ਬਹੁ-ਚਰਚਿਤ ਸ਼ਰਾਬ ਘੁਟਾਲੇ 'ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਸਾਰੇ 23 ਮੁਲਜ਼ਮਾਂ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਹੈ ਕਿ ਸੀ.ਬੀ.ਆਈ. ਵਲੋਂ ਮੁਲਜ਼ਮਾਂ ਵਿਰੁੱਧ ਦਾਇਰ ਕੀਤੇ ਦੋਸ਼-ਪੱਤਰ ਵਿਚ ਕੋਈ ਅਜਿਹਾ ਠੋਸ ਸਬੂਤ ਨਹੀਂ, ਜੋ ਮੁਲਜ਼ਮਾਂ 'ਤੇ ਲਾਏ ਗਏ ਦੋਸ਼ਾਂ ਨੂੰ ਸਾਬਤ ਕਰਦਾ ਹੋਵੇ। ਵਿਸ਼ੇਸ਼ ਜੱਜ ਜਿਤੇਂਦਰ ਸਿੰਘ ਨੇ ਕਿਹਾ, 'ਚਾਰਜਸ਼ੀਟ ਵਿਚ ਨਾ ਸਿਰਫ਼ ਗੁਮਰਾਹਕੁੰਨ ਦਾਅਵੇ ਕੀਤੇ ਗਏ ਹਨ, ਸਗੋਂ ਜਿਹੜੀਆਂ ਗੱਲਾਂ ਗਵਾਹਾਂ ਵਲੋਂ ਦਰਜ ਕੀਤੀਆਂ ਗਈਆਂ ਹਨ, ਉਹ ਵੀ ਉਨ੍ਹਾਂ ਦੇ ਬਿਆਨਾਂ ਨਾਲ ਮੇਲ ਨਹੀਂ ਖਾਂਦੀਆਂ।'
ਇਹ ਕਿੱਸਾ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਂਕਿ ਸੀ.ਬੀ.ਆਈ. ਪਹਿਲਾਂ ਵੀ ਅਜਿਹੀਆਂ ਆਲੋਚਨਾਵਾਂ ਦਾ ਸ਼ਿਕਾਰ ਹੋ ਚੁੱਕੀ ਹੈ, ਪਰ ਇਸ ਵਾਰ ਜਿਸ ਤਰ੍ਹਾਂ ਵਿਸ਼ੇਸ਼ ਅਦਾਲਤ ਦੇ ਜੱਜ ਨੇ ਦੇਸ਼ ਦੀ ਇਸ ਸਭ ਤੋਂ ਭਰੋਸੇਮੰਦ ਜਾਂਚ ਏਜੰਸੀ ਨੂੰ ਫਿਟਕਾਰ ਲਾਈ ਹੈ, ਉਸ ਤੋਂ ਚਿੰਤਾ ਪੈਦਾ ਹੁੰਦੀ ਹੈ ਕਿ, ਕੀ ਹੁਣ ਲੋਕਤੰਤਰ ਨੂੰ ਅਜਿਹੀਆਂ ਜਾਂਚ ਏਜੰਸੀਆਂ ਤੋਂ ਵੀ ਖ਼ਤਰਾ ਹੈ? ਵਿਸ਼ੇਸ਼ ਅਦਾਲਤ ਦੇ ਜੱਜ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਾਂਚ ਏਜੰਸੀ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨਾ ਚਾਹੀਦਾ ਹੈ। ਕੇਜਰੀਵਾਲ ਬਾਰੇ ਫ਼ੈਸਲਾ ਸੁਣਾਉਂਦੇ ਹੋਏ ਜੱਜ ਨੇ ਕਿਹਾ, 'ਬਿਨਾਂ ਕਿਸੇ ਠੋਸ ਸਬੂਤ ਉਨ੍ਹਾਂ ਦਾ ਨਾਂਅ ਇਸ ਪੂਰੇ ਮਾਮਲੇ ਨਾਲ ਜੋੜ ਦਿੱਤਾ ਗਿਆ।' ਉਨ੍ਹਾਂ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਤੇ ਮੰਨਿਆ ਕਿ ਇਹ ਇਸ ਲਈ ਖ਼ਤਰਨਾਕ ਹੈ ਕਿ ਕਿਉਂਕਿ ਕੇਜਰੀਵਾਲ ਇਕ ਸੰਵਿਧਾਨਕ ਅਹੁਦੇ 'ਤੇ ਸਨ। ਇਸ ਲਈ ਉਨ੍ਹਾਂ ਦਾ ਨਾਂਅ ਇਸ ਮਾਮਲੇ ਨਾਲ ਜੋੜਦੇ ਸਮੇਂ ਏਜੰਸੀ ਕੋਲ ਠੋਸ ਸਬੂਤ ਹੋਣੇ ਚਾਹੀਦੇ ਸਨ। ਲਗਭਗ ਇਸੇ ਤਰ੍ਹਾਂ ਦਾ ਬਿਆਨ ਉਨ੍ਹਾਂ ਨੇ ਇਸ ਘੁਟਾਲੇ ਦੇ ਮੁੱਖ ਦੋਸ਼ੀ ਕੁਲਦੀਪ ਸਿੰਘ ਦੇ ਮਾਮਲੇ 'ਚ ਵੀ ਦਿੱਤਾ। ਜੱਜ ਨੇ ਕਿਹਾ, 'ਇਹ ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਪਹਿਲਾ ਦੋਸ਼ੀ ਬਣਾਇਆ ਗਿਆ, ਜਦਕਿ ਉਨ੍ਹਾਂ ਖ਼ਿਲਾਫ਼ ਕੋਈ ਇਕ ਵੀ ਸਬੂਤ ਨਹੀਂ ਸੀ।'
ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ 'ਚ ਡਿਪਟੀ ਕਮਿਸ਼ਨਰ ਸਨ ਤੇ ਸੀ.ਬੀ.ਆਈ. ਨੇ ਉਨ੍ਹਾਂ 'ਤੇ ਇਹ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਕੁਝ ਦੂਜੇ ਅਧਿਕਾਰੀਆਂ ਨਾਲ ਮਿਲ ਕੇ ਨਵੀਂ ਸ਼ਰਾਬ ਨੀਤੀ ਬਣਾਉਣ ਅਤੇ ਲਾਗੂ ਕਰਨ 'ਚ ਗੜਬੜੀਆਂ ਕੀਤੀਆਂ ਹਨ। ਦੋਸ਼-ਪੱਤਰ ਮੁਤਾਬਕ ਇਹ ਨੀਤੀ ਨਿੱਜੀ ਸ਼ਰਾਬ ਵਪਾਰੀਆਂ ਨੂੰ ਫ਼ਾਇਦਾ ਪਹੁੰਚਾਉਣ ਵਾਲੀ ਸੀ, ਜਿਸ ਨਾਲ ਸਰਕਾਰ ਨੂੰ ਵਿੱਤੀ ਨੁਕਸਾਨ ਹੋਇਆ। ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ ਲੈ ਕੇ ਵੀ ਕੁਝ ਅਜਿਹਾ ਹੀ ਕਿਹਾ- ਅਦਾਲਤ ਅਨੁਸਾਰ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਇਹ ਸਿੱਧ ਹੋਵੇ ਕਿ ਮਨੀਸ਼ ਸਿਸੋਦੀਆ ਸ਼ਰਾਬ ਨੀਤੀ ਬਣਾਉਣ 'ਚ ਸ਼ਾਮਿਲ ਸਨ ਜਾਂ ਉਨ੍ਹਾਂ ਨੇ ਘੁਟਾਲਾ ਕੀਤਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਦਾਲਤ ਨੇ ਕਿਹਾ ਕਿ ਜਦੋਂ ਮੁਲਜ਼ਮਾਂ ਤੋਂ ਜਾਂਚ ਏਜੰਸੀ ਕੋਈ ਬਰਾਮਦਗੀ ਨਹੀਂ ਕਰ ਸਕੀ ਤਾਂ ਠੋਸ ਸਬੂਤ ਕਿੱਥੇ ਹਨ?
ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ 17 ਨਵੰਬਰ 2021 ਨੂੰ ਸ਼ਰਾਬ ਵਿਕਰੀ ਨਾਲ ਸਬੰਧਿਤ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਸੀ, ਜਿਸ ਦੇ ਚਲਦਿਆਂ ਸ਼ਰਾਬ ਦੀਆਂ ਦੁਕਾਨਾਂ ਨਿੱਜੀ ਹੱਥਾਂ 'ਚ ਚਲੀਆਂ ਗਈਆਂ ਸਨ। ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਕੇਜਰੀਵਾਲ ਤੇ ਉਨ੍ਹਾਂ ਦੀ ਸਰਕਾਰ ਦਾ ਦਾਅਵਾ ਸੀ ਕਿ ਇਸ ਨਾਲ ਸ਼ਰਾਬ 'ਤੇ ਕਾਬਜ਼ ਮਾਫ਼ੀਆ ਖ਼ਤਮ ਹੋਵੇਗਾ ਤੇ ਸਰਕਾਰੀ ਮਾਲੀਆ ਵਧੇਗਾ। ਪਰ ਜੁਲਾਈ 2022 'ਚ ਦਿੱਲੀ ਦੇ ਤਤਕਾਲੀ ਮੁੱਖ ਸਕੱਤਰ ਨੂੰ ਆਬਕਾਰੀ ਨੀਤੀ 'ਚ ਕੁਝ ਆਰਥਿਕ ਬੇਨਿਯਮੀਆਂ ਲੱਗੀਆਂ ਤੇ ਉਨ੍ਹਾਂ ਨੇ ਇਸ ਸਬੰਧ 'ਚ ਇਕ ਰਿਪੋਰਟ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਸੌਂਪੀ। ਇਸ ਰਿਪੋਰਟ ਦੇ ਆਧਾਰ 'ਤੇ ਉਪ ਰਾਜਪਾਲ ਨੇ ਪੂਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। ਇਸ ਤਰ੍ਹਾਂ 17 ਅਗਸਤ 2022 ਨੂੰ ਸੀ.ਬੀ.ਆਈ. ਨੇ ਕਥਿਤ ਦਿੱਲੀ ਸ਼ਰਾਬ ਘੁਟਾਲੇ ਦਾ ਮਾਮਲਾ ਦਰਜ ਕੀਤਾ, ਜਿਸ 'ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਤਿੰਨ ਸੇਵਾਮੁਕਤ ਸਰਕਾਰੀ ਅਧਿਕਾਰੀਆਂ, 9 ਕਾਰੋਬਾਰੀਆਂ ਤੇ ਦੋ ਕੰਪਨੀਆਂ ਨੂੰ ਦੋਸ਼ੀ ਬਣਾਇਆ ਗਿਆ। ਹਾਲਾਂਕਿ ਵਿਵਾਦ ਵਧਦਾ ਦੇਖ 28 ਜੁਲਾਈ 2022 ਨੂੰ ਤਤਕਾਲੀ ਦਿੱਲੀ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਰੱਦ ਕਰ ਦਿੱਤੀ। ਪਰ 22 ਅਗਸਤ 2022 ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਇਸ ਮਾਮਲੇ 'ਚ ਮਨੀ ਲਾਂਡਰਿੰਗ (ਹਵਾਲਾ ਰਾਸ਼ੀ) ਦਾ ਕੇਸ ਦਾਇਰ ਕਰ ਲਿਆ। ਕੇਸ ਫਿਰ ਅੱਗੇ ਵਧਿਆ ਤੇ 28 ਫਰਵਰੀ 2023 ਨੂੰ ਦਿੱਲੀ ਦੇ ਤਤਕਾਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
