ਉਰਦੂ ਜ਼ੁਬਾਨ ਦਾ ਇਕ ਸ਼ੇਅਰ ਹੈ :-
ਬੜੋਂ ਕੋ ਦੇਖ ਕਰ ਝੁਕ ਜਾਤਾ ਹੈ ਸਰ ਅਪਨਾ,
ਅਭੀ ਤਲਕ ਕਾਇਮ ਹੈਾ ਰਵਾਇਤੇਂ ਅਪਨੀ |

ਕਦੇ ਬਜ਼ੁਰਗਾਂ ਦੇ ਮਾਣ-ਸਤਿਕਾਰ ਦੀ ਰਵਾਇਤ ਭਾਰਤੀ ਸਮਾਜ 'ਚ ਜਿਊਾਦੀ ਸੀ, ਪਰ ਹੁਣ ਇਸ ਰਵਾਇਤ ਦੀਆਂ ਅਸਥੀਆਂ ਹੀ ਸਾਡੇ ਹਿੱਸੇ ਆਈਆਂ ਹਨ | ਬਜ਼ੁਰਗ ਸਾਡੇ ਪਰਿਵਾਰਾਂ ਤੇ ਵਿਹੜਿਆਂ ਦਾ ਸ਼ਿੰਗਾਰ ਹੋਇਆ ਕਰਦੇ ਸਨ, ਉਨ੍ਹਾਂ ਦਾ ਆਪਣੇ ਪਰਿਵਾਰ ਤੇ ਆਸ-ਪਾਸ ਦੇ ਪਰਿਵਾਰਾਂ 'ਚ ਖ਼ਾਸਾ ਮਾਣ-ਸਤਿਕਾਰ ਤੇ ਖ਼ਾਸਾ ਦਬਦਬਾ ਹੋਇਆ ਕਰਦਾ ਸੀ | ਨੰੂਹਾਂ-ਧੀਆਂ ਦੇ ਸਿਰ ਵੱਡਿਆਂ ਦੀ ਹਾਜ਼ਰੀ 'ਚ ਕੱਜੇ ਰਹਿਣਾ ਬਜ਼ੁਰਗਾਂ ਦੇ ਮਾਣ-ਸਤਿਕਾਰ ਦਾ ਪ੍ਰਤੀਕ ਸੀ | ਘਰ ਦੇ ਹਰ ਛੋਟੇ-ਵੱਡੇ ਕੰਮ ਲਈ ਬਜ਼ੁਰਗਾਂ ਤੋਂ ਸਲਾਹ ਤੇ ਮਾਰਗਦਰਸ਼ਨ ਲਿਆ ਜਾਂਦਾ ਸੀ, ਪਰ ਹੁਣ ਅਖ਼ੌਤੀ ਵਿਗਿਆਨ ਤੇ ਤਕਨੀਕ ਦੇ ਯੁੱਗ ਵਿਚ ਪੂਰੀ ਤਰ੍ਹਾਂ ਪਸਰ ਚੱੁਕੇ ਪਦਾਰਥਵਾਦ ਤੇ ਸਵਾਰਥ ਕਰਕੇ ਘਰਾਂ ਤੇ ਦਿਲਾਂ 'ਚੋਂ ਬਜ਼ੁਰਗਾਂ ਲਈ ਸਤਿਕਾਰ ਘਟ ਰਿਹਾ ਹੈ ਤੇ ਕੁੱਝ ਘਰ-ਪਰਿਵਾਰਾਂ 'ਚ ਤਾਂ ਮੱੁਕ ਹੀ ਗਿਆ ਹੈ |
ਇਕ ਔਰਤ ਨੂੰ ਜਦੋਂ ਆਪਣੀ ਕੁੱਖ 'ਚ ਆਏ ਪਹਿਲੇ ਬੱਚੇ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਬਾਗੋ-ਬਾਗ ਹੋ ਜਾਂਦੀ ਹੈ, ਉਸਦੀ ਖ਼ੁਸ਼ੀ ਤੇ ਮਾਣ ਸਾਂਭਿਆ ਨਹੀਂ ਜਾਂਦਾ | ਬੱਚੇ ਨੂੰ ਜਨਮ ਦੇਣ ਦੀ ਅਕਹਿ ਤੇ ਅਸਹਿ ਪੀੜ ਉਹ ਬੜੇ ਸਬਰ ਨਾਲ ਜਰਦੀ ਹੈ ਤੇ ਬੱਚੇ ਦੇ ਜਨਮ ਪਿੱਛੋਂ ਆਪ ਗਿੱਲੇ 'ਤੇ ਪੈ ਕੇ ਉਸ ਨੂੰ ਸੁੱਕੇ 'ਤੇ ਪਾਉਂਦੀ ਹੈ | ਆਪਣੇ ਬੱਚੇ ਦੀ ਪਰਵਰਿਸ਼ ਲਈ ਉਹ ਆਪਣਾ ਖਾਣਾ-ਪੀਣਾ, ਸੌਣਾ ਤੇ ਆਰਾਮ ਕਰਨਾ ਤੱਕ ਭੱੁਲ ਜਾਂਦੀ ਹੈ | ਉਹ ਬੱਚਾ ਥੋੜ੍ਹਾ ਵੱਡਾ ਹੋ ਕੇ ਜਦੋਂ ਆਪਣੀ ਤੋਤਲੀ ਜ਼ੁਬਾਨ ਨਾਲ ਉਸ ਨੂੰ 'ਮਾਂ' ਕਹਿ ਕੇ ਪੁਕਾਰਦਾ ਹੈ ਤਾਂ ਉਹ ਖ਼ੁਸ਼ੀ 'ਚ ਖੀਵੀ ਹੋ ਉੱਠਦੀ ਹੈ | ਜਦੋਂ ਵੀ ਕਿਸੇ ਦੇ ਘਰ ਪਹਿਲੀ ਔਲਾਦ ਪੈਦਾ ਹੁੰਦੀ ਹੈ ਤਾਂ ਮਾਂ-ਬਾਪ ਬਹੁਤ ਖੁਸ਼ ਹੁੰਦੇ ਹਨ | ਉਹ ਔਲਾਦ ਤੋਂ ਅਨੇਕਾਂ ਆਸਾਂ-ਉਮੀਦਾਂ ਰੱਖ ਕੇ ਉਸ ਨੂੰ ਪੜ੍ਹਾਉਂਦੇ, ਲਿਖਾਉਂਦੇ ਤੇ ਜਵਾਨ ਕਰਦੇ ਹਨ | ਪਰ ਬਹੁਤ ਹੀ ਦੱੁਖ ਤੇ ਅਫ਼ਸੋਸ ਦੀ ਗੱਲ ਹੈ ਕਿ ਉਹ ਮਾਂ-ਬਾਪ ਜਿਨ੍ਹਾਂ ਨੇ ਆਪਣੀਆਂ ਖ਼ਾਹਿਸ਼ਾਂ ਦਾ ਗਲਾ ਘੱੁਟ ਕੇ ਅਤੇ ਦੱੁਖਾਂ ਤੇ ਮੁਸੀਬਤਾਂ ਦੀਆਂ ਧੱੁਪਾਂ ਆਪਣੇ ਸਿਰ 'ਤੇ ਸਹਾਰ ਕੇ ਆਪਣੀ ਔਲਾਦ ਨੂੰ ਹੱਥੀਂ ਛਾਵਾਂ ਕੀਤੀਆਂ ਹੁੰਦੀਆਂ ਹਨ, ਜਦੋਂ ਉਹ ਬੁਢਾਪੇ ਦੀ ਸਰਦਲ 'ਤੇ ਪੈਰ ਰੱਖਦੇ ਹਨ ਤਾਂ ਉਹ ਬੱਚਿਆਂ ਨੂੰ ਬੋਝ ਲੱਗਣ ਲੱਗਦੇ ਹਨ |
ਉਨ੍ਹਾਂ ਦੇ ਧੀਆਂ-ਪੱੁਤਾਂ ਨੂੰ ਆਪਣੇ ਬੱਚਿਆਂ ਤੇ ਆਪਣੇ ਜੀਵਨ ਸਾਥੀਆਂ ਦੀਆਂ ਵੱਡੀਆਂ-ਛੋਟੀਆਂ ਸਭ ਖ਼ਾਹਿਸ਼ਾਂ ਤੇ ਲੋੜਾਂ ਦਾ ਤਾਂ ਖ਼ਿਆਲ ਰਹਿੰਦਾ ਹੈ ਪਰ ਆਪਣੇ ਬੱੁਢੇ ਮਾਪਿਆਂ ਦੀਆਂ ਜ਼ਰੂਰਤਾਂ ਵਾਧੂ ਜਿਹੀਆਂ ਲੱਗਦੀਆਂ ਹਨ | ਉਨ੍ਹਾਂ ਦੇ ਖਾਣ-ਪੀਣ ਤੇ ਦਵਾ-ਦਾਰੂ 'ਤੇ ਖ਼ਰਚ ਕਰਨਾ ਔਲਾਦ ਨੂੰ ਬੜਾ ਔਖਾ ਲੱਗਦਾ ਹੈ | ਵੱਡਾ ਸਵਾਲ ਹੈ ਕਿ ਅਸੀਂ ਆਖ਼ਰ ਬਜ਼ੁਰਗਾਂ ਨੂੰ ਆਪਣੇ ਨਾਲ ਕਿਉਂ ਨਹੀਂ ਰੱਖਣਾ ਚਾਹੁੰਦੇ? ਉਨ੍ਹਾਂ ਦੀਆਂ ਜ਼ਰੂਰਤਾਂ ਤਾਂ ਬਸ ਦੋ ਵਕਤ ਦੀ ਰੋਟੀ, ਕੱਪੜਾ ਤੇ ਸਿਰ 'ਤੇ ਛੱਤ ਆਦਿ ਹੀ ਹੁੰਦੀਆਂ ਹਨ | ਕੀ ਅਸੀਂ ਐਨੇ ਨਾਲਾਇਕ ਤੇ ਖ਼ੁਦਗ਼ਰਜ਼ ਹਾਂ ਕਿ ਉਨ੍ਹਾਂ ਦੇ ਸਾਡੇ ਪ੍ਰਤੀ ਪਿਆਰ ਤੇ ਬਲਿਦਾਨਾਂ ਦੇ ਬਦਲੇ 'ਚ ਅਸੀਂ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਦੇ ਸਕਦੇ? ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਮਾਂ ਤਾਂ 4-4 ਪੱੁਤ ਪਾਲ ਲੈਂਦੀ ਹੈ ਪਰ 4-4 ਪੱੁਤ ਇਕ ਬੱੁਢੇ ਮਾਂ-ਬਾਪ ਦੇ ਬੁਢਾਪੇ ਦਾ ਆਸਰਾ ਨਹੀਂ ਬਣ ਸਕਦੇ | ਮਾਂ-ਬਾਪ ਨੂੰ ਇਕ ਮਹੀਨਾ ਕਿਸੇ ਨੂੰ ਹ ਦੇ ਘਰ ਤੇ ਦੂਜਾ ਮਹੀਨਾ ਕਿਸੇ ਦੂਜੀ ਨੂੰ ਹ ਦੇ ਘਰ ਰੋਟੀ ਖਾਣ ਲਈ ਹਿੱਸਿਆਂ 'ਚ ਵੰਡ ਦਿੱਤਾ ਜਾਂਦਾ ਹੈ | ਇਹ ਵਤੀਰਾ ਬੜਾ ਹੀ ਕਸ਼ਟਦਾਇਕ ਤੇ ਅਣਮਨੱੁਖੀ ਹੈ | ਇਹ ਫ਼ੈਸਲਾ ਮਾਪਿਆਂ ਦੇ ਹੱਥ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੰਨਾ ਚਿਰ ਤੇ ਕਿਸ ਪੱੁਤਰ ਜਾਂ ਧੀ ਦੇ ਕੋਲ ਰਹਿਣਾ ਹੈ |
ਬਿਰਧ ਘਰਾਂ ਜਾਂ ਬਿਰਧ ਆਸ਼ਰਮਾਂ ਦੀ ਪਿਰਤ ਇਕ ਬਹੁਤ ਵੱਡੀ ਸਮਾਜਿਕ ਬੁਰਾਈ ਹੈ | ਬਜ਼ੁਰਗਾਂ ਲਈ ਬਿਰਧ ਘਰ ਨਹੀਂ, ਸਗੋਂ ਉਨ੍ਹਾਂ ਦੇ ਆਪਣੇ ਘਰਾਂ 'ਚ ਥਾਂ ਬਣਨੀ ਚਾਹੀਦੀ ਹੈ | ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਅਜੋਕੀ ਪੀੜ੍ਹੀ ਉਨ੍ਹਾਂ ਦੇ ਪੋਤਰਿਆਂ-ਦੋਹਤਿਆਂ ਨੂੰ ਜਾਗਰੂਕ ਤੇ ਯਤਨਸ਼ੀਲ ਹੋਣਾ ਪਏਗਾ | ਸਾਨੂੰ ਸਮਝਣਾ ਪਏਗਾ ਕਿ ਬਜ਼ੁਰਗ ਸਾਡੀ ਅਨਮੋਲ ਵਿਰਾਸਤ ਤੇ ਵਡਮੱੁਲਾ ਸਰਮਾਇਆ ਹਨ | ਉਨ੍ਹਾਂ ਕੋਲ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੇ ਤਜਰਬੇ ਦੀ ਅਜਿਹੀ ਅਨਮੋਲ ਪੰੂਜੀ ਹੁੰਦੀ ਹੈ, ਜੋ ਹਜ਼ਾਰਾਂ ਕਿਤਾਬਾਂ ਪੜ੍ਹ ਕੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਦੀ ਦੇਖਭਾਲ ਤੇ ਮਾਣ-ਸਨਮਾਨ ਕਰਨਾ ਸਾਡਾ ਫ਼ਰਜ਼ ਹੈ, ਅਹਿਸਾਨ ਨਹੀਂ ਹੈ | ਸਾਡੇ ਧਰਮ ਗ੍ਰੰਥਾਂ ਤੇ ਵੇਦਾਂ-ਸ਼ਾਸਤਰਾਂ 'ਚ ਵਡੇਰਿਆਂ ਨੂੰ ਪੂਜਣ ਲਈ ਕਿਹਾ ਗਿਆ ਹੈ, ਪਰ ਦੁੱਖ ਦੀ ਗੱਲ ਹੈ ਕਿ ਗ੍ਰੰਥਾਂ ਨੂੰ ਤਾਂ ਮੱਥੇ ਟੇਕੇ ਜਾਂਦੇ ਹਨ ਪਰ ਪੂਜਣਯੋਗ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ | ਜਦੋਂ ਤੱਕ ਬਜ਼ੁਰਗਾਂ ਤੋਂ ਕੋਈ ਵਿੱਤੀ ਫ਼ਾਇਦਾ ਮਿਲਦਾ ਹੈ, ਉਨ੍ਹਾਂ ਨੂੰ 'ਮਾਂ ਜੀ- ਬਾਊ ਜੀ' ਕਹਿ ਕੇ ਪੁਕਾਰਿਆ ਜਾਂਦਾ ਹੈ, ਪਰ ਜ਼ਮੀਨ-ਜਾਇਦਾਦ ਦੀ ਵੰਡ ਹੁੰਦਿਆਂ ਸਾਰ ਹੀ ਔਲਾਦ ਦੀਆਂ ਅੱਖਾਂ ਹੋਰ ਹੋ ਜਾਂਦੀਆਂ ਹਨ | ਜਦੋਂ ਔਲਾਦ ਨੂੰ ਮਾਂ-ਬਾਪ ਦੀ ਲੋੜ ਮੱੁਕ ਜਾਂਦੀ ਹੈ ਤਾਂ ਬੱੁਢੇ ਮਾਪਿਆਂ ਨੂੰ ਪੈਸੇ-ਪੈਸੇ ਲਈ ਮੁਥਾਜ ਬਣਾ ਦਿੱਤਾ ਜਾਂਦਾ ਹੈ | ਇਹ ਤਰੀਕਾ ਬੜਾ ਹੀ ਸ਼ਰਮਨਾਕ ਤੇ ਨਿੰਦਣਯੋਗ ਹੈੇ |
ਨਵੀਂ ਪੀੜ੍ਹੀ ਨੂੰ ਬਜ਼ੁਰਗਾਂ ਪ੍ਰਤੀ ਅਜਿਹੇ ਵਿਵਹਾਰ ਤੇ ਅਨਾਦਰ ਦਾ ਵਿਰੋਧ ਕਰਕੇ ਉਨ੍ਹਾਂ ਤੋਂ ਮਾਰਗਦਰਸ਼ਨ ਤੇ ਆਸ਼ੀਰਵਾਦ ਲੈਣਾ ਚਾਹੀਦਾ ਹੈ | ਬਜ਼ੁਰਗਾਂ ਪ੍ਰਤੀ ਸਾਡੀ ਸੋਚ ਤੇ ਵਿਹਾਰ 'ਚ ਵੱਡੀ ਤਬਦੀਲੀ ਦੀ ਸਖ਼ਤ ਲੋੜ ਹੈ | ਬਜ਼ੁਰਗਾਂ ਦੀ ਦੇਖਭਾਲ ਲਈ ਸਰਕਾਰ ਆਪਣੀ ਭੂਮਿਕਾ ਅਦਾ ਕਰੇ ਜਾਂ ਨਾ ਕਰੇ, ਪਰ ਔਲਾਦ ਨੂੰ ਆਪਣੇ ਫ਼ਰਜ਼ ਜ਼ਰੂਰ ਪਛਾਨਣੇ ਚਾਹੀਦੇ ਹਨ | ਆਪਣੇ ਬਜ਼ੁਰਗਾਂ ਦੀਆਂ ਲੋੜਾਂ ਵੱਲ ਧਿਆਨ ਦੇਣਾ ਔਲਾਦ ਦਾ ਇਖ਼ਲਾਕੀ ਫ਼ਰਜ਼ ਤੇ ਸਮਾਜਿਕ ਕਰਤੱਵ ਹੈ | ਬੱਚਿਆਂ ਦੇ ਜਿਊਾਦੇ ਜੀਅ ਮਾਪੇ ਬੁਢਾਪਾ ਪੈਨਸ਼ਨ ਸਹਾਰੇ ਜਾਂ ਬਿਰਧ ਆਸ਼ਰਮਾਂ ਵਿਚ ਰਹਿਣ, ਇਸ ਤੋਂ ਵੱਡੀ ਸ਼ਰਮ ਦੀ ਗੱਲ ਸਮਾਜ ਲਈ ਹੋਰ ਕੀ ਹੋ ਸਕਦੀ ਹੈ? ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਔਲਾਦ ਜਾਂ ਆਉਣ ਵਾਲੀ ਪੀੜ੍ਹੀ ਸਾਡਾ ਖ਼ਿਆਲ ਰੱਖੇ, ਸਾਡੀ ਸੇਵਾ ਤੇ ਸਤਿਕਾਰ ਕਰੇ ਤਾਂ ਸਾਨੂੰ ਵੀ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ | ਆਓ, ਆਪਣੀ ਸੋਚ ਤੇ ਵਿਹਾਰ ਨੂੰ ਬਦਲੀਏ ਤੇ ਬਿਰਧ ਘਰ ਨਹੀਂ, ਸਗੋਂ ਬਿਰਧਾਂ ਲਈ ਘਰ 'ਚ ਥਾਂ ਬਣਾਈਏ |
-410, ਚੰਦਰ ਨਗਰ, ਬਟਾਲਾ |
ਮੋਬਾਈਲ : 97816-46008