ਗਲਾਸਗੋ, 27 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਰਾਸ਼ਟਰਮੰਡਲ ਖੇਡਾਂ ’ਚ ਭਾਰਤ ਲਈ ਅੱਜ ਦਾ ਦਿਨ ਵੀ ਸ਼ਾਨਦਾਰ ਰਿਹਾ। ਭਾਰਤ ਦਾ ਸਵਾਤਿਕ ਪਾਟਿਲ ਪੈਰਾ-ਤੈਰਾਕੀ ਦੇ ਪੁਰਸ਼ਾਂ ਦੇ 100 ਮੀਟਰ ਬ੍ਰੈਸਟਸਟ੍ਰੋਕ ਐਸ.ਬੀ.9 ਵਰਗ ਦੇ ਫਾਈਨਲ ’ਚ ਪਹੁੰਚ ਗਿਆ ਹੈ। ਸਵਾਤਿਕ ਹੀਟ 2 ’ਚ 1:15.85 ਮਿੰਟ ਦੇ ਸਮੇਂ ਨਾਲ ਚੌਥੇ ਸਥਾਨ ’ਤੇ ਰਿਹਾ ਤੇ ਕੁੱਲ ਮਿਲਾ ਕੇ 6ਵਾਂ ਸਥਾਨ ਪ੍ਰਾਪਤ ਕੀਤਾ। ਸਵਾਤਿਕ ਦਾ ਆਖਰੀ ਮੁਕਾਬਲਾ ਅੱਜ ਰਾਤ 12:02 ਵਜੇ ਖੇਡਿਆ ਜਾਵੇਗਾ। ਸਵਾਤਿਕ ਕੋਲ ਤਗਮਾ ਜਿੱਤਣ ਦਾ ਸੁਨਹਿਰੀ ਮੌਕਾ ਹੈ।
ਸਾਜਨ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਫਾਈਨਲ ’ਚ : 2 ਵਾਰ ਦੇ ਓਲੰਪੀਅਨ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਨੇ ਸੋਮਵਾਰ ਨੂੰ ਰਾਸ਼ਟਰਮੰਡਲ ਖੇਡਾਂ ’ਚ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਮੁਕਾਬਲੇ ਦੇ ਫਾਈਨਲ ’ਚ ਪ੍ਰਵੇਸ਼ ਕੀਤਾ, 1 ਮਿੰਟ 58.59 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ’ਚ ਦੂਜੇ ਸਥਾਨ ’ਤੇ ਰਿਹਾ। ਸਕਾਟਲੈਂਡ ਦੇ ਡੰਕਨ ਸਕਾਟ ਨੇ 1 ਮਿੰਟ 58.29 ਸਕਿੰਟ ਦੇ ਸਮੇਂ ਨਾਲ ਮੈਦਾਨ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ।
ਲੋਕੇਸ਼ ਸੱਤਿਆਨਾਥਨ ਫਾਈਨਲ ’ਚ : ਭਾਰਤ ਦਾ ਲੋਕੇਸ਼ ਸੱਤਿਆਨਾਥਨ ਪੁਰਸ਼ਾਂ ਦੇ ਲੰਬੀ ਛਾਲ ਦੇ ਫਾਈਨਲ ’ਚ ਪਹੁੰਚ ਗਿਆ ਹੈ। ਲੋਕੇਸ਼ ਕੁਆਲੀਫਿਕੇਸ਼ਨ ’ਚ ਗਰੁੱਪ ਬੀ ਵਿੱਚ ਸੀ ਅਤੇ 7.77 ਮੀਟਰ ਦੇ ਸਭ ਤੋਂ ਵਧੀਆ ਯਤਨ ਨਾਲ ਤਗਮਾ ਦੌਰ ਲਈ ਕੁਆਲੀਫਾਈ ਕੀਤਾ। ਲੋਕੇਸ਼ ਨੇ ਆਪਣੇ ਗਰੁੱਪ ’ਚ ਚੌਥੇ ਅਤੇ ਕੁੱਲ ਮਿਲਾ ਕੇ 7ਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ।
ਸਚਿਨ ਸਿਵਾਚ ਕੁਆਰਟਰ-ਫਾਈਨਲ ’ਚ : ਸਾਬਕਾ ਵਿਸ਼ਵ ਯੁਵਾ ਚੈਂਪੀਅਨ ਸਚਿਨ ਸਿਵਾਚ ਤੇ ਉੱਭਰਦੇ ਨੌਜਵਾਨ ਮੁੱਕੇਬਾਜ਼ ਅੰਕੁਸ਼ ਨੇ ਕ੍ਰਮਵਾਰ ਪੁਰਸ਼ਾਂ ਦੇ 60 ਕਿਲੋਗ੍ਰਾਮ ਤੇ 80 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲਿਆਂ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਭਾਰਤੀ ਮੁੱਕੇਬਾਜ਼ ਸਚਿਨ ਸਿਵਾਚ ਨੇ ਇੰਗਲੈਂਡ ਦੇ ਵਿਲੀਅਮ ਹਿਊਵਿਟ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਸਚਿਨ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਰਾਊਂਡ 16 ’ਚ ਵੰਡੇ ਫੈਸਲੇ ’ਚ ਹੈਵਿਟ ਨੂੰ 4-1 ਨਾਲ ਹਰਾਇਆ। ਸਚਿਨ ਨੇ ਸ਼ੁਰੂਆਤ ਤੋਂ ਹੀ ਹੈਵਿਟ ’ਤੇ ਦਬਦਬਾ ਬਣਾਇਆ ਤੇ ਅੰਤ ’ਚ ਜਿੱਤ ਪ੍ਰਾਪਤ ਕੀਤੀ। ਜਦਕਿ ਅੰਕੁਸ਼ ਨੇ ਇੱਕਪਾਸੜ ਪ੍ਰੀ-ਕੁਆਰਟਰ ਫਾਈਨਲ ’ਚ ਸਰਬਸੰਮਤੀ ਨਾਲ ਹੋਏ ਫੈਸਲੇ ਵਿਚ ਐਂਟੀਗੁਆ ਅਤੇ ਬਾਰਬੁਡਾ ਦੇ ਯਾਨ ਜੇਲਾਨ ਨੂੰ 5-0 ਨਾਲ ਹਰਾਇਆ। ਹਰਿਆਣਾ ਦੇ 20 ਸਾਲਾ ਮੁੱਕੇਬਾਜ਼ ਨੂੰ ਵੀ ਤਗਮਾ ਪੱਕਾ ਕਰਨ ਲਈ ਸਿਰਫ਼ ਇਕ ਹੋਰ ਜਿੱਤ ਦੀ ਲੋੜ ਹੈ।
ਸਵਾਤਿਕ ਪਾਟਿਲ, ਲੋਕੇਸ਼ ਸੱਤਿਆਨਾਥਨ ਫਾਈਨਲ ’ਚ ਸਚਿਨ ਸਿਵਾਚ ਤੇ ਅੰਕੁਸ਼ ਨੇ ਕੁਆਰਟਰ-ਫਾਈਨਲ ਲਈ ਕੀਤਾ ਕੁਆਲੀਫਾਈ
ਅਜੀਤ ਡੈਸਕ
28-07-2026