ਘਰੋਂ ਬੇਘਰ ਹੋਣ ਦੇ, ਦਰਦ ਦੇ ਅਹਿਸਾਸ ਨਾਲ ਹੀ ਹਰ ਕਿਸੇ ਦੀ ਅੱਖਾਂ ਦੇ ਕੋਰ ਭਿੱਜ ਜਾਂਦੇ ਹਨ, ਪਰ ਉਨ੍ਹਾਂ ਚੁੱਪ ਚੁਪੀਤੀਆਂ ਕਿਤਾਬਾਂ ਦਾ ਕੀ ਕਹੀਏ, ਜਿਨ੍ਹਾਂ ਕੋਲ ਹੋਰਨਾਂ ਨੂੰ ਗਿਆਨ ਦੇਣ ਦੇ ਸੋਮੇ ਤਾਂ ਹਨ, ਪਰ ਆਪਣਾ ਘਰ ਖੋਹੇ ਜਾਣ ਦੀ ਚੀਸ ਦਾ ਇਜ਼ਹਾਰ ਕਰਨ ਲਈ ਕੋਈ ਜ਼ਬਾਨ ਨਹੀਂ ਹੈ | ਇਹ ਚੀਸ ਹੈ ਦਿੱਲੀ ਦੀ 135 ਸਾਲ ਪੁਰਾਣੀ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਦੀ, ਜੋ ਕਿ ਹਾਲੇ ਤੱਕ ਸਾਢੇ ਅੱਠ ਲੱਖ 'ਤੋਂ ਵੱਧ ਕਿਤਾਬਾਂ ਦੀ ਸੁਰੱਖਿਅਤ ਪਨਾਹਗਾਰ ਹੈ ਅਤੇ ਸ਼ਾਸਤਰੀ ਭਵਨ ਸਥਿਤ, ਦੇਸ਼ ਦੀ ਦੂਜੀ ਸਭ ਤੋਂ ਵੱਡੀ ਲਾਇਬ੍ਰੇਰੀ, ਸੈਂਟਰਲ ਵਿਸਟਾ ਮੁੜਵਿਕਾਸ ਪ੍ਰਾਜੈਕਟ ਦੇ ਦਾਇਰੇ ਹੇਠ ਆਉਂਦੇ ਸ਼ਾਸਤਰੀ ਭਵਨ 'ਚ ਸਥਿਤ ਹੈ |
ਇਸ ਪ੍ਰਾਜੈਕਟ ਤਹਿਤ ਸ਼ਾਸਤਰੀ ਭਵਨ ਨੂੰ ਢਾਇਆ ਜਾਣਾ ਤੈਅ ਹੋਇਆ ਹੈ | ਜਿਸ ਦੇ ਕਾਰਨ ਹਾਊਸਿੰਗ ਤੇ ਅਰਬਨ ਮਾਮਲਿਆਂ ਦੇ ਮੰਤਰਾਲੇ ਨੇ ਸਤੰਬਰ ਦੇ ਅਖ਼ੀਰ ਤੱਕ ਸਾਰੇ ਵਿਭਾਗਾਂ ਨੂੰ ਸ਼ਾਸਤਰੀ ਭਵਨ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਸੀ | ਕਵਾਇਦ ਹੇਠ ਹੋਰਨਾਂ ਸਰਕਾਰੀ ਦਫ਼ਤਰਾਂ ਨੂੰ ਨਵੀਆਂ ਥਾਵਾਂ 'ਤੇ ਤਬਦੀਲ ਕਰ ਦਿੱਤਾ ਗਿਆ | ਪਰ ਇਸ ਵਡਮੁੱਲੇ ਖਜ਼ਾਨੇ ਨੂੰ ਤਬਦੀਲ ਕਰਨ ਲਈ ਕੋਈ ਸਥਾਈ ਥਾਂ ਨਹੀਂ ਮਿਲ ਰਹੀ, ਜਿਸ ਕਾਰਨ ਇਨ੍ਹਾਂ ਕਿਤਾਬਾਂ ਦੀ ਹੋਂਦ, ਉਨ੍ਹਾਂ ਦੀ ਦੇਖ-ਰੇਖ ਅਤੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗੇ ਨਜ਼ਰ ਆ ਰਹੇ ਹਨ |
ਇਹ ਸਵਾਲੀਆ ਨਿਸ਼ਾਨ ਚਿੰਤਾ ਦੀਆਂ ਲਕੀਰਾਂ ਨੂੰ ਉਸ ਵੇਲੇ ਹੋਰ ਡੂੰਘੀਆਂ ਕਰ ਦਿੰਦੇ ਹਨ, ਜਦੋਂ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਦੇ ਹੀ ਖੇਤਰੀ ਭਾਸ਼ਾਵਾਂ ਦੇ ਸੈਕਸ਼ਨ, ਜਿਸ ਨੂੰ ਤੁਲਸੀ ਸਦਨ ਲਾਇਬ੍ਰੇਰੀ ਕਿਹਾ ਜਾਂਦਾ ਹੈ, ਦੇ ਨਾਲ ਪਿਛਲੇ ਡੇਢ ਦਹਾਕੇ ਤੋਂ ਚੱਲਿਆ ਆ ਰਿਹਾ ਵਿਤਕਰੇ ਵਾਲਾ ਵਤੀਰਾ ਹੁਣ ਵੀ ਜਾਰੀ ਹੈ | ਇਹ ਸੈਕਸ਼ਨ ਭਾਵ ਤੁਲਸੀ ਸਦਨ ਲਾਇਬ੍ਰੇਰੀ ਮੁੱਖ ਲਾਇਬ੍ਰੇਰੀ ਦਾ ਹੀ ਹਿੱਸਾ ਹੈ, ਜੋ ਕਿ ਮੁੱਖ ਲਾਇਬ੍ਰੇਰੀ ਦੀ ਤਰ੍ਹਾਂ ਹੀ ਸੱਭਿਆਚਾਰਕ ਮੰਤਰਾਲੇ ਅਧੀਨ ਆਉਂਦਾ ਹੈ | ਤੁਲਸੀ ਸਦਨ ਲਾਇਬ੍ਰੇਰੀ 'ਚ ਪੰਜਾਬੀ ਸਮੇਤ ਹੋਰ 14 ਭਾਸ਼ਾਵਾਂ-ਜਿਨ੍ਹਾਂ 'ਚ ਅਸਮੀ, ਬੰਗਲਾ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਮਲਿਆਲਮ, ਮਰਾਠੀ, ਉੜੀਆ, ਸੰਸਕ੍ਰਿਤ, ਤੇਲਗੂ ਅਤੇ ਉਰਦੂ ਸ਼ਾਮਿਲ ਹੈ-ਦੀਆਂ 2 ਲੱਖ ਤੋਂ ਵੱਧ ਕਿਤਾਬਾਂ ਸ਼ਾਮਿਲ ਹਨ | ਇਨ੍ਹਾਂ ਭਾਸ਼ਾਵਾਂ ਦੀ ਵਿਰਾਸਤ ਸਾਂਭੀ ਬੈਠੀਆਂ ਦੋ ਲੱਖ ਤੋਂ ਵੱਧ ਇਹ ਕਿਤਾਬਾਂ ਪਿਛਲੇ 15 ਸਾਲ ਤੋਂ ਡੱਬਿਆਂ 'ਚ ਬੰਦ ਹਨ |
ਤੁਲਸੀ ਸਦਨ ਲਾਇਬ੍ਰੇਰੀ ਨੂੰ ਦਿੱਲੀ ਮੈਟਰੋ ਦੇ ਮੰਡੀ ਹਾਊਸ ਸਟੇਸ਼ਨ ਦੀ ਉਸਾਰੀ ਲਈ ਉੱਥੋਂ ਹਟਾਇਆ ਗਿਆ ਸੀ | ਖੇਤਰੀ ਭਾਸ਼ਾਵਾਂ ਦਾ ਇਹ ਸੈਕਸ਼ਨ 1972 ਨੂੰ ਰਾਮਚਰਿਤ ਮਾਨਸ ਦੇ 400 ਸਾਲ ਮੁਕੰਮਲ ਹੋਣ 'ਤੇ ਹੋਂਦ 'ਚ ਆਇਆ ਸੀ ਅਤੇ ਇਸ ਨੂੰ ਭਗਵਾਨ ਦਾਸ ਰੋਡ 'ਤੇ ਸਥਿਤ ਬਹਾਵਲਪੁਰੀ ਹਾਊਸ ਦੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਅਹਾਤੇ 'ਚ ਥਾਂਅ ਦਿੱਤੀ ਗਈ ਸੀ |
ਦਿੱਲੀ ਦਾ ਮੰਡੀ ਹਾਊਸ ਮੈਟਰੋ ਸਟੇਸ਼ਨ ਬਣਨ ਤੋਂ ਬਾਅਦ ਤੁਲਸੀ ਸਦਨ ਲਾਇਬ੍ਰੇਰੀ ਦਾ ਪਤਾ ਵੀ ਬਦਲ ਗਿਆ ਅਤੇ 2011 'ਚ ਲਾਇਬ੍ਰੇਰੀ ਬੰਦ ਹੋ ਗਈ ਅਤੇ ਵਿਰਾਸਤ ਦਾ ਬੋਝ ਢੋਣ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਬੰਦ ਡੱਬਿਆਂ ਦੇ ਹਿੱਸੇ ਆ ਗਈ, ਜੋ ਆਰ.ਕੇ.ਪੁਰਮ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਇਕ ਕਮਰੇ 'ਚ ਰੱਖੇ ਗਏ ਹਨ | ਇਕ ਅਖ਼ਬਾਰ ਦੇ ਖੁਲਾਸੇ ਮੁਤਾਬਿਕ ਇਨ੍ਹਾਂ ਬੰਦ ਡੱਬਿਆਂ 'ਤੇ ਅਜੇ ਵੀ ਸਾਮਾਨ ਇਕ ਥਾਂਅ ਤੋਂ ਦੂਜੀ ਥਾਂ 'ਤੇ ਲੈ ਜਾਣ ਵਾਲੀ ਕੰਪਨੀ ਦਾ ਲੋਗੋ ਲੱਗਿਆ ਹੋਇਆ ਹੈ | ਉਸ ਕਮਰੇ (ਜਿੱਥੇ ਖੇਤਰੀ ਭਾਸ਼ਾਵਾਂ ਦੀਆਂ ਕਿਤਾਬਾਂ ਰੱਖੀਆਂ ਗਈਆਂ ਹਨ) ਤੱਕ ਪਹੁੰਚ ਲਈ ਵੀ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਿਟੀ ਦੀ ਇਜਾਜ਼ਤ ਦੀ ਲੋੜ ਪੈਂਦੀ ਹੈ |
ਤਕਰੀਬਨ 15 ਸਾਲ ਤੋਂ ਡੱਬਿਆਂ 'ਚ ਬੰਦ ਕਿਤਾਬਾਂ ਅਤੇ ਤੁਲਸੀ ਸਦਨ ਲਾਇਬ੍ਰੇਰੀ ਦੀ ਸਥਿਤੀ ਬਾਰੇ ਜਵਾਬਦੇਹੀ ਦੇ ਨਾਂਅ 'ਤੇ ਸੱਭਿਆਚਾਰਕ ਮੰਤਰਾਲੇ ਵੱਲੋਂ ਵੱਖ-ਵੱਖ ਸਾਲਾਂ 'ਚ ਵੱਖ-ਵੱਖ ਬਿਆਨ ਦਿੱਤੇ ਗਏ | ਮੰਤਰਾਲੇ ਦੀ 2011-12 ਦੀ ਸਾਲਾਨਾ ਰਿਪੋਰਟ 'ਚ ਕਿਹਾ ਗਿਆ ਕਿ ਮੰਡੀ ਹਾਊਸ 'ਚ ਨਵੇਂ ਮੈਟਰੋ ਸਟੇਸ਼ਨ ਦੀ ਉਸਾਰੀ ਲਈ ਲਾਇਬ੍ਰੇਰੀ ਨੂੰ ਆਰਜ਼ੀ ਤੌਰ 'ਤੇ ਅਗਸਤ, 2011 ਤੋਂ ਬੰਦ ਕੀਤਾ ਗਿਆ | 2014-15 ਦੀ ਸਾਲਾਨਾ ਰਿਪੋਰਟ 'ਚ ਬਦਲੇ ਹੋਏ ਅਲਫ਼ਾਜ਼ਾਂ 'ਚ ਕਿਹਾ ਗਿਆ ਕਿ ਮੰਡੀ ਹਾਊਸ ਦੇ ਮੈਟਰੋ ਸਟੇਸ਼ਨ ਦੀ ਉਸਾਰੀ ਮੁਕੰਮਲ ਹੋ ਗਈ ਹੈ, ਪਰ ਇਮਾਰਤ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ | 2015-16 'ਚ ਹਾਲਾਤ ਬਾਰੇ ਦੱਸਦਿਆਂ ਮੰਤਰਾਲੇ ਨੇ ਕਿਹਾ ਕਿ ਲਾਇਬ੍ਰੇਰੀ ਛੇਤੀ ਹੀ ਖੋਲ੍ਹੀ ਜਾਏਗੀ, ਕਿਉਂਕਿ ਨੈਸ਼ਨਲ ਸਕੂਲ ਆਫ਼ ਡਰਾਮਾ ਉਸੇ ਅਹਾਤੇ 'ਚ ਨਵੀਂ ਇਮਾਰਤ ਦੀ ਉਸਾਰੀ ਕਰ ਰਿਹਾ ਹੈ | ਪਰ ਖੇਤਰੀ ਵਿਰਾਸਤ 'ਤੇ ਇਕ ਜ਼ੋਰਦਾਰ ਸੱਟ 2022-23 ਨੂੰ ਉਸ ਵੇਲੇ ਲੱਗੀ ਜਦੋਂ ਮੰਤਰਾਲੇ ਦੀ ਸਾਲਾਨਾ ਰਿਪੋਰਟ 'ਚ ਇਹ ਕਿਹਾ ਗਿਆ ਕਿ ਦਿੱਲੀ ਮੈਟਰੋ ਦੀ ਉਸਾਰੀ ਹੋਣ ਕਾਰਨ ਲਾਇਬ੍ਰੇਰੀ ਦਾ ਇਹ ਹਿੱਸਾ ਸਾਲ 2010 ਤੋਂ ਬੰਦ ਹੀ ਹੈ | ਇਸ ਨਾਲ ਉਮੀਦਾਂ ਦੀ ਰਾਹ ਵੇਖਦਾ ਕਿਤਾਬਾਂ ਦਾ ਇਹ ਜ਼ਖ਼ੀਰਾ ਡੱਬਿਆਂ ਵਿਚ ਹੀ ਬੰਦ ਹੋ ਕੇ ਰਹਿ ਗਿਆ ਹੈ |

ਸੱਭਿਆਚਾਰਕ ਵਿਭਾਗ ਦੀਆਂ ਸਾਲਾਨਾ ਰਿਪੋਰਟਾਂ ਨੇ ਕਿਤਾਬਾਂ ਦੀ ਮੌਜੂਦਗੀ ਬਣਾਏ ਰੱਖੀ, ਪਰ ਗਿਆਨ ਦੇ ਸੋਮੇ ਨੂੰ ਚਾਨਣ ਨਸੀਬ ਨਹੀਂ ਹੋਇਆ | ਲੋਕ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਨਹੀਂ ਸਕਦੇ, ਭਾਵੇਂ ਤਕਨੀਕੀ ਤੌਰ 'ਤੇ ਇਹ ਕਿਤਾਬਾਂ ਅੱਜ ਵੀ ਲਾਇਬ੍ਰੇਰੀ ਦਾ ਹਿੱਸਾ ਹਨ |
ਹਾਸਿਲ ਜਾਣਕਾਰੀ ਮੁਤਾਬਿਕ 25 ਦਸੰਬਰ, 2023 ਨੂੰ ਅਸਮੀ ਅਤੇ ਕੰਨੜ ਭਾਸ਼ਾ ਦੇ ਇਕ ਸੈਕਸ਼ਨ ਨੂੰ ਮੁੜ ਤੋਂ ਖੋਲਿ੍ਹਆ ਗਿਆ ਸੀ | ਕਿਤਾਬਾਂ ਦੇ ਇਕ ਹਿੱਸੇ ਨੂੰ ਮੁੜ ਉਸ ਵੇਲੇ ਬਾਹਰ ਕੱਢਿਆ ਗਿਆ ਸੀ, ਜਦੋਂ ਸੱਭਿਆਚਾਰ ਬਾਰੇ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਇਸ ਸੈਕਸ਼ਨ ਦਾ ਉਦਘਾਟਨ ਕੀਤਾ ਸੀ | ਇੰਝ ਹੀ 11 ਮਾਰਚ, 2025 ਨੂੰ ਸ਼ਾਸਤਰੀ ਭਵਨ ਸਥਿਤ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਵਿਖੇ ਹਿੰਦੀ ਸੈਕਸ਼ਨ ਨੂੰ ਅੰਸ਼ਿਕ ਤੌਰ 'ਤੇ ਖੋਲਿ੍ਹਆ ਗਿਆ ਸੀ | ਸਾਲਾਂ ਦੇ ਵਕਫ਼ੇ ਤੋਂ ਬਾਅਦ ਚੁੱਕੇ ਗਏ ਇਨ੍ਹਾਂ ਕਦਮਾਂ ਨੇ ਇਕ ਆਸ ਬਨ੍ਹਾਈ ਸੀ ਕਿ ਕਿਤਾਬਾਂ ਦੇ ਖਜ਼ਾਨੇ ਨੂੰ ਪੂਰੀ ਤਰ੍ਹਾਂ ਵਿਸਾਰਿਆ ਨਹੀਂ ਗਿਆ, ਪਰ ਖੇਤਰੀ ਭਾਸ਼ਾਵਾਂ ਦੀਆਂ ਕਿਤਾਬਾਂ ਹਾਲੇ ਵੀ 'ਅੰਸ਼ਕ' ਤੋਂ 'ਪੂਰਨ' ਮੁੜ ਬਹਾਲੀ ਅਤੇ ਸਥਾਈ ਪਤੇ ਤੱਕ ਨਹੀਂ ਪਹੁੰਚ ਸਕੀਆਂ | ਡੱਬਿਆਂ 'ਚ ਹਾਲੇ ਵੀ ਬੰਦ ਕਿਤਾਬਾਂ ਇਕ ਇਮਾਰਤ ਦੇ ਖੁੰਝਣ ਦਾ ਵਿਰਲਾਪ ਹੀ ਨਹੀਂ ਕਰ ਰਹੀਆਂ, ਸਗੋਂ ਇਹ ਵਿਰਲਾਪ ਕੁਝ ਭਾਸ਼ਾਵਾਂ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣ ਦਾ ਵਧੇਰੇ ਹੈ |
