ਜਲੰਧਰ, 13 ਫਰਵਰੀ (ਡਾ.ਜਤਿੰਦਰ ਸਾਬੀ)- ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਪੰਜਾਬ ਦੇ ਖਿਡਾਰੀਆਂ ਦੀ ਚੋਣ ਸੰਬੰਧੀ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ | ਪੰਜਾਬ ਖੇਡ ਵਿਭਾਗ ਨੂੰ ਰਾਜ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਵੱਲੋਂ ਟੀਮਾਂ ਦੀ ਚੋਣ ਪ੍ਰਕਿਰਿਆ ਸੰਬੰਧੀ ਕਾਫੀ ਸ਼ਿਕਾਇਤਾਂ ਮਿਲਿਆ ਸਨ ਜਿਸ ਦੇ ਅਨੁਸਾਰ ਖਿਡਾਰੀਆਂ ਦੀ ਜ਼ਿਲ੍ਹਾ, ਰਾਜ ਤੇ ਰਾਸ਼ਟਰ ਪੱਧਰ ਦੀ ਚੋਣ ਪ੍ਰਕਿਰਿਆ ਤੇ ਯੋਗ ਖਿਡਾਰੀਆਂ ਦੀ ਚੋਣ ਨਾ ਹੋਣ ਕਰ ਕੇ ਉਨ੍ਹਾਂ ਨੂੰ ਨਿਰਾਸ਼ਾ ਪੱਲੇ ਪਈ ਹੈ ਜਿਸ ਨਾਲ ਪੰਜਾਬ ਦੀਆਂ ਖੇਡਾਂ ਦਾ ਗਰਾਫ਼ ਲਗਾਤਾਰ ਹੇਠਾਂ ਡਿਗਦਾ ਚਲਾ ਗਿਆ ਤੇ ਇਸ ਮਾਮਲੇ ਨੂੰ ਪੰਜਾਬ ਖੇਡ ਵਿਭਾਗ ਨੇ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹਾ, ਪੰਜਾਬ ਰਾਜ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਚੋਣ ਪ੍ਰਕਿਰਿਆ ਨੂੰ ਨਿਰਧਾਰਿਤ, ਪਾਰਦਰਸ਼ੀ ਤੇ ਇਕਸਾਰ ਬਣਾਉਣ ਦੇ ਉਦੇਸ਼ ਨਾਲ ਇਕ ਐਸ.ਓ.ਪੀ. (ਚੋਣ ਪ੍ਰਕਿਆ ਨੀਤੀ) ਬਣਾਈ ਹੈ | ਇਸ ਐਸ.ਓ.ਪੀ. ਅਧੀਨ ਆਉਂਦੇ ਸਾਰੇ ਸਮੂਹ ਜ਼ਿਲ੍ਹਾ ਇਕਾਈਆਂ, ਖੇਡ ਐਸੋਸੀਏਸ਼ਨਾਂ, ਸਕੂਲਾਂ, ਕਾਲਜਾਂ , ਸਬੰਧਿਤ ਸੰਸਥਾਵਾਂ ਵਿਚ ਇਸ ਨੂੰ ਭੇਜਿਆ ਜਾਵੇ ਨਾਲ ਇਹ ਯਕੀਨੀ ਬਣਾਇਆ ਜਾਵੇ ਤਾਂ ਜੋ ਭਵਿੱਖ 'ਚ ਖਿਡਾਰੀਆਂ ਦੀ ਚੋਣ ਇਸ ਐਸ.ਓ.ਪੀ. ਅਨੁਸਾਰ ਹੀ ਹੋਵੇ | ਇਸ ਵਿਚ ਮੁੱਖ ਤੌਰ 'ਤੇ ਹਰ ਵਰਗ 'ਚ ਖਿਡਾਰੀਆਂ ਦੀ ਚੋਣ ਵੇਲੇ ਖਿਡਾਰੀਆਂ ਦੀ ਗਿਣਤੀ ਦੁੱਗਣੀ ਹੋਵੇ ਅਤੇ ਉਸ ਵਿਚੋਂ ਸ਼ਾਰਟ ਲਿਸਟ ਬਣਾਈ ਜਾਵੇ, ਅੰਡਰ 14 ਸਾਲ ਵਰਗ ਲਈ ਪਿਛਲੇ ਦੋ ਸਾਲ ਦਾ ਪ੍ਰਦਰਸ਼ਨ, ਅੰਡਰ 14 ਸਾਲ ਤੋਂ ਉਪਰ 