ਲੰਡਨ, 3 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਚੜ੍ਹਦੀ ਕਲਾ ਫ਼ਿਲਮ ਬੀਤੇ ਇਕ ਹਫਤੇ ਤੋਂ ਯੂ.ਕੇ. 'ਚ ਚੱਲ ਰਹੀ ਹੈ ਅਤੇ ਦਰਸ਼ਕਾਂ ਵਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਫਿਲਮ ਰਿਲੀਜ਼ ਹੋਣ ਤੋਂ ਬਾਅਦ ਇਸ ਦਾ ਇਕ ਵਿਸ਼ੇਸ਼ ਸ਼ੋਅ ਲੰਡਨ 'ਚ ਰੱਖਿਆ ਗਿਆ, ਜਿਸ 'ਚ ਅਦਾਕਾਰ ਐਮੀ ਵਿਰਕ ਅਤੇ ਜਰਨੈਲ ਸਿੰਘ ਖੁਦ ਸ਼ਾਮਿਲ ਹੋਏ | ਇਸ ਮੌਕੇ 'ਅਜੀਤ' ਨਾਲ ਗੱਲ ਕਰਦਿਆਂ ਐਮੀ ਵਿਰਕ ਨੇ ਕਿਹਾ ਕਿ ਇਹ ਫ਼ਿਲਮ ਜਲਦ ਹੀ ਭਾਰਤ 'ਚ ਰਿਲੀਜ਼ ਹੋ ਜਾਵੇਗੀ | ਉਨ੍ਹਾਂ ਫ਼ਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਹਾ ਕਿ ਇਸ ਫਿਲਮ ਨੂੰ ਇਕ ਵਾਰ ਜ਼ਰੂਰ ਵੇਖਣ ਕਿ ਫ਼ਿਲਮ ਵਿਚ ਹੈ ਕੀ | ਵਿਦੇਸ਼ਾਂ 'ਚ ਦਰਸ਼ਕਾਂ ਨੂੰ ਫਿਲਮ ਪਸੰਦ ਆ ਰਹੀ ਹੈ | ਸਾਬਕਾ ਐਮ.ਪੀ. ਬੀਬੀ ਬਿਮਲ ਕੌਰ ਖਾਲਸਾ ਅਤੇ ਭਾਈ ਬੇਅੰਤ ਸਿੰਘ ਦੇ ਜੀਵਨ 'ਤੇ ਆਧਾਰਿਤ ਇਸ ਫ਼ਿਲਮ ਬਾਰੇ ਦਰਸ਼ਕਾਂ ਨੇ ਕਿਹਾ ਕਿ ਫ਼ਿਲਮ ਰਾਹੀਂ ਉਨ੍ਹਾਂ ਨੂੰ ਪੰਜਾਬ ਦਾ ਪੁਰਾਣਾ ਦੌਰ ਯਾਦ ਆ ਗਿਆ, ਕਿ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਖ਼ਤਮ ਕੀਤਾ ਜਾ ਰਿਹਾ ਸੀ | ਦਰਸ਼ਕਾਂ ਨੂੰ ਰੂਪੀ ਗਿੱਲ ਦਾ ਕਿਰਦਾਰ ਬਹੁਤ ਪਸੰਦ ਆਇਆ |