ਅਸੀਂ ਆਪਣੀਆਂ ਪਾਰਕਾਂ ਨੂੰ ਸਵਾਰ ਕੇ ਬਹੁਤ ਸੁੰਦਰ ਬਣਾ ਲਿਆ ਹੈ। ਆਲੇ-ਦੁਆਲੇ ਜੇਕਰ ਘਰ ਵਿਚ ਵੀ ਪਾਰਕ ਲਈ ਕੋਈ ਜਗ੍ਹਾ ਛੱਡੀ ਗਈ ਹੋਵੇ, ਉਸ ਨੂੰ ਵੀ ਇਕੋ ਤਰ੍ਹਾਂ ਦੇ ਘਾਹ ਨਾਲ ਸਜਾ ਲਿਆ ਜਾਂਦਾ ਹੈ। ਇਸ ਤਰ੍ਹਾਂ ਕੁਦਰਤ ਨੂੰ ਨੁਕਸਾਨ ਹੋਣਾ ਹੀ ਹੈ। ਅਸੀਂ ਕਿਸੇ ਵੀ ਖ਼ਾਲੀ ਜਗ੍ਹਾ 'ਤੇ ਸੁੱਕੇ ਪੱਤੇ ਵੀ ਪਏ ਰਹਿਣ ਨਹੀਂ ਦਿੰਦੇ, ਜਦਕਿ ਉਨ੍ਹਾਂ ਸੁੱਕੇ ਪੱਤਿਆਂ ਦੇ ਹੇਠਾਂ ਕੀੜੇ-ਮਕੌੜੇ, ਤਿਤਲੀਆਂ ਦੇ ਆਂਡੇ ਆਦਿ ਆਪਣੀਆਂ ਸਰਦੀਆਂ ਕੱਟਦੇ ਹਨ। ਚਿੜੀਆਂ, ਗੁਟਾਰਾਂ ਆਦਿ ਪੰਛੀ ਵੱਖ-ਵੱਖ ਕਿਸਮ ਦੀਆਂ ਜੜ੍ਹੀ-ਬੂਟੀਆਂ ਤੇ ਘਾਹ ਦੇ ਬੀਅ ਸਾਰਾ ਸਾਲ ਖਾਂਦੇ ਹਨ। ਇਸ ਲਈ ਪਾਰਕਾਂ ਨੂੰ ਬਿਲਕੁਲ ਸਾਫ਼-ਸੁਥਰਾ ਰੱਖਣ ਦਾ ਅਤੇ ਘਾਹ ਨੂੰ ਹਮੇਸ਼ਾ ਕੱਟ ਕੇ ਅਤੇ ਰੁੱਖਾਂ ਨੂੰ ਬਹੁਤ ਸਲੀਕੇ ਨਾਲ ਛਾਂਗ ਕੇ ਰੱਖਣ ਦਾ ਸੰਕਲਪ ਸਹੀ ਨਹੀਂ ਹੈ। ਕਈ ਡੇਰਿਆਂ ਕੋਲ ਏਨੀ ਜ਼ਮੀਨ ਹੋਣ ਦੇ ਬਾਵਜੂਦ ਉੱਥੇ ਸਿਰਫ਼ ਪਾਮ ਦੇ ਦਰੱਖ਼ਤ ਲਾ ਦਿੱਤੇ ਜਾਂਦੇ ਹਨ। ਰੁੱਖਾਂ ਨੂੰ ਵਧਣ ਹੀ ਨਹੀਂ ਦਿੱਤਾ ਜਾਂਦਾ, ਪੂਰਾ ਵੱਢ-ਟੁੱਕ ਕੇ ਛਾਂਗ ਕੇ ਰੱਖਿਆ ਜਾਂਦਾ ਹੈ। ਇਹ ਚੰਗੀ ਗੱਲ ਹੈ ਕਿ ਰੁੱਖ ਲਾਏ ਜਾਂਦੇ ਹਨ, ਪਰ ਉਨ੍ਹਾਂ ਨੂੰ ਥੋੜ੍ਹਾ ਵਧਣ ਵੀ ਦੇਣਾ ਚਾਹੀਦਾ ਹੈ। ਘਾਹ ਵੀ ਜੇ ਥੋੜ੍ਹਾ ਵੰਨ-ਸਵੰਨਾ ਹੋ ਜਾਵੇ ਤਾਂ ਕੋਈ ਗੱਲ ਨਹੀਂ। ਆਲੇ-ਦੁਆਲੇ ਜੇ ਹੋਰ ਕਿਸਮ ਦੇ ਬੂਟੇ ਆਪਣੇ-ਆਪ ਉੱਗ ਪਏ ਤਾਂ ਉਨ੍ਹਾਂ ਨੂੰ ਉੱਗਣ ਦਿਓ, ਉਹ ਬਹੁਤੇ ਨਹੀਂ ਵਧਦੇ। ਨੀਵੇਂ ਪੱਧਰ 'ਤੇ ਉੱਗਣ ਵਾਲੇ ਬੂਟੇ ਵਾਹਨਾਂ ਵਲੋਂ ਛੱਡੇ ਜਾਣ ਵਾਲੇ ਪੈਟਰੋਲ ਤੇ ਡੀਜ਼ਲ ਵਾਲੇ ਧੂੰਏਂ ਨੂੰ ਵੀ ਸਾਫ਼ ਕਰਦੇ ਹਨ। ਖਜੂਰ ਤੇ ਪਾਮ ਦੇ ਰੁੱਖ ਸਾਡੇ ਇਲਾਕੇ ਦੇ ਨਹੀਂ ਹਨ। ਇਕ ਅੱਧ ਜੰਗਲੀ ਕਿਸਮ ਤੋਂ ਇਲਾਵਾ ਪੰਜਾਬ ਵਿਚ ਜ਼ਿਆਦਾਤਰ ਇਹ ਸਜਾਵਟੀ ਬੂਟਿਆਂ ਵਜੋਂ ਹੀ ਲਾਏ ਜਾ ਰਹੇ ਹਨ। ਜਿੱਥੇ ਵੀ ਨਵੇਂ ਘਰ ਬਣ ਰਹੇ ਹਨ, ਉੱਥੇ ਇਕ-ਅੱਧਾ ਰੁੱਖ ਲਾਇਆ ਵੀ ਜਾਵੇ ਤਾਂ ਉਹ ਵੀ ਅਜਿਹਾ ਹੀ ਸਜਾਵਟੀ ਰੁੱਖ ਹੁੰਦਾ ਹੈ, ਜੋ ਖ਼ਾਸ ਕਰਕੇ ਪਿੰਡਾਂ ਵਿਚ ਕਿਸੇ ਕੰਮ ਨਹੀਂ ਆਉਂਦਾ। ਬੀਬੀਆਂ ਅਕਸਰ ਕਹਿੰਦੀਆਂ ਹਨ ਕਿ ਪੱਤੇ ਸਾਫ਼ ਕਰਨੇ ਪੈਂਦੇ ਹਨ, ਵਿਹੜਿਆਂ ਵਿਚ ਉਹ ਗੰਦ ਪੈਂਦਾ ਹੈ। ਪਰ ਤੁਸੀਂ ਆਪ ਵੇਖ ਲਓ, ਅਜਿਹੇ ਸਜਾਵਟੀ ਰੁੱਖਾਂ 'ਤੇ ਨਾ ਤਾਂ ਪੰਛੀ ਆਲ੍ਹਣਾ ਪਾਉਂਦੇ ਹਨ ਤੇ ਨਾ ਹੀ ਉਹ ਬੈਠਦੇ ਹਨ। ਪੰਛੀ ਤਾਂ ਦੇਸੀ ਰੁੱਖਾਂ 'ਤੇ ਹੀ ਵਸੇਬਾ ਕਰਦੇ ਹਨ। ਗੁਲਮੋਹਰ, ਪਲਾਸ, ਦੇਸੀ ਅਸ਼ੋਕਾ, ਚਾਂਦਨੀ, ਕਨੇਰ, ਹਿਮੇਲੀਆ, ਹਿਬਿਸਕਸ, ਜੰਡ, ਬੇਰੀ, ਕਿੱਕਰ, ਜਾਮਣ, ਪਿੱਪਲ, ਸਰੀਂਹ ਆਦਿ ਬਹੁਤ ਸਾਰੇ ਦੇਸੀ ਰੁੱਖ ਹਨ, ਜਿਨ੍ਹਾਂ ਨੂੰ ਬਚਾਉਣ ਤੇ ਸਾਂਭਣ ਦੀ ਲੋੜ ਹੈ। ਸਿੱਧੀ ਜਿਹੀ ਗੱਲ ਹੈ ਕਿ ਅਸੀਂ ਹੋਰ ਇਲਾਕਿਆ ਦੇ ਮੌਸਮ ਤੇ ਪਾਣੀ ਦੇ ਹਿਸਾਬ ਨਾਲ ਬਣੇ ਰੁੱਖਾਂ ਦੀ ਅੰਨ੍ਹੀ ਨਕਲ ਕਰ ਰਹੇ ਹਾਂ। ਜੇ ਉੱਥੇ ਪਾਮ ਦੇ ਰੁੱਖ ਹਨ ਤਾਂ ਨਾਲ ਉੱਥੋਂ ਦੇ ਕੁਦਰਤੀ ਜੰਗਲੀ ਰੁੱਖ ਵੀ ਲੱਗੇ ਹੋਏ ਹਨ। ਸਾਡੇ ਘਰ ਦੇ ਸਾਹਮਣੇ ਪੁੱਡਾ ਵਲੋਂ ਇਕ ਹਰੀ ਪੱਟੀ (ਗ੍ਰੀਨ ਬੈਲਟ) ਬਣਾਈ ਗਈ ਹੈ ਪਰ ਸਾਡੇ ਮੁਹੱਲੇ ਦੇ ਕਈ ਲੋਕ ਉਸ ਨੂੰ ਪੱਕਾ ਕਰਨ 'ਤੇ ਤੁਲੇ ਹੋਏ ਹਨ। ਕਈਆਂ ਨੇ ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਇਹ ਕੰਮ ਕਰ ਦਿੱਤਾ। ਮੈਂ ਵੇਖਿਆ ਕਿ 5×5 ਫੁੱਟ ਜਗ੍ਹਾ ਵਿਚ 10 ਤਰ੍ਹਾਂ ਦੀਆਂ ਜੰਗਲੀ ਬੂਟੀਆਂ ਤੇ ਘਾਹ ਉੱਗਿਆ ਹੋਇਆ ਹੈ। ਉਨ੍ਹਾਂ ਤੋਂ ਝੜਦੇ ਬੀਜਾਂ ਨੂੰ ਖਾਣ ਲਈ ਮੋਰ ਤੇ ਹੋਰ ਕਈ ਪੰਛੀ ਉੱਥੇ ਆਉਂਦੇ ਹਨ।
ਕੰਧ ਦੇ ਨਾਲ ਪਾਰਕ ਵਿਚ ਧਰੇਕ, ਹਾਰਸ਼ਿੰਗਾਰ, ਕਦਮ ਤੇ ਅਮਲਤਾਸ ਦੇ ਰੁੱਖ ਲੱਗੇ ਹਨ। ਹਾਰਸ਼ਿੰਗਾਰ ਤੇ ਧਰੇਕ ਦੇ ਪੱਤੇ ਅਤੇ ਫ਼ਲ ਸਾਡੇ ਘਰ ਹੀ ਡਿਗਦੇ ਹਨ। ਉੱਥੇ ਤੋਤੇ, ਚਿੜੀਆਂ, ਛੋਟਾ ਉੱਲੂ, ਮੈਨਾ ਤੇ ਗਟਾਰਾਂ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਨਾਲ ਰੌਣਕਾਂ ਲਾਈ ਰੱਖਦੇ ਹਨ। ਪੰਛੀਆਂ ਦੀਆਂ ਇਨ੍ਹਾਂ ਮਿੱਠੀਆਂ ਆਵਾਜ਼ਾਂ ਸਾਹਮਣੇ ਡਿਗੇ ਹੋਏ ਪੱਤੇ ਜਾਂ ਰੁੱਖਾਂ ਦੀ ਹੋਰ ਰਹਿੰਦ-ਖੂੰਹਦ ਕੁੱਝ ਵੀ ਨਹੀਂ। ਫ਼ਲਾਂ ਦੇ ਮੌਸਮ ਵਿਚ ਤੋਤੇ ਤੇ ਕਬੂਤਰਾਂ ਦੇ ਝੁੰਡ ਆਉਂਦੇ ਹਨ, ਜੋ ਛੱਤਾਂ ਅਤੇ ਕੰਧਾਂ 'ਤੇ ਆ ਬੈਠਦੇ ਹਨ। ਇਹ ਸਭ ਕੁਝ ਸਾਲ ਦੇ ਕੁਝ ਮਹੀਨੇ ਹੀ ਹੁੰਦਾ ਹੈ। ਬਰਸਾਤਾਂ ਵਿਚ ਰੁੱਖਾਂ 'ਤੇ ਕੁਝ ਕੀੜੇ ਆ ਜਾਂਦੇ ਹਨ, ਜੋ ਸੁੰਡੀਆਂ ਬਣ ਕੇ ਵਿਹੜੇ ਵਿਚ ਡਿਗਦੇ ਹਨ ਪਰ ਉਹ ਵੀ ਨੁਕਸਾਨਦਾਇਕ ਨਹੀਂ ਹੁੰਦੇ।
