾਂਦੇ ਹਾਂ। ਸਾਡੀਆਂ ਸਾਰੀਆਂ ਪਾਰਟੀਆਂ ਰਾਤ ਦੇਰ ਤੱਕ ਚਲਦੀਆਂ ਹਨ। ਵਿਆਹਾਂ ਵਿਚ ਬਰਾਤਾਂ ਵੀ ਅੱਧੀ ਰਾਤ ਨੂੰ ਪਹੁੰਚਦੀਆਂ ਹਨ। ਸੁਭਾਵਿਕ ਹੀ ਹੈ ਕਿ ਅਸੀਂ ਦੇਰ ਰਾਤ ਘਰ ਵਾਪਸ ਆਉਂਦੇ ਹਾਂ ਅਤੇ ਦੇਰ ਨਾਲ ਹੀ ਸੌਵਾਂਗੇ, ਇਸ ਲਈ ਸਵੇਰੇ ਵੀ ਦੇਰ ਨਾਲ ਜਾਗਾਂਗੇ। ਰਾਤ ਦੀ ਸ਼ਿਫਟ ਵਾਲੀ ਨੌਕਰੀ ਵੀ ਇਸ ਦਾ ਇਕ ਕਾਰਨ ਕਹੀ ਜਾ ਸਕਦੀ ਹੈ। ਸਾਰਾ ਦਿਨ ਸਰੀਰ ਆਲਸੀ ਜਿਹਾ ਰਹੇਗਾ ਤੇ ਟੁੱਟਦਾ ਰਹੇਗਾ। ਉਸ ਵਿਚ ਫੁਰਤੀ ਨਹੀਂ ਰਹਿ ਸਕਦੀ।
ਆਪਣੀ ਰੁਝੇਵੇਂ ਜੀਵਨਸ਼ੈਲੀ ਵਿਚੋਂ ਅਸੀਂ ਆਪਣੇ ਖਾਣ-ਪੀਣ ਨੂੰ ਸੁਧਾਰ ਨਹੀਂ ਸਕਦੇ। ਨਾ ਚਾਹੁੰਦੇ ਹੋਏ ਵੀ ਅਸੀਂ ਮੋਟਾਪੇ ਦੇ ਸ਼ਿਕਾਰ ਹੁੰਦੇ ਜਾਂਦੇ ਹਾਂ ਅਤੇ ਮੋਟਾਪਾ ਸਭ ਬਿਮਾਰੀਆਂ ਦ ਮੂਲ ਕਾਰਨ ਹੈ। ਇਨ੍ਹਾਂ ਸਭ ਤੋਂ ਇਲਾਵਾ ਸਾਡੇ ਸ਼ੌਕ ਜਾਂ ਆਪਣੀ ਸ਼ਾਨ ਲਈ ਪਾਰਟੀਆਂ ਵਿਚ ਪੀਤੀ ਜਾਣ ਵਾਲੀ ਸ਼ਰਾਬ ਜਾਂ ਹੋਰ ਕਿਸੇ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵੀ ਸਰੀਰ ਨੂੰ ਖੋਖਲਾ ਬਣਾਉਂਦੀਆਂ ਜਾ ਰਹੀਆਂ ਹਨ। ਸਾਰਾ ਸਮਾਂ ਤਣਾਅ ਨਾਲ ਵੀ ਸਰੀਰ 'ਤੇ ਉਲਟ ਪ੍ਰਭਾਵ ਪੈਂਦਾ ਹੈ।
ਅਸੀਂ ਆਪਣੇ ਮੌਸਮਾਂ ਬਾਰੇ ਸ਼ਾਇਦ ਜਾਣ ਦੇ ਹੀ ਨਹੀਂ ਹਾਂ। ਅਸੀਂ ਨਹੀਂ ਜਾਣਦੇ ਕਿ ਕਿਸ ਮੌਸਮ ਵਿਚ ਕੀ ਖਾਣਾ ਚਾਹੀਦਾ ਅਤੇ ਕੀ ਪਾਉਣਾ ਚਾੀਹਦਾ ਹੈ? ਇਹ ਅਗਿਆਨਤਾ ਵੀ ਸਾਡੇ ਸਿਹਤਮੰਦ ਨਾ ਹੋਣ ਦਾ ਇਕ ਮੁਖ ਕਾਰਨ ਹੈ। ਜੰਕ ਫੂਡ ਵੀ ਸਾਡੀ ਬਿਮਾਰੀ ਦਾ ਇਕ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਸਭ ਸਮਝਦਾਰ ਅਤੇ ਡਾਕਟਰ ਲੋਕ ਸਾਨੂੰ ਸਮੇਂ-ਸਮੇਂ 'ਤੇ ਚਿਤਾਵਨੀ ਦਿੰਦੇ ਰਹਿੰਦੇ ਹਨ ਪਰ ਅਸੀਂ ਹਾਂ ਕਿ ਉਸ ਸਿੱਖਿਆ 'ਤੇ ਅਮਲ ਨਾ ਕਰਨ ਦੀ ਕਸਮ ਖਾਈ ਬੈਠੇ ਰਹਿੰਦੇ ਹਾਂ। ਉਦੋਂ ਇਸ ਦਾ ਖਮਿਆਜ਼ਾ ਸਾਨੂੰ ਬਿਮਾਰ ਰਹਿ ਕੇ ਭੁਗਤਣਾ ਪੈਂਦਾ ਹੈ।
ਸਾਡਾ ਸਰੀਰ ਸਾਨੂੰ ਵਾਰ-ਵਾਰ ਚਿਤਾਵਨੀ ਦਿੰਦਾ ਰਹਿੰਦਾ ਹੈ ਅਤੇ ਅਸੀਂ ਆਪਣੀ ਸ਼ਾਨ ਸਮਝਦੇ ਹੋਏ ਉਸ ਨੂੰ ਅਣਦੇਖਿਆ ਕਰਦੇ ਰਹਿੰਦੇ ਹਾਂ। ਉਦੋਂ ਫਿਰ ਉਸ ਦਾ ਨਤੀਜਾ ਸਾਨੂੰ ਰੋਗਾਂ ਦੇ ਹਮਲੇ ਨਾਲ ਭੁਗਤਣਾ ਪੈਂਦਾ ਹੈ। ਜੇਕਰ ਅਸਲ ਵਿਚ ਅਸੀਂ ਆਪਣਾ ਮਿੱਤਰ ਬਣਨਾ ਚਾਹੁੰਦੇ ਹਾਂ ਤਾਂ ਉਦੋਂ ਸਾਨੂੰ ਖ਼ੁਦ ਨਾਲ ਦੁਸ਼ਮਣੀ ਨਿਭਾਉਣੀ ਛੱਡ ਕੇ ਸਿਹਤਮੰਦ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਨਹੀਂ ਤਾਂ ਰੋਗਾਂ ਦੀ ਲਪੇਟ ਵਿਚ ਆ ਕੇ ਡਾਕਟਰਾਂ ਦੇ ਚੱਕਰ ਲਗਾਉਂਦੇ ਹੋਏ ਆਪਣੇ ਬਹੁਕੀਮਤੀ ਸਮੇਂ ਅਤੇ ਖੂਨ-ਪਸੀਨੇ ਦੀ ਗਾੜ੍ਹੀ ਕਮਾਈ ਨੂੰ ਵਿਅਰਥ ਹੀ ਗਵਾਉਣਾ ਪਵੇਗਾ।
ਕਦੀ-ਕਦੀ ਭਰਪੂਰ ਆਰਾਮ ਤੋਂ ਬਾਅਦ ਵੀ ਮਹਿਸੂਸ ਹੋਣ ਵਾਲੀ ਥਕਾਵਟ, ਅਨੀਮੀਆ, ਥਾਇਰਾਇਡ ਜਾਂ ਦਿਲ ਦੇ ਰੋਗ ਦਾ ਸੰਕੇਤ ਹੋ ਸਕਦਾ ਹੈ। ਇਸੇ ਤਰ੍ਹਾਂ ਬਿਨਾਂ ਕੋਸ਼ਿਸ਼ ਕੀਤੇ ਵਜ਼ਨ ਦਾ ਤੇਜ਼ੀ ਨਾਲ ਘਟਣਾ ਜਾਂ ਵਧਣਾ ਥਾਇਰਾਇਡ ਜਾਂ ਕੈਂਸਰ ਦੀ ਚਿਤਾਵਨੀ ਹੋ ਸਕਦਾ ਹੈ। ਸੀਨੇ ਵਿਚ ਜਕੜਨ ਜਾਂ ਸਾਹ ਦਾ ਫੁੱਲਣਾ ਦਿਲ ਸੰਬੰਧੀ ਸਮੱਸਿਆਵਾਂ ਦੇ ਗੰਭੀਰ ਸੰਕੇਤ ਹੋ ਸਕਦੇ ਹਨ। ਮਖਮਲੀ ਕਾਲੇ ਧੱਬੇ, ਨਵੇਂ ਜਾਂ ਬਦਲਦੇ ਤਿਲ ਅਤੇ ਚਮੜੀ ਦਾ ਪੀਲਾ ਪੈਣਾ ਚਮੜੀ ਵਿਚ ਬਦਲਾਅ ਸੰਕੇਤ ਹੁੰਦੇ ਹਨ।
