ਲੰਡਨ, 9 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖਸ ਇੰਨ ਅਕੈਡਮੀਆ ਯੂ.ਕੇ. 2026 ਸਲਾਨਾ ਖੋਜ ਵਿਦਿਆ ਕਾਨਫਰੰਸ ਵਾਰਕਿ ਯੂਨੀਵਰਸਿਟੀ ਵਿਖੇ ਹੋਈ | ਜਿਸ ਵਿਚ 25 ਖੋਜ ਪੱਤਰ ਪੇਸ਼ ਹੋਏ, ਜੋ ਕਿ ਯੂ.ਕੇ., ਯੂ. ਐੱਸ. ਏ., ਫਰਾਂਸ, ਮਲੇਸ਼ੀਆ ਅਤੇ ਭਾਰਤ ਆਦਿ ਦੇਸ਼ਾਂ ਤੋਂ ਸਨ | ਕਾਨਫਰੰਸ ਵਿੱਚ 100 ਤੋਂ ਵੱਧ ਖੋਜਾਰਥੀਆਂ, ਵਿਦਵਾਨਾਂ, ਵਿਦਿਆਰਥੀਆਂ ਅਤੇ ਮਹਿਮਾਨਾਂ ਨੇ ਹਿੱਸਾ ਲਿਆ | ਕਾਨਫਰੰਸ ਨੂੰ ਡਾ. ਕੁਲਬੀਰ ਕੌਰ ਸ਼ੇਰਗਿੱਲ ਡਾਇਰੈਕਟਰ ਵਾਰਿਕ ਯੂਨੀਵਰਸਿਟੀ, ਪ੍ਰੋ. ਦਲਜੀਤ ਸਿੰਘ ਵਿਰਕ ਓ ਬੀ ਈ, ਪ੍ਰੋ. ਡਾ. ਸੁਜਿੰਦਰ ਸਿੰਘ ਸੰਘਾ ਓ ਬੀ ਈ, ਡਾ. ਹਰਜਿੰਦਰ ਸਿੰਘ ਲਾਲੀ ਓ ਬੀ ਈ, ਡਾ. ਗੁਰਨਾਮ ਸਿੰਘ ਨੇ ਸੰਬੋਧਨ ਕੀਤਾ | ਪੇਸ਼ ਕੀਤੇ ਪਰਚਿਆਂ ਵਿੱਚ ਮੁੱਖ ਤੌਰ ਤੇ ਨਿਓਰੋਸਾਇੰਸ, ਜੈਨੇਟਿਕਸ, ਐਲਰਜ਼ੀਜ਼, ਸਿੱਖ ਨਜ਼ਰੀਏ ਤੋਂ ਸਿਹਤ, ਸਮਾਜਿਕ, ਰਾਜਸੀ, ਪਰਿਵਾਰਕ, ਸੱਭਿਆਚਾਰਕ ਅਤੇ ਭਾਈਚਾਰਕ ਮਸਲੇ ਤੇ ਮੁਸ਼ਕਿਲਾਂ, ਪੰਜਾਬ 'ਚ ਹੜ੍ਹਾਂ ਅਤੇ ਡੈਮਾਂ ਦੇ ਪ੍ਰਬੰਧਾਂ ਬਾਰੇ, ਔਰਤਾਂ ਅਤੇ ਲੜਕੀਆਂ ਨਾਲ ਹਿੰਸਾ ਤੇ ਵਿਤਕਰੇ, ਇਮਤਿਹਾਨੀ ਬੋਰਡ, ਸਕੂਲ ਅਤੇ ਪਾਠਕ੍ਰਮ ਬਾਰੇ, ਕੀਰਤਨ ਵਿਦਿਆ ਤੇ ਰੋਮਨ ਅੱਖਰਾਂ ਵਿੱਚ ਗੁਰਬਾਣੀ, ਸਿਮਰਨ, ਮਾਨਸਿਕਤਾ ਤੇ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ, ਪੰਜਾਬ ਦੀ ਵੰਡ ਤੇ ਬਟਵਾਰੇ ਤੋਂ ਉੱਭਰੇ ਸਾਕੇ ਅਤੇ ਇਹਨਾਂ ਦਾ ਅਸਰ, ਯੂ.ਕੇ. 'ਚ ਨੌਜਵਾਨ ਲੜਕੇ ਲੜਕੀਆਂ ਲਈ ਰੋਜ਼ਗਾਰ ਆਦਿ ਪੜ੍ਹੇ ਗਏ | ਡਾ: ਸੁਜਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਇਹ ਕਾਨਫਰੰਸ ਬਹੁਤ ਹੀ ਪ੍ਰਭਾਵਸ਼ਾਲੀ ਰਹੀ, ਹਮੇਸ਼ਾਂ ਹੀ ਇਸ ਸਲਾਨਾ ਕਾਨਫਰੰਸ 'ਚ ਬੁੱਧੀ ਜੀਵੀਆਂ ਵੱਲੋਂ ਵੱਖ ਵੱਖ ਵਿਸ਼ਿਆਂ 'ਤੇ ਖੋਜ ਪੱਤਰ ਪੇਸ਼ ਕੀਤੇ ਜਾਂਦੇ ਹਨ ਅਤੇ ਮੁੜ ਉਹਨਾਂ ਤੇ ਚਰਚਾ ਹੁੰਦੀ ਹੈ |