3 ਸਾਲ ਦਾ ਪ੍ਰਦਰਸ਼ਨ ਸ਼ਾਮਿਲ ਹੈ | ਸ਼ਾਰਟ ਲਿਸਟ ਕੀਤੇ ਖਿਡਾਰੀਆਂ ਦੇ ਚੋਣ ਟਰਾਇਲਾਂ ਦੀ ਵੀਡੀਓਗ੍ਰਾਫੀ, ਮੌਕੇ 'ਤੇ ਸ਼ੁਰੂਆਤੀ ਬ੍ਰੀਫਿੰਗ, ਵਿਅਕਤੀਗਤ ਪ੍ਰਦਰਸ਼ਨ, ਅੰਤਿਮ ਨਤੀਜੇ ਦਾ ਐਲਾਨ ਸ਼ਾਮਿਲ ਕੀਤਾ ਜਾਵੇਗਾ | ਖਿਡਾਰੀਆਂ ਦੀ ਚੋਣ ਕਮੇਟੀ 'ਚ 2 ਖਿਡਾਰੀ ਅਰਜਨਾ ਐਵਾਰਡੀ, ਅੰਤਰਰਾਸ਼ਟਰੀ ਜਾਂ ਰਾਸ਼ਟਰੀ ਪੱਧਰ ਦਾ ਜ਼ਰੂਰ ਹੋਵੇ ਨਾਲ ਹੀ ਸਾਬਕਾ ਕੋਚ ਜਾਂ ਤਕਨੀਕੀ ਵਿਸ਼ੇਸ਼ ਵਿਗਿਆਨੀ ਜਾਂ ਦਰੋਣਾਚਾਰੀਆ ਐਵਾਰਡੀ, ਫੈਡਰੇਸ਼ਨ ਜਾਂ ਸਕੂਲ ਬੋਰਡ ਦਾ ਮੈਂਬਰ ਤੇ ਸਬੰਧਿਤ ਜ਼ਿਲ੍ਹਾ ਖੇਡ ਅਫ਼ਸਰ ਸ਼ਾਮਿਲ ਹੋਵੇਗਾ | ਖਿਡਾਰੀ ਦੀ ਚੋਣ ਨੂੰ ਅਨਫਿੱਟ ਕਰਨ ਵੇਲੇ ਉਸ ਦੀ ਸੱਟ, ਫਿਟਨੈੱਸ, ਤਕਨੀਕੀ ਕਮੀਆਂ, ਅਨੁਸ਼ਾਸਨ ਮਾਮਲੇ ਤੇ ਡਾਕਟਰੀ ਰਿਪੋਰਟ ਨੂੰ ਵਿਚਾਰਿਆ ਜਾਵੇਗਾ | ਖਿਡਾਰੀਆਂ ਦੀ ਚੋਣ ਟਰਾਇਲਾਂ ਲਈ 30 ਦਿਨ ਪਹਿਲਾ ਇਸ ਦੀ ਸੂਚਨਾ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਦਿੱਤੀ ਜਾਵੇਗੀ ਜੋ ਇਸ ਨੂੰ ਆਪਣੀ ਵੈੱਬਸਾਈਟ ਉਪਰ ਅੱਪਲੋਡ ਕਰੇਗਾ | ਉਮਰ ਦੀ ਜਾਂਚ ਲਈ ਹਸਪਤਾਲ 'ਚ ਜਾਣਾ ਜ਼ਰੂਰੀ ਹੋਵੇਗਾ, ਜੋ ਖਿਡਾਰੀ ਆਪਣੀ ਅਸਲੀ ਉਮਰ ਤੋਂ ਘੱਟ ਦੱਸੇਗਾ ਉਸ ਨੂੰ ਨਿਯਮਾਂ ਅਨੁਸਾਰ ਅਯੋਗ ਐਲਾਨਿਆ ਜਾਵੇਗਾ | ਰਾਜ ਚੈਂਪੀਅਨਸ਼ਿਪ ਦੌਰਾਨ ਚੋਣ ਟਰਾਇਲਾਂ ਦੌਰਾਨ ਨਾਡਾ ਦੇ ਸਹਿਯੋਗ ਨਾਲ ਡੋਪਿੰਗ ਟੈੱਸਟ ਹੋਣਗੇ | ਇਸ ਤੋਂ ਇਲਾਵਾ ਟੀਮ ਖੇਡ 'ਚ 5 ਰਿਜ਼ਰਵ ਖਿਡਾਰੀ ਤੇ ਵਿਅਕਤੀਗਤ ਖੇਡਾਂ 'ਚ 2 ਰਿਜ਼ਰਵ ਖਿਡਾਰੀ ਸ਼ਾਮਿਲ ਕੀਤੇ ਜਾਣਗੇ | ਕਿਸੇ ਕਿਸਮ ਦੀ ਸ਼ਿਕਾਇਤ ਸੰਬੰਧੀ ਜ਼ਿਲ੍ਹਾ ਖੇਡ ਅਫ਼ਸਰ ਤੇ ਸੀਨੀਅਰ ਕੋਚ ਤੇ ਰਾਜ ਪੱਧਰ 'ਤੇ ਡਿਪਟੀ ਡਾਇਰੈਕਟਰ ਖੇਡਾਂ ਤੇ ਦੋ ਸੀਨੀਅਰ ਮੈਂਬਰ ਇਸ ਦਾ ਨਿਪਟਾਰਾ ਕਰ ਕੇ ਲਿਖਤੀ ਹੁਕਮ ਜਾਰੀ ਕਰਨਗੇ |