4 ਅਕਤੂਬਰ 2023 ਨੂੰ ਇਸ ਮਾਮਲੇ ਸਬੰਧੀ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਤੇ ਫਿਰ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਨਵੰਬਰ 2023 ਤੋਂ ਮਾਰਚ 2024 ਤੱਕ ਈ.ਡੀ. ਨੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 9 ਸੰਮਨ ਜਾਰੀ ਕੀਤੇ ਪਰ ਕੇਜਰੀਵਾਲ ਇਕ ਵਾਰ ਵੀ ਅਦਾਲਤ ਵਿਚ ਪੇਸ਼ ਨਹੀਂ ਹੋਏ। ਨਤੀਜੇ ਵਜੋਂ 21 ਮਾਰਚ 2024 ਨੂੰ ਈ.ਡੀ. ਨੇ ਉਸ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਤੇ 28 ਮਾਰਚ 2024 ਨੂੰ ਰਾਊਜ਼ ਐਵੇਨਿਊ ਅਦਾਲਤ ਨੇ ਕੇਜਰੀਵਾਲ ਨੂੰ 15 ਅਪ੍ਰੈਲ 2024 ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ। 10 ਮਈ 2024 ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਲਈ 21 ਦਿਨਾਂ ਦੀ ਜ਼ਮਾਨਤ ਦੇ ਦਿੱਤੀ ਗਈ ਤੇ 2 ਜੂਨ 2024 ਨੂੰ ਇਕ ਵਾਰ ਫਿਰ ਉਨ੍ਹਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਭੇਜ ਦਿੱਤਾ ਗਿਆ। ਹਾਲਾਂਕਿ ਕੇਜਰੀਵਾਲ ਨੂੰ ਹੇਠਲੀ ਅਦਾਲਤ ਨੇ 20 ਜੂਨ 2024 ਨੂੰ ਜ਼ਮਾਨਤ ਦੇ ਦਿੱਤੀ ਸੀ, ਪਰ ਹਾਈ ਕੋਰਟ ਨੇ ਇਸ 'ਤੇ ਰੋਕ ਲਾ ਦਿੱਤੀ ਸੀ, ਜਿਸ ਕਾਰਨ ਉਹ 13 ਸਤੰਬਰ 2024 ਨੂੰ ਹੀ ਉਦੋਂ ਜੇਲ੍ਹ 'ਚੋਂ ਬਹਾਰ ਆ ਸਕੇ, ਜਦੋਂ ਸੀ.ਬੀ.ਆਈ. ਦੇ ਮਾਮਲੇ 'ਚ ਅਦਾਲਤ ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲੀ।
ਜੇ ਇਸ ਪੂਰੇ ਮਾਮਲੇ ਨੂੰ ਰਾਜਨੀਤੀ ਤੇ ਅਦਾਲਤ ਦੇ ਨਜ਼ਰੀਏ ਤੋਂ ਵੇਖੀਏ ਤਾਂ ਜਿਸ ਤਰ੍ਹਾਂ ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਸੀ.ਬੀ.ਆਈ. ਨੂੰ ਫਿਟਕਾਰ ਲਗਾਉਂਦਿਆਂ ਕਿਹਾ ਹੈ ਕਿ ਜਦੋਂ ਕੋਈ ਠੋਸ ਸਬੂਤ ਨਹੀਂ ਸਨ ਤਾਂ ਦੋਸ਼ ਲਗਾਉਣ ਦਾ ਕੀ ਮਤਲਬ ਸੀ? ਅਸਲ 'ਚ ਸੀ.ਬੀ.ਆਈ. ਨੇ ਕੇਜਰੀਵਾਲ ਤੇ ਸਿਸੋਦੀਆ 'ਤੇ ਗੜਬੜੀ ਕਰਨ ਦੇ ਦੋਸ਼ ਲਗਾਏ ਸਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸੀ.ਬੀ.ਆਈ. ਇਹ ਸਾਬਤ ਨਹੀਂ ਕਰ ਸਕੀ ਕਿ ਆਮ ਆਦਮੀ ਪਾਰਟੀ ਦੇ ਮੁਖੀ ਨੇ ਇਸ ਘੁਟਾਲੇ 'ਚ ਰਿਸ਼ਵਤ ਕਦੋਂ, ਕਿਸ ਤੋਂ ਜਾਂ ਕਿੱਥੇ ਲਈ ਸੀ ਅਤੇ ਨਾ ਹੀ ਇਸ ਸਬੰਧ 'ਚ ਉਹ ਕੁਝ ਬਰਾਮਦ ਕਰ ਸਕੀ। ਸੀ.ਬੀ.ਆਈ. ਨੇ ਹਵਾਲਾ ਰਾਸ਼ੀ ਰੋਕਥਾਮ ਕਾਨੂੰਨ ਤਹਿਤ ਕੇਜਰੀਵਾਲ ਨੂੰ ਮੁੱਖ ਸਾਜ਼ਿਸ਼ਕਰਤਾ ਤੇ ਮਨੀਸ਼ ਸਿਸੋਦੀਆ ਨੂੰ ਸਹਿਯੋਗੀ ਦੱਸਿਆ ਸੀ। ਉਨ੍ਹਾਂ 'ਤੇ ਦੱਖਣੀ ਭਾਰਤ ਦੇ ਪ੍ਰਭਾਵਸ਼ਾਲੀ ਸ਼ਰਾਬ ਵਪਾਰੀਆਂ ਦੇ ਇਕ ਸਮੂਹ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੀ ਗੱਲ ਕਹੀ ਸੀ, ਜਿਸ ਦੇ ਬਦਲੇ ਨਵੀਂ ਆਬਕਾਰੀ ਨੀਤੀ ਰਾਹੀਂ ਇਨ੍ਹਾਂ ਕੰਪਨੀਆਂ ਨੂੰ ਲਾਭ ਪਹੁੰਚਾਇਆ ਗਿਆ, ਜਿਵੇਂ ਕਿ ਥੋਕ ਵਪਾਰ 'ਚ 12 ਫ਼ੀਸਦੀ ਮੁਨਾਫ਼ਾ ਤੇ ਲਾਇਸੈਂਸ ਫੀਸ 'ਚ ਛੋਟ। ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਇਸ ਘੁਟਾਲੇ 'ਚ 'ਆਪ' ਨੇ 45 ਕਰੋੜ ਰੁਪਏ ਦੀ ਰਿਸ਼ਵਤ ਲਈ, ਜਿਸ ਨੂੰ ਉਸ ਨੇ 2022 ਦੀਆਂ ਗੋਆ ਵਿਧਾਨ ਸਭਾ ਚੋਣਾਂ 'ਚ ਖ਼ਰਚ ਕੀਤਾ, ਪਰ ਜਾਂਚ ਏਜੰਸੀ ਇਨ੍ਹਾਂ ਦੋਸ਼ਾਂ 'ਚੋਂ ਕਿਸੇ ਨੂੰ ਵੀ ਸਾਬਤ ਨਹੀਂ ਕਰ ਸਕੀ।
ਸੀ.ਬੀ.ਆਈ. ਨੇ ਦੋਸ਼-ਪੱਤਰ 'ਚ ਇਹ ਵੀ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੇ ਪੁੱਛਗਿੱਛ ਦੌਰਾਨ ਕਿਹਾ ਸੀ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਨਿੱਜੀ ਹੱਥਾਂ 'ਚ ਸੌਂਪਣਾ ਮਨੀਸ਼ ਸਿਸੋਦੀਆ ਦਾ ਵਿਚਾਰ ਸੀ। ਹਾਲਾਂਕਿ ਕੇਜਰੀਵਾਲ ਨੇ ਇਸ ਦਾਅਵੇ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਤੇ ਅਦਾਲਤ 'ਚ ਸੀ.