ਜਲੰਧਰ, 31 ਜੁਲਾਈ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਦੀ ਥਾਂ ਕੇਸਰੀ ਰੰਗ ਦੀ ਜਰਸੀ ਲਾਗੂ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਹਾਕੀ ਇੰਡੀਆ ਦੇ ਅੰਦਰੂਨੀ ਪ੍ਰਬੰਧਨ ਤੱਕ ਪਹੁੰਚ ਗਿਆ ਹੈ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਸੰਘ ਦੇ ਅਧਿਕਾਰੀਆਂ ਤੋਂ ਲਿਖਤੀ ਸਪੱਸ਼ਟੀਕਰਨ ਮੰਗਦਿਆਂ ਸਵਾਲ ਕੀਤਾ ਹੈ ਕਿ ਰਾਸ਼ਟਰੀ ਟੀਮ ਦੀ ਪਛਾਣ ਨਾਲ ਜੁੜਿਆ ਇੰਨਾ ਮਹੱਤਵਪੂਰਨ ਫ਼ੈਸਲਾ ਉਨ੍ਹਾਂ ਤੇ ਕਾਰਜਕਾਰੀ ਬੋਰਡ ਦੀ ਪਹਿਲਾਂ ਮਨਜ਼ੂਰੀ ਤੋਂ ਬਿਨਾਂ ਕਿਵੇਂ ਲਾਗੂ ਕੀਤਾ ਗਿਆ।ਦਿਲੀਪ ਟਿਰਕੀ ਨੇ ਕਾਰਜਕਾਰੀ ਬੋਰਡ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਜਰਸੀ ਦਾ ਰੰਗ ਬਦਲਣ ਦਾ ਪ੍ਰਸਤਾਵ ਨਾ ਤਾਂ ਉਨ੍ਹਾਂ ਦੇ ਸਾਹਮਣੇ ਰੱਖਿਆ ਗਿਆ ਤੇ ਨਾ ਹੀ ਕਾਰਜਕਾਰੀ ਬੋਰਡ ਤੋਂ ਰਸਮੀ ਮਨਜ਼ੂਰੀ ਲਈ ਗਈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਲਿਖਤੀ ਰੂਪ ਵਿਚ ਦੱਸਿਆ ਜਾਵੇ ਕਿ ਇਸ ਫ਼ੈਸਲੇ ਦਾ ਆਧਾਰ ਕੀ ਸੀ, ਕਿਹੜੀ ਪ੍ਰਕਿਰਿਆ ਅਪਣਾਈ ਗਈ ਤੇ ਕਿਹੜੇ ਅਧਿਕਾਰ ਤਹਿਤ ਇਸ ਨੂੰ ਲਾਗੂ ਕੀਤਾ ਗਿਆ। ਟਿਰਕੀ ਨੇ ਇਹ ਵੀ ਕਿਹਾ ਕਿ ਓਡੀਸ਼ਾ ਸਰਕਾਰ ਵੱਲੋਂ ਵੀ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕੇਸਰੀ ਰੰਗ ਨਾਲ ਕੋਈ ਇਤਰਾਜ਼ ਨਹੀਂ, ਪਰ ਰਾਸ਼ਟਰੀ ਟੀਮ ਦੀ ਪਛਾਣ ਨਾਲ ਜੁੜੇ ਹਰ ਵੱਡੇ ਫ਼ੈਸਲੇ ਵਿੱਚ ਸੰਸਥਾ ਦੀ ਸੰਵਿਧਾਨਕ ਪ੍ਰਕਿਰਿਆ ਤੇ ਕਾਰਜਕਾਰੀ ਬੋਰਡ ਦੀ ਭੂਮਿਕਾ ਦਾ ਸਨਮਾਨ ਹੋਣਾ ਚਾਹੀਦਾ ਹੈ। ਦੂਜੇ ਪਾਸੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਕਿਹਾ ਕਿ ਜਰਸੀ ਦੇ ਰੰਗ ਵਿਚ ਤਬਦੀਲੀ ਦੇ ਫ਼ੈਸਲੇ ਪਿੱਛੇ ਕਿਸੇ ਵੀ ਤਰ੍ਹਾਂ ਦਾ ਬਾਹਰੀ ਜਾਂ ਰਾਜਨੀਤਿਕ ਦਬਾਅ ਨਹੀਂ ਸੀ।