ਅਯੁੱਧਿਆ ਵਿਚ ਸ੍ਰੀ ਰਾਮ ਜਨਮ ਭੂਮੀ ਮੰਦਰ 'ਚ ਚੜ੍ਹਾਵਾ ਚੋਰੀ ਦਾ ਮਾਮਲਾ ਭਾਜਪਾ ਲਈ ਲਗਾਤਾਰ ਸਿਰਦਰਦ ਬਣਿਆ ਹੋਇਆ ਹੈ, ਜਿਵੇਂ ਹੀ ਇਹ ਮਾਮਲਾ ਠੰਢਾ ਪੈਣ ਲੱਗਦਾ ਹੈ ਤਾਂ ਕੋਈ ਨਵੀਂ ਗੱਲ ਸਾਹਮਣੇ ਆ ਜਾਂਦੀ ਹੈ | ਭਾਜਪਾ ਦੀ ਸੂਬਾ ਸਰਕਾਰ ਤੇ ਯੋਗੀ ਆਦਿੱਤਿਆਨਾਥ ਦੇ ਕਰੀਬੀਆਂ ਨੂੰ ਲਗਦਾ ਸੀ ਕਿ ਮੰਦਰ ਪ੍ਰਬੰਧਨ ਦੀ ਜ਼ਿੰਮੇਵਾਰੀ ਸਾਬਕਾ ਹਵਾਈ ਸੈਨਾ ਅਧਿਕਾਰੀ ਜਤਿੰਦਰ ਮਿਸ਼ਰਾ ਨੂੰ ਸੌਂਪਣ ਅਤੇ ਸੀ.ਈ.ਓ. ਦੀ ਅਗਵਾਈ ਵਾਲੀ ਪ੍ਰਬੰਧਨ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਮਾਮਲਾ ਸੁਲਝ ਗਿਆ ਹੈ | ਪਰ ਇਸ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਰਿਪੋਰਟ ਹੁਣ ਸਾਹਮਣੇ ਆਈ ਹੈ, ਜਿਸ ਨੇ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ 'ਚ ਚੋਰੀ ਦੀਆਂ 105 ਘਟਨਾਵਾਂ ਵਾਪਰਨ ਤੇ ਇਨ੍ਹਾਂ ਦੀਆਂ ਵੀਡੀਓ ਫੁੱਟੇਜ ਹੋਣ ਦਾ ਦਾਅਵਾ ਕੀਤਾ ਹੈ | ਜਦਕਿ ਸ਼ੁਰੂ 'ਚ ਚੋਰੀ ਦੀਆਂ 24 ਤੋਂ 30 ਘਟਨਾਵਾਂ ਹੋਣ ਬਾਰੇ ਕਿਹਾ ਜਾ ਰਿਹਾ ਸੀ ਤੇ ਹੁਣ ਇਸ ਬਾਰੇ ਸਪੱਸ਼ਟੀਕਰਨ ਦੇਣਾ ਪਵੇਗਾ | ਚੰਪਤ ਰਾਏ ਤੋਂ ਲੈ ਕੇ ਅਨਿਲ ਮਿਸ਼ਰਾ ਤੇ ਗੋਪਾਲ ਰਾਓ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ 'ਕਲੀਨ ਚਿੱਟ' ਦਿਵਾਉਣ ਤੇ ਚੋਰੀ ਲਈ ਸਿਰਫ਼ ਗਿ੍ਫ਼ਤਾਰ ਕੀਤੇ ਗਏ 8 ਲੋਕਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਦੀਆਂ ਕੋਸ਼ਿਸ਼ਾਂ ਦੀ ਹਰ ਪਾਸਿਓਾ ਨਿੰਦਾ ਕੀਤੀ ਜਾ ਰਹੀ ਹੈ | ਐਸ.ਆਈ.ਟੀ. ਵੱਲੋਂ ਦੱਸੀ ਗਈ ਚੋਰੀ ਦੀ ਵਿਸ਼ਾਲਤਾ ਨੂੰ ਦੇਖਦਿਆਂ ਸ਼ਰਧਾਲੂਆਂ ਦਾ ਭਰੋਸਾ ਵੱਡੇ ਬੰਦਿਆਂ ਵਿਰੁੱਧ ਕਾਰਵਾਈ ਹੋਣ 'ਤੇ ਹੀ ਬਹਾਲ ਹੋ ਸਕੇਗਾ |

ਬਹੁਤ ਡੂੰਘੀ ਹੈ ਸਮੱਸਿਆ
ਆਈ.ਆਈ.ਟੀ.-ਬੰਬੇ ਨੇ ਡੀਨ (ਪ੍ਰਸ਼ਾਸਕੀ ਮਾਮਲੇ) ਨੂੰ ਹਟਾ ਕੇ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਲਈ ਮੁਆਫੀ ਮੰਗ ਕੇ ਬੀ.ਟੈੱਕ-ਵਿਦਿਆਰਥੀ ਸਾਹਿਲ ਵਾਕੋਡੇ ਦੀ ਕਥਿਤ ਖੁਦਕੁਸ਼ੀ ਕਾਰਨ ਭੜਕੇ ਵਿਵਾਦ ਨੂੰ ਸ਼ਾਂਤ ਕਰਨ ਦੀ ਪਹਿਲ ਕੀਤੀ ਹੈ, ਤਾਂ ਜੋ ਵਿਦਿਆਰਥੀਆਂ ਦਾ ਗੁੱਸਾ ਸ਼ਾਂਤ ਹੋ ਸਕੇ | ਫਿਰ ਵੀ ਇਹ ਸਵਾਲ ਬਣਿਆ ਰਹੇਗਾ ਕਿ ਆਖਰ ਵਿਦਿਆਰਥੀ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਇੰਨੀ ਤੇਜ਼ੀ ਨਾਲ ਕਿਉਂ ਵਧ ਰਹੇ ਹਨ? ਜੇਕਰ ਪ੍ਰਮੁੱਖ ਤਕਨੀਕੀ ਸੰਸਥਾਵਾਂ ਦੀ ਗੱਲ ਕਰੀਏ ਤਾਂ ਆਈ.ਆਈ.ਟੀ. ਬੰਬੇ ਵਿਚ ਵਿਦਿਆਰਥੀ ਖੁਦਕੁਸ਼ੀ ਦੀ ਇਹ ਇਸ ਸਾਲ ਦੀ ਤੀਜੀ ਘਟਨਾ ਹੈ | ਜਦੋਂ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਹਨ ਤਾਂ ਉਸ ਦੇ ਅਸਲ ਕਾਰਨਾਂ ਤੱਕ ਪਹੁੰਚਣਾ ਇਕ ਚੁਣੌਤੀ ਬਣ ਜਾਂਦਾ ਹੈ | ਪਿਛਲੇ ਸਾਲ ਸੁਪਰੀਮ ਕੋਰਟ ਨੇ ਇਸ ਦੀ ਜ਼ਰੂਰਤ ਨੂੰ ਸਮਝਦਿਆਂ ਇਕ ਟਾਸਕ ਫੋਰਸ ਦਾ ਗਠਨ ਕੀਤਾ ਸੀ; ਜਿਸ ਦੀ ਅੰਤਰਿਮ ਰਿਪੋਰਟ ਵਿਚ ਉੱਚ ਸਿੱਖਿਆ ਸੰਸਥਾਵਾਂ 'ਚ ਪ੍ਰਚੱਲਿਤ 'ਵਾਈਬਸ ਚੈੱਕ' (ਮਾਹੌਲ ਜਾਂ ਸੁਭਾਅ ਦੀ ਅਨੁਕੂਲਤਾ ਪਰਖਣ) ਦੇ ਸੱਭਿਆਚਾਰ ਨੂੰ ਉਜਾਗਰ ਕੀਤਾ ਗਿਆ ਹੈ-ਜਿੱਥੇ ਗਰੀਬ ਵਰਗਾਂ ਦੇ ਵਿਦਿਆਰਥੀਆਂ ਦੀ ਮੌਜੂਦਗੀ ਹੀ ਅਮੀਰ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਬੇਚੈਨ ਕਰ ਦਿੰਦੀ ਹੈ | ਨਤੀਜੇ ਵਜੋਂ ਗਰੀਬ ਵਿਦਿਆਰਥੀਆਂ ਨੂੰ ਸਮਾਜਿਕ ਅਣਦੇਖੀ , ਇਕੱਲਤਾ ਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ | ਰਿਪੋਰਟ ਅਨੁਸਾਰ 2018-2023 ਵਿਚਕਾਰ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੇ 13,600 ਤੋਂ ਵੱਧ ਵਿਦਿਆਰਥੀੇ ਪ੍ਰਮੁੱਖ ਸੰਸਥਾਵਾਂ 'ਚ ਪੜ੍ਹਾਈ ਵਿਚਾਲੇ ਛੱਡ ਗਏ ਸਨ | ਐਨ.ਸੀ.ਆਰ.ਬੀ. ਅੰਕੜਿਆਂ ਅਨੁਸਾਰ 2024 ਵਿਚ 14,488 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਅਤੇ ਉੱਚ ਸੈਕੰਡਰੀ ਤੇ ਕਾਲਜ ਪੱਧਰ ਦੋਹਾਂ 'ਤੇ ਪੜ੍ਹਾਈ ਛੱਡਣ ਦੀ ਉੱਚੀ ਦਰ ਬਣੀ ਹੋਈ ਹੈ |
ਹਰਦੀਪ ਪੁਰੀ ਦਾ ਕੀ ਬਣੇਗਾ?
