ਪਿਛਲੇ ਦਿਨੀਂ ਰਾਜਪੁਰਾ ਨੇੜੇ ਸ਼ੰਭੂ-ਅੰਬਾਲਾ ਰੇਲ ਮਾਰਗ 'ਤੇ ਹੋਇਆ ਧਮਾਕਾ, ਜਿਸ ਵਿਚ ਇਕ ਉਹ ਵਿਅਕਤੀ ਜੋ ਘਟਨਾ ਨੂੰ ਅੰਜਾਮ ਦੇ ਰਿਹਾ ਸੀ, ਵੀ ਮਾਰਿਆ ਗਿਆ, ਬਿਨਾਂ ਸ਼ੱਕ ਪੰਜਾਬ ਅਤੇ ਸਮੁੱਚੇ ਖੇਤਰ ਲਈ ਪੈਦਾ ਹੋਈਆਂ ਗੰਭੀਰ ਸੁਰੱਖਿਆ ਚੁਣੌਤੀਆਂ ਵੱਲ ਇਕ ਵਾਰ ਫਿਰ ਤੋਂ ਧਿਆਨ ਖਿੱਚਦਾ ਹੈ। ਉਸ ਵਿਅਕਤੀ ਦੀ ਪਹਿਚਾਣ ਨਾਲ ਜੁੜੀਆਂ ਤਾਰਾਂ ਨੂੰ ਨੱਪਦੇ ਹੋਏ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਦੋਸ਼ੀਆਂ ਨੂੰ ਫੜ ਲਿਆ ਹੈ। ਉਨ੍ਹਾਂ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ ਇਸ ਦੀਆਂ ਤਾਰਾਂ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਅਨਸਰਾਂ ਨਾਲ ਜੁੜੀਆਂ ਹੋਈਆਂ ਹਨ। ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਇਹ ਕਾਰਾ ਵੀ ਮਲੇਸ਼ੀਆ 'ਚ ਬੈਠੇ ਅੱਤਵਾਦੀ ਅਨਸਰਾਂ ਰਾਹੀਂ ਸਿਰੇ ਚੜ੍ਹਾਇਆ ਗਿਆ ਹੈ, ਜਿਨ੍ਹਾਂ ਦਾ ਮੰਤਵ ਪੰਜਾਬ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰਨਾ ਹੈ। ਪੰਜਾਬ ਵਿਚ ਸਰਗਰਮ ਕੁਝ ਅਜਿਹੇ ਅਨਸਰਾਂ ਦੀਆਂ ਤਾਰਾਂ ਪਾਕਿਸਤਾਨ, ਮਲੇਸ਼ੀਆ ਅਤੇ ਹੋਰ ਅਨੇਕਾਂ ਦੇਸ਼ਾਂ ਨਾਲ ਜੁੜੀਆਂ ਹੋਈਆਂ ਹਨ, ਜਿਥੇ ਇਹ ਲੋਕ ਸਰਗਰਮ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪਾਕਿਸਤਾਨ ਤੋਂ ਮਿਲ ਰਹੀ ਹੈ।
ਇਹ ਸੰਗਠਨ ਪੰਜਾਬ ਵਿਚ ਬੈਠੇ ਲੋੜਵੰਦ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਲਾਲਚ ਨਾਲ ਭੁਚਲਾ ਕੇ ਅਜਿਹੇ ਕੰਮਾਂ ਲਈ ਵਰਤਦੇ ਹਨ। ਜਿਥੋਂ ਤੱਕ ਹਥਿਆਰ ਅਤੇ ਗੋਲੀ ਸਿੱਕੇ ਦਾ ਸੰਬੰਧ ਹੈ, ਪਿਛਲੇ ਸਾਲਾਂ ਵਿਚ ਗੁਆਂਢੀ ਦੇਸ਼ ਵਿਚੋਂ ਇਨ੍ਹਾਂ ਦੀਆਂ ਵੱਡੀਆਂ ਖੇਪਾਂ ਆਉਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਅਜਿਹੇ ਸੰਗਠਨ ਲਗਾਤਾਰ ਸੂਬੇ ਦੇ ਮਾਹੌਲ ਨੂੰ ਦਹਿਸ਼ਤਜ਼ਦਾ ਕਰਨ ਲਈ ਮਨਸੂਬੇ ਘੜਦੇ ਰਹਿੰਦੇ ਹਨ। ਪਿਛਲੇ ਕਈ ਸਾਲਾਂ ਤੋਂ ਸਕੂਲਾਂ ਤੋਂ ਲੈ ਕੇ ਹਸਪਤਾਲਾਂ ਅਤੇ ਹੋਰ ਅਹਿਮ ਅਦਾਰਿਆਂ ਨੂੰ ਬੰਬਾਂ ਨਾਲ ਉਡਾ ਦੇਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ, ਜੋ ਅੱਜ ਵੀ ਜਾਰੀ ਹਨ। ਜਿਨ੍ਹਾਂ ਨਾਲ ਮਾਹੌਲ ਵਿਚ ਅਸਥਿਰਤਾ ਅਤੇ ਅਨਿਸਚਿਤਤਾ ਪੈਦਾ ਹੁੰਦੀ ਹੈ। ਪਿਛਲੇ ਸਾਲਾਂ ਤੋਂ ਇਨ੍ਹਾਂ ਸੰਗਠਨਾਂ ਦੀ ਯੋਜਨਾ ਰੇਲ ਪਟੜੀਆਂ ਨੂੰ ਨਿਸ਼ਾਨਾ ਬਣਾ ਕੇ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕਰਨ ਦੀ ਰਹੀ ਹੈ। ਇਸੇ ਸਾਲ ਜਨਵਰੀ ਦੇ ਮਹੀਨੇ ਵਿਚ ਸਰਹਿੰਦ ਦੇ ਨੇੜੇ ਰੇਲਵੇ ਟਰੈਕ 'ਤੇ ਧਮਾਕਾ ਹੋਇਆ ਸੀ, ਜਿਸ ਨਾਲ 60 ਫੁੱਟ ਤੱਕ ਲਾਈਨ ਨੂੰ ਨੁਕਸਾਨ ਪੁੱਜਾ ਸੀ। ਇਸੇ ਹੀ ਤਰ੍ਹਾਂ ਰੇਲ ਆਵਾਜਾਈ 'ਚ ਰੁਕਾਵਟ ਪਾਉਣ ਲਈ ਲਾਈਨਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਰੋਕਾਂ ਲਗਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ, ਤਾਂ ਜੋ ਰੇਲਵੇ ਵਿਚ ਅਸੁਰੱਖਿਅਤਾ ਪੈਦਾ ਕੀਤੀ ਜਾ ਸਕੇ। 24 ਅਪ੍ਰੈਲ ਨੂੰ ਵੀ ਪਟਿਆਲਾ, ਬਠਿੰਡਾ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਭੇਜੀ ਈ-ਮੇਲ ਰਾਹੀਂ ਬੰਬਾਂ ਨਾਲ ਰੇਲ ਟਰੈਕ ਉਖਾੜਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਹੁਣ ਅਜਿਹੀ ਘਟਨਾ ਵਾਪਰ ਵੀ ਗਈ ਹੈ। ਵੱਡੀ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਪਿਛਲੇ ਮਹੀਨਿਆਂ ਤੋਂ ਡਰੋਨਾਂ ਰਾਹੀਂ ਗ੍ਰਨੇਡ ਭੇਜਣ ਦੀਆਂ ਘਟਨਾਵਾਂ ਵੀ ਲਗਾਤਾਰ ਵਧਦੀਆਂ ਗਈਆਂ ਹਨ। ਇਸ ਦੀ ਪੁਸ਼ਤ-ਪਨਾਹੀ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ.ਐਸ.