ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ 'ਚੋਂ ਇਕ ਹੈ | ਪਿਛਲੇ ਲੰਬੇ ਸਮੇਂ ਤੋਂ ਇਹ ਕਿਸਾਨੀ ਦੀ ਆਰਥਿਕਤਾ ਦਾ ਆਧਾਰ ਬਣਿਆ ਹੋਇਆ ਹੈ | ਹਾਲੇ ਵੀ ਇਸ ਫ਼ਸਲ ਦੇ ਉਤਪਾਦਨ ਵਿਚ ਇਹ ਦੇਸ਼ ਦੇ ਮੋਹਰੀ ਰਾਜਾਂ 'ਚੋਂ ਮੰਨਿਆ ਜਾਂਦਾ ਹੈ | ਇਸ ਇਸ ਵਾਰ ਸਰਕਾਰ ਵਲੋਂ ਇਸ ਦੀ ਖ਼ਰੀਦ ਦਾ ਟੀਚਾ 180 ਲੱਖ ਮੀਟਿ੍ਕ ਟਨ ਰੱਖਿਆ ਗਿਆ ਹੈ | ਸੂਬੇ ਵਿਚ 26 ਲੱਖ ਏਕੜ ਖੇਤਰ ਵਿਚ ਇਹ ਫ਼ਸਲ ਬੀਜੀ ਗਈ ਹੈ | ਇਸ ਲਈ ਸਰਕਾਰ ਸਮੇਤ ਸਾਰੀਆਂ ਹੀ ਸੰਬੰਧਿਤ ਧਿਰਾਂ ਇਸ ਦੇ ਮੰਡੀਕਰਨ ਦੇ ਪ੍ਰਬੰਧਾਂ ਲਈ ਸਰਗਰਮ ਜਾਪਦੀਆਂ ਹਨ | ਇਨ੍ਹਾਂ ਧਿਰਾਂ ਵਿਚ ਕਿਸਾਨਾਂ ਤੋਂ ਇਲਾਵਾ ਸੰਬੰਧਿਤ ਸਰਕਾਰੀ ਵਿਭਾਗ, ਆੜ੍ਹਤੀਏ ਅਤੇ ਸ਼ੈਲਰ ਮਾਲਕ ਸ਼ਾਮਿਲ ਹਨ | ਇਸ ਲਈ ਕੇਂਦਰ ਨਾਲ ਬਿਹਤਰ ਸੰਬੰਧ ਬਣਾਏ ਜਾਣ ਦੀ ਜ਼ਰੂਰਤ ਹੁੰਦੀ ਹੈ, ਤਾਂ ਹੀ ਇਸ ਦੀ ਖ਼ਰੀਦ, ਚੁਕਾਈ ਤੇ ਛੜਾਈ ਅਤੇ ਇਸ ਨਾਲ ਸੰਬੰਧਿਤ ਹੋਰ ਵੱਡੇ ਕੰਮਾਂ ਨੂੰ ਸਿਰੇ ਚਾੜਿ੍ਹਆ ਜਾ ਸਕਦਾ ਹੈ | ਸਰਕਾਰੀ ਐਲਾਨ ਅਨੁਸਾਰ ਇਸ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਸ ਲਈ ਸੂਬੇ ਵਿਚ 18000 ਮੰਡੀਆਂ ਤਿਆਰ ਕੀਤੀਆਂ ਗਈਆਂ ਹਨ | ਅੱਜ ਤੋਂ ਕੁਝ ਦਿਨ ਪਹਿਲਾਂ ਤੋਂ ਹੀ ਕਈ ਅਨਾਜ ਮੰਡੀਆਂ ਵਿਚ ਪਰਮਲ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ | ਇਸ ਦੇ ਨਾਲ-ਨਾਲ ਬਾਸਮਤੀ ਦੀ ਆਮਦ ਵੀ ਜਾਰੀ ਹੈ |
