ਦੂਸਰੇ ਦਿਨ ਵੀ ਬਰਤਾਨਵੀ ਸੰਸਦ 'ਚ ਭਖਿਆ ਰਿਹਾ ਹੈਨਰੀ ਨੋਵਾਕ ਹੱਤਿਆ ਮਾਮਲਾ **ਸਾਊਥਹੈਂਪਟਨ ਥਾਣੇ ਬਾਹਰ ਪ੍ਰਦਰਸ਼ਨ, 11 ਪੁਲਿਸ ਅਧਿਕਾਰੀ ਜਖ਼ਮੀ
ਅਜੀਤ ਡੈਸਕ
04-06-2026
**ਵਿਰੋਧੀ ਧਿਰ ਨੇ ਵੀ ਕ੍ਰਿਪਾਨ 'ਤੇ ਪਾਬੰਦੀ ਦੀ ਮੰਗ ਦਾ ਕੀਤਾ ਵਿਰੋਧ
ਲੰਡਨ, 3 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਸੰਸਦ ਵਿਚ ਅੱਜ ਦੂਜੇ ਦਿਨ ਵੀ ਹੈਨਰੀ ਨੋਵਾਕ ਦੀ ਹੱਤਿਆ ਦਾ ਮਾਮਲਾ ਗੂੰਜਦਾ ਰਿਹਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਸੰਸਦ ਮੈਂਬਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਹ ਬਹਿਸ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਅਤੇ ਉਸ ਸਮੇਂ ਪੁਲਿਸ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਲੈ ਕੇ ਲਗਾਤਾਰ ਗਰਮਾਈ ਰਹੀ ਹੈ। ਰਿਫੋਰਮ ਯੂ ਕੇ ਪਾਰਟੀ ਦੇ ਨੇਤਾ ਨਾਇਜਲ ਫ਼ਰਾਜ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਵਿਚ ਕਥਿਤ 'ਟੂ-ਟੀਅਰ ਪੁਲਿਸਿੰਗ' (ਦੋਹਰੇ ਮਾਪਦੰਡਾਂ ਵਾਲੀ ਪੁਲਿਸ ਪ੍ਰਣਾਲੀ) ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਲਵਾਰ ਰਾਤ ਨੂੰ ਸਾਊਥੈਂਪਟਨ ਵਿਚ ਹੋਏ ਪ੍ਰਦਰਸ਼ਨਾਂ ਦੌਰਾਨ ਜੋ ਗੁੱਸਾ ਦੇਖਣ ਨੂੰ ਮਿਲਿਆ ਹੈ, ਜੇਕਰ ਜਨਤਾ ਦਾ ਪੁਲਿਸ ਤੋਂ ਭਰੋਸਾ ਉੱਠ ਗਿਆ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਕਿਸੇ ਵੀ ਤਰ੍ਹਾਂ ਦੀ 'ਟੂ-ਟੀਅਰ ਪੁਲਿਸਿੰਗ' ਦੇ ਹੋਣ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਨੇ ਫ਼ਰਾਜ 'ਤੇ ਇਸ ਦੁਖਾਂਤ ਦਾ ਸਿਆਸੀ ਫ਼ਾਇਦਾ ਚੁੱਕਣ ਦਾ ਦੋਸ਼ ਲਗਾਇਆ। ਸਟਾਰਮਰ ਨੇ ਕਿਹਾ ਕਿ ਹੈਨਰੀ ਦੇ ਪਰਿਵਾਰ ਨੇ ਖ਼ੁਦ ਅਪੀਲ ਕੀਤੀ ਹੈ ਕਿ ਲੋਕ ਇਸ ਮਾਮਲੇ 'ਤੇ ਉਸ ਤਰ੍ਹਾਂ ਦੀ ਪ੍ਰਤੀਕਿਰਿਆ ਨਾ ਦੇਣ ਜਿਸ ਤਰ੍ਹਾਂ ਰਿਫ਼ਾਰਮ ਯੂਕੇ ਦੇ ਆਗੂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਗੁੱਸਾ ਦਿਖਾਉਣ ਦਾ ਨਹੀਂ, ਬਲਕਿ ਸੰਜੀਦਗੀ ਨਾਲ ਕੰਮ ਕਰਨ ਦਾ ਹੈ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਕੇਮੀ ਬੈਡੇਨੋਚ ਨੇ ਕਿਹਾ ਕਿ ਨੋਵਾਕ ਦੀ ਮੌਤ ਪੂਰੇ ਦੇਸ਼ ਅਤੇ ਸਾਡੀਆਂ ਸੰਸਥਾਵਾਂ ਲਈ ਇਕ ਵੇਕ-ਅੱਪ ਕਾਲ (ਜਾਗਣ ਦਾ ਹੋਕਾ) ਹੋਣੀ ਚਾਹੀਦੀ ਹੈ। 23 ਸਾਲਾ ਵਿਕਰਮ ਦਿਗਵਾ ਨੇ ਹੈਨਰੀ ਨੋਵਾਕ ਦਾ ਕਤਲ ਕੀਤਾ ਸੀ। ਘਟਨਾ ਤੋਂ ਬਾਅਦ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਤਾਂ ਦਿਗਵਾ ਨੇ ਝੂਠਾ ਦਾਅਵਾ ਕੀਤਾ ਕਿ ਉਸ 'ਤੇ ਨਸਲੀ ਹਮਲਾ ਹੋਇਆ ਸੀ। ਪੁਲਿਸ ਨੇ ਇਸ ਝੂਠੇ ਬਿਆਨ ਦੇ ਅਧਾਰ 'ਤੇ ਜ਼ਖ਼ਮੀ ਹਾਲਤ 'ਚ ਜ਼ਮੀਨ 'ਤੇ ਪਏ ਹੈਨਰੀ ਨੋਵਾਕ ਨੂੰ ਹੀ ਹੱਥਕੜੀ ਲਗਾ ਦਿੱਤੀ ਸੀ, ਜਿਸ ਕਾਰਨ ਹੋਈ ਦੇਰੀ ਨੂੰ ਵੀ ਉਸ ਦੀ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਪੁਲਿਸ ਵਲੋਂ ਹੈਨਰੀ ਨੂੰ ਹੱਥਕੜੀ ਲਗਾਉਣ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਬੀਤੇ ਕੱਲ ਸਾਊਥਹੈਂਪਟਨ ਪੁਲਿਸ ਥਾਣੇ ਦੇ ਬਾਹਰ ਹੋਏ ਰੋਸ ਪ੍ਰਦਰਸ਼ਨ ਵਿਚ 11 ਪੁਲਿਸ ਅਧਿਕਾਰੀ ਜਖ਼ਮੀ ਹੋਏ ਹਨ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਹਿੰਸਕ ਪ੍ਰਦਰਸ਼ਨ ਦੀ ਨਿੰਦਾ ਕੀਤੀ ਹੈ।
ਹੈਨਰੀ ਨੋਵਾਕ ਮਾਮਲੇ 'ਚ ਦੋਸ਼ੀ ਵਿਕਰਮ ਦੇ ਭਰਾ ਤੇ ਪਿਤਾ 'ਤੇ ਵੀ ਮਾਮਲਾ ਦਰਜ
ਸਾਊਥਹੈਂਪਟਨ ਵਿਖੇ ਹੋਏ ਕਤਲ ਮਾਮਲੇ ਸ਼ਾਮਿਲ ਦੋਸ਼ੀ ਵਿਕਰਮ ਦਿਗਵਾ ਦੀ ਮਾਂ ਨੂੰ ਅਗਲੇ ਮਹੀਨੇ ਸਬੂਤ ਨਸ਼ਟ ਕਰਨ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਜਾਣੀ ਹੈ ਜਦ ਕਿ ਉਸ ਦੇ ਭਰਾ ਅਤੇ ਪਿਤਾ 'ਤੇ ਵੀ ਹਥਿਆਰ ਰੱਖਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਦਿਗਵਾ ਦੇ ਪਿਤਾ ਮੋਗਾ ਸਿੰਘ ਅਤੇ ਭਰਾ ਗੁਰਪ੍ਰੀਤ ਸਿੰਘ ਦਿਗਵਾ 'ਤੇ ਘਰ 'ਚ ਖ਼ਤਰਨਾਕ ਹਥਿਆਰ ਰੱਖਣ ਦੇ 6 ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ। ਰਿਪੋਰਟਾਂ ਅਨੁਸਾਰ ਦਿਗਵਾ ਦੇ ਘਰ 'ਚੋਂ 40 ਹਥਿਆਰ ਬਰਾਮਦ ਹੋਏ ਹਨ।