ਕਿਸੇ ਵੀ ਰਾਸ਼ਟਰੀ ਪਾਰਟੀ ਦੀ ਸੂਬਾਈ ਇਕਾਈ 'ਚ ਅੰਦਰੂਨੀ ਖਿੱਚੋਤਾਣ ਕੋਈ ਨਵਾਂ ਜਾਂ ਹੈਰਾਨੀਜਨਕ ਵਰਤਾਰਾ ਨਹੀਂ ਹੈ। ਆਗੂਆਂ ਦੇ ਆਪਸੀ ਵਿਚਾਰਕ ਮੱਤਭੇਦ, ਗੁੱਟਬੰਦੀ, ਇਕ ਦੂਜੇ ਨੂੰ ਠਿੱਬੀ ਲਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ, ਪਰ ਪੰਜਾਬ 'ਚ ਕਾਂਗਰਸ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਕਈ ਕਾਰਨਾਂ ਕਰਕੇ ਵੱਖਰੀ ਹੈ, ਜਿਸ ਦਾ ਵਿਸ਼ਲੇਸ਼ਣ ਕੀਤਾ ਜਾਣਾ ਬਣਦਾ ਹੈ। ਜੇਕਰ ਪੰਜਾਬ ਕਾਂਗਰਸ 'ਚ ਜਾਰੀ ਕਲੇਸ਼ ਜਲਦੀ ਨਾ ਰੁਕਿਆ ਤਾਂ ਇਹ ਵਰਤਾਰਾ ਸੂਬੇ ਦੇ ਸਿਆਸੀ ਸਮੀਕਰਨ 'ਚ ਵੱਡਾ ਉਲਟਫੇਰ ਕਰਨ ਦੀ ਸਮੱਰਥਾ ਰੱਖਦਾ ਹੈ।
ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਚੰਗੀ ਤਰ੍ਹਾਂ ਸਮਝਣ ਲਈ ਥੋੜ੍ਹਾ ਜਿਹਾ ਪਿਛਾਂਹ ਪਰਤਣਾ ਹੋਵੇਗਾ, ਜਦੋਂ 2021 'ਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀ ਠੰਢੀ ਜੰਗ ਨੂੰ ਨਿਬੇੜਨ ਲਈ ਪਾਰਟੀ ਹਾਈ ਕਮਾਨ ਨੇ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਕੇ ਉਸ ਦੀ ਜਗ੍ਹਾ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਥਾਪ ਦਿੱਤਾ ਸੀ, ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਕਿਸੇ ਵੱਡੇ ਨੇਤਾ 'ਤੇ ਸਹਿਮਤੀ ਨਹੀਂ ਸੀ ਬਣ ਸਕੀ। ਦੂਸਰਾ ਵੱਡਾ ਕਾਰਨ ਕਾਂਗਰਸ ਪਾਰਟੀ ਦੀ ਹਾਈਕਮਾਨ ਆਪਣੇ ਇਸ ਫ਼ੈਸਲੇ ਪਿੱਛੇ ਸੂਬੇ ਦੀ 32 ਫ਼ੀਸਦੀ ਦਲਿਤ ਅਬਾਦੀ ਨੂੰ ਵੀ ਇਕ ਆਧਾਰ ਮੰਨ ਕੇ ਚੱਲ ਰਹੀ ਸੀ। ਜਿਵੇਂ ਕਿਹਾ ਜਾਂਦਾ ਹੈ ਕਿ ਚੱਲਦੀ ਜੰਗ 'ਚ ਘੋੜੇ ਬਦਲਣਾ ਸਿਆਣਪ ਨਹੀਂ ਹੁੰਦੀ, ਲਿਹਾਜ਼ਾ ਉਸ ਵਕਤ ਕਾਂਗਰਸ ਹਾਈਕਮਾਨ ਨੇ ਲੀਡਰਸ਼ਿਪ 'ਚ ਤਬਦੀਲੀ ਕਰਕੇ ਪਾਰਟੀ ਦੇ ਢਾਂਚੇ ਨੂੰ ਸੱਟ ਮਾਰਦਿਆਂ ਸੂਬਾ ਇਕਾਈ 'ਚ ਪਹਿਲਾਂ ਤੋਂ ਜਾਰੀ ਧੜੇਬੰਦੀ 'ਚ ਇਜ਼ਾਫਾ ਕਰਦਿਆਂ ਦੋ ਧੜਿਆਂ ਤੋਂ 3 ਬਣਾ ਦਿੱਤੇ ਸਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸਮਾਂ ਬਹੁਤ ਥੋੜ੍ਹਾ ਰਹਿੰਦਾ ਹੋਣ ਕਰਕੇ ਕਾਂਗਰਸ ਪਾਰਟੀ ਚੋਣਾਂ 'ਚ ਇਕਜੁੱਟਤਾ ਨਾ ਲਿਆ ਸਕੀ, ਜਿਸ ਦਾ ਸਿੱਧਾ ਲਾਭ ਆਮ ਆਦਮੀ ਪਾਰਟੀ (ਆਪ) ਨੂੰ ਹੋਇਆ ਤੇ ਉਸ ਦੇ 117 ਸੀਟਾਂ ਵਾਲੀ ਪੰਜਾਬ ਵਿਧਾਨ ਸਭਾ 'ਚ 92 ਵਿਧਾਇਕ ਚੁਣੇ ਗਏੇ। ਕਾਂਗਰਸ ਪਾਰਟੀ ਮਹਿਜ਼ 18 ਸੀਟਾਂ 'ਤੇ ਸਿਮਟ ਕੇ ਰਹਿ ਗਈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਤੋਂ ਚੋਣ ਹਾਰ ਗਏ।
ਪੰਜਾਬ ਕਾਂਗਰਸ ਵਿਚ ਇਸ ਸਮੇਂ ਜਥੇਬੰਦਕ ਤਵਾਜ਼ਨ ਤਿੰਨ ਧਿਰੀ ਹੈ, ਜਿੱਥੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਨ, ਜਦੋਂ ਕਿ ਪ੍ਰਚਾਰ ਕਮੇਟੀ ਦੇ ਕਨਵੀਨਰ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ। ਬੇਸ਼ੱਕ ਕਾਂਗਰਸ ਹਾਈਕਮਾਨ ਨੇ ਪਾਰਟੀ 'ਚ ਸੰਤੁਲਨ ਬਣਾਉਣ ਦੀ ਪਹੁੰਚ ਅਖ਼ਤਿਆਰ ਕੀਤੀ ਹੈ, ਪਰ ਉਸ ਦੀ ਕੋਸ਼ਿਸ਼ ਨੂੰ ਹਾਲ ਦੀ ਘੜੀ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਹੁਣ ਜਦੋਂ ਅਗਾਮੀ ਵਿਧਾਨ ਸਭਾ 'ਚ ਲਗਭਗ 6 ਕੁ ਮਹੀਨੇ ਬਾਕੀ ਹਨ ਤਾਂ ਇਸ ਵਕਤ ਪਾਰਟੀ ਪ੍ਰਧਾਨ ਬਦਲਣ ਦਾ ਸਿੱਧਾ ਅਰਥ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਣਾ ਨਿਕਲਣਾ ਸੀ, ਸ਼ਾਇਦ ਇਸੇ ਲਈ ਹਾਈ ਕਮਾਨ ਨੇ ਸਥਿਤੀ ਨੂੰ ਸੰਭਾਲਣ ਲਈ 'ਪਹਿਲਾਂ ਚੋਣ ਜਿੱਤੋ ਮੁੱਖ ਮੰਤਰੀ ਦਾ ਐਲਾਨ ਬਾਅਦ ਵਿਚ ਹੋਵੇਗਾ' ਦੀ ਕੋਸ਼ਿਸ਼ ਕੀਤੀ ਹੈ। ਪਰੰਤੂ ਸਿਆਸਤ ਦੇ ਗਲਿਆਰਿਆਂ ਵਿਚ ਵਿਚਰਨ ਵਾਲੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਕਿ ਜੇਕਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਸੱਚਮੁੱਚ ਬਾਅਦ 'ਚ ਹੀ ਹੋਣਾ ਹੁੰਦਾ ਤਾਂ ਕਾਂਗਰਸ ਅੰਦਰ ਇੰਨੇ ਵੱਡੇ ਪੱਧਰ 'ਤੇ ਬਗ਼ਾਵਤ ਦੇਖਣ ਨੂੰ ਨਾ ਮਿਲਦੀ। ਜਦੋਂ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਪੰਜਾਬ ਦੌਰੇ 'ਤੇ ਆਏ ਤਾਂ ਪੰਜਾਬ ਕਾਂਗਰਸ ਦੇ ਵੱਡੇ ਨੇਤਾ ਸੂਬਾ ਪ੍ਰਧਾਨ ਰਾਜਾ ਵੜਿੰਗ ਤੋਂ ਦੂਰੀ ਬਣਾ ਕੇ ਚੱਲਣ ਲੱਗੇ, ਇੰਨਾ ਹੀ ਨਹੀਂ ਉਹ ਸਾਰੇ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਇਕੱਠੇ ਹੋ ਕੇ ਉਨ੍ਹਾਂ ਦੀ ਅਗਵਾਈ ਕਬੂਲਣ ਦਾ ਸਪੱਸ਼ਟ ਸੁਨੇਹਾ ਦਿੰਦੇ ਹੋਏ ਵੀ ਨਜ਼ਰ ਆਏ।
ਇਸ ਧੜੇ ਨੇ ਰਾਹੁਲ ਗਾਂਧੀ ਨਾਲ ਮੀਟਿੰਗ ਦਾ ਸਮਾਂ ਲੈਣ ਦੀ ਕੋਸ਼ਿਸ਼ ਕਰਦਿਆਂ ਦਿੱਲੀ ਜਾ ਕੇ ਡੇਰੇ ਵੀ ਲਾਏ, ਪਰੰਤੂ ਅਜਿਹੀ ਸਥਿਤੀ 'ਚ ਬਾਗ਼ੀਆਂ ਨਾਲ ਹਾਈਕਮਾਨ ਦਾ ਮੀਟਿੰਗ ਕਰਨਾ ਸੰਭਵ ਹੀ ਨਹੀਂ ਹੁੰਦਾ, ਕਿਉਂਕਿ ਕਾਂਗਰਸ ਹਾਈਕਮਾਨ 2022 'ਚ ਨਵਜੋਤ ਸਿੰਘ ਸਿੱਧੂ ਨਾਲ ਹੋਈਆਂ ਮੀਟਿੰਗਾਂ ਵਾਲੀ ਗਲਤੀ ਦੁਹਰਾਉਣਾ ਨਹੀਂ ਚਾਹੁੰਦੀ ਸੀ। ਉਸ ਵਕਤ ਰਾਹੁਲ ਤੇ ਪ੍ਰਿੰਅਕਾ ਗਾਂਧੀ ਪਾਰਟੀ ਨੂੰ ਨਵਜੋਤ ਸਿੱਧੂ ਦੀ ਅਗਵਾਈ 'ਚ ਚੋਣ ਮੈਦਾਨ 'ਚ ਉਤਾਰਨਾ ਚਾਹੁੰਦੇ ਸਨ, ਪਰ ਐਨ ਮੌਕੇ 'ਤੇ ਪਾਰਟੀ ਅੰਦਰ ਹੋਈ ਨਵਜੋਤ ਸਿੱਧੂ ਦੀ ਵਿਰੋਧਤਾ ਨੇ ਗੱਲ ਕਿਸੇ ਤਣ ਪੱਤਣ ਨਾ ਲੱਗਣ ਦਿੱਤੀ। ਸਾਨੂੰ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਪੰਜਾਬ ਦੀ ਪ੍ਰਧਾਨਗੀ ਦੇ ਅਹੁਦੇ ਵਿਚ ਕੋਈ ਬਦਲਾਅ ਨਹੀਂ ਕਰੇਗੀ। ਪਰੰਤੂ ਮੌਜੂਦਾ ਕਲੇਸ਼ ਨੂੰ ਖਤਮ ਕਰਨ ਲਈ ਕਾਂਗਰਸ ਦੇ ਪੰਜਾਬ ਇੰਚਾਰਜ ਜਾਂ ਕਿਸੇ ਵੱਡੇ ਨੇਤਾ ਰਾਹੀਂ ਬਾਗੀ ਧੜੇ ਨੂੰ ਇਹ ਸੰਦੇਸ਼ ਲਾ ਕੇ ਵਕਤੀ ਤੌਰ 'ਤੇ ਸ਼ਾਂਤੀ ਸਥਾਪਿਤ ਕਰ ਸਕਦੀ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਸਰਕਾਰ ਦੇ ਗਠਨ ਸਮੇਂ ਉਨ੍ਹਾਂ ਦੇ ਦਾਅਵੇ ਨੂੰ ਵੀ ਅਹਿਮੀਅਤ ਦਿੱਤੀ ਜਾਏਗੀ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਵਿਰੋਧੀ ਅੰਦਰਖਾਤੇ ਇਸ ਮੁੱਦੇ 'ਤੇ ਘੇਰਦੇ ਹਨ, ਕਿ ਉਸ ਦੇ ਟਰਾਂਸਪੋਰਟ ਮੰਤਰੀ ਹੁੰਦਿਆਂ ਸੂਬੇ 'ਚ ਨਵੀਆਂ ਬੱਸਾਂ ਦੀਆਂ ਬਾਡੀਆਂ ਲਗਾਉਣ 'ਚ ਹੋਈ ਕਥਿਤ ਧਾਂਦਲੀ ਉਜਾਗਰ ਹੋਣ ਦੇ ਡਰੋਂ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਹਿਯੋਗ ਵਾਲੀ ਨੀਤੀ ਅਪਣਾ ਕੇ ਚੱਲਦੇ ਹਨ, ਜਦੋਂ ਕਿ ਵਿਰੋਧੀ ਧਿਰ ਵਲੋਂ ਸਰਕਾਰ ਖ਼ਿਲਾਫ ਲਗਾਤਾਰ ਹਮਲਾਵਰ ਰੁਖ ਅਪਣਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦੀ ਠੰਢੀ ਜਿਹੀ ਅਗਵਾਈ ਕਾਂਗਰਸ ਦੇ ਟਕਸਾਲੀ ਵਰਕਰਾਂ ਤੇ ਨੌਜਵਾਨਾਂ 'ਚ ਜੋਸ਼ ਭਰਨ 'ਚ ਅਸਫਲ ਸਿੱਧ ਹੋਈ ਹੈ। ਦੂਜੇ ਪਾਸੇ ਮੁੱਖ ਮੰਤਰੀ ਚੰਨੀ ਦੇ ਸਾਢੇ ਕੁ 3 ਮਹੀਨਿਆਂ ਦੇ ਕਾਰਜਕਾਲ ਦੌਰਾਨ ਉਸ ਦੇ ਇਕ ਰਿਸ਼ਤੇਦਾਰ ਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰਨਾ ਕਿਸੇ ਤੋਂ ਵੀ ਛੁਪਿਆ ਨਹੀਂ ਹੈ, ਜਿਸ ਨੇ ਚੰਨੀ ਦੇ ਰਸਤੇ ਵਿਚ ਰੁਕਾਵਟ ਖੜ੍ਹੀ ਕੀਤੀ ਹੋਈ ਹੈ ਤੇ ਇਸੇ ਕਰਕੇ ਪਾਰਟੀ ਹਾਈਕਮਾਨ ਉਨ੍ਹਾਂ ਦਾ ਨਾਂਅ ਅੱਗੇ ਕਰਨ ਤੋਂ ਸੰਕੋਚ ਕਰ ਰਹੀ ਹੈ। ਪੰਜਾਬ ਕਾਂਗਰਸ ਦੇ ਚੱਲ ਰਹੇ ਸੰਕਟ ਦੌਰਾਨ ਹੀ ਪਾਰਟੀ ਦੇ ਇੰਚਾਰਜ ਸ੍ਰੀ ਭੁਪੇਸ਼ ਬਘੇਲ ਨੇ ਮਾਲਵੇ ਦਾ ਦੌਰਾ ਐਲਾਨ ਦਿੱਤਾ ਹੈ, ਜਾਪਦਾ ਹੈ ਕਿ ਇਸ ਨਾਲ ਸੰਕਟ ਸੁਲਝਣ ਦੀ ਥਾਂ ਹੋਰ ਵੀ ਵਧ ਸਕਦਾ ਹੈ।
