03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਾਂਗਰਸ ਦਾ ਜ਼ਾਬਤਾ

ਅਜੀਤ ਡੈਸਕ 25-01-2026

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿਚ ਇਕ ਵਾਰ ਫਿਰ ਵੱਡੀ ਹਲਚਲ ਦੇਖੀ ਜਾ ਰਹੀ ਹੈ। ਇਸ ਵਾਰ ਚਰਚਾ ਦਾ ਵਿਸ਼ਾ ਕਾਂਗਰਸ ਪਾਰਟੀ ਹੈ, ਜਿਸ ਵਿਚ ਪਿਛਲੇ ਕੁੱਝ ਸਮੇਂ ਤੋਂ ਕਾਟੋ-ਕਲੇਸ਼ ਪਿਆ ਨਜ਼ਰ ਆਉਂਦਾ ਹੈ। ਪਿਛਲੇ ਦੋ ਕੁ ਮਹੀਨਿਆਂ ਤੋਂ ਪਾਰਟੀ ਦੇ ਕਈ ਵੱਡੇ ਆਗੂ ਅਜਿਹੀ ਬਿਆਨਬਾਜ਼ੀ ਕਰਦੇ ਰਹੇ ਹਨ, ਜਿਸ ਤੋਂ ਇਹ ਪ੍ਰਭਾਵ ਪੈਂਦਾ ਰਿਹਾ ਹੈ ਕਿ ਇਕ ਵਾਰ ਫਿਰ ਇਹ ਪਾਰਟੀ ਆਪਸੀ ਉਲਝਣਾਂ ਵਿਚ ਫਸ ਗਈ ਹੈ। ਪੰਜਾਬ ਵਿਚ ਵਿਧਾਨ ਸਭਾ ਚੋਣਾਂ 'ਚ ਸਾਲ ਭਰ ਦਾ ਸਮਾਂ ਰਹਿ ਗਿਆ ਹੈ। ਸੂਬੇ ਨਾਲ ਸੰਬੰਧਿਤ ਸਾਰੀਆਂ ਪਾਰਟੀਆਂ ਨੇ ਇਸ ਲਈ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਆਪੋ-ਆਪਣੀਆਂ ਸਰਗਰਮੀਆਂ ਵੀ ਇਸ ਦਿਸ਼ਾ ਵਿਚ ਤੋਰ ਲਈਆਂ ਹਨ। ਇਸ ਵਾਰ ਹੁਣ ਤੱਕ ਦੀਆਂ ਸਥਿਤੀਆਂ ਅਨੁਸਾਰ ਪ੍ਰਸ਼ਾਸਨ ਚਲਾ ਰਹੀ ਆਮ ਆਦਮੀ ਪਾਰਟੀ ਦਾ ਚੋਣਾਂ ਵਿਚ ਮੁੱਖ ਮੁਕਾਬਲਾ ਕਾਂਗਰਸ ਨਾਲ ਹੀ ਹੋਣ ਦੀ ਵਧੇਰੇ ਸੰਭਾਵਨਾ ਹੈ।
ਸੂਬੇ ਵਿਚ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ 2022 'ਚ ਹੋਈਆਂ ਸਨ। ਉਸ ਸਮੇਂ ਵੀ ਕਾਂਗਰਸ ਬਹੁਤ ਵੱਡੀ ਰਾਜਨੀਤਕ ਧਿਰ ਵਜੋਂ ਨਜ਼ਰ ਆਉਂਦੀ ਸੀ ਪਰ ਉਨ੍ਹਾਂ ਚੋਣਾਂ ਵਿਚ ਇਹ ਆਮ ਆਦਮੀ ਪਾਰਟੀ ਤੋਂ ਬੁਰੀ ਤਰ੍ਹਾਂ ਪਛੜ ਗਈ ਸੀ। ਉਸ ਹਾਰ ਦਾ ਇਕ ਵੱਡਾ ਕਾਰਨ ਪਾਰਟੀ ਅੰਦਰ ਧੜੇਬੰਦੀ ਨੂੰ ਮੰਨਿਆ ਗਿਆ ਸੀ। ਇਸੇ ਹੀ ਤਰ੍ਹਾਂ ਹਰਿਆਣਾ ਵਿਚ ਹੋਈਆਂ ਵਿਧਾਨ ਸਭਾ ਦੀਆਂ ਹੋਈਆਂ ਪਿਛਲੀਆਂ ਚੋਣਾਂ ਵਿਚ ਵੀ ਭਾਜਪਾ ਅਤੇ ਕਾਂਗਰਸ ਦਾ ਮੁੱਖ ਮੁਕਾਬਲਾ ਸੀ। ਉਨ੍ਹਾਂ ਚੋਣਾਂ ਵਿਚ ਵੀ ਕਾਂਗਰਸ ਨੂੰ ਵੱਡਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਸੀ ਪਰ ਉਥੇ ਵੀ ਪਾਰਟੀ ਦੀ ਅੰਦਰੂਨੀ ਫੁੱਟ ਕਾਰਨ ਇਸ ਦੀ ਨਮੋਸ਼ੀਜਨਕ ਹਾਰ ਹੋਈ ਅਤੇ ਭਾਜਪਾ ਵੱਡੇ ਫ਼ਰਕ ਨਾਲ ਤੀਜੀ ਵਾਰ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਈ ਸੀ। ਇਸ ਵਾਰ ਵੀ ਜਦੋਂ ਪੰਜਾਬ ਚੋਣਾਂ ਨਜ਼ਦੀਕ ਆ ਗਈਆਂ ਹਨ ਤਾਂ ਕਈ ਵੱਡੇ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਕਾਰਨ ਕਈ ਤਰ੍ਹਾਂ ਦੇ ਚਰਚੇ ਛਿੜ ਗਏ ਹਨ ਅਤੇ ਇਸ ਕਾਰਨ ਵੱਡੇ ਵਿਵਾਦ ਵੀ ਪੈਦਾ ਹੋ ਗਏ ਹਨ। ਪਿਛਲੇ ਦਿਨੀਂ ਚੰਡੀਗੜ੍ਹ ਵਿਚ ਕਾਂਗਰਸ ਦੇ ਅਨੁਸੂਚਿਤ ਜਾਤੀਆਂ ਸੰਬੰਧੀ ਇਕ ਵੱਡੇ ਕਾਂਗਰਸੀ ਆਗੂ ਵਲੋਂ ਅਨੁਸੂਚਿਤ ਜਾਤੀਆਂ ਦੀ ਪ੍ਰਤੀਨਿਧਤਾ ਨੂੰ ਲੈ ਕੇ ਪ੍ਰਗਟਾਏ ਗਏ ਵਿਚਾਰਾਂ ਨਾਲ ਪਾਰਟੀ ਵਿਚ ਏਨੀ ਵੱਡੀ ਚਰਚਾ ਛਿੜ ਗਈ ਹੈ ਕਿ ਇਸ ਨੇ ਦਿੱਲੀ ਵਿਚ ਕਾਂਗਰਸ ਦੀ ਹਾਈਕਮਾਨ 'ਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ।
ਪਹਿਲਾਂ ਕਾਫ਼ੀ ਸਮੇਂ ਤੋਂ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦੀ ਧੜੇਬੰਦੀ ਨਾਲ ਨਜਿੱਠਣ ਸੰਬੰਧੀ ਜਾਂ ਤਾਂ ਅਵੇਸਲੀ ਹੈ ਜਾਂ ਅਸਮਰਥ ਹੈ। ਬਿਨਾਂ ਸ਼ੱਕ ਹਾਈ ਕਮਾਨ ਪੰਜਾਬ ਕਾਂਗਰਸ ਦੀ ਧੜੇਬੰਦੀ ਨਾਲ ਨਿਪਟਣ ਵਿਚ ਕਮਜ਼ੋਰੀ ਦਿਖਾਉਂਦੀ ਰਹੀ ਹੈ। ਪਰ ਇਸ ਵਾਰ ਪੈਦਾ ਹੋਈ ਸਥਿਤੀ ਬਾਰੇ ਜਿਸ ਤਰ੍ਹਾਂ ਕੇਂਦਰੀ ਆਗੂਆਂ ਨੇ ਆਪਣਾ ਵਤੀਰਾ ਧਾਰਨ ਕੀਤਾ ਹੈ, ਉਸ ਨਾਲ ਪੰਜਾਬ ਕਾਂਗਰਸ ਵਿਚ ਇਕ ਸਖ਼ਤ ਸੰਦੇਸ਼ ਜ਼ਰੂਰ ਗਿਆ ਹੈ। ਅਜਿਹੇ ਸੰਦੇਸ਼ ਤੋਂ ਬਾਅਦ ਜੇਕਰ ਪਾਰਟੀ ਆਪਣੇ ਅੰਦਰ ਜ਼ਾਬਤਾ ਲਿਆਉਣ ਵਿਚ ਸਫ਼ਲ ਹੋ ਜਾਂਦੀ ਹੈ ਤਾਂ ਇਸ ਦਾ ਪਾਰਟੀ ਨੂੰ ਲਾਭ ਹੋਵੇਗਾ। ਬਿਨਾਂ ਸ਼ੱਕ ਇਸ ਸੰਦਰਭ ਵਿਚ ਆਉਂਦੇ ਸਮੇਂ 'ਚ ਸੂਬਾ ਕਾਂਗਰਸ ਅੰਦਰਲੀ ਹਰ ਸਰਗਰਮੀ ਨੂੰ ਸਭ ਵਲੋਂ ਗ਼ੌਰ ਨਾਲ ਦੇਖਿਆ ਜਾਵੇਗਾ ਕਿ ਪਾਰਟੀ ਆਪਣੇ ਆਪ ਨੂੰ ਕਿਸ ਹੱਦ ਤਕ ਬਦਲਦੀ ਹੈ?

-ਬਰਜਿੰਦਰ ਸਿੰਘ ਹਮਦਰਦ

 

ਪਿਛਲੀ ਖ਼ਬਰ ਆਓ, ਖਾਮੋਸ਼ ਮੌਤ ਪ੍ਰਤੀ ਫ਼ਿਕਰਮੰਦ ਹੋਈਏ ਅਗਲੀ ਖ਼ਬਰ ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।