ਖਾਲਸਾ ਸਾਜਨਾ ਦਿਵਸ ਦੇ ਸਬੰਧ 'ਚ ਲੈਸਟਰ 'ਚ ਸਜਾਇਆ ਗਿਆ ਵਿਸਾਲ ਨਗਰ ਕੀਰਤਨ
29-04-2026
ਲੈਸਟਰ (ਇੰਗਲੈਂਡ), 28 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਬੜੀ ਸ਼ਰਧਾ, ਉਤਸ਼ਾਹ ਤੇ ਚੜ੍ਹਦੀ ਕਲਾ ਦੇ ਮਾਹੌਲ ਵਿਚ ਸਜਾਇਆ ਗਿਆ | ਇਹ ਨਗਰ ਕੀਰਤਨ ਸਵੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਹੋਲੀ ਬੋਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਵਿਚ ਅਰੰਭ ਹੋਇਆ | ਅਰੰਭ ਸਮੇਂ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ ਅਤੇ ਗੁਰਬਾਣੀ ਕੀਰਤਨ ਦੀ ਮਧੁਰ ਧੁਨ ਨਾਲ ਸਾਰਾ ਮਾਹੌਲ ਰੂਹਾਨੀ ਰੰਗ ਵਿੱਚ ਰੰਗਿਆ ਗਿਆ | ਨਗਰ ਕੀਰਤਨ ਸ਼ਹਿਰ ਦੀਆਂ ਵੱਖ-ਵੱਖ ਸੜਕਾਂ, ਟਾਊਨ ਤੇ ਇਲਾਕਿਆਂ ਵਿਚੋਂ ਬੜੀ ਸ਼ਾਨ ਨਾਲ ਗੁਜ਼ਰਦਾ ਹੋਇਆ ਦੁਪਹਿਰ ਤਿੰਨ ਵਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ, ਈਸਟ ਪਾਰਕ ਰੋਡ ਵਿਖੇ ਪਹੁੰਚ ਕੇ ਸੰਪੰਨ ਹੋਇਆ | ਰਸਤੇ ਵਿਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਜੈਕਾਰਿਆਂ ਨਾਲ ਮਾਹੌਲ ਗੂੰਜਦਾ ਰਿਹਾ | ਨਗਰ ਕੀਰਤਨ ਦੌਰਾਨ ਥਾਂ-ਥਾਂ ਤੇ ਸੰਗਤਾਂ ਵੱਲੋਂ ਬੜੀ ਪ੍ਰੇਮ ਭਾਵਨਾ ਨਾਲ ਲੰਗਰਾਂ ਦੇ ਵਿਸ਼ਾਲ ਪ੍ਰਬੰਧ ਕੀਤੇ ਗਏ | ਸੇਵਾਦਾਰਾਂ ਵੱਲੋਂ ਚਾਹ, ਦੁੱਧ, ਮਿੱਠਿਆਈਆਂ, ਫਲ, ਪਕੌੜੇ ਅਤੇ ਹੋਰ ਕਈ ਕਿਸਮਾਂ ਦੇ ਪ੍ਰਸਾਦ ਦੀ ਸੇਵਾ ਕੀਤੀ ਗਈ | ਹਰ ਆਉਣ ਵਾਲੇ ਨੂੰ ਬਿਨਾ ਕਿਸੇ ਭੇਦਭਾਵ ਦੇ ਲੰਗਰ ਵਰਤਾਇਆ ਗਿਆ | ਇਸ ਮੌਕੇ ਤੇ ਗੁਰੂ ਦੀਆ ਲਾਡਲੀਆ ਫੋਜਾ ਨਿਹੰਗ ਸਿੰਘਾ ਵੱਲੋਂ ਗਤਕਾ ਦੇ ਜੌਹਰ ਵੀ ਵਿਖਾਏ ਗਏ, ਜਿਨ੍ਹਾਂ ਨੇ ਸਿੱਖ ਯੋਧਾ ਪਰੰਪਰਾ ਦੀ ਸ਼ਾਨ ਨੂੰ ਦਰਸਾਇਆ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਦੀ ਭਰਪੂਰ ਸਰਾਹਨਾ ਕੀਤੀ ਗਈ | ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਤੋਂ ਪਹੁੰਚੇ ਪੰਥ ਪ੍ਰਸਿੱਧ ਕਵੀਸ਼ਰ ਭਾਈ ਮਨਜੀਤ ਸਿੰਘ ਸੋਹੀ ਦੇ ਜਥੇ ਨੇ ਹਾਜ਼ਰੀ ਭਰੀ | ਉਨ੍ਹਾਂ ਵੱਲੋਂ ਗੁਰੂ ਸਾਹਿਬਾਨ ਦੇ ਮਹਾਨ ਇਤਿਹਾਸ ਨੂੰ ਕਵੀਸ਼ਰੀ ਰੂਪ 'ਚ ਬੜੀ ਭਾਵਨਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਤੇ ਸੰਗਤਾਂ ਨੂੰ ਰੂਹਾਨੀ ਅਨੰਦ ਨਾਲ ਨਿਹਾਲ ਕੀਤਾ ਗਿਆ | ਇਸ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਦੇਸ਼ਾਂ ਵਿਚ ਵਸਦੀਆਂ ਸੰਗਤਾਂ ਨੇ ਵੀ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਹਰ ਪਾਸੇ ਖਾਲਸਾਈ ਬਾਣੇ ਵਿੱਚ ਸਜੇ ਸਿੱਖ ਭਾਈਚਾਰੇ ਦੀ ਏਕਤਾ, ਪਿਆਰ ਅਤੇ ਭਰਾਤਰੀ ਭਾਵਨਾ ਦੀ ਸੁੰਦਰ ਝਲਕ ਦੇਖਣ ਨੂੰ ਮਿਲੀ | ਨਗਰ ਕੀਰਤਨ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਦੇ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਸਾਬਕਾ ਪ੍ਰਧਾਨ ਅਤੇ ਤੀਰ ਗਰੁੱਪ ਦੇ ਮੁੱਖ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ, ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ, ਸਟੇਜ ਸਕੱਤਰ ਮੁਖਤਿਆਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾ ਹਾਜ਼ਿਰ ਸਨ, ਨਗਰ ਕੀਰਤਨ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੇਵਾਦਾਰਾਂ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ, ਜਿਸ ਨਾਲ ਪੂਰਾ ਨਗਰ ਕੀਰਤਨ ਬੜੀ ਸ਼ਾਂਤੀ ਤੇ ਸਫਲਤਾ ਨਾਲ ਸੰਪੰਨ ਹੋਇਆ | ਇਹ ਵਿਸ਼ਾਲ ਨਗਰ ਕੀਰਤਨ ਸਿੱਖ ਕੌਮ ਦੀ ਏਕਤਾ, ਸੇਵਾ ਭਾਵਨਾ ਅਤੇ ਗੁਰੂ ਪ੍ਰਤੀ ਅਟੁੱਟ ਸ਼ਰਧਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ |