21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗਰਮੀਆਂ ਵਿਚ ਅੰਮ੍ਰਿਤ ਬਰਾਬਰ ਹੈ ਪੁਦੀਨਾ

ਅਜੀਤ ਡੈਸਕ 05-06-2026

ਪੁਦੀਨਾ ਉਂਜ ਤਾਂ ਸਾਲ ਭਰ ਸਿਹਤ ਲਈ ਚੰਗਾ ਹੈ ਪਰ ਹਾਜ਼ਮੇ ਅਤੇ ਠੰਢੇ ਗੁਣਾਂ ਕਾਰਨ ਇਹ ਗਰਮੀ ਦੇ ਮੌਸਮ ਵਿਚ ਵਿਸ਼ੇਸ਼ ਤੌਰ 'ਤੇ ਲਾਭਕਾਰੀ ਹੈ। ਅੱਜਕਲ੍ਹ ਪੇਟ ਦੀ ਗੜਬੜੀ 90 ਫ਼ੀਸਦੀ ਲੋਕਾਂ ਨੂੰ ਹੋ ਜਾਂਦੀ ਹੈ। ਇਸ ਤਰ੍ਹਾਂ ਪੁਦੀਨਾ ਸਭ ਤੋਂ ਸਸਤਾ ਅਤੇ ਸੁਰੱਖਿਅਤ ਇਲਾਜ ਹੈ। ਇਸ ਨੂੰ ਹਰ ਘਰ ਵਿਚ ਉਗਾਇਆ ਜਾ ਸਕਦਾ ਹੈ। ਪਤਾ ਨਹੀਂ ਕਦੋਂ ਇਸ ਦੀ ਜ਼ਰੂਰਤ ਪੈ ਜਾਵੇ।
ਇਸ ਨੂੰ ਉਗਾਉਣ ਲਈ ਨਾ ਤਾਂ ਕੋਈ ਖਰਚਾ ਹੁੰਦਾ ਹੈ, ਨਾ ਮਿਹਨਤ ਕਰਨੀ ਪੈਂਦੀ ਹੈ, ਨਾ ਇਸ ਨੂੰ ਵਿਸ਼ੇਸ਼ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਘਰ ਦੇ ਵਿਹੜੇ ਵਿਚ ਜੇਕਰ ਕਿਤੇ ਹੱਥ ਭਰ ਖਾਲੀ ਥਾਂ ਹੋਵੇ ਤਾਂ ਰੇਤਲੀ ਮਿੱਟੀ ਵਿਚ ਗੋਹੇ ਦੀ ਖਾਦ ਮਿਲਾ ਕੇ ਪੁਦੀਨੇ ਦੀਆਂ ਜੜ੍ਹਾਂ ਬੀਜ ਕੇ ਪਾਣੀ ਦੇ ਦਿਓ। ਇਸ ਨੂੰ ਸਵੇਰੇ ਜਾਂ ਸ਼ਾਮ ਪਾਣੀ ਦਿੰਦੇ ਰਹੋ ਬਸ। ਏਨੇ ਨਾਲ ਹੀ ਇਹ ਵਧਦਾ ਰਹੇਗਾ। ਆਓ, ਇਸ ਦੇ ਦਵਾਈ ਵਾਲੇ ਗੁਣਾਂ ਬਾਰੇ ਜਾਣੀਏ।
ਗਰਮੀ ਦੇ ਮੌਸਮ ਵਿਚ ਖਾਣੇ ਵਿਚ ਵਾਧ-ਘਾਟ ਹੋ ਜਾਵੇ ਤਾਂ ਗੈਸ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਤਰ੍ਹਾਂ ਹੋਣ 'ਤੇ ਪੁਦੀਨੇ ਦੀਆਂ ਪੱਤੀਆਂ ਕੁੱਟ ਕੇ ਉਨ੍ਹਾਂ ਦਾ ਰਸ ਨਿਚੋੜ ਲਓ, ਮਾਮੂਲੀ ਜਿਹਾ ਕਾਲਾ ਨਮਕ ਪਾ ਕੇ ਪੀ ਲਓ। ਇਸ ਨਾਲ ਛੇਤੀ ਹੀ ਗੈਸ ਤੇ ਬਦਹਜ਼ਮੀ ਦੀ ਸ਼ਿਕਾਇਤ ਦੂਰ ਹੋ ਜਾਵੇਗੀ।
ਪੁਦੀਨੇ ਦੇ ਪੱਤੇ, ਕਾਲੀ ਮਿਰਚ, ਹਰੀ ਮਿਰਚ, ਟਮਾਟਰ, ਜ਼ੀਰਾ, ਕਿਸ਼ਮਿਸ਼, ਹਿੰਗ ਅਤੇ ਸੇਂਧਾ ਨਮਕ ਪੀਹ ਕੇ ਚਟਨੀ ਬਣਾ ਲਓ। ਇਸ ਨੂੰ ਭੋਜਨ ਦੇ ਨਾਲ ਖਾਓ ਤੇ ਨਾ ਸਿਰਫ਼ ਖਾਣੇ ਦਾ ਸਵਾਦ ਵਧੇਗਾ, ਭੋਜਨ ਸੌਖਿਆਂ ਹਜ਼ਮ ਹੋਵੇਗਾ, ਅਨੇਕਾਂ ਰੋਗਾਂ ਤੋਂ ਬਚਾਅ ਹੋਵੇਗਾ ਅਤੇ ਨਾਲ ਹੀ ਸਿਹਤ ਤੇ ਸੁੰਦਰਤਾ ਵੀ ਬਿਹਤਰ ਹੋਵੇਗੀ।
ਅਕਸਰ ਗਰਮੀ ਦੇ ਮੌਸਮ ਵਿਚ ਉਲਟੀ-ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਇਹ ਜਦੋਂ ਸ਼ੁਰੂ ਹੋ ਜਾਂਦੀ ਹੈ ਤਾਂ ਵਾਰ-ਵਾਰ ਹੁੰਦੀ ਹੈ ਅਤੇ ਘੰਟੇ-ਦੋ ਘੰਟੇ ਵਿਚ ਹੀ ਪੀੜਤ ਵਿਅਕਤੀ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ। ਇਸ ਦਾ ਸ਼ੁਰੂ ਵਿਚ ਹੀ ਇਲਾਜ ਕਰ ਲਿਆ ਜਾਵੇ ਤਾਂ ਬਿਹਤਰ ਹੋਵੇਗਾ। ਜਿਵੇਂ ਹੀ ਲੱਗੇ ਕਿ ਜੀਅ ਘਬਰਾ ਰਿਹਾ ਹੈ, ਉਦੋਂ ਪੁਦੀਨੇ ਦੀਆਂ 10-15 ਪੱਤੀਆਂ ਪੀਹ ਕੇ ਉਸ ਦਾ ਰਸ ਨਿਚੋੜ ਕੇ ਅਤੇ ਅੱਧਾ ਗਿਲਾਸ ਪਾਣੀ ਵਿਚ ਪਾਓ। ਇਸ ਵਿਚ ਦੋ ਚਮਚ ਚੀਨੀ ਘੋਲ ਕੇ ਪੀ ਲਓ। ਦਹੀਂ ਵਿਚ ਪੁਦੀਨੇ ਦਾ ਰਸ ਅਤੇ ਨਮਕ ਪਾ ਕੇ ਖਾਣ ਨਾਲ ਵੀ ਸਮੱਸਿਆ ਦੂਰ ਹੋ ਜਾਵੇਗੀ।
ਗਰਮੀ ਵਿਚ ਪਿਸ਼ਾਬ ਦਾ ਜਲਣ ਦੇ ਨਾਲ ਆਉਣਾ ਜਾਂ ਰੁਕ-ਰੁਕ ਕੇ ਆਉਣ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਸੁੱਕਾ ਧਨੀਆ ਅਤੇ ਪੁਦੀਨੇ ਦੇ ਪੱਤੇ ਬਾਰੀਕ ਪੀਹ ਕੇ ਰਸ ਨਿਚੋੜ ਲਓ। ਪਾਣੀ ਵਿਚ ਮਿਸ਼ਰੀ ਘੋਲ ਕੇ ਰਸ ਵੀ ਇਸੇ ਨੂੰ ਮਿਲਾ ਕੇ ਪੀਣ ਨਾਲ ਲਾਭ ਹੋਵੇਗਾ।
ਪੁਦੀਨੇ ਦਾ ਸ਼ਰਬਤ ਪੀਣ ਨਾਲ ਲੂ ਦੇ ਪ੍ਰਭਾਵ ਤੋਂ ਬਚੇ ਰਹਿ ਸਕਦੇ ਹੋ। ਸ਼ਰਬਦ ਲਈ 15-20 ਪੁਦੀਨੇ ਦੇ ਪੱਤੇ, ਮੁਨੱਕਾ, ਮਿਸ਼ਰੀ, ਬਰਫ਼ ਅਤੇ ਪਾਣੀ ਦੀ ਵਰਤੋਂ ਕਰੋ।
ਲਗਾਤਾਰ ਹਿਚਕੀਆਂ ਆ ਰਹੀਆਂ ਹੋਣ ਤਾਂ ਚੀਨੀ ਅਤੇ ਪੁਦੀਨੇ ਦੇ ਪੱਤੇ ਪਾਨ ਦੀ ਤਰ੍ਹਾਂ ਚਬਾ-ਚਬਾ ਕੇ ਚੂਸੋ।
ਖੰਘ ਵਿਚ ਅਦਰਕ ਦੇ ਨਾਲ ਪੁਦੀਨੇ ਦੇ ਪੱਤੇ ਚਬਾ ਕੇ ਚੂਸੋ। ਪੈਰ ਦੀਆਂ ਤਲੀਆਂ ਵਿਚ ਜਲਨ ਹੋ ਰਹੀ ਹੋਵੇ ਤਾਂ ਮੁੱਠੀ ਭਰ ਪੁਦੀਨੇ ਦੇ ਪੱਤੇ ਪੀਹ ਕੇ ਫਰਿੱਜ ਵਿਚ ਕੁਝ ਦੇਰ ਰੱਖੋ। ਫਿਰ ਇਸ ਨੂੰ ਪੈਰਾਂ ਦੀਆਂ ਤਲੀਆਂ 'ਤੇ ਰਗੜੋ।
ਪੇਟ ਵਿਚ ਜਲਨ ਹੋ ਰਹੀ ਹੋਵੇ ਤਾਂ ਪੁਦੀਨੇ ਦੀਆਂ ਪੱਤੀਆਂ ਨੂੰ ਕੱਚੇ ਅੰਬ ਦੇ ਨਾਲ ਪੀਹ ਕੇ ਰਸ ਨਿਚੋੜ ਲਓ। ਇਸ ਨੂੰ ਬਹੁਤ ਹਲਕੇ ਨਮਕ ਦੇ ਨਾਲ ਦਹੀਂ ਜਾਂ ਲੱਸੀ ਵਿਚ ਮਿਲਾ ਕੇ ਖਾਓ।
ਟਾਂਸਿਲ ਸੋਜ਼ ਪ੍ਰੇਸ਼ਾਨ ਕਰ ਰਹੀ ਹੋਵੇ ਤਾਂ ਕੋਸੇ ਪਾਣੀ ਵਿਚ ਪੁਦੀਨੇ ਦਾ ਰਸ ਮਿਲਾ ਕੇ ਗਰਾਰੇ ਕਰੋ।
ਜ਼ਹਿਰੀਲਾ ਕੀੜਾ ਕੱਟ ਲਵੇ ਤਾਂ ਉਸ ਹਿੱਸੇ 'ਤੇ ਪੁਦੀਨਾ ਪੀਹ ਕੇ ਲਗਾਓ ਅਤੇ ਪਾਣੀ ਦੀ ਤਰ੍ਹਾਂ ਪੁਦੀਨੇ ਦੀਆਂ ਪੱਤੀਆਂ ਚਬਾ ਕੇ ਚੂਸੋ।
ਚਿਹਰੇ 'ਤੇ ਕਿੱਲ ਮੁਹਾਂਸੇ ੱਤੇ ਹੋਰ ਤਰ੍ਹਾਂ ਦੇ ਦਾਗ਼-ਧੱਬੇ ਹੋਣ ਤਾਂ ਰੋਜ਼ਾਨਾ ਸੌਂਦੇ ਸਮੇਂ ਪੁਦੀਨੇ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਵਿਚ ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾ ਕੇ ਸੌਂ ਜਾਵੋ। ਸਵੇਰੇ ਤਾਜ਼ੇ ਪਾਣੀ ਨਾਲ ਚਿਹਰਾ ਧੋਵੋ। ਤਿੰਨ-ਚਾਰ ਹਫ਼ਤੇ ਲਗਾਤਾਰ ਵਰਤਣ ਨਾਲ ਚਿਹਰਾ ਦਾਗ਼-ਧੱਬਿਆਂ ਤੋਂ ਰਹਿਤ ਹੋ ਕੇ ਨਿਖਰ ਜਾਏਗਾ।
ਖੱਟੀਆਂ ਡਕਾਰਾਂ ਆ ਰਹੀਆਂ ਹੋਣ ਤਾਂ ਪੁਦੀਨੇ ਦੇ ਪੱਤੇ ਪੀਹ ਕੇ ਦਹੀਂ ਵਿਚ ਮਿਲਾ ਕੇ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਪਾ ਕੇ ਖਾਓ।
ਕਾਲੀ ਮਿਰਚ, ਪੁਦੀਨਾ, ਛੁਹਾਰਾ, ਜ਼ੀਰਾ, ਕਾਲਾ ਨਮਕ, ਸੇਂਧਾ ਨਮਕ, ਮੁਨੱਕਾ ਪੀਹ ਕੇ ਰੋਜ਼ ਭੋਜਨ ਦੇ ਨਾਲ ਖਾਓ। ਜਿਨ੍ਹਾਂ ਨੂੰ ਭੁੱਖ ਨਾ ਲੱਗਣ ਦੀ ਸ਼ਿਕਾਇਤ ਹੋਵੇ ਤਾਂ ਉਹ ਇਸ ਦੀ ਲਗਾਤਾਰ ਵਰਤੋਂ ਨਾਲ ਦੂਰ ਹੋ ਜਾਵੇਗੀ ਅਤੇ ਹਾਜ਼ਮਾ ਤਾਕਤ ਵਿਚ ਵਾਧਾ ਹੋਵੇਗਾ।

-0-

ਪਿਛਲੀ ਖ਼ਬਰ ਮੱਛੀ ਦੀ ਵਰਤੋਂ ਨਾਲ ਕਈ ਰੋਗਾਂ ਤੋਂ ਮਿਲਦੀ ਹੈ ਸੁਰੱਖਿਆ ਅਗਲੀ ਖ਼ਬਰ ਸਿਹਤ ਖ਼ਬਰਨਾਮਾ-ਉੱਚ ਕਾਰਬੋਹਾਈਡ੍ਰੇਟ ਭੋਜਨ ਵੀ ਹੁੰਦਾ ਹੈ ਬਿਮਾਰੀਆਂ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।