ਵਾਰ-ਵਾਰ ਪੇਟ ਫੁੱਲਣਾ, ਕਬਜ਼ ਜਾਂ ਦਸਤ ਲੱਗਣਾ ਹਾਜ਼ਮੇ ਦੀ ਗੜਬੜੀ ਨਾਲ ਹੁੰਦਾ ਹੈ। ਜ਼ਿਆਦਾ ਚਿੰਤਾ, ਤਣਾਅ ਜਾਂ ਉਨੀਂਦਰਾ ਮਾਨਸਿਕ ਅਤੇ ਭਾਵਨਾਤਮਿਕ ਸੰਕੇਤ ਹੁੰਦੇ ਹਨ। ਧੁੰਦਲੀ ਨਜ਼ਰ, ਅੱਖਾਂ ਵਿਚ ਲਗਾਤਾਰ ਖਾਰਸ਼ ਹੋਣਾ ਜਾਂ ਲਾਲੀ ਹੋ ਜਾਣਾ ਅੱਖਾਂ ਦੀ ਸਮੱਸਿਆ ਦੇ ਕਾਰਨ ਹੁੰਦੇ ਹਨ। ਸਰੀਰ ਤੋਂ ਮਿਲਣ ਵਾਲੇ ਇਨ੍ਹਾਂ ਸੰਕੇਤਾਂ ਨੂੰ 'ਫਾਇਰ ਅਲਾਰਮ' ਦੀ ਤਰ੍ਹਾਂ ਸਮਝਣਾ ਚਾਹੀਦਾ ਹੈ। ਜੇਕਰ ਇਹ ਲੱਛਣ ਵਾਰ-ਵਾਰ ਦਿਖਾਈ ਦੇ ਰਹੇ ਹਨ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।
ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਰੀਰ ਸਾਨੂੰ ਵਾਰ-ਵਾਰ ਥਕਾਵਟ, ਉਨੀਂਦਰਾ, ਅਚਾਨਕ ਭਾਰ ਵਿਚ ਗਿਰਾਵਟ, ਸਿਰ ਦਰਦ, ਚਮੜੀ ਦੀ ਸਮੱਸਿਆ ਜਾਂ ਸੀਨੇ ਵਿਚ ਦਰਦ ਵਰਗੇ ਸੰਕੇਤਾਂ ਰਾਹੀਂ ਗੰਭੀਰ ਬਿਮਾਰੀਆਂ ਦੀ ਚਿਤਾਵਨੀ ਦਿੰਦਾ ਹੈ। ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾੀਹਦਾ ਕਿਉਂਕਿ ਇਹ ਤਣਾਅ, ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ ਜਾਂ ਦਿਲ ਦੇ ਰੋਗ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ। ਸਮੇਂ ਸਿਰ ਜਾਂਚ ਅਤੇ ਡਾਕਟਰ ਨਾਲ ਸਲਾਹ ਕਰਕੇ ਵੱਡੀਆਂ ਸਿਹਤ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਹੈ।

ਪਿਛਲੀ ਖ਼ਬਰ ...ਤਾਂ ਕਿ ਦਿਲ ਸਿਹਤਮੰਦ ਰਹੇ ਕੀ ਕਰੀਏ ਅਗਲੀ ਖ਼ਬਰ 'ਅੰਮ੍ਰਿਤ ਪਾਨ ਹੈ, ਊਸ਼ਾਪਾਨ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।