ਯਮੁਨਾਨਗਰ, 28 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਗਣਿਤ ਵਿਭਾਗ ਦੀ ਸਰਪ੍ਰਸਤੀ ਹੇਠ 'ਸਿਗਮਾ-ਦਾ ਮੈਥੇਮੈਟੀਕਲ ਸੁਸਾਇਟੀ' ਵਲੋਂ ਪੋਸਟਰ ਤੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਮੁਕਾਬਲਾ ਕਰਵਾਇਆ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੀ ਗਣਿਤ 'ਚ ਰਚਨਾਤਮਿਕਤਾ, ਖੋਜ ਤੇ ਪੇਸ਼ਕਾਰੀ ਦੇ ਹੁਨਰ ਨੂੰ ਹੁਲਾਰਾ ਦੇਣਾ ਸੀ | ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ | ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਉਮੰਗ ਬਰੇਜਾ ਨੇ ਸਾਰੇ ਮਹਿਮਾਨਾਂ, ਜੱਜਾਂ ਤੇ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਗਣਿਤ ਸਿਰਫ਼ ਸੰਖਿਆਵਾਂ ਅਤੇ ਫਾਰਮੂਲਿਆਂ ਬਾਰੇ ਨਹੀਂ ਹੈ, ਸਗੋਂ ਇਹ ਜ਼ਿੰਦਗੀ ਦੇ ਹਰ ਪਹਿਲੂ ਦੀ ਨੀਂਹ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਆਪਣੇ ਅੰਦਰ ਆਤਮ-ਵਿਸ਼ਵਾਸ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਗਣਿਤ ਵਿਭਾਗ ਦੀ ਮੁਖੀ ਡਾ. ਰਚਨਾ ਅਗਰਵਾਲ ਨੇ ਆਪਣੇ ਸੰਬੋਧਨ 'ਚ ਵੱਖ-ਵੱਖ ਖੇਤਰਾਂ 'ਚ ਗਣਿਤ ਦੇ ਉਪਯੋਗਾਂ 'ਤੇ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਗਣਿਤ ਸਿਰਫ਼ ਇਕ ਵਿਸ਼ਾ ਨਹੀਂ ਹੈ, ਸਗੋਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਕ ਪ੍ਰਭਾਵਸ਼ਾਲੀ ਤਰੀਕਾ ਹੈ, ਜੋ ਕਿ ਸਮਾਜ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸ ਮੌਕੇ ਜਿਊਰੀ 'ਚ ਸ਼ਾਮਿਲ ਡਾ. ਦੀਪਮਾਲਾ ਤੇ ਡਾ. ਨਿਤਿਆ ਨੇ ਭਾਗੀਦਾਰਾਂ ਦੀਆਂ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨਾਂ ਅਤੇ ਪੋਸਟਰਾਂ ਦਾ ਨਿਰਪੱਖ ਢੰਗ ਮੁਲਾਂਕਣ ਕੀਤਾ | ਇਸ ਮੌਕੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਮੁਕਾਬਲੇ 'ਚ ਤਨੰੂ ਤੇ ਕਨਿਕਾ ਬੀ. ਕਾਮ. ਤੀਜੇ ਸਾਲ ਨੇ ਸਾਂਝੇ ਤੌਰ 'ਤੇ ਪਹਿਲਾ, ਪਵਨ ਮਨਚੰਦਾ ਬੀ. ਕਾਮ. ਤੀਜੇ ਸਾਲ ਨੇ ਦੂਜਾ ਅਤੇ ਸ਼ੀਤਲ ਬੀ. ਐਸ. ਸੀ. ਦੂਜੇ ਸਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਪੋਸਟਰ ਪ੍ਰੈਜ਼ੈਂਟੇਸ਼ਨ ਮੁਕਾਬਲੇ 'ਚ ਪ੍ਰੰਜਨਾ ਤੇ ਅਨੂੰ ਬੀ. ਐਸ. ਸੀ. ਦੂਜੇ ਸਾਲ ਨੇ ਸਾਂਝੇ ਤੌਰ 'ਤੇ ਪਹਿਲਾ ਅਤੇ ਕੋਮਲ ਬੀ. ਕਾਮ. ਤੀਜੇ ਸਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜੇਤੂਆਂ ਨੂੰ ਸਰਟੀਫ਼ਿਕੇਟਾਂ ਦੀ ਵੰਡ ਕਰਦਿਆਂ ਕਾਰਜਕਾਰੀ ਪਿ੍ੰ. ਡਾ. ਅਨਿਲ ਧਵਨ ਨੇ ਭਵਿੱਖ 'ਚ ਵੀ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਸਿਗਮਾ-ਦਾ ਮੈਥੇਮੈਟੀਕਲ ਸੁਸਾਇਟੀ ਅਤੇ ਗਣਿਤ ਵਿਭਾਗ ਦੇ ਸਾਰੇ ਪ੍ਰੋਫੈਸਰਾਂ ਨੂੰ ਇਸ ਪ੍ਰੋਗਰਾਮ ਦੇ ਸਫ਼ਲ ਪ੍ਰਬੰਧਾਂ ਲਈ ਵਧਾਈ ਦਿੱਤੀ |