23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਇਕ ਹੋਰ ਜੰਗ

ਅਜੀਤ ਡੈਸਕ 01-03-2026

ਪਿਛਲੇ ਕੁਝ ਦਿਨਾਂ ਤੋਂ ਈਰਾਨ ਦਾ ਅਮਰੀਕਾ ਤੇ ਇਜ਼ਰਾਈਲ ਨਾਲ ਤਣਾਅ ਵਧਦਾ ਨਜ਼ਰ ਆ ਰਿਹਾ ਸੀ। ਅਮਰੀਕਾ ਤੇ ਈਰਾਨ ਦਰਮਿਆਨ ਜਨੇਵਾ ਅਤੇ ਕਈ ਹੋਰ ਥਾਵਾਂ 'ਤੇ ਅਸਿਧੀ ਗੱਲਬਾਤ ਵੀ ਹੋ ਰਹੀ ਸੀ, ਤਾਂ ਜੋ ਇਕ ਹੋਰ ਲੜਾਈ ਨੂੰ ਟਾਲਿਆ ਜਾ ਸਕੇ। ਪਰ ਇਹ ਯਤਨ ਸਫ਼ਲ ਨਹੀਂ ਹੋ ਸਕੇ। ਅਮਰੀਕਾ ਤੇ ਇਜ਼ਰਾਈਲ ਨੇ ਇਕ ਵਾਰ ਫਿਰ ਈਰਾਨ 'ਤੇ ਇਕ ਵੱਡਾ ਹਮਲਾ ਕਰ ਦਿੱਤਾ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਅਲਜਜ਼ੀਰਾ ਦੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਤਹਿਰਾਨ ਵਿਚ ਯੂਨੀਵਰਸਿਟੀ ਸਟਰੀਟ ਤੇ ਜਮਹੂਰੀ ਏਰੀਆ ਵਿਚ ਮਿਜ਼ਾਈਲਾਂ ਨਾਲ ਹਮਲੇ ਹੋਏ ਹਨ। ਇਹ ਵੀ ਖ਼ਬਰ ਆਈ ਹੈ ਕਿ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਾਮਨੇਈ ਦੀ ਰਿਹਾਇਸ਼ ਦੇ ਨੇੜੇ ਵੀ ਮਿਜ਼ਾਈਲ ਨਾਲ ਹਮਲਾ ਹੋਇਆ ਹੈ, ਪਰ ਉਸ ਸਮੇਂ ਉਹ ਉਸ ਥਾਂ 'ਤੇ ਮੌਜੂਦ ਨਹੀਂ ਸਨ। ਉਨ੍ਹਾਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ ਹੈ। ਈਰਾਨ ਦੇ ਵੱਖ-ਵੱਖ ਹੋਰ ਸ਼ਹਿਰਾਂ ਇਸਫਹਾਨ, ਕੋਮ, ਕਰਜ ਤੇ ਕਰਮਾਨਸ਼ਾਹ ਵਿਚ ਵੀ ਧਮਾਕੇ ਸੁਣਾਈ ਦਿੱਤੇ ਹਨ। ਇਸ ਦੇ ਪ੍ਰਤੀਕਰਮ ਵਜੋਂ ਈਰਾਨ ਨੇ ਵੀ ਆਪਣੀਆਂ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਕਤਰ, ਕੁਵੈਤ, ਯੂ.ਏ.ਈ. ਤੇ ਬਹਿਰੀਨ, ਵਿਚ ਅਮਰੀਕਾ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਵਿਚ ਵੀ ਕਈਆਂ ਥਾਵਾਂ 'ਤੇ ਈਰਾਨੀ ਮਿਜ਼ਾਈਲਾਂ ਡਿਗੀਆਂ ਹਨ ਅਤੇ ਧਮਾਕੇ ਸੁਣਾਈ ਦਿੱਤੇ ਹਨ। ਇਜ਼ਰਾਈਲ ਨੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਜਰੂਰੀ ਕੰਮਾਂ ਤੋਂ ਇਲਾਵਾ ਹੋਰ ਸਾਰੀਆਂ ਮਨੁੱਖੀ ਸਰਗਰਮੀਆਂ 'ਤੇ ਪਾਬੰਦੀ ਲਾ ਦਿੱਤੀ ਹੈ। ਖਾੜੀ ਦੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਵੀ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ।
ਇਸ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਤੌਰ 'ਤੇ ਇਹ ਕਿਹਾ ਹੈ ਕਿ ਈਰਾਨ ਦੀ ਫ਼ੌਜ ਅਤੇ ਉਸ ਦੇ ਪ੍ਰਮਾਣੂ ਹਥਿਆਰਾਂ ਤੋਂ ਅਮਰੀਕਾ ਦੇ ਵੱਖ-ਵੱਖ ਦੇਸ਼ਾਂ ਵਿਚ ਸਥਿਤ ਫ਼ੌਜੀ ਅੱਡਿਆਂ ਅਤੇ ਇਥੋਂ ਤੱਕ ਕਿ ਅਮਰੀਕਾ ਨੂੰ ਵੀ ਖ਼ਤਰਾ ਹੈ। ਇਸ ਲਈ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਈਰਾਨ ਨਾਲ ਪਿਛਲੇ ਦਿਨਾਂ ਵਿਚ ਵੱਖ-ਵੱਖ ਪੱਧਰ 'ਤੇ ਗੱਲਬਾਤ ਕੀਤੀ ਗਈ ਸੀ। ਅਸੀਂ ਉਨ੍ਹਾਂ ਦੇ ਪ੍ਰਮਾਣੂੂ ਹਥਿਆਰਾਂ ਅਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਖ਼ਤਮ ਕਰਨਾ ਚਾਹੁੰਦੇ ਸਾਂ ਪਰ ਇਸ ਲਈ ਈਰਾਨ ਨਾਲ ਸਹਿਮਤੀ ਨਹੀਂ ਬਣੀ। ਉਨ੍ਹਾਂ ਨੇ ਈਰਾਨ ਦੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਦੇਸ਼ ਦੇ ਤਾਨਾਸ਼ਾਹ ਹੁਕਮਰਾਨਾਂ ਦਾ ਵਿਰੋਧ ਕਰਨ ਅਤੇ ਦੇਸ਼ ਦਾ ਕੰਟਰੋਲ ਆਪਣੇ ਹੱਥ ਲੈ ਲੈਣ। ਇਹ ਉਨ੍ਹਾਂ ਲਈ ਆਜ਼ਾਦੀ ਹਾਸਿਲ ਕਰਨ ਦਾ ਅਵਸਰ ਹੈ। ਅਮਰੀਕਾ ਦੇ ਰਾਸ਼ਟਰਪਤੀ ਦੇ ਇਸ ਬਿਆਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਸਿਰਫ਼ ਈਰਾਨ ਦੇ ਪ੍ਰਮਾਣੂ ਹਥਿਆਰ ਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਨੂੰ ਹੀ ਖ਼ਤਮ ਨਹੀਂ ਕਰਨਾ ਚਾਹੁੰਦੇ, ਸਗੋਂ ਈਰਾਨ ਵਿਚ ਸਰਕਾਰ ਵੀ ਬਦਲਾਉਣੀ ਚਾਹੁੰਦੇ ਹਨ। ਉਸ ਦਾ ਮੰਤਵ ਇਹ ਹੈ ਕਿ ਈਰਾਨ ਵਲੋਂ ਅਮਰੀਕਾ ਤੇ ਇਜ਼ਰਾਈਲ ਨੂੰ ਕੋਈ ਪ੍ਰਮਾਣੂ ਖ਼ਤਰਾ ਨਾ ਰਹੇ ਅਤੇ ਇਸ ਦੇ ਨਾਲ ਹੀ ਈਰਾਨ ਦੇ ਤੇਲ ਸਰੋਤਾਂ 'ਤੇ ਵੀ ਵੈਨਜ਼ੁਏਲਾ ਵਾਂਗ ਉਸ ਦਾ ਕਬਜ਼ਾ ਹੋ ਜਾਵੇ।
ਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਿਨਯਾਹੂ ਨੇ ਵੀ ਇਹ ਕਿਹਾ ਹੈ ਕਿ ਈਰਾਨ ਵਲੋਂ ਦਰਪੇਸ਼ ਖ਼ਤਰੇ ਨੂੰ ਖ਼ਤਮ ਕਰਨ ਲਈ ਆਗਾਮੀ ਤੌਰ 'ਤੇ ਇਜ਼ਰਾਈਲ ਵਲੋਂ ਹਮਲਾ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਹਮਲੇ ਵਿਚ ਸਹਿਯੋਗ ਦੇਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੀ ਖੁੱਲ੍ਹ ਕੇ ਤਾਰੀਫ਼ ਕੀਤੀ।
ਇਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਸਾਲ ਵੀ ਜੂਨ ਵਿਚ ਅਮਰੀਕਾ ਅਤੇ ਇਜ਼ਰਾਈਲ ਨੇ ਆਪੋ-ਆਪਣੇ ਤੌਰ 'ਤੇ ਈਰਾਨ 'ਤੇ ਹਮਲੇ ਕੀਤੇ ਸਨ। ਅਮਰੀਕਾ ਨੇ ਤਾਂ ਮਿਜ਼ਾਈਲਾਂ ਤੋਂ ਇਲਾਵਾ ਆਪਣੇ ਲੜਾਕੂ ਜਹਾਜ਼ ਭੇਜ ਕੇ ਈਰਾਨ ਦੇ ਫ਼ੌਜੀ ਢਾਂਚੇ ਅਤੇ ਹੋਰ ਮਹੱਤਵਪੂਰਨ ਅਦਾਰਿਆਂ ਨੂੰ ਵੀ ਤਬਾਹ ਕਰਨ ਲਈ ਹਮਲੇ ਕੀਤੇ ਗਏ ਸਨ। ਇਜ਼ਰਾਈਲ ਵਲੋਂ ਵੀ ਉਸ ਸਮੇਂ ਵੱਡੀ ਪੱਧਰ 'ਤੇ ਈਰਾਨ 'ਤੇ ਹਮਲੇ ਕੀਤੇ ਗਏ ਸਨ। ਪਰ ਇਨ੍ਹਾਂ ਹਮਲਿਆਂ ਦੇ ਬਾਵਜੂਦ ਈਰਾਨ ਦੇ ਪ੍ਰਮਾਣੂ ਹਥਿਆਰ ਸੁਰੱਖਿਅਤ ਰਹੇ ਅਤੇ ਉਸ ਦਾ ਫ਼ੌਜੀ ਢਾਂਚਾ ਵੀ ਬਰਕਰਾਰ ਰਿਹਾ। ਅਮਰੀਕਾ ਤੇ ਇਜ਼ਰਾਈਲ ਨੂੰ ਹੁਣ ਫਿਰ ਤੋਂ ਇਹ ਖ਼ਤਰਾ ਪੈਦਾ ਹੋ ਗਿਆ ਸੀ, ਕਿ ਈਰਾਨ ਅਜੇ ਵੀ ਪ੍ਰਮਾਣੂ ਹਥਿਆਰ ਬਣਾਉਣ ਦੀ ਸਰਗਰਮੀ ਵਿਚ ਲੱਗਾ ਹੋਇਆ ਹੈ ਅਤੇ ਉਹ ਆਪਣੀ ਫ਼ੌਜੀ ਤਾਕਤ ਵੀ ਵਧਾ ਰਿਹਾ ਹੈ। ਇਸੇ ਕਾਰਨ ਉਨ੍ਹਾਂ ਵਲੋਂ ਈਰਾਨ 'ਤੇ ਮੁੜ ਹਮਲੇ ਕੀਤੇ ਗਏ ਹਨ।
ਪਿਛਲੇ ਕਈ ਸਾਲਾਂ ਤੋਂ ਰੂਸ ਤੇ ਯੂਕਰੇਨ ਦਰਮਿਆਨ ਜੰਗ ਛਿੜੀ ਹੋਈ ਹੈ। ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਹਨ। ਅਤੇ ਇਹ ਜੰਗ ਅਜੇ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਹਮਾਸ ਵਲੋਂ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਨਿਰੰਤਰ ਗਾਜ਼ਾ ਪੱਟੀ ਵਿਚ ਟੈਂਕਾਂ ਅਤੇ ਲੜਾਕੂ ਜਹਾਜ਼ਾਂ ਨਾਲ ਵੱਡੇ ਹਮਲੇ ਕੀਤੇ ਸਨ ਅਤੇ ਗਾਜ਼ਾ ਪੱਟੀ ਨੂੰ ਇਕ ਤਰ੍ਹਾਂ ਨਾਲ ਖੰਡਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਲੜਾਈ ਵਿਚ 80 ਹਜ਼ਾਰ ਦੇ ਲਗਭਗ ਫ਼ਲਸਤੀਨੀ ਮਾਰੇ ਗਏ ਹਨ। ਇਸ ਮਸਲੇ ਦਾ ਅਜੇ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ। ਹੁਣ ਫਿਰ ਤੋਂ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਹਮਲਾ ਕਰਨ ਨਾਲ ਮੱਧ ਏਸ਼ੀਆ ਵਿਚ ਇਕ ਵੱਡੀ ਜੰਗ ਛਿੜਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਸਮੇਂ ਵਿਸ਼ਵ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਆਪਹੁਦਰੀਆਂ ਨੀਤੀਆਂ ਕਾਰਨ ਪਹਿਲਾਂ ਹੀ ਅਸਥਿਰਤਾ ਪੈਦਾ ਹੋ ਚੁੱਕੀ ਹੈ। ਇਸ ਤਾਜ਼ਾ ਹਮਲੇ ਨਾਲ ਵਿਸ਼ਵ ਵਿਚ ਹੋਰ ਵੀ ਜ਼ਿਆਦਾ ਰਾਜਨੀਤਕ ਅਸਥਿਰਤਾ ਵਧਣ ਦੀ ਸੰਭਾਵਨਾ ਹੈ। ਬਿਨਾਂ ਸ਼ੱਕ ਅਮਰੀਕਾ ਤੇ ਇਜ਼ਰਾਈਲ ਵਲੋਂ ਕੀਤੇ ਗਏ ਇਸ ਤਾਜ਼ਾ ਹਮਲੇ ਨਾਲ ਈਰਾਨ ਦੀ ਵੱਡੀ ਤਬਾਹੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਈਰਾਨ ਲੰਮੇ ਸਮੇਂ ਤੱਕ ਅਮਰੀਕਾ ਦਾ ਸਾਹਮਣਾ ਨਹੀਂ ਕਰ ਸਕਦਾ। ਫਿਰ ਵੀ ਇਹ ਜੰਗ ਕੀ ਰੂਪ ਲੈਂਦੀ ਹੈ ਅਤੇ ਕਦੋਂ ਤੱਕ ਚਲਦੀ ਹੈ ਅਤੇ ਇਸ ਵਿਚ ਦੋ ਹੋਰ ਮਹਾਸ਼ਕਤੀਆਂ ਚੀਨ 'ਤੇ ਰੂਸ ਦਾ ਰੋਲ ਕੀ ਰਹਿੰਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਇਸ ਜੰਗ ਨਾਲ ਭਾਰਤ 'ਤੇ ਵੀ ਕਈ ਤਰ੍ਹਾਂ ਦੇ ਪ੍ਰਭਾਵ ਪੈ ਸਕਦੇ ਹਨ, ਕਿਉਂਕਿ ਖਾੜੀ ਦੇਸ਼ਾਂ ਵਿਚ ਬਹੁਤ ਸਾਰੇ ਭਾਰਤੀ ਵਸਦੇ ਹਨ। ਜੰਗ ਦੇ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ, ਅਤੇ ਵਿਸ਼ਵ ਪੱਧਰ 'ਤੇ ਸਪਲਾਈ ਲੜੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਭਾਰਤ ਨੂੰ ਅਜਿਹੇ ਅਸਥਿਰਤਾ ਵਾਲੇ ਸਮੇਂ ਵਿਚ ਬੜੀ ਚੌਕਸੀ ਨਾਲ ਆਪਣੀ ਵਿਦੇਸ਼ ਨੀਤੀ ਵਿਚ ਤਵਾਜ਼ਨ ਬਣਾ ਕੇ ਰੱਖਣ ਦੀ ਲੋੜ ਹੋਵੇਗੀ।

ਪਿਛਲੀ ਖ਼ਬਰ ਦਿੱਲੀ ਸ਼ਰਾਬ ਘੁਟਾਲੇ ਦੇ ਸਾਰੇ ਦੋਸ਼ੀ ਬਰੀ, ਸੀ.ਬੀ.ਆਈ. ਨੂੰ ਲੱਗਾ ਵੱਡਾ ਝਟਕਾ ਅਗਲੀ ਖ਼ਬਰ ਦਮਨ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ ਬਲਕਿ ਉਸ ਨੂੰ ਦਬਾਉਣ ਜਾਂ ਲੁਕਾਉਣ ਦੀ ਕੋਸ਼ਿਸ਼ ਹੈ। -ਮਾਰਗਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।