ਸਿਆਸਤ ਨਾਲ ਥੋੜ੍ਹਾ ਜਿਹਾ ਵੀ ਸਬੰਧ ਰੱਖਣ ਵਾਲਾ ਹਰੇਕ ਵਿਅਕਤੀ ਪੰਜਾਬ ਕਾਂਗਰਸ 'ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੇ ਪੰਜਾਬ ਦੀ ਅਗਾਮੀ ਵਿਧਾਨ ਸਭਾ ਚੋਣ 'ਤੇ ਪੈਣ ਵਾਲੇ ਪ੍ਰਭਾਵ ਦੇ ਚੱਲਦਿਆਂ ਕਿਹੜੀ ਰਾਜਨੀਤਕ ਪਾਰਟੀ ਨੂੰ ਲਾਭ ਜਾਂ ਨੁਕਸਾਨ ਵਾਲੀ ਸਥਿਤੀ 'ਚ ਪਹੁੰਚਾਏੇਗਾ, ਇਹ ਜਾਣਨ ਲਈ ਉਤਸੁਕ ਹੈ। ਇਸ ਪ੍ਰਸ਼ਨ ਦਾ ਜਵਾਬ ਭਾਵੇਂ ਇੰਨਾ ਸੌਖਾ ਨਹੀਂ ਹੈ, ਫਿਰ ਵੀ ਦਲਿਤ ਵੋਟ ਨੂੰ ਆਧਾਰ ਬਣਾ ਕੇ ਉੱਤਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ 'ਚ 38 ਫ਼ੀਸਦੀ ਦਲਿਤ ਵੋਟਰਾਂ 'ਚੋਂ ਬਹੁਗਿਣਤੀ ਸਿੱਖ ਧਰਮ ਨਾਲ ਸੰਬੰਧਿਤ ਹਨ। ਹਿੰਦੂ ਤੇ ਦਲਿਤ ਵੋਟ ਪੰਜਾਬ 'ਚ ਕਦੇ ਵੀ ਕਿਸੇ ਇਕ ਪਾਰਟੀ ਦੇ ਹੱਕ 'ਚ ਨਹੀਂ ਭੁਗਤਦੀ ਤੇ ਇਸ ਵਾਰ ਵੀ ਅਜਿਹੇ ਹੀ ਆਸਾਰ ਹਨ। ਜੇਕਰ 2024 ਵਿਚ ਹੋਈ ਲੋਕ ਸਭਾ ਚੋਣ ਤੋਂ ਪਹਿਲਾਂ ਜਾਰੀ ਹੋਏ ਅੰਕੜੇ ਨੂੰ ਆਧਾਰ ਬਣਾ ਕੇ ਚੱਲਣਾ ਹੋਵੇ ਤਾਂ 32 ਫ਼ੀਸਦੀ ਹਿੰਦੂ ਵੋਟ ਭਾਜਪਾ ਤੇ ਕਾਂਗਰਸ ਪਾਰਟੀਆਂ ਵਿਚਕਾਰ ਵੰਡੀ ਜਾਂਦੀ ਰਹੀ ਹੈ ਅਤੇ ਇਸ ਵਾਰ ਅੰਦਰੂਨੀ ਫੁੱਟ ਦੇ ਨਤੀਜੇ ਵਜੋਂ ਕਾਂਗਰਸ ਹੱਥੋਂ ਖਿਸਕਿਆ ਵੋਟ ਦੂਜੀਆਂ ਪਾਰਟੀਆਂ ਵੱਲ ਜਾ ਸਕਦਾ ਹੈ। ਅਕਾਲੀ ਦਲ ਬਾਦਲ ਪਿਛਲੇ ਸਮੇਂ ਵਿਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਪ੍ਰਤੀ ਵਰਤੀ ਨਰਮਾਈ ਕਾਰਨ ਪੰਜਾਬ ਦੀ ਜਨਤਾ ਦੇ ਰੋਹ ਦਾ ਸ਼ਿਕਾਰ ਹੈ। ਦਲਿਤ ਤੇ ਸੱਤਾ ਵਿਰੋਧੀ ਕਾਰਕ 'ਚੋਂ ਉਪਜੀ 20 ਤੋਂ 22 ਫ਼ੀਸਦੀ ਵੋਟ 'ਚੋਂ ਸਿੱਖ ਵੋਟਰ ਕਿਸ ਅਕਾਲੀ ਦਲ ਵੱਲ ਜਾਂਦੇ ਹਨ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਇਹ ਵੀ ਜ਼ਰੂਰੀ ਨਹੀਂ ਹੈ ਕਿ ਉਹ ਸਾਰੇ ਇਕੱਠੇ ਕਿਸੇ ਇਕ ਦਲ ਵੱਲ ਹੀ ਜਾਣ। ਅਸੀਂ ਇਕਦਮ ਕਿਸੇ ਨਤੀਜੇ 'ਤੇ ਪਹੁੰਚਣ ਦੀ ਬਜਾਏ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਕਾਂਗਰਸ ਦੀ ਅੰਦਰੂਨੀ ਫੁੱਟ ਦੀ ਭੇਟ ਚੜ੍ਹੀ ਸਿੱਖ ਵੋਟ ਕਿਸੇ ਗ਼ੈਰ ਭਾਜਪਾ ਪਾਰਟੀ ਵੱਲ ਹੀ ਜਾ ਸਕਦੀ ਹੈ।
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਇਹ ਨੁਕਤਾ ਸਹਿਜੇ ਹੀ ਸਾਹਮਣੇ ਆ ਜਾਵੇਗਾ ਕਿ ਪੰਜਾਬ ਨੇ ਬਹੁਤੀ ਵਾਰ ਘੱਟੋ-ਘੱਟੋ ਖਤਰਾ ਚੁਣਨ ਵਾਲਾ ਦਾਅ ਅਜ਼ਮਾਉਣ ਵਾਲੀ ਰੁਚੀ ਨਹੀਂ ਦਿਖਾਈ, ਸਗੋਂ ਉਹ ਸੌ ਫ਼ੀਸਦੀ ਲਾਭ ਦੀ ਕੋਸ਼ਿਸ਼ 'ਚ ਨਵਿਆਂ 'ਤੇ ਦਾਅ ਲਗਾਉਣ ਨੂੰ ਤਰਜੀਹ ਦਿੰਦਾ ਰਿਹਾ ਹੈ। ਪੰਜਾਬ 'ਚ 2022 ਤੋਂ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਤੋਂ ਇਲਾਵਾ ਕੋਈ ਤੀਜਾ ਬਦਲ ਮੌਜੂਦ ਨਹੀਂ ਸੀ, ਜਦੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਬਦਲ ਮਿਲਿਆ ਤਾਂ ਸਾਰਾ ਪੰਜਾਬ ਉਨ੍ਹਾਂ ਪਿੱਛੇ ਲੱਗ ਗਿਆ। ਹੁਣ 2027 'ਚ ਪੰਜਾਬ ਕੋਲ ਇਕ ਚੌਥਾ ਬਦਲ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੂਪ ਵਿਚ ਵੀ ਮੌਜੂਦ ਹੈ, ਜਿਸ ਨੇ ਬਹੁਤ ਥੋੜ੍ਹੇ ਸਮੇਂ 'ਚ ਆਪਣੇ ਕਾਫਲੇ ਨੂੰ ਕਾਫ਼ੀ ਵੱਡਾ ਕੀਤਾ ਹੈ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਵੀ ਪੰਜਾਬ ਦੇ ਲੋਕ ਕਿਸੇ ਇਕ ਪਾਰਟੀ ਨੂੰ ਚੁਣਦੇ ਹਨ ਜਾਂ ਉਨ੍ਹਾਂ ਦੀਆਂ ਚੋਣਾਂ ਵੰਡੀਆਂ ਜਾਣ ਨਾਲ ਲਟਕਵੀਂ ਵਿਧਾਨ ਸਭਾ ਵਾਲੀ ਸਥਿਤੀ ਬਣਦੀ ਹੈ।
-ਸ਼ੇਰਪੁਰ (ਸੰਗਰੂਰ)। ਮੋਬਾਈਲ : 94652-09891