ਦੁਕਾਨ ਦਾ ਸ਼ਟਰ ਤੋੜ ਕੇ 35 ਲੱਖ ਰੁਪਏ ਦੇ ਮੋਬਾਈਲ ਤੇ ਉਪਕਰਨ ਚੋਰੀ ਦਾ ਦੋਸ਼ੀ ਗਿ੍ਫ਼ਤਾਰ
ਅਜੀਤ ਡੈਸਕ
16-05-2026
ਨਵੀਂ ਦਿੱਲੀ, 15 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਘੋਰ ਅਪਰਾਧੀ ਜੋ ਕਿ ਪਿਛਲੇ ਦਿਨਾਂ ਤੋਂ ਭਗੌੜਾ ਸੀ, ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਅਪਰਾਧੀ ਦਾ ਨਾਂਅ ਨਿਜ਼ਾਮ ਉਰਫ਼ ਨਿੰਜ਼ਮ ਉਰਫ਼ ਟੋਟਾ ਉਰਫ਼ ਕੇਕੜਾ (44) ਹੈ ਅਤੇ ਇਹ ਹਰਿਆਣਾ ਦਾ ਰਹਿਣ ਵਾਲਾ ਹੈ | ਇਹ ਮੇਵਾਤ ਗਰੋਹ ਨਾਲ ਸੰਬੰਧ ਰੱਖਦਾ ਹੈ | ਇਸ ਅਪਰਾਧੀ ਨੇ ਦਿੱਲੀ ਦੇ ਮਹੀਂਪਾਲਪੁਰ ਤੋਂ 'ਖੁਸ਼ੀ ਕਮਿਊਨੀਕੇਸ਼ਨ' ਦੁਕਾਨ ਤੋਂ 35 ਲੱਖ ਰੁਪਏ ਦੇ ਮੋਬਾਈਲ ਅਤੇ ਹੋਰ ਉਪਕਰਨ ਚੋਰੀ ਕੀਤੇ | ਇਸ ਮਾਮਲੇ ਦੀ ਜਾਂਚ ਕਰਨ ਲਈ ਪੁਲਿਸ ਨੇ ਇਕ ਟੀਮ ਬਣਾਈ, ਜਿਸ ਦੀ ਅਗਵਾਈ ਇੰਸਪੈਕਟਰ ਰਾਕੇਸ਼ ਸ਼ਰਮਾ ਨੇ ਕੀਤੀ | ਇਸ ਟੀਮ ਨੇ ਨਿਜ਼ਾਮ ਦੇ ਬਾਰੇ ਜਾਣਕਾਰੀ ਇਕੱਠੇ ਕਰਦੇ ਹੋਏ ਸੀ. ਸੀ. ਟੀ. ਵੀ. ਲੋਕਲ ਇੰਟੈਲੀਂਜੈਂਸ ਦੀ ਵਰਤੋਂ ਕਰਦੇ ਹੋਏ ਇਸ ਨੂੰ ਮੇਵਾਤ ਦੇ ਇਲਾਕੇ ਵਿਚੋਂ ਗਿ੍ਫ਼ਤਾਰ ਕਰ ਲਿਆ | ਨਿਜ਼ਾਮ ਲਗਾਤਾਰ ਪੁਲਿਸ ਦੀ ਗਿ੍ਫ਼ਤਾਰੀ ਤੋਂ ਬਚ ਰਿਹਾ ਸੀ | ਇਸ 'ਤੇ ਪਹਿਲਾਂ ਵੀ ਕਤਲ, ਚੋਰੀ ਤੇ ਘਿਨਾਉਣੇ ਅਪਰਾਧਾਂ ਦੇ ਪ੍ਰਤੀ 6 ਮਾਮਲੇ ਦਰਜ ਹਨ | ਪੁਲਿਸ ਦਾ ਕਹਿਣਾ ਸੀ ਕਿ ਨਿਜ਼ਾਮ ਨੇ ਦੁਕਾਨ ਦਾ ਰਾਤ ਦੇ ਸਮੇਂ ਸ਼ਟਰ ਤੋੜ ਕੇ ਇਸ ਵਿਚੋਂ ਚੋਰੀ ਕੀਤੀ ਸੀ | ਪੁਲਿਸ ਨੇ ਬਸੰਤ ਕੁੰਜ ਥਾਣੇ ਵਿਚ ਕੇਸ ਦਰਜ ਕਰਕੇ ਇਹ ਮਾਮਲਾ ਅਪਰਾਧ ਸ਼ਾਖਾ ਕੋਲ ਤਬਦੀਲ ਕਰ ਦਿੱਤਾ ਸੀ | ਪੁਲਿਸ ਇਸ ਅਪਰਾਧੀ ਤੋਂ ਹੋਰ ਪੁੱਛ-ਪੜਤਾਲ ਕਰ ਰਹੀ ਹੈ |