ਇਸ ਵਾਰ ਸਰਕਾਰ ਦੇ ਖੇਤੀਬਾੜੀ ਅਤੇ ਸਿਵਲ ਸਪਲਾਈ ਵਿਭਾਗ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ, ਜਿਨ੍ਹਾਂ ਨੂੰ ਹਰ ਹੀਲੇ ਦੂਰ ਕਰਨ ਦੀ ਜ਼ਰੂਰਤ ਹੋਵੇਗੀ | ਸੂਬੇ ਵਿਚ ਪੰਜ ਹਜ਼ਾਰ ਦੇ ਕਰੀਬ ਸ਼ੈਲਰ ਮਾਲਕਾਂ ਨੇ ਇਸ ਕੰਮ ਨੂੰ ਸਿਰੇ ਚਾੜ੍ਹਨਾ ਹੈ | ਚਾਹੇ ਇਸ ਵਾਰ ਪਹਿਲਾਂ ਹੀ 5 ਲੱਖ ਦੇ ਕਰੀਬ ਬਾਰਦਾਨੇ ਦਾ ਪ੍ਰਬੰਧ ਜ਼ਰੂਰ ਕੀਤਾ ਜਾ ਚੁੱਕਾ ਹੈ, ਪਰ ਸਭ ਤੋਂ ਵੱਡੀ ਚੁਣੌਤੀ ਇਸ ਦੇ ਸਟੋਰ ਕਰਨ ਦੀ ਆਏਗੀ, ਕਿਉਂਕਿ ਇਸ ਨੂੰ ਸਾਂਭਣ ਲਈ ਸ਼ੈਲਰਾਂ ਵਿਚ ਥਾਂ ਦੀ ਕਾਫ਼ੀ ਘਾਟ ਦਿਖਾਈ ਦੇ ਰਹੀ ਹੈ | ਆਉਣ ਵਾਲੀ ਝੋਨੇ ਦੀ ਫ਼ਸਲ ਨੂੰ ਸ਼ੈਲਰਾਂ ਵਿਚ ਭੇਜਿਆ ਜਾਣਾ ਜ਼ਰੂਰੀ ਹੈ | ਪਰ ਖ਼ਬਰਾਂ ਮੁਤਾਬਿਕ ਬਹੁਤੇ ਸ਼ੈਲਰਾਂ ਵਿਚ ਪਹਿਲਾਂ ਹੀ ਕਣਕ ਦੇ ਨਾਲ-ਨਾਲ ਚੌਲਾਂ ਦੇ ਭੰਡਾਰ ਲੱਗੇ ਹੋਏ ਹਨ | ਜੇਕਰ ਮੰਡੀਆਂ ਤੋਂ ਸ਼ੈਲਰਾਂ ਤੱਕ ਫ਼ਸਲ ਨੂੰ ਲਿਜਾਣ ਦੀ ਰਫ਼ਤਾਰ ਘਟਦੀ ਹੈ ਤਾਂ ਇਸ ਦਾ ਅਸਰ ਕਿਸਾਨਾਂ ਸਮੇਤ ਸਮੁੱਚੇ ਪ੍ਰਬੰਧ 'ਤੇ ਪਵੇਗਾ | ਇਸ ਪ੍ਰਤੀ ਸ਼ੈਲਰ ਮਾਲਕ ਪਹਿਲਾਂ ਹੀ ਚਿੰਤਾ ਪ੍ਰਗਟਾਉਂਦੇ ਰਹੇ ਹਨ, ਕਿ ਉਨ੍ਹਾਂ ਨੂੰ ਨਵੀਂ ਫ਼ਸਲ ਲਈ ਗੁਦਾਮਾਂ ਵਿਚ ਲੋੜੀਂਦੀ ਜਗ੍ਹਾ ਦੀ ਘਾਟ ਆ ਸਕਦੀ ਹੈ | ਇਸ ਲਈ ਸੂਬਾ ਸਰਕਾਰ ਲਗਾਤਾਰ ਕੇਂਦਰ ਨਾਲ ਸੰਪਰਕ ਵਿਚ ਵੀ ਰਹੀ ਹੈ, ਪਰ ਸੂਚਨਾ ਮੁਤਾਬਿਕ ਪੰਜਾਬ ਦੇ ਬਹੁਤੇ ਗੁਦਾਮਾਂ ਵਿਚ ਭਾਰਤੀ ਖੁਰਾਕ ਨਿਗਮ ਦੀ ਪਹਿਲਾਂ ਹੀ ਫ਼ਸਲ ਪਈ ਹੋਈ ਹੈ | ਇਹ ਵੀ ਸੂਚਨਾ ਮਿਲੀ ਹੈ ਕਿ ਨਿਗਮ ਵਲੋਂ ਸਾਲ 2023-24 ਦੇ ਸਮੇਂ ਦਾ ਲੱਖਾਂ ਟਨ ਚੌਲ ਇਨ੍ਹਾਂ ਗੁਦਾਮਾਂ ਵਿਚ ਪਿਆ ਹੈ, ਕਿਉਂਕਿ ਭਾਰਤੀ ਖ਼ੁਰਾਕ ਨਿਗਮ ਵਲੋਂ ਇਸ ਨੀਤੀ ਵੱਲ ਧਿਆਨ ਨਹੀਂ ਦਿੱਤਾ ਗਿਆ ਕਿ ਪਹਿਲਾਂ ਆਈ ਫ਼ਸਲ ਨੂੰ ਪਹਿਲ ਦੇ ਆਧਾਰ 'ਤੇ ਚੁੱਕਿਆ ਜਾਵੇ | ਜੇਕਰ ਪੁਰਾਣੀ ਫ਼ਸਲ ਸ਼ੈਲਰਾਂ ਜਾਂ ਗੁਦਾਮਾਂ ਵਿਚ ਪਈ ਹੈ ਤਾਂ ਉਸ ਦੀ ਗੁਣਵੱਤਾ 'ਤੇ ਵੀ ਵੱਡਾ ਅਸਰ ਪੈਂਦਾ ਹੈ |
ਹੁਣ ਜਿਸ ਤਰ੍ਹਾਂ ਤੇਜ਼ੀ ਨਾਲ ਮੰਡੀਆਂ ਵਿਚ ਝੋਨਾ ਆਏਗਾ, ਜੇਕਰ ਓਨੀ ਹੀ ਤੇਜ਼ੀ ਨਾਲ ਭਾਰਤੀ ਖੁਰਾਕ ਨਿਗਮ ਸਟੋਰਾਂ ਨੂੰ ਖਾਲੀ ਕਰਕੇ ਪਹਿਲੇ ਪਏ ਚੌਲਾਂ ਤੇ ਕਣਕ ਨੂੰ ਦੂਸਰੇ ਰਾਜਾਂ ਵਿਚ ਨਹੀਂ ਭੇਜਦਾ, ਤਾਂ ਮੰਡੀਆਂ ਵਿਚ ਆਉਣ ਵਾਲੀ ਫ਼ਸਲ ਦੇ ਲੱਗਣ ਵਾਲੇ ਅੰਬਾਰਾਂ ਨੂੰ ਕਿਵੇਂ ਸੰਭਾਲਿਆ ਜਾ ਸਕੇਗਾ? ਇਸ ਮਸਲੇ ਨੂੰ ਸੂਬਾ ਸਰਕਾਰ ਕੇਂਦਰ ਦੇ ਸਹਿਯੋਗ ਨਾਲ ਕਿਸ ਤਰ੍ਹਾਂ ਸੁਲਝਾ ਸਕੇਗੀ, ਇਹ ਆਉਣ ਵਾਲੇ ਦਿਨਾਂ ਵਿਚ ਦੇਖਣ ਵਾਲੀ ਵੱਡੀ ਗੱਲ ਹੋਵੇਗੀ | ਸਾਰੀਆਂ ਸੰਬੰਧਿਤ ਧਿਰਾਂ ਦੇ ਸਿਰ ਤੋੜ ਯਤਨਾਂ ਰਾਹੀਂ ਹੀ ਇਹ ਮਸਲਾ ਸੁਲਝਾਇਆ ਜਾ ਸਕਦਾ ਹੈ | ਬਿਨਾਂ ਸ਼ੱਕ ਇਸ ਫ਼ਸਲ ਦੀ ਸਾਂਭ ਸੰਭਾਲ ਜਿੱਥੇ ਇਕ ਵੱਡੀ ਚੁਣੌਤੀ ਹੋਵੇਗੀ, ਉੱਥੇ ਇਕ ਔਖੇ ਇਮਤਿਹਾਨ 'ਚੋਂ ਗੁਜ਼ਰਨ ਵਾਲੀ ਗੱਲ ਵੀ ਹੋਵੇਗੀ, ਜਿਸ ਲਈ ਹਰ ਪੱਖੋਂ ਪੂਰੀ ਸਰਗਰਮੀ ਵਿੱਢਣ ਦੀ ਜ਼ਰੂਰਤ ਹੈ |
-ਬਰਜਿੰਦਰ ਸਿੰਘ ਹਮਦਰਦ