ਰਾਜ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਭ ਤੋਂ ਵੱਧ ਸਵਾਲ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਲੈ ਕੇ ਉੱਠ ਰਹੇ ਹਨ, ਜੋ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਹਨ | ਜ਼ਿਕਰਯੋਗ ਹੈ ਕਿ ਹਰਦੀਪ ਪੁਰੀ ਕੇਂਦਰ ਸਰਕਾਰ 'ਚ ਸਿੱਖ ਰਾਜਨੀਤੀ ਦਾ ਚਿਹਰਾ ਹਨ | ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਜੋੜੇ (ਪਵਿੱਤਰ ਜੁੱਤੀਆਂ) ਪਟਨਾ ਸਾਹਿਬ ਪਹੁੰਚਾਏ ਸਨ; ਇਹ ਨਿਸ਼ਾਨੀਆਂ ਉਨ੍ਹਾਂ ਦੇ ਪਰਿਵਾਰ ਕੋਲ 300 ਸਾਲਾਂ ਤੋਂ ਸੁਰੱਖਿਅਤ ਪਈਆਂ ਸਨ | ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਦੀਪ ਸਿੰਘ ਪੁਰੀ ਨੂੰ ਮੰਤਰੀ-ਮੰਡਲ 'ਚੋਂ ਹਟਾਉਣ ਦਾ ਫੈਸਲਾ ਆਸਾਨ ਨਹੀਂ ਹੋਵੇਗਾ | ਹਾਲਾਂਕਿ ਉਨ੍ਹਾਂ ਨਾਲ ਕਈ ਵਿਵਾਦ ਜੁੜੇ ਹੋਏ ਹਨ | ਉਨ੍ਹਾਂ ਦਾ ਨਾਂਅ ਅਮਰੀਕੀ ਜਿਨਸੀ ਅਪਰਾਧਾਂ ਦੀਆਂ ਬਦਨਾਮ 'ਐਪਸਟੀਨ ਫਾਈਲਾਂ' ਵਿਚ ਸਾਹਮਣੇ ਆਇਆ ਸੀ, ਪਰ ਉਸ ਤੋਂ ਬਾਅਦ ਵੀ ਉਹ ਸਰਕਾਰ ਵਿਚ ਆਪਣੇ ਅਹੁਦੇ 'ਤੇ ਬਣੇ ਹੋਏ ਹਨ | ਜੇਕਰ ਉਨ੍ਹਾਂ ਨੂੰ ਮੰਤਰੀ-ਮੰਡਲ 'ਚ ਬਰਕਰਾਰ ਰੱਖਣਾ ਹੈ, ਤਾਂ ਉਨ੍ਹਾਂ ਨੂੰ ਮੁੜ ਤੋਂ ਰਾਜ ਸਭਾ ਭੇਜਣਾ ਪਵੇਗਾ | ਉਨ੍ਹਾਂ ਨੂੰ ਮੰਤਰੀ-ਮੰਡਲ 'ਚ ਰੱਖਣ ਦੀ ਬਜਾਏ ਕਿਸੇ ਸੂਬੇ ਦਾ ਰਾਜਪਾਲ ਨਿਯੁਕਤ ਕਰਨ ਜਾਂ ਕਿਤੇ ਰਾਜਦੂਤ ਜਾਂ ਹਾਈ ਕਮਿਸ਼ਨਰ ਬਣਾ ਕੇ ਵਿਦੇਸ਼ ਭੇਜਣ ਸੰਬੰਧੀ ਚਰਚਾ ਹੋ ਰਹੀ ਹੈ ਤੇ ਦੋਵਾਂ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ |
ਦਿੱਲੀ ਵਿਚ ਸਿਰਫ਼ ਨੋਟਿਸ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੋਧ (ਐਸ.ਆਈ.ਆਰ.) ਦੇ ਪਹਿਲੇ ਪੜਾਅ ਤੋਂ ਬਾਅਦ ਵੋਟਰ ਸੂਚੀ ਦਾ ਖਰੜਾ ਪ੍ਰਕਾਸ਼ਿਤ ਕੀਤਾ ਗਿਆ ਹੈ | ਦਿੱਲੀ ਵਿਚ ਵੋਟਰ ਸੂਚੀਆਂ 'ਚੋਂ 33 ਫ਼ੀਸਦੀ ਲੋਕਾਂ ਦੇ ਨਾਂ ਹਟਾ ਦਿੱਤੇ ਗਏ ਹਨ, ਜਿੱਥੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ 1.45 ਕਰੋੜ ਵੋਟਰ ਸਨ ਪਰ ਨਵੀਂ ਖਰੜਾ ਸੂਚੀ 'ਚ ਸਿਰਫ਼ 97 ਲੱਖ ਵੋਟਰ ਹਨ; ਭਾਵ ਲਗਭਗ 47 ਲੱਖ ਨਾਂਅ ਹਟਾ ਦਿੱਤੇ ਗਏ ਹਨ | ਇਸ ਤੋਂ ਇਲਾਵਾ ਵੱਖ-ਵੱਖ ਕਾਰਨਾਂ ਕਰਕੇ ਲੱਖਾਂ ਲੋਕਾਂ ਨੂੰ ਨੋਟਿਸ ਭੇਜ ਕੇ ਜਵਾਬ ਮੰਗੇ ਗਏ ਹਨ | ਚੋਣ ਕਮਿਸ਼ਨਰ ਐਸ.ਐਸ. ਸੰਧੂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ, ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ | ਹੁਣ ਕਈ ਵੱਡੀਆਂ ਸ਼ਖਸੀਅਤਾਂ ਵੀ ਪ੍ਰਣਾਲੀਗਤ ਬੇਨਿਯਮੀਆਂ ਦੇ ਨਤੀਜਿਆਂ ਦਾ ਸਾਹਮਣਾ ਕਰ ਰਹੀਆਂ ਹਨ | ਅਸਲ ਵਿਚ ਅਜਿਹਾ ਜਾਪਦਾ ਹੈ ਕਿ ਇਹ ਸਭ ਜਾਣਬੁੱਝ ਕੇ ਪੱਛਮੀ ਬੰਗਾਲ 'ਚ ਲਏ ਗਏ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਲਈ ਕੀਤਾ ਜਾ ਰਿਹਾ ਹੈ-ਜਿੱਥੇ ਨਾਂਅ, ਪਤੇ ਜਾਂ ਉਮਰ ਵਿਚ ਖਾਮੀਆਂ ਕਾਰਨ ਲੱਖਾਂ ਲੋਕਾਂ ਨੂੰ ਨੋਟਿਸ ਭੇਜੇ ਕੇ ਉਨ੍ਹਾਂ ਦੇ ਨਾਂਅ ਵੋਟਰ ਸੂਚੀ 'ਚੋਂ ਹਟਾ ਦਿੱਤੇ ਗਏ ਸਨ | ਖ਼ਾਸ ਗੱਲ ਇਹ ਹੈ ਕਿ ਜਿਨ੍ਹਾਂ ਖਾਮੀਆਂ ਕਾਰਨ ਦਿੱਲੀ 'ਚ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਉਨ੍ਹਾਂ ਕਾਰਨ ਕਰਕੇ ਬੰਗਾਲ ਵਿਚ ਵੋਟਰਾਂ ਦੇ ਸਿੱਧੇ ਤੌਰ 'ਤੇ ਨਾਂਅ ਹਟਾ ਦਿੱਤੇ ਗਏ ਸਨ | ਉਸ ਪ੍ਰਕਿਰਿਆ ਨੂੰ ਆਮ ਰੂਪ ਦੇਣ ਦੀ ਕੋਸ਼ਿਸ਼ ਦਾ ਮਕਸਦ ਇਹ ਦਿਖਾਉਣਾ ਹੈ ਕਿ ਬੰਗਾਲ 'ਚ ਕੋਈ ਗੜਬੜੀ ਨਹੀਂ ਹੋਈ, ਸਗੋਂ ਇਹ ਇਕ ਆਮ ਪ੍ਰਕਿਰਿਆ ਸੀ |
ਖੇਡ ਵਿਗਾੜ ਰਹੀ ਆਈ.ਐਫ.ਐਸ. ਲਾਬੀ
ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਭਾਰਤ ਦੇ ਆਪਣੇ ਦੌਰੇ ਨੂੰ ਟਾਲ ਰਹੇ ਹਨ, ਜਦਕਿ ਉਹ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਮਲੇਸ਼ੀਆ ਦਾ ਦੌਰਾ ਕਰਨ ਉਪਰੰਤ ਚੀਨ ਤੇ ਅਮਰੀਕਾ ਦਾ ਦੌਰਾ ਕਰ ਚੁੱਕੇ ਹਨ | ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਦੌਰੇ ਨੂੰ ਮੁਲਤਵੀ ਕਰਾਉਣ ਵਿਚ ਭਾਰਤ ਦੀ ਅੰਦਰੂਨੀ ਰਾਜਨੀਤੀ ਨੇ ਭੂਮਿਕਾ ਨਿਭਾਈ ਹੈ | ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਵਿਦੇਸ਼ ਸੇਵਾ ਆਈ.ਐਫ.ਐਸ. ਅਧਿਕਾਰੀਆਂ ਦੀ ਲਾਬੀ ਨੇ ਇਹ ਗੜਬੜੀ ਕੀਤੀ ਹੈ, ਜਿਸ ਤੋਂ ਤਾਰਿਕ ਰਹਿਮਾਨ ਨਾਰਾਜ਼ ਹਨ ਅਤੇ ਭਾਰਤ ਦੀ ਯਾਤਰਾ ਵਾਰ-ਵਾਰ ਟਾਲ ਰਹੇ ਹਨ | ਭਾਰਤ ਸਰਕਾਰ ਕਾਫ਼ੀ ਸਮੇਂ ਤੋਂ ਗੁਆਂਢੀ ਦੇਸ਼ਾਂ 'ਚ ਕੂਟਨੀਤਕ ਅਹੁਦਿਆਂ 'ਤੇ ਸਿਆਸੀ ਸ਼ਖਸੀਅਤਾਂ ਨੂੰ ਨਿਯੁਕਤ ਕਰਨ ਬਾਰੇ ਵਿਚਾਰ ਕਰ ਰਹੀ ਸੀ | ਦਿਨੇਸ਼ ਤਿ੍ਵੇਦੀ ਅਜਿਹੀ ਨਿਯੁਕਤੀ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਸਨ,ਉਦੋਂ ਤੋਂ ਹੀ ਆਈ.ਐਫ.ਐਸ. ਲਾਬੀ ਲਗਾਤਾਰ ਅੜਿੱਕੇ ਪਾ ਰਹੀ ਹੈ | ਇਕ ਆਈ.ਐਫ.ਐਸ. ਅਧਿਕਾਰੀ 'ਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵਰਚੁਅਲ ਪ੍ਰੈੱਸ ਕਾਨਫਰੰਸ ਕਰਨ ਦੀ ਇਜਾਜ਼ਤ ਦੇਣ ਦੇ ਦੋਸ਼ ਲੱਗ ਰਹੇ ਹਨ | ਸ਼ੇਖ ਹਸੀਨਾ ਦੀ ਉਕਤ ਵਰਚੁਅਲ ਕਾਨਫਰੰਸ ਅਤੇ ਦਸੰਬਰ 'ਚ ਉਨ੍ਹਾਂ ਵਲੋਂ ਢਾਕਾ ਵਾਪਸ ਆਉਣ ਬਾਰੇ ਕੀਤੀ ਗਈ ਘੋਸ਼ਣਾ ਤੋਂ ਤਾਰਿਕ ਰਹਿਮਾਨ ਨਾਰਾਜ਼ ਹਨ |