ਜਲੰਧਰ, 14 ਫਰਵਰੀ (ਸ਼ਿਵ)- ਨਗਰ ਨਿਗਮ ਪ੍ਰਸ਼ਾਸਨ ਨੇ ਰਾਤ ਨੂੰ ਡੰਪਾਂ ਦੇ ਬਾਹਰ ਤੇ ਸੜਕਾਂ ਦੀਆਂ ਸਾਈਡਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਲਈ ਨਾ ਸਿਰਫ਼ ਨਿਗਰਾਨੀ ਟੀਮਾਂ ਦਾ ਗਠਨ ਕੀਤਾ ਹੈ ਸਗੋਂ ਕਈ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ ਪਰ ਇਸ ਦੇ ਬਾਵਜੂਦ ਲੋਕ ਕਈ ਡੰਪਾਂ ਦੇ ਬਾਹਰ ਹੀ ਕੂੜਾ ਸੁੱਟ ਕੇ ਨਿਗਮ ਲਈ ਵੱਡੀ ਪ੍ਰੇਸ਼ਾਨੀ ਖੜੀ ਕਰ ਰਹੇ ਹਨ | ਬੀਤੀ ਰਾਤ ਵਾਰਡ ਨੰਬਰ 76 ਤੇ ਕੇ. ਐਮ. ਵੀ. ਕਾਲਜ ਰੋਡ 'ਤੇ ਸਥਿਤ ਵਿਕਾਸ ਪੁਰੀ ਡੰਪ ਦੇ ਬਾਹਰ ਹੀ ਈ-ਰਿਕਸ਼ੇ ਵਿਚ ਕੂੜਾ ਸੁੱਟਣ ਆਏ ਲੋਕਾਂ ਨੂੰ ਨਿਗਮ ਦੇ ਕਰਮਚਾਰੀ ਵੱਲੋਂ ਰੋਕਿਆ ਗਿਆ | ਡੰਪ ਦੇ ਬਾਹਰ ਕੂੜਾ ਸੁੱਟਣ ਆਏ ਲੋਕਾਂ ਨੂੰ ਨਿਗਮ ਕਰਮਚਾਰੀ ਨੇ ਫੜਿਆ ਤੇ ਚਿਤਾਵਨੀ ਦੇ ਕੇ ਛੱਡਿਆ ਕਿ ਉਹ ਡੰਪਾਂ ਦੇ ਬਾਹਰ ਕੂੜਾ ਨਹੀਂ ਸੁੱਟਣਗੇ ਸਗੋਂ ਅੰਦਰ ਜਾ ਕੇ ਕੂੜਾ ਸੁੱਟਣਗੇ | ਉਸ ਮੌਕੇ ਨਾਲ ਹੀ ਆਪ ਦੇ ਕੌਂਸਲਰ ਰਾਜੇਸ਼ ਠਾਕੁਰ ਲੰਘ ਰਹੇ ਸੀ ਤਾਂ ਉਨ੍ਹਾਂ ਨੇ ਕੂੜਾ ਸੁੱਟਣ ਆਏ ਲੋਕਾਂ ਨੂੰ ਰੋਕਣ ਲਈ ਨਿਗਮ ਕਰਮਚਾਰੀ ਦੀ ਸ਼ਲਾਘਾ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਰਾਤ ਨੂੰ ਵੀ ਇਮਾਨਦਾਰੀ ਨਾਲ ਡਿਊਟੀ ਦੇ ਰਿਹਾ ਹੈ | ਉਨਾਂ ਨੇ ਨਿਗਮ ਪ੍ਰਸ਼ਾਸਨ ਤੋਂ ਇਸ ਤਰ੍ਹਾਂ ਦੇ ਕਰਮਚਾਰੀਆਂ ਦਾ ਬਣਦਾ ਸਨਮਾਨ ਕਰਨ ਦੀ ਮੰਗ ਕੀਤੀ | ਕੁੱਝ ਦਿਨ ਪਹਿਲਾਂ ਹੀ ਵਾਰਡ ਨੰਬਰ 76 ਦੇ ਆਪ ਦੇ ਕੌਂਸਲਰ ਰਾਜੇਸ਼ ਠਾਕੁਰ ਨੇ ਵੀ ਜਲੰਧਰ ਆਏ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਇਸ ਡੰਪ ਨੂੰ ਹਟਾਉਣ ਦੀ ਮੰਗ ਕੀਤੀ ਸੀ ਕਿਉਂਕਿ ਇਸ ਰੋਡ 'ਤੇ ਕਾਲਜਾਂ ਤੋਂ ਇਲਾਵਾ ਕਈ ਸਕੂਲ ਸਥਿਤ ਹੋਣ ਤੋਂ ਇਲਾਵਾ ਡੰਪ ਕਰਕੇ ਟ੍ਰੈਫਿਕ ਵਿਚ ਰੁਕਾਵਟ ਪੈਣ ਦੀ ਜਾਣਕਾਰੀ ਦਿੱਤੀ ਸੀ | ਮੁੱਖ ਮੰਤਰੀ ਨੇ ਇਸ ਡੰਪ ਦਾ ਮਸਲਾ ਹੱਲ ਕਰਵਾਉਣ ਲਈ ਨਿਗਮ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਸੀ |