ਨਵੀਆਂ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਮੈਦੇ ਤੋਂ ਬਣੀ ਬ੍ਰੈੱਡ, ਆਲੂ, ਉੱਬਲੇ ਹੋਏ ਚੌਲ ਅਤੇ ਪਾਸਤਾ ਜੋ ਕਾਰਬੋਹਾਈਡ੍ਰੇਟ ਦੇ ਉੱਤਮ ਸਰੋਤ ਹਨ, ਦੀ ਵਰਤੋਂ ਸਿਹਤ ਦੇ ਪੱਖ ਤੋਂ ਹਾਨੀਕਾਰਕ ਹੈ। ਹਾਲ ਹੀ ਵਿਚ ਇਕ ਖੋਜ ਵਿਚ ਕੁਝ ਔਰਤਾਂ ਨੂੰ ਕਾਰਬੋਹਾਈਡ੍ਰੇਟ ਵਾਲੇ ਭੋਜਨ, ਬ੍ਰੈੱਡ, ਆਲੂ, ਪਾਸਤਾ, ਉੱਬਲੇ ਚੌਲ ਆਦਿ ਦੀ ਵਰਤੋਂ ਕਰਵਾਈ ਗਈ ਅਤੇ ਕੁਝ ਔਰਤਾਂ ਨੂੰ ਰੇਸ਼ੇ ਵਾਲੇ ਭੋਜਨ, ਜਿਵੇਂ ਅਨਾਜ ਦੀ ਬ੍ਰੈੱਡ ਅਤੇ ਕਣਕ ਦਾ ਦਲੀਆ ਆਦਿ ਦੀ ਵਰਤੋਂ ਕਰਵਾਈ ਗਈ ਤਾਂ ਖੋਜਕਾਰਾਂ ਨੇ ਪਾਇਆ ਕਿ ਕਾਰਬੋਹਾਈਡ੍ਰੇਟ ਵਾਲੇ ਭੋਜਨ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਰੇਸ਼ੇ ਵਾਲੇ ਭੋਜਨ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿਚ ਮੁਕਾਬਲੇ ਢਾਈ ਗੁਣਾ ਜ਼ਿਆਦਾ 'ਟਾਈਪ ਟੂ ਸ਼ੂਗਰ' ਹੋਣ ਦੀ ਸੰਭਾਵਨਾ ਪਾਈ ਗਈ। ਇਸ ਖੋਜ ਤੋਂ ਖੋਜਕਾਰ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਉੱਚ ਕਾਰਬੋਹਾਈਡ੍ਰੇਟ ਵਾਲੇ ਭੋਜਨ ਜਿਸ ਵਿਚ ਰੇਸ਼ੇ ਦੀ ਮਾਤਰਾ ਘੱਟ ਹੋਵੇ, ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਪਹਿਲਾਂ ਹੋਈਆਂ ਹੋਰ ਖੋਜਾਂ ਤੋਂ ਵੀ ਇਹ ਪਤਾ ਲੱਗਿਆ ਹੈ ਕਿ ਰੇਸ਼ੇ ਵਾਲੇ ਭੋਜਨ ਦੀ ਵਰਤੋਂ ਨਾ ਕਰਨ ਨਾਲ ਦਿਲ ਦੇ ਰੋਗਾਂ, ਕੈਂਸਰ (ਪੇਟ, ਅੰਤੜੀ) ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।
ਸਰੀਰਕ ਤੇ ਮਾਨਸਿਕ ਸਰਗਰਮੀ ਤੁਹਾਡੇ ਦਿਮਾਗ਼ ਦੀ ਤਾਕਤ ਨੂੰ ਵਧਾਉਂਦੀ ਹੈ
ਜੇਕਰ ਤੁਸੀਂ ਸਰੀਰਕ ਤੇ ਮਾਨਸਿਕ ਰੂਪ ਨਾਲ ਸਰਗਰਮ ਰਹਿੰਦੇ ਹੋ ਤਾਂ ਤੁਹਾਨੂੰ ਡਿਮੈਂਸ਼ੀਆ ਰੋਗ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਹੀ ਨਹੀਂ, ਜੇਕਰ ਤੁਸੀਂ ਦਿਮਾਗ਼ੀ ਰੂਪ ਵਿਚ ਸਰਗਰਮ ਰਹਿੰਦੇ ਹੋ ਤਾਂ ਤੁਹਾਨੂੰ ਅਲਜਾਈਮਰ ਤੇ ਡਿਮੈਂਸ਼ੀਆ ਦੇ ਹੋਣ ਦੀ ਵੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਮਾਹਿਰਾਂ ਅਨੁਸਾਰ ਜੋ ਹਫ਼ਤੇ ਵਿਚ ਤਿੰਨ ਜਾਂ ਇਸ ਤੋਂ ਜ਼ਿਆਦਾ ਵਾਰ ਕਸਰਤ ਕਰਦੇ ਹਨ, ਉਨ੍ਹਾਂ 'ਚ ਅਲਜਾਈਮਰ ਹੋਣ ਦੀ ਸੰਭਾਵਨਾ ਕਸਰਤ ਨਾ ਕਰਨ ਵਾਲੇ ਵਿਅਕਤੀਆਂ ਦੇ ਮੁਕਾਬਲੇ 30-40 ਫ਼ੀਸਦੀ ਘੱਟ ਪਾਈ ਗਈ।
ਇਸ ਖੋਜ ਵਿਚ ਲਗਭਗ 1740 ਵਿਅਕਤੀਆਂ ਜਿਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਸੀ, ਉਨ੍ਹਾਂ ਦੀ ਸਿਹਤ ਤੇ ਕਸਰਤ ਦੀਆਂ ਆਦਤਾਂ ਦਾ ਅਧਿਐਨ ਕੀਤਾ ਗਿਆ। ਖੋਜ ਦੇ ਸ਼ੁਰੂ ਵਿਚ ਇਨ੍ਹਾਂ ਵਿਚੋਂ ਕੋਈ ਵੀ ਵਿਅਕਤੀ ਡਿਮੈਂਸ਼ੀਆ ਦਾ ਸ਼ਿਕਾਰ ਨਹੀਂ ਸੀ। ਖੋਜ ਦੇ ਅਖੀਰ ਵਿਚ ਪਾਇਆ ਗਿਆ ਕਿ ਇਨ੍ਹਾਂ ਵਿਚੋਂ 77 ਫ਼ੀਸਦੀ ਵਿਅਕਤੀ ਡਿਮੈਂਸ਼ੀਆ ਦੇ ਰੋਗੀ ਨਹੀਂ ਸਨ ਅਤੇ ਇਹ ਹਫ਼ਤੇ ਵਿਚ ਲਗਭਗ 3-4 ਵਾਰ ਕਸਰਤ ਵੀ ਕਰਦੇ ਸਨ। ਸਰੀਰਕ ਤੇ ਮਾਨਸਿਕ ਕਸਰਤ ਤਣਾਅ ਦੇ ਰੋਗੀਆਂ ਦੇ ਮੂਡ ਵਿਚ ਵੀ ਸੁਧਾਰ ਲਿਆਉਂਦੀ ਹੈ ਅਤੇ ਬੁਢਾਪੇ ਵਿਚ ਉਨ੍ਹਾਂ ਦੀ ਯਾਦਦਾਸ਼ਤ ਵਿਚ ਸੁਧਾਰ ਵੀ ਲਿਆਉਂਦੀ ਹੈ, ਇਸ ਲਈ ਜੇਕਰ ਤੁਸੀਂ ਅਲਜਾਈਮਰ ਤੇ ਡਿਮੈਂਸ਼ੀਆ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਦਿਮਾਗ਼ ਤੇ ਸਰੀਰ ਨੂੰ ਸਰਗਮ ਰੱਖੋ। ਕਸਰਤ ਨੂੰ ਆਪਣੇ ਜੀਵਨ ਦਾ ਅੰਗ ਬਣਾਓ ਭਾਵੇਂ ਉਹ ਕਸਰਤ ਪੈਦਲ ਚੱਲਣਾ ਹੀ ਕਿਉਂ ਨਾ ਹੋਵੇ।
