ਸਿਰਸਾ, 28 ਫਰਵਰੀ (ਭੁਪਿੰਦਰ ਪੰਨੀਵਾਲੀਆ)-ਭਾਰਤੀ ਕਿਸਾਨ ਏਕਤਾ ਬੀਕੇਈ ਹਰਿਆਣਾ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਸਰਬਧਰਮ ਬੇਅਦਬੀ ਰੋਕੋ ਕਾਨੂੰਨ ਬਣਵਾਉਣ ਲਈ ਸਮਾਣਾ (ਪੰਜਾਬ) ਵਿਚ 12 ਅਕਤੂਬਰ, 2024 ਤੋਂ ਇਕ ਟਾਵਰ ਮੋਰਚਾ ਚੱਲ ਰਿਹਾ ਹੈ | ਭਾਰਤੀ ਕਿਸਾਨ ਏਕਤਾ ਬੀ. ਕੇ. ਈ. ਨੇ ਮੋਰੀਵਾਲਾ ਪਿੰਡ 'ਚ ਇਕ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ 2 ਮਾਰਚ ਨੂੰ ਸਿਰਸਾ ਤੇ ਫਤਿਹਾਬਾਦ ਜ਼ਿਲਿ੍ਹਆਂ ਦੇ ਕਿਸਾਨਾਂ ਦਾ ਜਥਾ ਬੀ. ਕੇ. ਈ. ਦੇ ਬੈਨਰ ਹੇਠ ਸਮਾਣਾ ਟਾਵਰ ਮੋਰਚੇ ਦੇ ਸਮਰਥਨ ਵਿਚ ਜਾਵੇਗਾ | ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਕਿਸਾਨ ਏਕਤਾ ਟੀਮ ਸ਼ੁਰੂ ਤੋਂ ਹੀ ਇਸ ਮੋਰਚੇ ਨਾਲ ਜੁੜੀ ਹੋਈ ਹੈ | ਜਦੋਂ ਵੀ ਮੋਰਚੇ ਵਲੋਂ ਕੋਈ ਕਾਲ ਦਿੱਤੀ ਜਾਂਦੀ ਹੈ, ਤਾਂ ਹਰਿਆਣਾ ਤੋਂ ਵੱਡੀ ਗਿਣਤੀ 'ਚ ਲੋਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ, ਇਸ ਵਿਚ ਸ਼ਾਮਿਲ ਹੁੰਦੇ ਹਨ | ਅਮਰੀਕ ਸਿੰਘ ਬਾਜਵਾ ਨੇ ਕਿਹਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 506 ਦਿਨਾਂ ਤੋਂ 400 ਫੁੱਟ ਉੱਚੇ ਟਾਵਰ 'ਤੇ ਡਟੇ ਹੋਏ ਹਨ, ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ | ਸੰਧੂ ਨੇ ਸੰਗਤ ਨੂੰ ਅਪੀਲ ਕੀਤੀ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਸਥਾ ਰੱਖਣ ਵਾਲੇ ਸਾਰੇ ਧਰਮ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ | ਇਸ ਮੌਕੇ ਅਮਰੀਕ ਸਿੰਘ ਬਾਜਵਾ, ਸਰਦੂਲ ਸਿੰਘ ਭੱਟੀ, ਜਗਮੇਰ ਸਿੰਘ ਭੱਟੀ, ਬਾਬਾ ਤਾਰਾ ਸਿੰਘ, ਰਣਧੀਰ ਸਿੰਘ ਸੰਧੂ, ਨਿਰਮਲ ਸਿੰਘ ਭੱਟੀ, ਬਲਿਹਾਰ ਸਿੰਘ ਰੰਧਾਵਾ, ਸਾਹਿਬ ਸਿੰਘ ਭੱਟੀ, ਬਲਦੇਵ ਸਿੰਘ ਭੱਟੀ, ਗੁਰਪ੍ਰੀਤ ਸਿੰਘ ਸੁਚਾਨ ਮੌਜੂਦ ਸਨ |