02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਦੇਸ਼ ਦੀ ਨੌਜਵਾਨੀ ਕਿੱਧਰ ਜਾਏ

ਅਜੀਤ ਡੈਸਕ 30-07-2026

ਪਿਛਲੇ ਕੁਝ ਮਹੀਨਿਆਂ ਤੋਂ ਨੀਟ ਇਮਤਿਹਾਨਾਂ ਵਿਚ ਪੇਪਰ ਲੀਕ ਦੇ ਮਸਲੇ ਨੂੰ ਲੈ ਕੇ ਦੇਸ਼ ਭਰ ਵਿਚ ਵੱਡੀ ਚਰਚਾ ਅਤੇ ਵਿਵਾਦ ਛਿੜਿਆ ਰਿਹਾ ਹੈ। ਡਾਕਟਰੀ ਵਿੱਦਿਆ ਨਾਲ ਸੰਬੰਧਿਤ ਇਸ ਇਮਤਿਹਾਨ ਵਿਚ ਪਾਸ ਤਾਂ ਕੁਝ ਲੱਖ ਵਿਦਿਆਰਥੀਆਂ ਨੇ ਹੀ ਹੋਣਾ ਹੁੰਦਾ ਹੈ ਪਰ ਇਸ ਇਮਤਿਹਾਨ ਵਿਚ ਦੇਸ਼ ਭਰ 'ਚੋਂ 20 ਤੋਂ 24 ਲੱਖ ਤੱਕ ਨੌਜਵਾਨ ਸ਼ਾਮਿਲ ਹੁੰਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜੋ ਨੌਜਵਾਨ ਇਹ ਇਮਤਿਹਾਨ ਪਾਸ ਨਹੀਂ ਕਰਦੇ, ਉਨ੍ਹਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੁੰਦੀ ਹੈ? ਉਹ ਇਕ ਵਾਰ ਫਿਰ ਆਪਣੀ ਜ਼ਿੰਦਗੀ ਦੇ ਅਨਿਸਚਿਤ ਦੌਰ ਵਿਚ ਵਿਚਰਨ ਲਗਦੇ ਹਨ। ਕਈ ਨੌਜਵਾਨ ਕਈ-ਕਈ ਵਾਰ ਵੀ ਇਹ ਇਮਤਿਹਾਨ ਦਿੰਦੇ ਹਨ।
ਦੇਸ਼ ਵਿਚ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਕਰੋੜਾਂ ਹੀ ਨੌਜਵਾਨਾਂ ਨੂੰ ਆਪਣਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ, ਜੋ ਉਨ੍ਹਾਂ ਦੇ ਮਨਾਂ ਵਿਚ ਨਿਰਾਸ਼ਾ ਅਤੇ ਗੁੱਸਾ ਪੈਦਾ ਕਰਦਾ ਹੈ। ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਇਸ ਮਸਲੇ 'ਤੇ ਦੇਸ਼ ਭਰ ਵਿਚ ਥਾਂ ਪੁਰ ਥਾਂ ਮੁਜ਼ਾਹਰੇ ਵੀ ਕੀਤੇ ਜਾਂਦੇ ਹਨ, ਜੋ ਉਨ੍ਹਾਂ ਅੰਦਰ ਪੈਦਾ ਹੋਏ ਗੁੱਸੇ ਤੇ ਰੋਹ ਦਾ ਪ੍ਰਗਟਾਵਾ ਕਰਦੇ ਹਨ ਤੇ ਕਈ ਵਾਰ ਉਹ ਵਿਖਾਵੇ ਹਿੰਸਕ ਰੂਪ ਵੀ ਧਾਰ ਲੈਂਦੇ ਹਨ। ਸਰਕਾਰਾਂ ਸਾਹਮਣੇ ਇਹ ਇਕ ਵੱਡੀ ਤੇ ਗੰਭੀਰ ਚੁਣੌਤੀ ਹੈ, ਜਿਸ ਦਾ ਹੱਲ ਕੱਢਿਆ ਜਾ ਸਕਣਾ ਬੇਹੱਦ ਮੁਸ਼ਕਿਲ ਹੈ। ਦੇਸ਼ ਵਿਚ ਬਣੀ ਇਹ ਵਿਸਫੋਟਕ ਸਥਿਤੀ ਸਮਾਜ ਲਈ ਹਰ ਪੱਖੋਂ ਬੇਹੱਦ ਮਾਰੂ ਸਾਬਿਤ ਹੋ ਸਕਦੀ ਹੈ। ਆਉਂਦੇ ਸਮੇਂ ਵਿਚ ਉੱਠਦੇ ਇਸ ਤੂਫ਼ਾਨ ਦੀ ਮਾਰ ਸਰਕਾਰ ਅਤੇ ਸਮਾਜ ਲਈ ਝੱਲ ਸਕਣਾ ਸੰਭਵ ਨਹੀਂ ਹੋਵੇਗਾ। ਇਹ ਵੀ ਸਹੀ ਹੈ ਕਿ ਮਹੱਤਵਪੂਰਨ ਦਾਖ਼ਲਾ ਇਮਤਿਹਾਨਾਂ ਵਿਚ ਪੇਪਰ ਲੀਕ ਹੋਣ ਦੇ ਨਾਲ-ਨਾਲ ਇਮਤਿਹਾਨਾਂ ਸੰਬੰਧੀ ਥਾਂ ਪੁਰ ਥਾਂ ਲਗਾਤਾਰ ਹੋਰ ਤਰ੍ਹਾਂ ਦੀਆਂ ਬੇਨਿਯਮੀਆਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਉਨ੍ਹਾਂ ਨੇ ਜਿਥੇ ਸਮਾਜ ਅੰਦਰ ਪਣਪੀ ਬਦਦਿਆਨਤਦਾਰੀ ਅਤੇ ਲਾਲਸਾ ਦਾ ਪਰਦਾਫਾਸ਼ ਕੀਤਾ ਹੈ, ਉਥੇ ਸੰਬੰਧਿਤ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਲਈ ਵੀ ਇਸ ਵਰਤਾਰੇ ਨੇ ਵੱਡੀ ਨਮੋਸ਼ੀ ਪੈਦਾ ਕੀਤੀ ਹੈ। ਮੋਦੀ ਸਰਕਾਰ ਤੋਂ ਪਹਿਲਾਂ ਵੀ ਤੱਤਕਾਲੀ ਸਰਕਾਰਾਂ ਵਿਚ ਅਜਿਹੇ ਨਾਂਹ-ਪੱਖੀ ਵਰਤਾਰਿਆਂ ਦੀ ਚਰਚਾ ਹੁੰਦੀ ਰਹੀ ਹੈ, ਪਰ ਇਸ ਸਮੱਸਿਆ ਦੇ ਹੱਲ ਦੀ ਕੋਈ ਗੱਲ ਸਿਰੇ ਨਾ ਚੜ੍ਹ ਸਕੀ। ਸਾਲ 2024 ਵਿਚ ਅਜਿਹੀਆਂ ਬੇਨਿਯਮੀਆਂ ਵਿਰੁੱਧ ਕਾਨੂੰਨ ਜ਼ਰੂਰ ਬਣਾਇਆ ਗਿਆ ਸੀ, ਪਰ ਇਹ ਠੋਸ ਸਿੱਟਿਆਂ ਦਾ ਧਾਰਨੀ ਨਹੀਂ ਸੀ ਬਣ ਸਕਿਆ। ਇਸੇ ਕੜੀ ਵਿਚ ਨੀਟ ਦੇ ਇਮਤਿਹਾਨ ਵਿਚ ਹੋਈ ਗੜਬੜੀ ਨੂੰ ਦੇਖਿਆ ਜਾ ਸਕਦਾ ਹੈ। ਇਹ ਪੇਪਰ ਲੀਕ ਹੋਣ ਨਾਲ ਇਕ ਤਰ੍ਹਾਂ ਨਾਲ ਸਾਰੇ ਪਾਸੇ ਹਫੜਾ-ਦਫੜੀ ਮਚ ਗਈ ਸੀ। ਨਿੰਮੋਝਿਮੀ ਹੋਈ ਸਰਕਾਰ ਨੂੰ ਇਹ ਇਮਤਿਹਾਨ ਕੈਂਸਲ ਕਰਨਾ ਪਿਆ ਸੀ ਅਤੇ ਦੁਬਾਰਾ ਇਹ ਬੇਹੱਦ ਕਠਿਨ ਪ੍ਰਬੰਧਾਂ ਹੇਠ ਕਰਵਾਇਆ ਗਿਆ, ਜਿਸ ਦੇ ਪੂਰੀ ਦੇਖ-ਰੇਖ ਹੇਠ ਬਾਅਦ 'ਚ ਨਤੀਜੇ ਵੀ ਸਾਹਮਣੇ ਆ ਗਏ ਸਨ।
ਇਸ ਮਸਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਣੀ ਕਾਕਰੋਚ ਜਨਤਾ ਪਾਰਟੀ ਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ, ਉਸ ਦੀ ਕਿਸੇ ਨੂੰ ਵੀ ਆਸ ਨਹੀਂ ਸੀ। ਪਿਛਲੇ ਦਿਨੀਂ ਸਭ ਨੇ ਇਸ ਮਸਲੇ 'ਤੇ ਬਣੇ ਹਾਲਾਤ ਵੇਖੇ ਹਨ, ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਕ ਵਾਰ ਤਾਂ ਭੌਂਚੱਕਾ ਕਰਕੇ ਰੱਖ ਦਿੱਤਾ ਸੀ। ਅਖ਼ੀਰ ਮੋਦੀ ਸਰਕਾਰ ਨੂੰ ਵਿਦਿਆਰਥੀਆਂ ਦੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਅੱਗੇ ਝੁਕਣਾ ਪਿਆ ਸੀ। ਹੁਣ ਇਮਤਿਹਾਨਾਂ ਵਿਚ ਹੋਣ ਵਾਲੀਆਂ ਗੜਬੜੀਆਂ, ਖ਼ਾਸ ਕਰਕੇ ਪੇਪਰ ਲੀਕ ਹੋਣ ਤੋਂ ਰੋਕਣ ਲਈ ਸਖ਼ਤ ਸਜ਼ਾ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਵਾਲਾ ਸੋਧ ਬਿੱਲ ਲੋਕ ਸਭਾ ਵਿਚ ਪਾਸ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਸ ਨੂੰ ਰਾਜ ਸਭਾ ਤੋਂ ਵੀ ਪਾਸ ਕਰਵਾਇਆ ਜਾਏਗਾ, ਜਿਸ ਨਾਲ ਤੂਫ਼ਾਨ ਬਣ ਕੇ ਉੱਠਿਆ ਇਹ ਮਸਲਾ ਇਕ ਵਾਰ ਤਾਂ ਸ਼ਾਂਤ ਹੋ ਜਾਏਗਾ, ਪਰ ਇਸ ਦੇ ਨਾਲ ਹੀ ਦੇਸ਼ ਦੇ ਕਰੋੜਾਂ ਨੌਜਵਾਨਾਂ ਦੇ ਭਵਿੱਖ ਨੂੰ ਸਾਂਭਣ ਲਈ ਸਰਕਾਰ ਨੂੰ ਜ਼ਰੂਰ ਚਿੰਤਤ ਹੋਣਾ ਚਾਹੀਦਾ ਹੈ, ਇਹ ਭਾਰਤ ਵਰਗੇ ਬੇਹੱਦ ਵਧਦੀ ਆਬਾਦੀ ਵਾਲੇ ਦੇਸ਼ ਨੂੰ ਦਰਪੇਸ਼ ਇਕ ਵੱਡਾ ਮਸਲਾ ਹੈ।-

ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਸੂਬਾ ਸਰਕਾਰ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਬਜਾਏ ਧਰਨਿਆਂ ’ਤੇ ਬੈਠੇ ਮੁਲਾਜ਼ਮਾ... ਅਗਲੀ ਖ਼ਬਰ ਸੱਤਾ ਵਿਚ ਰਹਿੰਦਿਆਂ ਗ਼ੈਰ ਜ਼ਿੰਮੇਵਾਰਾਨਾ ਵਿਵਹਾਰ, ਸੰਬੰਧਿਤ ਲੋਕਾਂ ਨੂੰ ਭ੍ਰਿਸ਼ਟ ਬਣਾ ਦਿੰਦਾ ਹੈ। -ਬਰਾਊਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।