ਕਸਰਤ ਦੂਰ ਕਰਦੀ ਹੈ ਦਿਲ ਦੇ ਰੋਗੀਆਂ ਵਿਚ ਤਣਾਅ ਨੂੰ
ਸਿਹਤ ਮਾਹਿਰਾਂ ਅਨੁਸਾਰ ਦਿਲ ਦੇ ਦੌਰੇ ਦੇ ਰੋਗੀਆਂ ਨੂੰ ਕਸਰਤ ਨਾਲ ਲਾਭ ਪਹੁੰਚਦਾ ਹੈ ਕਿਉਂਕਿ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਦਿਲ ਦੇ ਦੌਰੇ ਤੋਂ ਬਾਅਦ ਸਰੀਰਕ ਅਸਮਰੱਥਾ ਕਾਰਨ ਉਸ ਵਿਚ ਤਣਾਅ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਅਤੇ ਸਰੀਰਕ ਕਸਰਤ ਇਸ ਤਣਾਅ ਨੂੰ ਦੂਰ ਕਰਨ ਵਿਚ ਸਹਾਇਕ ਹੁੰਦੀ ਹੈ। ਇਨ੍ਹਾਂ ਕਸਰਤਾਂ ਵਿਚ ਸੰਤੁਲਨ, ਸਮਰੱਥਾ ਤੇ ਸਰੀਰ ਦੇ ਅੰਗਾਂ ਦਾ ਕਾਰਜ ਆਦਿ ਸ਼ਾਮਿਲ ਹੈ। ਮਾਹਰਾਂ ਅਨੁਸਾਰ ਇਸ ਖੋਜ ਵਿਚ ਦਿਲ ਦੇ ਦੌਰੇ ਦੇ ਲਗਭਗ 100 ਰੋਗੀਆਂ ਵਿਚ ਪਾਏ ਜਾਣ ਵਾਲੇ ਤਣਾਅ 'ਤੇ ਸਰੀਰਕ ਕਸਰਤ ਦਾ ਪ੍ਰਭਾਵ ਜਾਣਿਆ ਗਿਆ। ਮਾਹਰਾਂ ਨੇ ਖੋਜ ਵਿਚ ਸ਼ੁਰੂ ਵਿਚ ਤਣਾਅ ਦੇ ਟੈਸਟ ਤੇ ਸਰੀਰਕ ਕੰਮ ਨੂੰ ਜਾਂਚਿਆ ਅਤੇ ਦੁਬਾਰਾ ਇਹੀ ਟੈਸਟ ਤਿੰਨ ਮਹੀਨੇ ਤੇ ਫਿਰ ਨੌ ਮਹੀਨੇ ਬਾਅਦ ਕੀਤੇ। ਤਿੰਨ ਮਹੀਨੇ ਬਾਅਦ ਮਾਹਰਾਂ ਨੇ ਕਸਰਤ ਕਰਨ ਵਾਲੇ ਰੋਗੀਆਂ ਤੇ ਕਸਰਤ ਨਾ ਕਰਨ ਵਾਲਿਆਂ ਵਿਚ ਤਣਾਅ ਦੇ ਲੱਛਣਾਂ ਦੀ ਤੁਲਨਾ ਕੀਤੀ। ਜੋ ਰੋਗੀ ਕਸਰਤ ਕਰ ਰਹੇ ਸਨ, ਉਨ੍ਹਾਂ ਵਿਚ 14 ਫ਼ੀਸਦੀ ਤਣਾਅ ਦੇ ਲੱਛਣ ਪਾਏ ਗਏ ਅਤੇ ਜੋ ਕਸਰਤ ਨਹੀਂ ਕਰ ਰਹੇ ਸਨ, ਉਨ੍ਹਾਂ ਵਿਚ 35 ਫ਼ੀਸਦੀ ਲੱਛਣ ਪਾਏ ਗਏ। ਨੌਂ ਮਹੀਨੇ ਬਾਅਦ ਇਹ ਦਰ ਕਸਰਤ ਕਰਨ ਵਾਲਿਆਂ ਵਿਚ 7.5 ਫ਼ੀਸਦੀ ਅਤੇ ਕਸਰਤ ਨਾ ਕਰਨ ਵਾਲੇ ਰੋਗੀਆਂ ਵਿਚ 25 ਫ਼ੀਸਦੀ ਰਹੀ।
ਸਿਹਤ ਖ਼ਬਰਨਾਮਾ-ਉੱਚ ਕਾਰਬੋਹਾਈਡ੍ਰੇਟ ਭੋਜਨ ਵੀ ਹੁੰਦਾ ਹੈ ਬਿਮਾਰੀਆਂ ਦਾ ਕਾਰਨ
ਅਜੀਤ ਡੈਸਕ
05-06-2026