ਮੇਰੇ ਘਰ ਤੋਂ ਥੋੜ੍ਹੀ ਦੂਰ ਅੰਬ, ਜਾਮਣ ਤੇ ਧਰੇਕ ਦੇ ਵੱਡੇ ਰੁੱਖ ਸਨ, ਪਰ ਲੋਕਾਂ ਨੇ ਕੀੜਿਆਂ ਦੇ ਡਰ ਕਾਰਨ ਸਾਰੇ ਵੱਢ ਦਿੱਤੇ। ਪਿਛਲੇ 7 ਸਾਲਾਂ ਵਿਚ ਮੁਹੱਲੇ ਦੇ ਪਾਰਕਾਂ ਤੇ ਘਰਾਂ ਦੇ ਆਲ਼ੇ-ਦੁਆਲ਼ੇ ਲਗਭਗ 70 ਵੱਡੇ ਰੁੱਖ ਕੱਟੇ ਜਾ ਚੁੱਕੇ ਹਨ। ਉਨ੍ਹਾਂ ਦੀ ਥਾਂ ਬੇਕਾਰ ਪਾਮ ਲਾ ਦਿੱਤੇ ਗਏ ਹਨ ਜਾਂ ਜਗ੍ਹਾ ਖ਼ਾਲੀ ਛੱਡ ਦਿੱਤੀ ਗਈ ਹੈ। ਕਈ ਲੋਕਾਂ ਦੇ ਬੱਚੇ ਵਿਦੇਸ਼ਾਂ ਵਿਚ ਵਸਦੇ ਹਨ ਤੇ ਉਹ ਚਾਹੁੰਦੇ ਹਨ ਕਿ ਇੱਥੇ ਵੀ ਉੱਥੋਂ ਵਰਗੇ ਪਾਰਕ ਹੋਣ, ਸਿਰਫ਼ ਘਾਹ ਕੋਈ ਰੁੱਖ ਨਹੀਂ। ਪਰ ਭਲਿਓ ਲੋਕੋ, ਇੱਥੇ ਪਹਿਲਾਂ ਹੀ ਇਨ੍ਹਾਂ ਚੀਜ਼ਾਂ ਦੀ ਘਾਟ ਹੈ। ਆਬਾਦੀ ਵਧ ਰਹੀ ਹੈ ਅਤੇ ਉੱਪਰੋਂ ਅਸੀਂ ਧਰਤੀ ਨੂੰ ਪੱਥਰਾਂ ਵਿਚ ਤਬਦੀਲ ਕਰੀ ਜਾ ਰਹੇ ਹਾਂ, ਇਹ ਸਭ ਬੇਸਮਝੀ ਹੈ। ਪੱਤੇ ਤਾਂ ਕੁਝ ਸਮਾਂ ਹੀ ਝੜਦੇ ਹਨ, ਜਦਕਿ ਬਾਕੀ ਸਾਰਾ ਸਾਲ ਇਨ੍ਹਾਂ ਰੁੱਖਾਂ ਤੋਂ ਸਾਫ਼ ਹਵਾ ਤੇ ਠੰਢਕ ਮਿਲਦੀ ਹੈ। ਪਿੰਡਾਂ ਵਿਚ ਵੀ ਵੱਡੇ ਰੁੱਖਾਂ ਦੀ ਕਟਾਈ ਅੰਨ੍ਹੇਵਾਹ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਜਗ੍ਹਾ ਪਾਮ ਦੇ ਬੂਟੇ ਲਾਏ ਜਾ ਰਹੇ ਹਨ। ਇਸ ਲਿਖਤ ਨੂੰ ਪੜ੍ਹਨ ਵਾਲੇ ਹਰ ਬੰਦੇ ਨੂੰ ਆਪਣੇ ਆਲ਼ੇ-ਦੁਆਲ਼ੇ ਕੁਦਰਤੀ ਤਰੀਕੇ ਨਾਲ ਫੈਲਣ ਵਾਲੇ ਫ਼ਲਦਾਰ ਤੇ ਫੁੱਲਦਾਰ ਦੇਸੀ ਰੁੱਖ ਲਗਾਉਣ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।
-ਪਟਿਆਲਾ।
ਈਮੇਲ-ripannbagga@gmailcom