15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਨਾਜ ਦੇ ਭੰਡਾਰਨ ਦੀ ਸਮੱਸਿਆ

ਅਜੀਤ ਡੈਸਕ 19-05-2026

ਕੋਈ ਸਮਾਂ ਸੀ ਜਦੋਂ ਭਾਰਤ 'ਚ ਖਾਣ ਵਾਲੇ ਮੁੱਢਲੇ ਅਨਾਜ ਦੀ ਵੱਡੀ ਸਮੱਸਿਆ ਸੀ। ਦੇਸ਼ ਨੂੰ ਆਪਣੇ ਕਰੋੜਾਂ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਲਈ ਵੱਡੀ ਮਾਤਰਾ 'ਚ ਅਨਾਜ ਦਰਾਮਦ ਕਰਨਾ ਪੈਂਦਾ ਸੀ। ਕਣਕ ਅਤੇ ਚੌਲ ਬਾਹਰਲੇ ਦੇਸ਼ਾਂ ਤੋਂ ਵਧੇਰੇ ਮੰਗਵਾਏ ਜਾਂਦੇ ਸਨ, ਜਿਨ੍ਹਾਂ ਦਾ ਸਿੱਧਾ ਸੰਬੰਧ ਲੋਕਾਂ ਦੀ ਖੁਰਾਕ ਦੀ ਜ਼ਰੂਰਤ ਪੂਰੀ ਕਰਨ ਨਾਲ ਹੁੰਦਾ ਹੈ। ਉਸ ਸਮੇਂ ਹੋਰਾਂ ਦੇਸ਼ਾਂ ਦੇ ਨਾਲ-ਨਾਲ ਅਮਰੀਕਾ ਤੋਂ ਵੱਡੀ ਮਾਤਰਾ ਵਿਚ ਕਣਕ ਮੰਗਵਾਈ ਜਾਂਦੀ ਸੀ। ਹੌਲੀ-ਹੌਲੀ ਖੇਤੀ ਦੇ ਖੇਤਰ 'ਚ ਆਧੁਨਿਕ ਤਕਨੀਕਾਂ ਦੇ ਆਉਣ ਨਾਲ ਭਾਰਤ ਅਨਾਜ ਉਤਪਾਦਨ ਦੇ ਮਾਮਲੇ ਵਿਚ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਸੀ।
ਪੰਜਾਬ ਦਾ ਰਕਬਾ ਦੇਸ਼ ਦੀ ਧਰਤੀ ਦਾ 2 ਫ਼ੀਸਦੀ ਦੇ ਲਗਭਗ ਹੈ। ਪਰ 1960ਵਿਆਂ 'ਚ ਹਰਾ ਇਨਕਲਾਬ ਆਉਣ ਨਾਲ ਪੰਜਾਬ ਨੇ ਦੇਸ਼ ਲਈ ਵੱਧ ਤੋਂ ਵੱਧ ਕਣਕ ਤੇ ਝੋਨਾ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਨਾਲ ਇਸ ਖੇਤਰ 'ਚ ਵੱਡੀ ਤਬਦੀਲੀ ਆਈ। ਪਿਛਲਾ ਲੰਮਾ ਸਮਾਂ ਪੰਜਾਬ ਦੇਸ਼ ਦੇ ਖੁਰਾਕ ਦੇ ਖੇਤਰ 'ਚ ਵੱਡਾ ਹਿੱਸਾ ਪਾਉਂਦਾ ਰਿਹਾ ਹੈ। ਪਰ ਅੱਜ ਹਾਲਾਤ ਬਦਲ ਚੁੱਕੇ ਹਨ। ਦੇਸ਼ ਅਨਾਜ ਦੇ ਖੇਤਰ ਵਿਚ ਆਤਮ-ਨਿਰਭਰ ਹੀ ਨਹੀਂ ਹੋ ਰਿਹਾ ਸਗੋਂ ਇਸ ਨੇ ਵੱਡੀ ਮਾਤਰਾ ਵਿਚ ਅਨਾਜ ਖ਼ਾਸ ਤੌਰ 'ਤੇ ਚੌਲ ਅਤੇ ਕਣਕ ਵਿਦੇਸ਼ਾਂ ਦੀਆਂ ਮੰਡੀਆਂ ਵਿਚ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਹੁਣ ਪੰਜਾਬ ਤੇ ਹਰਿਆਣਾ ਵਿਚ ਹੀ ਨਹੀਂ ਸਗੋਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ 'ਚ ਵੀ ਇਹ ਫ਼ਸਲਾਂ ਪੂਰੀ ਤਰ੍ਹਾਂ ਪ੍ਰਫੁਲਿਤ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸ ਨਾਲ ਦੇਸ਼ 'ਚ ਪੰਜਾਬ ਤੇ ਹਰਿਆਣਾ ਦੀਆਂ ਇਨ੍ਹਾਂ ਫ਼ਸਲਾਂ ਦੀ ਮੰਗ ਘਟਣੀ ਸ਼ੁਰੂ ਹੋ ਗਈ ਹੈ। ਸੂਬੇ ਲਈ ਇਹ ਵੀ ਇਕ ਵੱਡੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਖ਼ਾਸ ਤੌਰ 'ਤੇ ਝੋਨੇ ਦਾ ਵੱਧ ਤੋਂ ਵੱਧ ਉਤਪਾਦਨ ਪੰਜਾਬ ਲਈ ਹੁਣ ਇਸ ਕਰਕੇ ਨਾਂਹ-ਪੱਖੀ ਬਣਦਾ ਨਜ਼ਰ ਆ ਰਿਹਾ ਕਿ ਇਸ ਦੇ ਉਤਪਾਦਨ ਲਈ ਪਾਣੀ ਦੀ ਬਹੁਤ ਖਪਤ ਹੁੰਦੀ ਹੈ। ਇਸ ਕਰਕੇ ਸਭ ਤੋਂ ਵੱਡਾ ਨੁਕਸਾਨ ਧਰਤੀ ਹੇਠਲੇ ਪਾਣੀ ਦਾ ਹੋ ਰਿਹਾ ਹੈ ਤੇ ਇਸ ਗੱਲ ਦੀ ਭਾਰੀ ਸੰਭਾਵਨਾ ਹੈ ਕਿ ਆਉਂਦੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਪੰਜਾਬ 'ਚ ਪਾਣੀ ਦਾ ਸੰਕਟ ਗਹਿਰਾ ਹੋ ਜਾਏਗਾ। ਪਹਿਲੀਆਂ ਸਰਕਾਰਾਂ ਨੇ ਵੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਯਤਨ ਕੀਤੇ ਸਨ ਪਰ ਪੰਜਾਬ ਦੀ ਤੱਤਕਾਲੀ ਸਰਕਾਰ ਦੇ ਇਸ ਪੱਖੋਂ ਕੀਤੇ ਯਤਨ ਕਾਫ਼ੀ ਸਫਲ ਦਿਖਾਈ ਦੇ ਰਹੇ ਹਨ। ਜੇਕਰ ਨਹਿਰੀ ਪਾਣੀ ਦੀ ਮੁੜ ਤੋਂ ਵਧੇਰੇ ਵਰਤੋਂ ਕੀਤੀ ਜਾਏ ਤਾਂ ਇਸ ਨਾਲ ਵੀ ਧਰਤੀ ਹੇਠਲੇ ਪਾਣੀ ਦੇ ਹੇਠਾਂ ਜਾਣ ਦੀ ਸਮੱਸਿਆ ਨੂੰ ਕੁਝ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕਣਕ ਤੇ ਚੌਲਾਂ ਦੇ ਵਾਧੂ ਉਤਪਾਦਨ ਦੇ ਭੰਡਾਰਨ ਦੀ ਵੱਡੀ ਸਮੱਸਿਆ ਹਰਿਆਣਾ ਤੇ ਪੰਜਾਬ ਦੀਆਂ ਸੂਬਾ ਸਰਕਾਰਾਂ ਨੂੰ ਹੀ ਨਹੀਂ ਪੇਸ਼ ਆ ਰਹੀ, ਸਗੋਂ ਇਹ ਦੇਸ਼ ਲਈ ਵੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਨ੍ਹਾਂ ਦੋਵਾਂ ਫ਼ਸਲਾਂ ਦਾ ਹੁਣ ਦੇਸ਼ ਦੀਆਂ ਲੋੜਾਂ ਤੋਂ ਵਧੇਰੇ ਉਤਪਾਦਨ ਹੋ ਰਿਹਾ ਹੈ, ਜਿਨ੍ਹਾਂ ਦੇ ਭੰਡਾਰਨ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਗੋਦਾਮਾਂ ਦੀ ਘਾਟ ਬੁਰੀ ਤਰ੍ਹਾਂ ਰੜਕਣ ਲੱਗੀ ਹੈ।
ਇਸ ਲਈ ਬਹੁਤੇ ਅਨਾਜ ਦੇ ਰੱਖ-ਰਖਾਅ ਨੂੰ ਕੁਦਰਤ ਦੇ ਭਰੋਸੇ ਹੀ ਛੱਡ ਦਿੱਤਾ ਜਾਂਦਾ ਹੈ। ਖੁੱਲ੍ਹੇ ਅਸਮਾਨ ਹੇਠ ਇਨ੍ਹਾਂ ਫ਼ਸਲਾਂ ਦੀਆਂ ਲੱਗੀਆਂ ਧਾਂਕਾਂ ਵੱਡੀਆਂ ਹੁੰਦੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹਨ, ਕਿਉਂਕਿ ਇਸ ਤਰ੍ਹਾਂ ਦੇ ਰੱਖ-ਰਖਾਅ ਨਾਲ ਅਨਾਜ ਦਾ ਵੱਡਾ ਨੁਕਸਾਨ ਹੁੰਦਾ ਹੈ। ਪਿਛਲੇ ਸਾਲਾਂ ਵਿਚ ਵੀ ਇਹ ਦੇਖਿਆ ਗਿਆ ਹੈ ਕਿ ਵਧੇਰੇ ਸਮੇਂ ਤੱਕ ਖੁੱਲ੍ਹੇ ਅਸਮਾਨ ਹੇਠ ਪਏ ਅਤੇ ਗੋਦਾਮਾਂ 'ਚ ਪਏ ਅਨਾਜ ਦੀ ਗੁਣਵੱਤਾ ਉੱਤੇ ਵੱਡਾ ਅਸਰ ਪੈਣ ਨਾਲ ਇਨ੍ਹਾਂ ਦਾ ਖ਼ਰਾਬਾ ਬਹੁਤ ਵਧ ਜਾਂਦਾ ਹੈ, ਜੋ ਅਰਬਾਂ-ਖਰਬਾਂ ਦੇ ਨੁਕਸਾਨ ਦਾ ਕਾਰਨ ਬਣਦਾ ਹੈ। ਇਕ ਪਾਸੇ ਵਧਦੀ ਜਨਸੰਖਿਆ ਨੂੰ ਸਾਡੀਆਂ ਸਰਕਾਰਾਂ ਸੀਮਤ ਕਰਨ ਤੋਂ ਅਸਮਰਥ ਰਹੀਆਂ ਹਨ, ਦੂਜੇ ਪਾਸੇ ਖ਼ੁਰਾਕ ਦੀ ਇਹ ਬੇਕਦਰੀ ਅਤੇ ਨੁਕਸਾਨ ਸਾਡੀ ਸਮੁੱਚੀ ਯੋਜਨਾਬੰਦੀ ਦਾ ਮੂੰਹ ਚਿੜਾਉਂਦਾ ਨਜ਼ਰ ਆਉਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ਰੂਸ ਤੇ ਯੂਕਰੇਨ ਦੀ ਭਿਆਨਕ ਜੰਗ ਅਤੇ ਬਾਅਦ 'ਚ ਹੁਣ ਪੱਛਮੀ ਏਸ਼ੀਆ ਦੀ ਹੋ ਰਹੀ ਲੜਾਈ ਨੇ ਭਾਰਤ ਦੀਆਂ ਖੁਰਾਕ ਬਰਾਮਦ ਦੀਆਂ ਕਾਰਵਾਈਆਂ 'ਤੇ ਵੱਡਾ ਅਸਰ ਪਾਇਆ ਹੈ, ਜਿਸ ਨਾਲ ਅਨਾਜ ਭੰਡਾਰਨ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਚੁੱਕੀ ਹੈ। ਇਸ ਖੁਰਾਕ ਭੰਡਾਰ ਦੇ ਰੱਖ-ਰਖਾਅ ਲਈ ਕੀਤੇ ਜਾਣ ਵਾਲੇ ਮੁੱਢਲੇ ਪ੍ਰਬੰਧਾਂ ਦੀ ਕਮਜ਼ੋਰੀ ਦੇਸ਼ ਲਈ ਹੋਰ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ, ਜਿਸ ਪ੍ਰਤੀ ਕੇਂਦਰ ਤੇ ਰਾਜ ਸਰਕਾਰਾਂ ਨੂੰ ਪੂਰੀ ਤਰ੍ਹਾਂ ਤਤਪਰਤਾ ਦਿਖਾਉਂਦੇ ਹੋਏ ਗੋਦਾਮਾਂ ਦੇ ਵਿਸਥਾਰ ਤੇ ਫ਼ਸਲੀ ਚੱਕਰ ਦੀ ਮੁੜ ਤੋਂ ਯੋਜਨਾਬੰਦੀ ਕੀਤੇ ਜਾਣ ਦੀ ਜ਼ਰੂਰਤ ਹੋਵੇਗੀ। ਇਸ ਪ੍ਰਤੀ ਕਿਸੇ ਵੀ ਸੂਰਤ ਵਿਚ ਸਰਕਾਰਾਂ ਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਵਿਰੋਧੀ ਪਾਰਟੀਆਂ ਕੋਲ ਇਕਜੁੱਟਤਾ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ ਅਗਲੀ ਖ਼ਬਰ ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਅਹਿਮ ਹੈ। -ਵਿਲੀਅਮ ਹੋਵਰਡ ਟੈਫਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।