ਬੀ.ਆਈ. ਇਸ ਨੂੰ ਸਾਬਤ ਨਾ ਕਰ ਸਕੀ ਕਿ ਕੇਜਰੀਵਾਲ ਨੇ ਅਸਲ 'ਚ ਮਨੀਸ਼ ਸਿਸੋਦੀਆ ਬਾਰੇ ਅਜਿਹੀ ਗੱਲ ਕਹੀ ਸੀ। ਸ਼ਾਇਦ ਰਾਊਜ਼ ਐਵੇਨਿਊ ਅਦਾਲਤ ਸੀ.ਬੀ.ਆਈ. ਦੇ ਘਟੀਆ ਤੇ ਬਿਨਾਂ ਸਬੂਤਾਂ ਦੇ ਇਸ ਬਹੁ-ਪ੍ਰਚਾਰਿਤ ਕੇਸ ਤੋਂ ਨਾਰਾਜ਼ ਹੋਈ ਤੇ ਫ਼ਿਲਹਾਲ ਸਾਰੇ 23 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਈ.ਡੀ. ਦਾ ਹਵਾਲਾ ਰਾਸ਼ੀ ਵਾਲਾ ਕੇਸ ਅਜੇ ਚੱਲ ਰਿਹਾ ਹੈ ਤੇ ਸੀ.ਬੀ.ਆਈ. ਨੇ ਵੀ ਇਸ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦੇਣ ਦੀ ਗੱਲ ਕਹੀ ਹੈ। ਅੱਗੇ ਕੀ ਹੁੰਦਾ ਹੈ, ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਚੱਲ ਸਕੇਗਾ ਪਰ ਜਿਸ ਤਰ੍ਹਾਂ ਵਿਸ਼ੇਸ਼ ਅਦਾਲਤ ਨੇ ਸੀ.ਬੀ.ਆਈ. 'ਤੇ ਬਿਨਾਂ ਕਿਸੇ ਠੋਸ ਸਬੂਤ ਦੇ 'ਆਪ' ਅਤੇ ਸ਼ਰਾਬ ਘੁਟਾਲੇ ਨਾਲ ਸਬੰਧਿਤ ਸਾਰੇ 23 ਮੁਲਜ਼ਮਾਂ ਨੂੰ ਦੋਸ਼ੀ ਬਣਾਉਣ 'ਤੇ ਨਾਰਾਜ਼ਗੀ ਦਿਖਾਈ ਹੈ, ਉਸ ਤੋਂ ਲਗਦਾ ਹੈ ਕਿ ਵਿਸ਼ੇਸ਼ ਅਦਾਲਤ ਨੂੰ ਸੀ.ਬੀ.ਆਈ. ਵਲੋਂ ਇਹ ਦੋਸ਼ ਰਾਜਨੀਤਕ ਸਾਜਿਸ਼ ਵਰਗੇ ਲੱਗ ਰਹੇ ਹਨ, ਕਿਉਂਕਿ ਇਸ ਨਾਲ 'ਆਪ' ਨੂੰ ਕਾਫ਼ੀ ਰਾਜਨੀਤਕ ਨੁਕਸਾਨ ਹੋਇਆ ਤੇ ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਬੁਰੀ ਤਰ੍ਹਾਂ ਹਾਰ ਗਈ। ਅਜਿਹੇ 'ਚ ਕੇਜਰੀਵਾਲ ਵਲੋਂ ਲਗਾਇਆ ਇਹ ਦੋਸ਼ ਕਿਤੇ ਨਾ ਕਿਤੇ ਸਹੀ ਲਗਦਾ ਹੈ ਕਿ ਜਾਂਚ ਏਜੰਸੀ ਦੇ ਬਹਾਨੇ ਉਨ੍ਹਾਂ ਦੀ ਰਾਜਨੀਤੀ ਨੂੰ ਤਬਾਹ ਕਰਨ ਲਈ ਇਹ ਸਾਜਿਸ਼ ਘੜੀ ਗਈ ਸੀ।
-(ਲੇਖਕ ਵਿਸ਼ੇਸ਼ ਮੀਡੀਆ ਤੇ ਖੋਜ ਸੰਸਥਾਨ ਇਮੇਜ ਰਿਫਲੈਕਸ਼ਨ ਸੈਂਟਰ 'ਚ ਸੀਨੀਅਰ ਸੰਪਾਦਕ ਹਨ।)
-ਇਮੇਜ ਰਿਫਲੈਕਸ਼ਨ ਸੈਂਟਰ