ਪਹਿਲਾਂ ਇਨ੍ਹਾਂ ਤੁਲਸੀ ਸਦਨ ਦੀਆਂ ਕਿਤਾਬਾਂ ਨੂੰ ਦਿੱਲੀ ਮੈਟਰੋ ਸਟੇਸ਼ਨ ਦੀ ਉਸਾਰੀ ਕਾਰਨ ਪੇਟੀਆਂ 'ਚ ਬੰਦ ਰੱਖਿਆ ਗਿਆ, ਹੁਣ ਇਨ੍ਹਾਂ ਕਿਤਾਬਾਂ ਸਮੇਤ ਪੂਰੀ ਸੈਂਟਰਲ ਲਾਇਬ੍ਰੇਰੀ ਨੂੰ ਦੂਜੇ ਉਜਾੜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੈਂਟਰਲ ਸਕੱਤਰੇਤ ਲਾਇਬ੍ਰੇਰੀ ਸ਼ਾਸਤਰੀ ਭਵਨ ਵਿਚ ਚਾਰ ਮੰਜ਼ਿਲਾਂ 'ਤੇ ਫੈਲੀ ਹੋਈ ਹੈ | 5500 ਵਰਗ ਮੀਟਰ ਦੇ ਰਕਬੇ 'ਚ ਫੈਲੀ ਇਮਾਰਤ 'ਚ ਸਾਢੇ ਅੱਠ ਲੱਖ ਤੋਂ ਵੱਧ ਕਿਤਾਬਾਂ ਹਨ | ਅੰਗਰੇਜ਼ੀ ਰਾਜ ਤੋਂ ਲੈ ਕੇ ਹੁਣ ਤੱਕ ਦੇ ਆਜ਼ਾਦ ਭਾਰਤ ਦੇ ਸਰਕਾਰੀ ਕੰਮਕਾਜ ਅਤੇ ਇਤਿਹਾਸ ਦੇ ਦੁਰਲੱਭ ਦਸਤਾਵੇਜ਼ ਇੱਥੇ ਸੁਰੱਖਿਅਤ ਰੱਖੇ ਗਏ ਹਨ | ਇੰਨੀ ਵੱਡੀ ਗਿਣਤੀ ਦੀਆਂ ਕਿਤਾਬਾਂ ਅਤੇ ਰਿਕਾਰਡ ਰੱਖਣ ਲਈ ਇੰਨੀ ਹੀ ਥਾਂ ਦੀ ਜ਼ਰੂਰਤ ਹੈ, ਪਰ ਇੰਨੀ ਥਾਂ ਦਾ ਇੰਤਜ਼ਾਮ ਨਹੀਂ ਹੋ ਰਿਹਾ |
ਹਾਸਿਲ ਜਾਣਕਾਰੀ ਮੁਤਾਬਿਕ ਰਿਹਾਇਸ਼ੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਹੇਠ ਆਉਂਦੇ ਡਾਇਰੈਕਟੋਰੇਟ ਆਫ਼ ਅਸਟੇਟ ਨੇ ਕਰਤੱਵਯ ਭਵਨ-2 'ਚ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਲਈ ਸਿਰਫ਼ 300 ਵਰਗ ਮੀਟਰ ਦੇ 2 ਕਮਰੇ ਅਲਾਟ ਕੀਤੇ ਹਨ, ਜਿਸ ਨੂੰ ਸੱਭਿਆਚਾਰ ਬਾਰੇ ਮੰਤਰਾਲੇ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਹ ਥਾਂ ਲੋੜੀਂਦੀ ਥਾਂ ਤੋਂ ਕਾਫ਼ੀ ਘੱਟ ਹੈ |
ਬਿਨਾਂ ਸ਼ੱਕ ਮੈਟਰੋ ਪ੍ਰਾਜੈਕਟ ਅਤੇ ਸੈਂਟਰਲ ਵਿਸਟਾ ਪ੍ਰਾਜੈਕਟ ਵਿਕਾਸ ਵੱਲ ਵਧਦੇ ਕਦਮਾਂ ਦੀ ਨਿਸ਼ਾਨੀ ਹਨ, ਪਰ ਤੁਲਸੀ ਸਦਨ ਲਾਇਬ੍ਰੇਰੀ ਅਤੇ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਵਿਰਾਸਤ ਨੂੰ ਕਾਇਮ ਰੱਖਣ ਦੀ ਪਰੰਪਰਾ ਨੂੰ ਜ਼ਿੰਦਾ ਰੱਖ ਰਹੀਆਂ ਹਨ | ਲਾਇਬ੍ਰੇਰੀ ਲਈ ਕੋਈ ਬਦਲਵੀਂ ਨਿਸਚਿਤ ਥਾਂ ਦਾ ਅਜੇ ਤੱਕ ਕੋਈ ਇੰਤਜ਼ਾਮ ਨਹੀਂ ਹੋ ਸਕਿਆ | ਸੱਭਿਆਚਾਰ ਮੰਤਰਾਲੇ, ਜਿਸ ਹੇਠ ਸਰਕਾਰੀ ਲਾਇਬ੍ਰੇਰੀਆਂ ਦਾ ਰੱਖ-ਰਖਾਓ ਆਉਂਦਾ ਹੈ, ਸਾਲਾਂ ਤੱਕ ਵੱਖੋ-ਵੱਖ ਬਿਆਨ ਅਤੇ ਉਮੀਦਾਂ ਬੰਨ੍ਹਾਉਣ ਤੋਂ ਬਾਅਦ ਆਖ਼ਰਕਾਰ ਬੇਵੱਸ ਨਜ਼ਰ ਆ ਰਿਹਾ ਹੈ | ਰਿਹਾਇਸ਼ੀ ਅਤੇ ਸ਼ਹਿਰੀ ਮੰਤਰਾਲਾ ਆਪਣੀਆਂ ਸਾਲਾਨਾ ਰਿਪੋਰਟਾਂ 'ਚ ਮੈਟਰੋ ਸਟੇਸ਼ਨਾਂ ਦੀਆਂ ਉਸਾਰੀਆਂ ਅਤੇ ਨਵੇਂ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਦੇ ਦਿਲਕਸ਼ ਅੰਕੜੇ ਪੇਸ਼ ਕਰਦਾ ਹੈ |
ਪਰ ਵਿਕਾਸ ਅਤੇ ਵਿਰਾਸਤ ਦੀ ਜੰਗ 'ਚ ਕਿਤਾਬਾਂ ਖ਼ਾਮੋਸ਼ ਤੇ ਨਜ਼ਰ ਅੰਦਾਜ਼ ਹਨ | ਸ਼ਾਇਦ ਉਹ ਚੁੱਪ-ਚੁਪੀਤੀਆਂ ਇਹ ਸੰਦੇਸ਼ ਦੇ ਰਹੀਆਂ ਹਨ |
'ਤੁਸੀਂ ਉੱਚੇ ਮਹਿਲ ਉਸਾਰੋ,
ਤੁਸੀਂ ਚੰਨ ਤੱਕ ਪਹੁੰਚ ਜਾਓ,
ਤੁਸੀਂ ਆਕਾਸ਼ 'ਤੇ ਵੀ ਪਰਚਮ ਲਹਿਰਾਓ
ਪਰ ਰਤਾ ਦੇਰ ਥੰਮ੍ਹ ਕੇ,
ਕੁਝ ਜਵਾਬ ਵੀ ਦਿੰਦੇ ਜਾਉ |
ਵਿਕਾਸ ਦੀਆਂ ਇਹ ਪੌੜੀਆਂ
ਜੋ ਤੁਸੀਂ ਬਣਾਈਆਂ ਹਨ
ਇਨ੍ਹਾਂ ਨੂੰ ਸਿਰਜਣ ਦੀ
ਇਹ ਅਕਲ, ਇਹ ਤੌਫ਼ੀਕ
ਤੇ ਇਹ ਸੋਝੀ
ਤੁਹਾਨੂੰ ਕਿਤਾਬਾਂ ਨੇ ਹੀ ਸਿਖਾਈ ਹੈ |'
-ਮੋਬਾਈਲ : 099101-88350
ਈਮੇਲ : upma.dagga@gmail.com