ਆਈ. ਕਰਦੀ ਆ ਰਹੀ ਹੈ। ਰੇਲ ਟਰੈਕਾਂ ਦੇ ਨਾਲ-ਨਾਲ ਸਾਲ 2024 ਤੋਂ ਅਨੇਕਾਂ ਹੀ ਪੁਲਿਸ ਸਟੇਸ਼ਨਾਂ 'ਤੇ ਗ੍ਰਨੇਡ ਹਮਲੇ ਵੀ ਕੀਤੇ ਗਏ, ਜਿਨ੍ਹਾਂ ਵਿਚ ਅਜਨਾਲਾ, ਘਣੀਏ ਕੇ ਬਾਂਗਰ, ਅੰਮ੍ਰਿਤਸਰ ਵਿਚ ਇਸਲਾਮਾਬਾਦ ਪੁਲਿਸ ਸਟੇਸ਼ਨ, ਵਡਾਲਾ ਬਾਂਗਰ, ਫ਼ਤਹਿਗੜ੍ਹ ਚੂੜੀਆਂ ਆਦਿ ਕਈ ਥਾਣੇ ਸ਼ਾਮਿਲ ਹਨ। ਇਨ੍ਹਾਂ ਦੇ ਨਾਲ-ਨਾਲ ਸਿਆਸੀ ਕਾਰਕੁੰਨਾਂ ਨੂੰ ਵੀ ਨਿਸ਼ਾਨਾ ਬਣਾਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਪਿਛਲੇ 2 ਸਾਲਾਂ ਤੋਂ 5 ਦਰਜਨ ਦੇ ਕਰੀਬ ਗ੍ਰਨੇਡ ਫੜੇ ਗਏ ਹਨ। ਪਿਛਲੇ 6 ਮਹੀਨਿਆਂ ਤੋਂ ਅਜਿਹੀਆਂ ਘਟਨਾਵਾਂ ਵਿਚ ਬਹੁਤ ਵਾਧਾ ਹੋਇਆ ਹੈ। ਇਨ੍ਹਾਂ 2 ਸਾਲਾਂ ਵਿਚ ਹੀ ਘੱਟੋ-ਘੱਟ 30 ਕਾਰਵਾਈਆਂ ਗ੍ਰਨੇਡਾਂ ਨਾਲ ਕੀਤੀਆਂ ਗਈਆਂ ਹਨ। ਲਗਾਤਾਰ ਭੇਜੇ ਜਾਣ ਵਾਲੇ ਡਰੋਨਾਂ ਦੀ ਗਿਣਤੀ ਵੀ ਵਧ ਗਈ ਹੈ, ਜਿਨ੍ਹਾਂ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਭੇਜੀਆਂ ਜਾਂਦੀਆਂ ਹਨ।
ਚਾਹੇ ਪੁਲਿਸ ਦੇ ਨਾਲ-ਨਾਲ ਵੱਖ-ਵੱਖ ਏਜੰਸੀਆਂ ਇਨ੍ਹਾਂ ਕਾਰਿਆਂ ਦੀ ਸੂਹ ਲਗਾਉਣ ਦੇ ਪੂਰੇ ਯਤਨ ਕਰ ਰਹੀਆਂ ਹਨ, ਪਰ ਇਸ ਦੇ ਬਾਵਜੂਦ ਅਜਿਹੀ ਸਪਲਾਈ ਲਗਾਤਾਰ ਜਾਰੀ ਹੈ, ਜਿਸ ਨੇ ਸੂਬਾ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਿਚ ਵੱਡਾ ਵਾਧਾ ਕਰ ਦਿੱਤਾ ਹੈ। ਇਹ ਗੱਲ ਯਕੀਨੀ ਬਣਦੀ ਜਾ ਰਹੀ ਹੈ ਕਿ ਗੁਆਂਢੀ ਦੇਸ਼ ਕੀਤੇ ਜਾਂਦੇ ਅਜਿਹੇ ਕਾਰਿਆਂ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ। ਅਜਿਹਾ ਉੱਥੇ ਦੀ ਫ਼ੌਜ ਦੀ ਤੈਅਸ਼ੁਦਾ ਨੀਤੀ ਹੈ, ਜਿਸ ਦਾ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਨੂੰ ਪੂਰੀ ਤਰ੍ਹਾਂ ਸੁਚੇਤ ਹੋ ਕੇ ਮੁਕਾਬਲਾ ਕਰਨਾ ਪਵੇਗਾ, ਕਿਉਂਕਿ ਮਾੜੇ ਦੋਸਤਾਂ ਅਤੇ ਸਾਥੀਆਂ ਨੂੰ ਤਾਂ ਬਦਲਿਆ ਜਾ ਸਕਦਾ ਹੈ ਪਰ ਮਾੜੇ ਗੁਆਂਢ ਨੂੰ ਨਹੀਂ ਬਦਲਿਆ ਜਾ ਸਕਦਾ। ਉਸ ਦਾ ਮੁਕਾਬਲਾ ਕਰਨ ਲਈ ਸੂਬੇ ਅਤੇ ਦੇਸ਼ ਨੂੰ ਹਰ ਸੂਰਤ ਵਿਚ ਅਤੇ ਹਰ ਪੱਖ ਤੋਂ ਆਪਣੀ ਹੋਰ ਚੌਕਸੀ ਵਧਾਉਣ ਦੀ ਜ਼ਰੂਰਤ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