03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ਵਿਚ ਸਿਆਸੀ ਪਾਰਟੀਆਂ ਦੀ ਸਥਿਤੀ ਅਤੇ ਮੁੱਦੇ

ਪੰਜਾਬ ਵਿਚ ਸਿਆਸੀ ਪਾਰਟੀਆਂ ਦੀ ਸਥਿਤੀ ਅਤੇ ਮੁੱਦੇ

ਅਜੀਤ ਡੈਸਕ 03-10-2026

2027 ਦੀਆਂ ਪੰਜਾਬ ਚੋਣਾਂ ਲਈ ਸਿਆਸੀ ਬਿਗਲ ਵੱਜ ਚੁੱਕਾ ਹੈ | ਹੁਣ ਜਿੱਤ ਦੀਆਂ ਦਾਅਵੇਦਾਰ ਮੁੱਖ 4 ਧਿਰਾਂ-ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਧੜੇ ਹਨ | ਕਮਿਊਨਿਸਟ ਪਾਰਟੀਆਂ ਹੁਣ ਪੰਜਾਬ 'ਚ ਚੋਣਾਂ ਦੇ ਪੱਖ ਤੋਂ ਬਹੁਤੀਆਂ ਮਹੱਤਵਪੂਰਨ ਨਹੀਂ ਰਹੀਆਂ | ਅਕਾਲੀ ਦਲ ਬਾਦਲ ਤੇ ਅਕਾਲੀ ਦਲ (ਪੁਨਰ ਸੁਰਜੀਤ) ਭਾਜਪਾ ਨਾਲ ਸਮਝੌਤੇ ਲਈ ਯਤਨਸ਼ੀਲ ਹਨ | ਅਕਾਲੀ ਦਲ (ਅੰਮਿ੍ਤਸਰ) ਆਪਣੇ ਤੌਰ 'ਤੇ ਹੀ ਚੋਣ ਲੜੇਗਾ | ਬਸਪਾ ਦੇ ਵੀ ਇਕੱਲਿਆਂ ਹੀ ਲੜਨ ਦੀ ਸੰਭਾਵਨਾ ਹੈ | ਭਾਜਪਾ ਅਜੇ ਦੂਜੀਆਂ ਪਾਰਟੀਆਂ ਨੂੰ  ਹੋਰ ਤੋੜਨ ਦੀ ਕੋਸ਼ਿਸ਼ ਵਿਚ ਹੈ | ਜਦਕਿ 'ਵਾਰਿਸ ਪੰਜਾਬ' ਨੂੰ  ਚੋਣਾਂ ਨੇੜੇ ਆਪਣੇ ਹੱਕ ਵਿਚ ਹੈਰਾਨਕੁਨ ਉਭਾਰ ਉੱਠ ਪੈਣ ਦੀ ਉਮੀਦ ਹੈ |  'ਆਪ' ਨੇ ਭਗਵੰਤ ਮਾਨ ਤੇ 'ਵਾਰਿਸ ਪੰਜਾਬ' ਨੇ ਅੰਮਿ੍ਤਪਾਲ ਸਿੰਘ ਨੂੰ  ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ, ਜਦਕਿ ਕਾਂਗਰਸ ਹਾਈ ਕਮਾਂਡ ਚੋਣਾਂ ਮਗਰੋਂ ਫ਼ੈਸਲਾ ਕਰੇਗੀ | ਅਕਾਲੀ ਤੇ ਭਾਜਪਾ ਰਲ ਵੀ ਗਏ ਤਾਂ ਵੀ ਦੋਵੇਂ ਹੀ ਮੁੱਖ ਮੰਤਰੀ ਦੇ ਅਹੁਦੇ 'ਤੇੇ ਦਾਅਵੇਦਾਰੀ ਰੱਖਣਗੇ | ਅਤਿ ਉਤਸ਼ਾਹੀ ਭਾਜਪਾ ਆਖੂ ਕਿ ਜਿਸ ਦੀਆਂ ਸੀਟਾਂ ਵੱਧ ਹੋਈਆਂ, ਉਸੇ ਦਾ ਹੀ ਮੁੱਖ ਮੰਤਰੀ ਬਣੂ | 

ਆਮ ਆਦਮੀ ਪਾਰਟੀ ਮੁੱਖ ਰੂਪ 'ਚ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕ ਤੇ ਔਰਤਾਂ ਨੂੰ  ਇਕ ਹਜ਼ਾਰ ਰੁਪਏ ਮਹੀਨਾ ਦੇਣ ਵਾਲੀ ਪ੍ਰਾਪਤੀ ਦੇ ਸਿਰ 'ਤੇ ਵੋਟਾਂ ਮੰਗੇਗੀ, ਜਦਕਿ ਉਸ ਦੇ ਵਿਰੋਧ 'ਚ ਇਹ ਗੱਲ ਜਾਏਗੀ ਕਿ 'ਆਪ' ਸਰਕਾਰ ਉੱਚ ਵਿੱਦਿਆ ਲਈ 5 ਸਾਲਾਂ ਦੌਰਾਨ ਬਹੁਤਾ ਕੁਝ ਨਹੀਂ ਕਰ ਸਕੀ ਅਤੇ 1158 ਰੈਗੂਲਰ ਭਰਤੀ ਕੀਤੇ ਪ੍ਰੋਫੈਸਰਾਂ ਦੀ ਨੌਕਰੀ ਬਚਾਉਣ ਵਿਚ ਵੀ ਅਸਫਲ ਰਹੀ | ਸਰਕਾਰੀ ਮੁਲਾਜ਼ਮਾਂ ਨੂੰ  ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰਕੇ ਵੀ ਲਾਗੂ ਨਹੀਂ ਕਰ ਸਕੀ | ਮਹਿੰਗਾਈ ਭੱਤਾ 50 ਫ਼ੀਸਦੀ ਦੇਣ ਸੰਬੰਧੀ ਮੁਲਾਜ਼ਮਾਂ ਨਾਲ ਉਸ ਦੀ ਸਹਿਮਤੀ ਬਣੀ ਹੈ, ਪਰ ਇਹ ਸਮਝੌਤਾ ਵੀ ਅਜੇ ਲਾਗੂ ਨਹੀਂ ਹੋਇਆ | ਮੰਤਰੀ ਕੁਲਦੀਪ ਧਾਲੀਵਾਲ ਦੀ ਅਗਵਾਈ 'ਚ 11,000 ਏਕੜ ਭੂ-ਮਾਫੀਆ ਵਲੋਂ ਕਬਜ਼ਾਈਆਂ ਸਰਕਾਰੀ ਜ਼ਮੀਨਾਂ ਛੁਡਵਾਉਣ ਦੇ ਬਾਵਜੂਦ ਉਸ ਦਾ ਮੰਤਰੀ ਅਹੁਦਾ ਚਲਾ ਗਿਆ | ਰੇਤ ਬਜਰੀ ਮਾਫ਼ੀਆ ਧੜੱਲੇ ਨਾਲ ਚੱਲ ਰਿਹਾ ਹੈ |  ਕੇਂਦਰ ਵਲੋਂ ਪੰਜਾਬ ਦੀਆਂ ਗਰਾਂਟਾਂ/ ਜੀ. ਐਸ. ਟੀ. ਰੋਕਣ ਤੇ ਕੋਈ ਵੱਡੀ ਇੰਡਸਟਰੀ ਜਾਂ ਪੈਕੇਜ ਨਾ ਦੇਣ ਵਿਰੁੱਧ ਪਾਰਟੀ ਪ੍ਰਭਾਵਸ਼ਾਲੀ ਬਿਰਤਾਂਤ ਨਹੀਂ ਬਣਾ ਸਕੀ | ਆਪ ਸਰਕਾਰ ਨੇ ਸਰਕਾਰੀ ਭਰਤੀਆਂ ਦੌਰਾਨ ਪੰਜਾਬੀਆਂ ਦੀ ਚੋਣ ਨੂੰ  ਸੁਰੱਖਿਅਤ ਕਰਨ ਲਈ ਹੋਰ ਸੂਬਿਆਂ ਵਾਂਗ ਕਦੇ ਫ਼ਿਕਰ ਨਹੀਂ ਕੀਤੀ | ਪੰਜਾਬ ਵਿਚ 'ਆਪ' ਨੂੰ  ਵੋਟਾਂ ਮਿਲਣ ਦਾ ਸਭ ਤੋਂ ਵੱਡਾ ਕਾਰਨ ਤੇ ਚਿਹਰਾ ਭਗਵੰਤ ਸਿੰਘ ਮਾਨ ਹੀ ਹੈ, ਕੁਝ ਕੁ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਐਮ. ਐਲ. ਏ. ਪਾਰਟੀ ਦੀ ਤਾਕਤ ਹੋਣਗੇ | ਪਰ ਲੋਕ ਸਭਾ ਚੋਣਾਂ ਦੌਰਾਨ 7 ਸੀਟਾਂ ਜਿੱਤਣ ਵਾਲੀ ਕਾਂਗਰਸ ਨਾਲ ਮੁਕਾਬਲਾ ਆਸਾਨ ਨਹੀਂ ਹੋਵੇਗਾ |
ਪਰ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਦੇ ਚੱਲ ਰਹੇ ਕਲੇਸ਼ ਨੇ ਪਾਰਟੀ ਦਾ ਚੰਗਾ ਜਲੂਸ ਕੱਢਿਆ ਹੋਇਆ ਹੈ | ਜੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਆਪਸ ਵਿਚ ਵਿਟਰੇ ਫਿਰਦੇ ਪਾਰਟੀ ਆਗੂਆਂ ਨੂੰ  ਇਕੱਠਾ ਰੱਖਣ ਵਿਚ ਕਾਮਯਾਬ ਹੋ ਗਏ ਤਾਂ ਆਪਣੀਆਂ ਸਭ ਕਮੀਆਂ ਦੇ ਬਾਵਜੂਦ ਕਾਂਗਰਸ ਹੀ ਸੱਤਾਧਾਰੀਆਂ ਨੂੰ  ਚੁਣੌਤੀ ਦੇਵੇਗੀ | ਰਾਹੁਲ ਗਾਂਧੀ ਦੀ ਦੇਸ਼ ਵਿਆਪੀ ਮੌਜੂਦਾ ਕਾਰਗੁਜ਼ਾਰੀ ਪੰਜਾਬ ਵਿਚ ਪਾਰਟੀ ਲਈ ਮਦਦਗਾਰ ਹੋ ਸਕਦੀ ਹੈ | 
ਅਕਾਲੀ ਦਲ ਅਨੇਕਾਂ ਕਾਰਨਾਂ ਕਰਕੇ ਖਿੱਲਰ ਕੇ ਲੋਕਾਂ ਤੋੋਂ ਟੁੱਟ ਚੁੱਕਾ ਹੈ, ਉਸ ਦੀ  ਭਾਜਪਾ ਦੀਆਂ ਘੱਟ-ਗਿਣਤੀਆਂ ਵਿਰੋਧੀ ਨੀਤੀਆਂ ਪ੍ਰਤੀ ਖ਼ਾਮੋਸ਼ੀ ਅਤੇ ਆਗੂਆਂ ਦੇ ਨਿੱਜੀ ਸਵਾਰਥ ਪਾਰਟੀ ਨੂੰ  ਲੈ ਡੁੱਬੇ ਹਨ | ਆਗੂਆਂ ਦੀ ਵਪਾਰੀ ਬਿਰਤੀ, ਫੈਡਰਲ ਢਾਂਚੇ ਦੀ ਵਿਚਾਰਧਾਰਾ ਨੂੰ  ਤਿਲਾਂਜਲੀ ਤੇ ਥੋੜ੍ਹ ਚਿਰੇ ਸਿਆਸੀ ਲਾਭਾਂ ਨੇ ਵੱਡਾ ਨੁਕਸਾਨ ਕੀਤਾ ਹੈ | ਅਕਾਲੀ ਦਲ ਕਿਸੇ ਵੀ ਕੀਮਤ 'ਤੇ ਭਾਜਪਾ ਨਾਲ ਸਮਝੌਤਾ ਕਰਨ ਨੂੰ  ਤਿਆਰ ਹੈ, ਜਦਕਿ ਉਸ ਨੂੰ  ਪੰਥਕ ਤੇ ਸਿੱਖੀ ਦੀ ਮਾਨਵੀ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਚੋਣ ਲੜਨ ਨਾਲ ਜ਼ਿਆਦਾ ਲਾਭ ਹੋ ਸਕਦਾ ਹੈ | ਇਸੇ 'ਚ ਪੰਜਾਬ ਦੇ ਅਕਾਲੀ ਦਲ ਦੀ ਭਲਾਈ ਹੈ | ਇਨ੍ਹਾਂ ਚੋਣਾਂ 'ਚ 'ਵਾਰਿਸ ਪੰਜਾਬ ਪਾਰਟੀ' ਦਾ ਅਸਲ ਮੁਕਾਬਲਾ ਅਕਾਲੀ ਦਲ (ਬਾਦਲ) ਨਾਲ ਹੀ ਹੈ, ਜੋ ਸਾਬਤ ਕਰੇਗਾ ਕਿ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਿਹੜੀ ਹੈ | ਵਾਰਿਸ ਪੰਜਾਬ ਦੇ ਆਗੂਆਂ ਨੂੰ  ਉਮੀਦ ਹੈ ਕਿ ਚੋਣਾਂ ਦਾ ਐਲਾਨ ਹੁੰਦਿਆਂ ਹੀ ਉਨ੍ਹਾਂ ਦੇ ਹੱਕ 'ਚ ਲਹਿਰ ਉੱਠੇਗੀ, ਜਦਕਿ ਲੋਕ ਉਨ੍ਹਾਂ ਨੂੰ  ਖਾਲਿਸਤਾਨ ਪੱਖੀ ਮੰਨਦੇ ਹਨ | ਹੁਣ ਪਾਰਟੀ ਆਗੂ ਵੋਟਾਂ ਖ਼ਾਤਰ ਨਰਮ ਬਿਆਨਬਾਜ਼ੀ ਕਰ ਰਹੇ ਹਨ ਤੇ ਇਹ ਵਰਤਾਰਾ ਅੰਮਿ੍ਤਪਾਲ ਸਿੰਘ ਦੀ ਪਿਛਲੀ ਤਰਨ ਤਾਰਨ ਚੋਣ ਤੋਂ ਬਿਲਕੁਲ ਅਲੱਗ ਹੈ | ਵਾਰਿਸ ਪੰਜਾਬ ਦੀ ਮੁੱਖ ਪੰਥਕ ਸਿੱਖੀ ਮੁੱਦਿਆਂ ਤੇ ਅੰਮਿ੍ਤਪਾਲ ਸਿੰਘ 'ਤੇ ਹੈ | ਅਕਾਲੀ ਦਲ ਦੀਆਂ ਕਮਜ਼ੋਰੀਆਂ ਵਾਰਿਸ ਪੰਜਾਬ ਪਾਰਟੀ ਦੀ ਤਾਕਤ ਨੂੰ  ਵਧਾ ਰਹੀਆਂ ਹਨ, ਸ਼ਾਇਦ ਇਸੇ ਲਈ ਅਕਾਲੀ ਦਲ ਖੁੱਲ੍ਹ ਕੇ ਇਸ ਪਾਰਟੀ ਦੇ ਵਿਰੋਧ ਵਿਚ ਉੱਤਰ ਆਇਆ ਹੈ |
ਭਾਜਪਾ ਸਾਰੀਆਂ ਪਾਰਟੀਆਂ ਦੇ ਕਈ ਲੀਡਰਾਂ ਦੀ ਦਲਬਦਲੀ ਕਰਵਾ ਕੇ ਆਪਣੇ ਨਾਲ ਰਲਾ ਚੁੱਕੀ ਹੈ ਤੇ ਹੁਣ ਉਸ ਦੀ ਅੱਖ ਸੱਤਾਧਾਰੀ 'ਆਪ' ਦੇ ਉਨ੍ਹਾਂ ਵਿਧਾਇਕਾਂ 'ਤੇ ਹੈ, ਜਿਨ੍ਹਾਂ ਨੂੰ  ਦੁਬਾਰਾ ਪਾਰਟੀ ਟਿਕਟ ਮਿਲਣ ਦੀ ਆਸ ਨਹੀਂ ਹੈ | ਭਾਜਪਾ ਸੂਬੇ 'ਚ ਡਬਲ ਇੰਜਣ ਦੀ ਸਰਕਾਰ ਦਾ ਸਬਜ਼ਬਾਗ਼ ਵਿਖਾ ਕੇ ਚੋਣ ਮੈਦਾਨ ਵਿਚ ਉਤਰੇਗੀ, ਉਹ ਸਮਝੌਤੇ ਵਿਚ ਅਕਾਲੀਆਂ ਤੋਂ ਬਰਾਬਰ ਸੀਟਾਂ ਮੰਗੇਗੀ | ਭਾਵੇਂ ਭਾਜਪਾ ਸੂਬੇ 'ਚ ਇਕੱਲਿਆਂ 117 ਸੀਟਾਂ 'ਤੇ ਚੋਣ ਲੜਨ ਦੇ ਵਾਰ-ਵਾਰ ਦਾਅਵੇ ਵੀ ਕਰ ਰਹੀ ਹੈ | ਭਾਵੇਂ ਭਾਜਪਾ ਆਗੂ 'ਡਬਲ ਇੰਜਣ' ਦੀ ਸਰਕਾਰ ਦੇ ਨਾਅਰੇ ਲਗਾ ਰਹੇ ਹਨ, ਪਰ ਕੋਈ ਵੀ ਅਜੇ ਤੱਕ ਇਹ ਨਹੀਂ ਦੱਸ ਰਿਹਾ ਕਿ ਪੰਜਾਬ 'ਚ ਚੋਣਾਂ ਜਿੱਤ ਕੇ ਕਿਹੜਾ ਨਵਾਂ ਵਿਕਾਸ ਮਾਡਲ ਅਪਣਾਇਆ ਜਾਵੇਗਾ | ਪੰਜਾਬ ਲਈ ਕਿਸੇ ਵੀ ਨਵੇਂ ਪ੍ਰਾਜੈਕਟ ਜਾਂ ਕਰਜ਼ ਮੁਆਫ਼ੀ ਬਾਰੇ ਵੀ ਭਾਜਪਾ ਆਗੂ ਚੁੱਪ ਹਨ | 
'ਆਪ' ਸਰਕਾਰ ਆਪਣੀਆਂ ਵਿਕਾਸ ਪ੍ਰਾਪਤੀਆਂ ਦਾ ਪ੍ਰਚਾਰ ਕਰਕੇ ਦੁਬਾਰਾ ਫ਼ਤਵਾ ਮੰਗੇਗੀ | ਕਾਂਗਰਸ ਤੇ ਅਕਾਲੀ ਕਹਿੰਦੇ ਹਨ ਕਿ ਝਾੜੂ ਦੀ ਸਰਕਾਰ ਨੇ ਕੋਈ ਵਿਕਾਸ ਨਹੀਂ ਕੀਤਾ, ਅਸੀਂ ਕਰਾਵਾਂਗੇ | ਪਰ ਪੰਜਾਬ ਨੂੰ  ਸਨਅਤੀ ਤਰੱਕੀ ਦੀ ਲੋੜ ਹੈ | ਕਾਲਜਾਂ, ਯੂਨੀਵਰਸਿਟੀਆਂ 'ਚ ਸਿਰਫ਼ 5 ਫ਼ੀਸਦੀ ਰੈਗੂਲਰ ਟੀਚਰ ਰਹਿ ਗਏ ਹਨ | ਪੰਜਾਬ 'ਚ ਵੀ ਬੰਗਾਲ, ਰਾਜਸਥਾਨ ਤੇ ਹਿਮਾਚਲ ਵਾਂਗ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਹੈ | ਠੇਕੇਦਾਰੀ ਸਿਸਟਮ ਬੰਦ ਕਰਕੇ ਸਰਕਾਰੀ ਨੌਕਰੀਆਂ ਰਾਹੀਂ  ਰੁਜ਼ਗਾਰ ਦੇਣ ਦੀ ਲੋੜ ਹੈ | ਪੰਜਾਬ 'ਚ ਗੈਂਗਸਟਰਵਾਦ, ਨਸ਼ਿਆਂ, ਕੈਂਸਰ ਤੇ ਵਿਦੇਸ਼ਾਂ ਨੂੰ  ਹਿਜਰਤ ਰੋਕਣ ਜਿਹੇ ਮੁੱਦਿਆਂ ਨੂੰ  ਲੈ ਕੇ ਸੂਬੇ 'ਚ ਰਾਜ ਕਰ ਚੁੱਕੀਆਂ ਸਭ ਪਾਰਟੀਆਂ ਦੀਆਂ ਨੀਤੀਆਂ ਨਾਕਾਮ ਤੇ ਨਿਰਾਸ਼ਾਜਨਕ ਰਹੀਆਂ ਹਨ | ਪੰਜਾਬੀ ਵੋਟਰ ਵੋਟਾਂ ਸਮੇਂ ਉਕਤ ਮੁੱਦਿਆਂ ਬਾਰੇ ਸਭ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ  ਜ਼ਰੂਰ ਯਾਦ ਰੱਖਣਗੇ |

-ਮੋਬਾਈਲ : 9417324543

ਪਿਛਲੀ ਖ਼ਬਰ ਭਾਰਤ 'ਚ ਗੰਭੀਰ ਸਮੱਸਿਆ ਬਣ ਗਈ ਹੈ ਬੇਰੁਜ਼ਗਾਰੀ ਅਗਲੀ ਖ਼ਬਰ ਮਕੜਜਾਲਾਂ ਨਾਲ ਮਨੁੱਖ ਦਾ ਵਾਸਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।