ਨਾਰਾਇਣਗੜ੍ਹ, 28 ਫਰਵਰੀ (ਪੀ ਸਿੰਘ)-ਨਾਰਾਇਣਗੜ੍ਹ ਦੇ ਪਿੰਡ ਕਡਾਸਨ ਵਿਖੇ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੇ ਉਦਘਾਟਨ ਮੌਕੇ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਸਿਰਫ਼ ਇਕ ਸੰਤ ਨਹੀਂ ਸਨ, ਸਗੋਂ ਉਸ ਯੁੱਗ ਪੁਰਸ਼ ਸਨ, ਜਿਨ੍ਹਾਂ ਨੇ ਭਾਰਤ ਦੀ ਸੁੱਤੀ ਹੋਈ ਰਾਸ਼ਟਰੀ ਚੇਤਨਾ ਨੂੰ ਜਗਾਇਆ | ਉਨ੍ਹਾਂ ਦੀ ਮੂਰਤੀ ਸਿਰਫ਼ ਪੱਥਰ ਦੀ ਮੂਰਤੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸ੍ਰੋਤ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨੌਜਵਾਨ ਇਸ ਮੂਰਤੀ ਨੂੰ ਦੇਖੇਗਾ ਤਾਂ ਉਸ ਨੂੰ ਯਾਦ ਆਵੇਗਾ ਕਿ ਜ਼ਿੰਦਗੀ ਦਾ ਉਦੇਸ਼ ਸਿਰਫ਼ ਨਿੱਜੀ ਸਫਲਤਾ ਨਹੀਂ, ਸਗੋਂ ਸਮਾਜ ਤੇ ਰਾਸ਼ਟਰ ਦੀ ਸੇਵਾ ਹੈ | ਉਨ੍ਹਾਂ ਕਿਹਾ ਕਿ ਜਦੋਂ ਕੋਈ ਵੀ ਬੱਚਾ ਇਸ ਮੂਰਤੀ ਨੂੰ ਦੇਖੇਗਾ ਹੈ ਤਾਂ ਉਹ ਜ਼ਰੂਰ ਇਸ ਬਾਰੇ ਉਤਸੁਕ ਹੋਵੇਗਾ ਕਿ ਸਵਾਮੀ ਵਿਵੇਕਾਨੰਦ ਕੌਣ ਸਨ ਅਤੇ ਇਹ ਉਤਸੁਕਤਾ ਉਸ ਨੂੰ ਉਨ੍ਹਾਂ ਦੇ ਮਹਾਨ ਜੀਵਨ ਤੇ ਵਿਚਾਰਾਂ ਤੋਂ ਜਾਣੂ ਕਰਵਾਏਗੀ | ਉਨ੍ਹਾਂ ਇਸ ਨੇਕ ਕਾਰਜ ਲਈ ਸਵਾਮੀ ਵਿਵੇਕਾਨੰਦ ਉਤਥਾਨ ਸੰਮਤੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਯਤਨ ਸਮਾਜ 'ਚ ਸਕਾਰਾਤਮਕ ਚੇਤਨਾ ਫੈਲਾਉਂਦੇ ਹਨ | ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਕਡਾਸਨ 'ਚ ਵਿਕਾਸ ਕਾਰਜਾਂ ਲਈ 21 ਲੱਖ ਰੁ. ਤੇ ਸਵਾਮੀ ਵਿਵੇਕਾਨੰਦ ਉਤਥਾਨ ਸੰਮਤੀ ਨੂੰ 21 ਲੱਖ ਰੁ. ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਵਿਵੇਕਾਨੰਦ ਉਤਥਾਨ ਸੰਮਤੀ ਦੇ ਪ੍ਰਧਾਨ ਜਸਵੀਰ ਸਿੰਘ ਤੇ ਕਮੇਟੀ ਦੇ ਅਹੁਦੇਦਾਰਾਂ ਸਮੇਤ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੱਗੜੀ, ਧਾਰਮਿਕ ਗ੍ਰੰਥ ਸ੍ਰੀਮਦ ਭਗਵਦ ਗੀਤਾ ਤੇ ਵਾਲਮੀਕਿ ਰਮਾਇਣ ਸਮੇਤ ਇਕ ਯਾਦਗਾਰੀ ਚਿੰਨ੍ਹ, ਸਵਾਮੀ ਵਿਵੇਕਾਨੰਦ ਦੀ ਤਸਵੀਰ ਤੇ ਇਕ ਸ਼ਾਲ ਭੇਟ ਕਰਕੇ ਸਨਮਾਨ ਕੀਤਾ | ਇਸੇ ਦੌਰਾਨ ਮੁੱਖ ਮੰਤਰੀ ਨੇ ਕਮੇਟੀ ਦੀ ਤਰਫੋਂ ਪਿੰਡ ਦੇ ਸਕੂਲ ਦੇ ਪਿ੍ੰਸੀਪਲ ਨੂੰ ਸਨਮਾਨਿਤ ਵੀ ਕੀਤਾ, ਜਦਕਿ ਕਮੇਟੀ ਵਲੋਂ ਪਿੰਡ ਦੇ ਸਾਬਕਾ ਸਰਪੰਚ ਗੁਲਸ਼ਨ ਸੈਣੀ, ਰਾਮੇਸ਼ਵਰ ਤੇ ਗੁਰਮੀਤ ਸਮੇਤ ਹੋਰਨਾਂ ਪਤਵੰਤਿਆਂ ਦਾ ਸਨਮਾਨ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਡਾ. ਪਵਨ ਸੈਣੀ, ਆਰ. ਟੀ. ਆਈ. ਕਮਿਸ਼ਨਰ ਡਾ. ਜਗਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਰਾਣਾ, ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ, ਪੁਲਿਸ ਸੁਪਰਡੈਂਟ ਅਜੀਤ ਸਿੰਘ ਸ਼ੇਖਾਵਤ, ਐਸ. ਡੀ. ਐਮ. ਸ਼ਿਵਜੀਤ ਭਾਰਤੀ, ਯਸ਼ਵੀਰ ਰਾਘਵ, ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਸੈਣੀ ਅੰਬਲੀ, ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਗੁਪਤਾ ਅਤੇ ਮਾਰਕੀਟ ਕਮੇਟੀ ਨਾਰਾਇਣਗੜ੍ਹ ਦੇ ਚੇਅਰਮੈਨ ਨਰਿੰਦਰ ਰਾਣਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |