ਲੰਡਨ, 27 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਰਲਡ ਸਿੱਖ ਪਾਰਲੀਮੈਂਟ ਨੇ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਵਿਖੇ ਨੌਜਵਾਨ ਰਣਜੀਤ ਸਿੰਘ ਨਾਲ ਪੁਲਿਸ ਮੁਕਾਬਲੇ ਨੂੰ ਝੂਠਾ ਮੁਕਾਬਲਾ ਦੱਸਦਿਆਂ ਨੌਜਵਾਨ ਨੂੰ ਮਾਰਨ ਦੀ ਨਿੰਦਾ ਕੀਤੀ ਹੈ | ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ ਇੰਗਲੈਂਡ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਮਨਬੀਰ ਸਿੰਘ ਕੈਨੇਡਾ, ਭਾਈ ਪਿ੍ਤਪਾਲ ਸਿੰਘ ਸਵਿਟਜਲੈਡ, ਭਾਈ ਜਤਿੰਦਰ ਸਿੰਘ, ਭਾਈ ਸਤਨਾਮ ਸਿੰਘ ਫਰਾਂਸ, ਹਰਜੋਤ ਸਿੰਘ ਹਾਲੈਡ ਨੇ ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿਚ ਕਿਹਾ ਕਿ ਪੰਜਾਬ ਪੁਲਿਸ ਤੇ ਮੌਜੂਦਾ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਤੇ ਸਿੱਖ ਕੌਮ ਨੂੰ ਵਿਸ਼ਵ ਪੱਧਰ 'ਤੇ ਬਦਨਾਮ ਕਰਨ ਲਈ 'ਆਈ.ਐਸ.ਆਈ' ਵਰਗੀਆਂ ਖੁਫੀਆ ਏਜੰਸੀਆਂ ਦੇ ਨਾਮ ਵਰਤ ਕੇ ਸਿੱਖ ਨੌਜਵਾਨਾਂ ਨੂੰ ਮਾਰ ਕੇ ਉਨ੍ਹਾਂ 'ਤੇ ਵਿਦੇਸ਼ੀ ਏਜੰਸੀਆਂ ਦੇ ਏਜੰਟ ਹੋਣ ਦਾ ਲੇਬਲ ਲਗਾਉਣਾ ਪੰਜਾਬ ਪੁਲਿਸ ਦੀ ਪੁਰਾਣੀ ਅਤੇ ਘਿਣਾਉਣੀ ਫਿਤਰਤ ਰਹੀ ਹੈ | ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਜੇ ਸਰਕਾਰ ਦੀਆਂ ਨਜ਼ਰਾਂ 'ਚ ਕੋਈ ਦੋਸ਼ੀ ਹੈ, ਤਾਂ ਉਸ 'ਤੇ ਅਦਾਲਤ ਵਿਚ ਮੁਕੱਦਮਾ ਚਲਾਇਆ ਜਾਵੇ | ਪਰ ਜੋ ਸਰਕਾਰਾਂ ਲੋਕਾਂ ਨੂੰ ਅਖੌਤੀ 'ਕਾਨੂੰਨ ਦੀ ਪਾਲਣਾ' ਕਰਨ ਦੇ ਉਪਦੇਸ਼ ਦਿੰਦੀਆਂ ਹਨ, ਉਹ ਸਿੱਖ ਨੌਜਵਾਨੀ ਦਾ ਘਾਣ ਕਰਨ ਲਈ ਖੁਦ ਸੰਵਿਧਾਨ ਤੇ ਕਾਨੂੰਨ ਨੂੰ ਆਪਣੇ ਬੂਟਾਂ ਹੇਠ ਮਿੱਧ ਰਹੀਆਂ ਹਨ | ਗੈਂਗਸਟਰਾਂ ਦੇ ਨਾਮ ਹੇਠ ਸਿੱਖ ਜਵਾਨੀ ਦਾ ਘਾਣ ਕਰਕੇ ਮੌਜੂਦਾ ਹਾਕਮ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ | ਵਰਲਡ ਸਿੱਖ ਪਾਰਲੀਮੈਂਟ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਣਜੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਸਰਕਾਰੀ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ |