ਕੈਲਗਰੀ, 4 ਜੂਨ (ਜਸਜੀਤ ਸਿੰਘ ਧਾਮੀ)-ਅਲਬਰਟਾ ਸਰਕਾਰ ਨਵੇਂ ਤੇ ਨਵਿਆਏ ਗਏ ਕਾਰਡ ਜਾਰੀ ਕਰ ਰਹੀ ਹੈ ਜਿਸ ‘ਚ ਨਿੱਜੀ ਸਿਹਤ ਨੰਬਰ ਤੇ ਕੈਨੇਡੀਅਨ ਨਾਗਰਿਕਤਾ ਮਾਰਕਰ ਸ਼ਾਮਲ ਹੋਣਗੇ। ਇਕ ਦਸਤਾਵੇਜ਼ ਤੇ ਪਛਾਣ, ਨਿੱਜੀ ਸਿਹਤ ਨੰਬਰ ਤੇ ਨਾਗਰਿਕਤਾ ਦੀ ਜਾਣਕਾਰੀ ਨੂੰ ਜੋੜ ਕੇ, ਅਲਬਰਟਾ ਵਾਸੀਆਂ ਨੂੰ ਹੁਣ ਪ੍ਰੋਗਰਾਮਾਂ ਤੇ ਸੇਵਾਵਾਂ ਤੱਕ ਪਹੁੰਚ ਕਰਨ ਲਈ ਆਈ.ਡੀ. ਦੇ ਕਈ ਟੁਕੜੇ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਜਾਣਕਾਰੀ ਸੂਬੇ ਦੀ ਮੁੱਖ ਮੰਤਰੀ ਡੈਨੀਅਨ ਸਮਿੱਥ ਤੇ ਡੇਲ ਨੈਲੀ, ਸੇਵਾ ਮੰਤਰੀ ਅਲਬਰਟਾ ਤੇ ਰੈੱਡ ਟੇਪ ਰਿਡਕਸ਼ਨ ਨੇ ਦਿੱਤੀ। ਉਨਾਂ ਕਿਹਾ ਕਿ 2 ਜੁਲਾਈ 2026 ਤੋਂ ਡਰਾਈਵਿੰਗ ਲਾਇਸੈਂਸਾਂ ਤੇ ਆਈ.ਡੀ. ਕਾਰਡਾਂ ‘ਚ ਵਿਅਕਤੀ ਦਾ ਸਿਹਤ ਨੰਬਰ ਤੇ ਨਾਗਰਿਕਤਾ ਮਾਰਕਰ ਸ਼ਾਮਲ ਹੋਵੇਗਾ। ਨਵੇਂ ਕਾਰਡਾਂ ‘ਚ ਵਧੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਸ਼ਾਮਲ ਹਨ ਜੋ ਧੋਖਾਧੜੀ ਤੋਂ ਬਚਾਉਣ ‘ਚ ਮਦਦ ਕਰਨਗੀਆਂ। ਸਮੇਂ ਦੇ ਨਾਲ, ਇਹ ਤਬਦੀਲੀ ਕਾਗਜ਼ੀ ਅਲਬਰਟਾ ਹੈਲਥ ਕੇਅਰ ਕਾਰਡਾਂ ਦੀ ਜ਼ਰੂਰਤ ਨੂੰ ਘਟਾ ਦੇਵੇਗੀ ਤੇ ਅੰਤ ਵਿਚ ਖ਼ਤਮ ਕਰ ਦੇਵੇਗੀ। ਸੇਵਾ ਮੰਤਰੀ ਅਲਬਰਟਾ ਨੇ ਕਿਹਾ ਕਿ ਜਿਹੜੇ ਲੋਕ ਕੈਨੇਡੀਅਨ ਨਾਗਰਿਕਤਾ ਦੀ ਪੁਸ਼ਟੀ ਕਰਦੇ ਹਨ, ਉਨ੍ਹਾਂ ਦੇ ਕਾਰਡ ‘ਚ ਇਕ ਨਾਗਰਿਕਤਾ ਮਾਰਕਰ ਜੋੜਿਆ ਜਾਵੇਗਾ।