02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਅਣਖ ਤੇ ਗ਼ੈਰਤ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ

ਅਜੀਤ ਡੈਸਕ 31-07-2026

ਬਰਸੀ 'ਤੇ ਵਿਸ਼ੇਸ਼
ਬਰਤਾਨਵੀ ਸਾਮਰਾਜ ਵਲੋਂ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੇ ਮੁੱਖ ਦੋਸ਼ੀ ਸਰ ਮਾਈਕਲ ਐਡਵਾਇਰ ਨੂੰ ਲੰਡਨ 'ਚ ਜਾ ਕੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਅਣਖੀ ਤੇ ਬਹਾਦਰ ਸੂਰਮੇ ਦਾ ਨਾਂਅ ਊਧਮ ਸਿੰਘ ਸੀ, ਜੋ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਪੁੱਟ ਸੁੱਟਣ ਲਈ ਉੱਠੀਆਂ ਲਹਿਰਾਂ ਬੱਬਰ ਅਕਾਲੀ ਲਹਿਰ ਤੇ ਨੌਜਵਾਨ ਭਾਰਤ ਸਭਾ ਦਾ ਸਰਗਰਮ ਕਾਰਕੁਨ ਤੇ ਆਗੂ ਰਿਹਾ ਸੀ ਜਿੱਥੇ ਉਨ੍ਹਾਂ ਨੇ ਬੱਬਰ ਅਕਾਲੀ ਲਹਿਰ ਦੇ ਆਗੂ ਜਥੇਦਾਰ ਬਾਬੂ ਸੰਤਾ ਸਿੰਘ ਦਾ ਸਾਥ ਨਿਭਾਇਆ, ਉੱਥੇ ਨੌਜਵਾਨ ਲਹਿਰ ਦੇ ਗਰਮ ਖਿਆਲੀ ਇਨਕਲਾਬੀ ਆਗੂ ਭਗਤ ਸਿੰਘ ਦੇ ਸੰਪਰਕ 'ਚ ਰਹਿ ਕੇ ਵੀ ਭਾਰਤ ਦੀ ਜੰਗੇ ਆਜ਼ਾਦੀ 'ਚ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਸੁਨਾਮ (ਅੱਜ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ, ਜਿਸ ਨੂੰ ਸੁਨਾਮ ਊਧਮ ਸਿੰਘ ਵਾਲਾ ਕਿਹਾ ਜਾਣ ਲੱਗਾ ਹੈ) ਵਿਖੇ ਮਾਤਾ ਹਰਨਾਮ ਕੌਰ ਤੇ ਪਿਤਾ ਟਹਿਲ ਸਿੰਘ ਦੇ ਘਰ 26 ਦਸੰਬਰ, 1899 ਨੂੰ ਹੋਇਆ। ਜਦੋਂ ਇਹ 2 ਸਾਲ ਦੇ ਸਨ ਤਾਂ ਇਨ੍ਹਾਂ ਦੇ ਮਾਤਾ ਤੇ 5 ਸਾਲ ਦੀ ਉਮਰੇ ਪਿਤਾ ਅਕਾਲ ਚਲਾਣਾ ਕਰ ਗਏ। ਇਨ੍ਹਾਂ ਨੇ ਆਪਣਾ ਬਚਪਨ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੇ ਯਤੀਮਖਾਨੇ 'ਚ ਬਿਤਾਇਆ, ਜਿੱਥੇ ਇਨ੍ਹਾਂ ਦਾ ਇਕ ਵੱਡਾ ਭਰਾ ਵੀ ਨਾਲ ਸੀ। ਊਧਮ ਸਿੰਘ ਨੇ ਇੱਥੇ ਦਸਵੀਂ ਪਾਸ ਕੀਤੀ। ਇਸੇ ਮੌਕੇ ਹੋਣੀ ਨੇ ਇਨ੍ਹਾਂ ਦੇ ਵੱਡੇ ਭਰਾ ਨੂੰ ਵੀ ਖੋਹ ਲਿਆ।
ਪੰਜਾਬ 'ਚ ਗ਼ਦਰ ਪਾਰਟੀ ਲਹਿਰ ਦੀਆਂ ਸਰਗਰਮੀਆਂ ਪੂਰੇ ਜੋਬਨ 'ਤੇ ਸਨ। ਬਜਬਜਘਾਟ ਦੇ ਕਾਮਾਗਾਟਾ ਮਾਰੂ ਜਹਾਜ਼ ਦੇ ਸਾਕੇ ਨੇ ਇਨ੍ਹਾਂ ਦੇ ਮਨ 'ਤੇ ਗਹਿਰਾ ਅਸਰ ਕੀਤਾ। ਪੰਜਾਬ 'ਚ ਰੋਲਟ ਐਕਟ ਖ਼ਿਲਾਫ਼ ਸਰਗਰਮੀਆਂ ਦਾ ਦੌਰ ਸੀ। 1919 ਦੀ 6 ਤੋਂ 13 ਅਪ੍ਰੈਲ ਤੱਕ ਸਮੁੱਚੇ ਭਾਰਤ 'ਚ ਮੁਜ਼ਾਹਰੇ, ਹੜਤਾਲਾਂ, ਕਾਨਫਰੰਸਾਂ ਤੇ ਬੰਦ ਦੇ ਸੱਦਿਆਂ ਨਾਲ ਇਸ ਕਾਲੇ ਕਾਨੂੰਨ ਖ਼ਿਲਾਫ਼ ਭਾਰਤੀਆਂ ਦੇ ਰੋਹ ਦੀ ਜਵਾਲਾ ਨੇ ਅੰਗਰੇਜ਼ਾਂ ਦੇ ਨੱਕ 'ਚ ਦਮ ਕਰੀ ਰੱਖਿਆ। ਅੰਮ੍ਰਿਤਸਰ ਤੇ ਲਾਹੌਰ 'ਚ ਅੰਗਰੇਜ਼ ਹਕੂਮਤ ਨੇ ਮਾਰਸ਼ਲ ਲਾਅ ਲਾਗੂ ਕਰ ਦਿੱਤਾ। ਵੇਖਦਿਆਂ ਹੀ ਗੋਲੀ ਮਾਰ ਦੇਣ ਦਾ ਫੁਰਮਾਨ ਸੀ। ਇਸੇ ਦੌਰਾਨ 13 ਅਪ੍ਰੈਲ ਨੂੰ ਡਾ. ਕਿਚਲੂ ਤੇ ਸੱਤਪਾਲ ਨੇ ਜਲ੍ਹਿਆਂਵਾਲਾ ਬਾਗ 'ਚ ਭਾਸ਼ਨ ਦੇਣਾ ਸੀ ਤੇ ਭਾਰੀ ਗਿਣਤੀ 'ਚ ਲੋਕ ਇੱਥੇ ਪੁੱਜੇ ਹੋਏ ਸਨ। ਬਰਤਾਨਵੀ ਸਾਮਰਾਜ ਦਾ ਪਿੱਠੂ ਜਨਰਲ ਡਾਇਰ ਵੀ ਭਾਰੀ ਗਿਣਤੀ 'ਚ ਮਸ਼ੀਨਗੰਨਾਂ, ਬਖ਼ਤਰਬੰਦ ਗੱਡੀਆਂ ਤੇ ਫੌਜੀ ਦਸਤੇ ਨਾਲ ਇੱਥੇ ਪਹੁੰਚ ਚੁੱਕਾ ਸੀ। ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਪਲਾਂ 'ਚ ਹੀ ਡਾਇਰ ਦੇ ਇਸ਼ਾਰੇ 'ਤੇ ਨਿਹੱਥੇ ਤੇ ਬੇਦੋਸ਼ੇ ਲੋਕਾਂ 'ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤੀਆਂ ਗਈਆਂ। 1500 ਤੋਂ ਵੱਧ ਲੋਕ ਗੋਲੀਆਂ ਦਾ ਸ਼ਿਕਾਰ ਹੋ ਗਏ। ਬਚਾਅ ਲਈ ਲੋਕਾਂ ਨੇ ਇੱਥੇ ਸਥਿਤ ਇਕ ਖੂਹ 'ਚ ਛਾਲਾਂ ਮਾਰ ਦਿੱਤੀਆਂ ਤੇ ਇਹ ਖੂਹ ਲੋਥਾਂ ਨਾਲ ਭਰ ਗਿਆ। ਇਸ ਸਾਕੇ ਨੇ ਊਧਮ ਸਿੰਘ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਅੰਦਰ ਇਸ ਜ਼ੁਲਮ ਦਾ ਬਦਲਾ ਲੈਣ ਲਈ ਖੂਨ ਉਬਾਲੇ ਖਾਣ ਲੱਗਾ। ਇਸ ਸਾਕੇ ਦੇ ਵਿਰੋਧ 'ਚ ਬਲਦੀ ਰੋਹ ਦੀ ਜਵਾਲਾ ਨੇ ਸੈਂਕੜੇ ਨੌਜਵਾਨਾਂ ਨੂੰ ਬੱਬਰ ਅਕਾਲੀ ਲਹਿਰ ਨਾਲ ਜੋੜ ਦਿੱਤਾ। ਇਸ ਲਹਿਰ ਦੇ ਨੌਜਵਾਨਾਂ ਨੇ ਸਰਕਾਰ ਦੇ ਝੋਲੀ ਚੁੱਕਾਂ ਨੂੰ ਤਰੀਕਾਂ ਐਲਾਨ ਕੇ ਮਾਰਨਾ ਸ਼ੁਰੂ ਕਰ ਦਿੱਤਾ। ਊਧਮ ਸਿੰਘ ਨੇ ਵੀ ਬੱਬਰ ਅਕਾਲੀ ਲਹਿਰ 'ਚ ਕੰਮ ਕੀਤਾ। ਇਸ ਲਹਿਰ ਦੇ ਖ਼ਤਮ ਹੋਣ ਮਗਰੋਂ ਊਧਮ ਸਿੰਘ ਸ. ਭਗਤ ਸਿੰਘ ਹੁਰਾਂ ਦੇ ਸੰਪਰਕ 'ਚ ਆਏ। ਜਦੋਂ ਉਹ ਮਾਈਕਲ ਐਡਵਾਇਰ ਨੂੰ ਮਾਰਨ ਲੰਡਨ ਚਲੇ ਗਏ ਤਾਂ ਉਨ੍ਹਾਂ ਨੂੰ ਭਗਤ ਸਿੰਘ ਨੇ ਪੱਤਰ ਲਿਖ ਕੇ ਵਾਪਸ ਬੁਲਾ ਲਿਆ। ਉਹ ਆਪਣਾ ਕੰਮ ਵਿਚੇ ਛੱਡ ਵਾਪਸ ਪੰਜਾਬ ਆ ਗਏ। ਕੁਝ ਸਮਾਂ ਬਾਅਦ ਹੀ ਪੁਲਿਸ ਨੇ ਊਧਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਚਾਰ ਸਾਲ ਜੇਲ੍ਹ 'ਚ ਬੰਦ ਰੱਖਿਆ। ਸਜ਼ਾ ਭੁਗਤ ਕੇ ਊਧਮ ਸਿੰਘ ਫਿਰ ਲੰਡਨ ਪਹੁੰਚ ਗਿਆ। ਹੁਣ ਊਧਮ ਸਿੰਘ ਨੂੰ ਅੰਗਰੇਜ਼ ਪੁਲਿਸ ਖ਼ਤਰਨਾਕ ਇਨਕਲਾਬੀ ਦੇ ਤੌਰ 'ਤੇ ਜਾਣਦੀ ਸੀ। ਇਸ ਲਈ ਊਧਮ ਸਿੰਘ ਨੇ ਆਪਣਾ ਨਾਂਅ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ।
13 ਮਾਰਚ, 1940 ਨੂੰ ਇੰਡੀਆ ਹਾਊਸ ਲੰਡਨ ਦੇ ਕੈਕਸਟਨ ਹਾਲ 'ਚ ਈਸਟ ਇੰਡੀਆ ਐਸੋਸੀਏਸ਼ਨ ਤੇ ਰਾਇਲ ਸੈਂਟਰਲ ਸੁਸਾਇਟੀ ਦੇ ਇਕ ਸਾਂਝੇ ਜਲਸੇ 'ਚ ਮਾਈਕਲ ਐਡਵਾਇਰ ਨੇ ਭਾਸ਼ਨ ਦੇਣਾ ਸੀ। ਐਡਵਾਇਰ ਨੇ ਆਪਣੇ ਭਾਸ਼ਨ ਰਾਹੀਂ ਪੰਜਾਬ ਦੀ ਧਰਤੀ 'ਤੇ ਕੀਤੇ ਜ਼ੁਲਮਾਂ ਦਾ ਬਿਆਨ ਬੜੇ ਫ਼ਖ਼ਰ ਨਾਲ ਸ਼ੁਰੂ ਕੀਤਾ। ਅਜੇ ਉਹ ਬੋਲ ਹੀ ਰਿਹਾ ਸੀ ਤਾਂ ਊਧਮ ਸਿੰਘ ਨੇ ਮੌਕਾ ਤਾੜਦਿਆਂ ਪੁਸਤਕ 'ਚ ਲੁਕਾ ਕੇ ਰੱਖੇ ਪਿਸਤੌਲ ਨਾਲ ਗੋਲੀਆਂ ਮਾਰ ਕੇ ਜ਼ਾਲਮ ਐਡਵਾਇਰ ਨੂੰ ਥਾਂ 'ਤੇ ਹੀ ਢੇਰੀ ਕਰ ਦਿੱਤਾ। ਡਰਦੀ ਪੁਲਿਸ ਅਣਖੀ ਸ਼ੇਰ ਨੂੰ ਫੜਨ ਦਾ ਹੌਸਲਾ ਨਾ ਕਰ ਸਕੀ। ਊਧਮ ਸਿੰਘ ਗਰਜਦਿਆਂ ਕਿਹਾ, 'ਮੇਰੇ ਤੋਂ ਨਾ ਡਰੋ, ਮੈਂ ਕਿਸੇ ਦੇਸ਼ ਜਾਂ ਕੌਮ ਨਾਲ ਕੋਈ ਵੈਰ ਨਹੀਂ ਰੱਖਦਾ। ਮੈਂ ਜਲ੍ਹਿਆਂਵਾਲਾ ਬਾਗ 'ਚ ਮਾਰੇ ਸੈਂਕੜੇ ਨਿਰਦੋਸ਼ ਮਾਸੂਮ ਬੱਚਿਆਂ, ਮਰਦਾਂ ਤੇ ਔਰਤਾਂ ਦਾ ਬਦਲਾ ਲੈਣਾ ਸੀ, ਜਿਹੜਾ ਵਾਹਿਗੁਰੂ ਦੀ ਮਿਹਰ ਸਦਕਾ ਇਸ ਪਾਪੀ ਹੱਤਿਆਰੇ ਨੂੰ ਮਾਰਨ ਨਾਲ ਪੂਰਾ ਹੋ ਗਿਆ।' ਅਦਾਲਤ 'ਚ ਕਤਲ ਦਾ ਮੁਕੱਦਮਾ ਚੱਲਿਆ ਤੇ ਊਧਮ ਸਿੰਘ ਨੇ ਆਪਣੇ ਬਿਆਨ 'ਚ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਨਕਸ਼ਾ ਅਜਿਹੇ ਜੋਸ਼ੀਲੇ ਢੰਗ ਨਾਲ ਪੇਸ਼ ਕੀਤਾ ਕਿ, ਅੰਗਰੇਜ਼ ਸਰਕਾਰ ਨੇ ਉਸ ਬਿਆਨ ਤੋਂ ਡਰਦਿਆਂ ਰਿਪੋਰਟ ਨੂੰ ਅਖ਼ਬਾਰਾਂ 'ਚ ਛਪਣ ਦੀ ਇਜਾਜ਼ਤ ਨਾ ਦਿੱਤੀ। ਅਖੀਰ 31 ਜੁਲਾਈ 1940 ਨੂੰ ਇਸ ਅਣਖੀਲੇ 


-ਧਨੌਲਾ (ਬਰਨਾਲਾ)।
ਮੋਬਾਈਲ : 98552-64144

ਪਿਛਲੀ ਖ਼ਬਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਕਾਂਗਰਸ ਦਾ ਕਲੇਸ਼ ਅਗਲੀ ਖ਼ਬਰ ਬੇਅਦਬੀ ਸੰਬੰਧੀ ਕਾਨੂੰਨ ਬਾਰੇ ਮਤਭੇਦ ਘਟਾਉਣ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।