ਨਵੀਂ ਦਿੱਲੀ, 15 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਵੱਖ-ਵੱਖ ਕੰਪਨੀਆਂ ਦੀ ਮਿਲੀਭੁਗਤ ਦੇ ਨਾਲ ਦੁੱਧ ਦੇ ਰੇਟ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਦਾ ਅਸਰ ਲੋਕਾਂ ਦੇ ਘਰਾਂ ਦੇ ਬਜਟ 'ਤੇ ਪੈਂਦਾ ਹੈ, ਖਾਸ ਕਰਕੇ ਘਰ ਚਲਾਉਣ ਵਾਲੀਆਂ ਔਰਤਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ | ਇਸ ਵਿਸ਼ੇ ਦੇ ਪ੍ਰਤੀ ਕੁਝ ਔਰਤਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ | ਰੋਹਿਣੀ ਦੇ ਇਲਾਕੇ ਵਿਚ ਰਹਿਣ ਵਾਲੀ ਅੰਜੂ ਗੋਇਲ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਦੁੱਧ ਦੇ ਰੇਟ ਵਿਚ ਵਾਧਾ ਹੋਇਆ ਸੀ ਅਤੇ ਹੁਣ ਫਿਰ ਦੁੱਧ ਦੇ ਰੇਟ ਵਿਚ ਵਾਧਾ ਕਰ ਦਿੱਤਾ ਗਿਆ ਹੈ | ਕੰਪਨੀਆਂ ਦੀ ਇਸੇ ਤਰ੍ਹਾਂ ਜੇਕਰ ਮਨਮਰਜ਼ੀ ਚਲਦੀ ਰਹੀ ਤਾਂ ਇਕ ਦਿਨ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਡਰ ਹੋ ਜਾਵੇਗੀ | ਦਿੱਲੀ ਦੇ ਪੀਰਾਂਗੜ੍ਹੀ ਦੇ ਇਲਾਕੇ ਵਿਚ ਰਹਿਣ ਵਾਲੀ ਸਮਾਜ ਸੇਵੀ ਰੇਣੂ ਲੂਥਰਾ ਨੇ ਦੁੱਧ ਦੀ ਵਧੀ ਕੀਮਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਗਰੀਬ ਲੋਕ ਕਿਵੇਂ ਦੁੱਧ ਖਰੀਦਣਗੇ ਉਨ੍ਹਾਂ ਨੂੰ ਤਾਂ ਪਹਿਲਾਂ ਹੀ ਗਰੀਬੀ ਨੇ ਮਾਰ ਰੱਖਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਮਾਮਲੇ ਪ੍ਰਤੀ ਕਦਮ ਉਠਾਉਣੇ ਚਾਹੀਦੇ ਹਨ | ਰਾਣੀ ਬਾਗ ਦੀ ਰਹਿਣ ਵਾਲੀ ਜਸਲੀਨ ਦਾ ਕਹਿਣਾ ਹੈ ਕਿ ਕਮਾਈ ਵਿਚ ਕੋਈ ਵਧਾ ਨਹੀਂ ਹੋ ਰਿਹਾ ਅਤੇ ਮਹਿੰਗਾਈ ਦਿਨੋਂ ਦਿਨੀਂ ਵਧਦੀ ਜਾ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਰਸੋਈ ਦਾ ਬਜਟ ਲਗਾਤਾਰ ਵਿਗੜ ਰਿਹਾ ਹੈ | ਅੰਮਿ੍ਤ ਕੌਰ ਦਾ ਕਹਿਣਾ ਹੈ ਕਿ ਹੋਰਨਾਂ ਚੀਜ਼ਾਂ ਦੇ ਨਾਲ ਦੁੱਧ ਦੀ ਕੀਮਤ ਵੀ ਬੇਲਗਾਮ ਹੋ ਚੁੱਕੀ ਹੈ | ਪਹਿਲਾਂ ਦਾਲਾਂ , ਸਬਜ਼ੀਆਂ ਦੇ ਰੇਟ ਅਸਮਾਨੀ ਪੁੱਜ ਚੁੱਕੇ ਹਨ ਅਤੇ ਹੁਣ ਇਹ ਮਾਰ ਉਨ੍ਹਾਂ ਨੂੰ ਝੱਲਣੀ ਪਵੇਗੀ |