ਯੂ.ਕੇ. 'ਚ 23 ਸਾਲ ਪੁਰਾਣਾ ਤਲਾਕ ਦਾ ਮੁਕੱਦਮਾ ਭਾਰਤੀ ਮੂਲ ਦੀ ਔਰਤ ਨੇ ਜਿੱਤਿਆ
ਅਜੀਤ ਡੈਸਕ
04-06-2026
ਬਾਅਦ ਵਿਚ ਵਰਸ਼ਾ ਨੂੰ ਪਤਾ ਲੱਗਾ ਕਿ ਤਲਾਕ ਦੀ ਅਸਲ ਕਾਰਵਾਈ ਦੌਰਾਨ ਉਸ ਦੇ ਸਾਬਕਾ ਪਤੀ ਨੇ ਆਪਣੀ ਅਸਲ ਦੌਲਤ ਨੂੰ ਛੁਪਾਇਆ ਸੀ ਜੋ ਕਿ ਯੂ.ਕੇ. ਦੇ ਪਰਿਵਾਰਕ ਕਾਨੂੰਨ ਦੀ ਇਕ ਗੰਭੀਰ ਉਲੰਘਣਾ ਹੈ | ਸਾਲ 2007 ਵਿਚ ਵਰਸ਼ਾ ਅਸਲ ਸਮਝੌਤੇ ਨੂੰ ਰੱਦ ਕਰਵਾਉਣ ਲਈ ਦੁਬਾਰਾ ਅਦਾਲਤ 'ਚ ਪਹੁੰਚੀ | ਇਸ ਮਾਮਲੇ ਨੇ ਸਾਲ 2011 ਵਿਚ ਇਕ ਵੱਡਾ ਮੋੜ ਲਿਆ ਜਦੋਂ ਭਦਰੇਸ਼ ਗੋਹਿਲ ਨੂੰ ਇਕ ਹੋਰ ਵੱਖਰੇ ਅਪਰਾਧਿਕ ਮਾਮਲੇ ਵਿਚ ਮਨੀ ਲਾਂਡਰਿੰਗ ਅਤੇ ਜਾਅਲਸਾਜ਼ੀ ਦਾ ਦੋਸ਼ੀ ਪਾਇਆ ਗਿਆ | ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ | ਉਸ ਦੀ ਸਜ਼ਾ ਤੋਂ ਬਾਅਦ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਦੁਨੀਆ ਭਰ ਵਿਚ ਲੁਕਾਈ ਹੋਈ ਲਗਭਗ 2 ਕਰੋੜ 80 ਲੱਖ ਪੌਂਡ (ਲਗਭਗ 300 ਕਰੋੜ ਰੁਪਏ) ਦੀ ਜਾਇਦਾਦ ਨੂੰ ਜ਼ਬਤ ਕਰ ਲਿਆ, ਜਿਸ ਨੂੰ ਜਾਂਚਕਰਤਾਵਾਂ ਨੇ ਉਸ ਦੀ ਗੁਪਤ ਦੌਲਤ ਵਜੋਂ ਪਛਾਣਿਆ ਸੀ | ਗੱਲ ਨੂੰ ਲੈ ਕੇ ਇਕ ਵੱਡੀ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਕਿ ਉਸ ਪੈਸੇ ਦਾ ਨਿਪਟਾਰਾ ਕਿਵੇਂ ਕੀਤਾ ਜਾਵੇ ਅਤੇ ਵਰਸ਼ਾ ਦੀ ਲੜਾਈ ਆਖਰਕਾਰ ਯੂਕੇ ਦੀ ਸੁਪਰੀਮ ਕੋਰਟ ਤੱਕ ਪਹੁੰਚੀ | ਇਕ ਇਤਿਹਾਸਕ ਫੈਸਲੇ ਵਿਚ ਜੱਜਾਂ ਨੇ ਸਹਿਮਤੀ ਜਤਾਈ ਕਿ ਉਹ ਆਪਣੇ 2002 ਦੇ ਅਸਲ ਤਲਾਕ ਦੇ ਸਮਝੌਤੇ ਨੂੰ ਦੁਬਾਰਾ ਖੋਲ੍ਹ ਸਕਦੀ ਹੈ ਕਿਉਂਕਿ ਇਹ ਧੋਖਾਧੜੀ ਅਤੇ ਜਾਣਕਾਰੀ ਛੁਪਾ ਕੇ ਹਾਸਲ ਕੀਤਾ ਗਿਆ ਸੀ | ਭਦਰੇਸ਼ ਨੇ ਇਹ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਕਿ ਜ਼ਬਤ ਕੀਤੇ ਗਏ ਕਰੋੜਾਂ ਰੁਪਏ ਉਸ ਦੇ ਨਹੀਂ ਸਨ ਅਤੇ ਉਨ੍ਹਾਂ ਨੂੰ ਤਲਾਕ ਦੇ ਕੇਸ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ | ਹਾਲਾਂਕਿ, ਮਿਸਟਰ ਜਸਟਿਸ ਵਿਲੀਅਮਜ਼ ਨੇ ਫੈਸਲਾ ਸੁਣਾਇਆ ਕਿ ਜਾਇਦਾਦ ਦਾ ਇਕ ਵੱਡਾ ਹਿੱਸਾ ਉਨ੍ਹਾਂ ਜਾਇਜ਼ ਕਾਰੋਬਾਰਾਂ ਤੋਂ ਆਇਆ ਸੀ ਜੋ ਵਿਆਹ ਦੇ ਦੌਰਾਨ ਖੜ੍ਹੇ ਕੀਤੇ ਗਏ ਸਨ | ਮਿਸਟਰ ਜਸਟਿਸ ਵਿਲੀਅਮਜ਼ ਨੇ ਵਰਸ਼ਾ ਨੂੰ 66 ਲੱਖ ਪੌਂਡ ਦੇਣ ਦਾ ਆਦੇਸ਼ ਦਿੱਤਾ ਅਤੇ ਭਦਰੇਸ਼ ਗੋਹਿਲ ਦੀ ਸਖ਼ਤ ਨਿੰਦਾ ਕਰਦਿਆਂ ਉਸ ਨੂੰ ਪੂਰੀ ਤਰ੍ਹਾਂ ਬੇਈਮਾਨ ਦੱਸਿਆ |