ਮਕਸੂਦਾਂ, 14 ਫ਼ਰਵਰੀ (ਸੌਰਵ ਮਹਿਤਾ) - ਸ਼ਹਿਰ ਦੇ ਭੀੜ ਭਾਲ ਵਾਲੇ ਇਲਾਕੇ ਵਿੱਚ ਡੀ.ਏ.ਵੀ ਕਾਲਜ ਨੇੜੇ ਅੱਜ ਸਵੇਰੇ ਇੱਕ ਦਿਲ ਦਹਿਲਾਉਂਦਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਡਿਲਿਵਰੀ ਬੁਆਏ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ 18 ਸਾਲਾ ਉੱਜਵਲ ਵਜੋਂ ਹੋਈ ਹੈ, ਜੋ ਕਿ ਆਨਲਾਈਨ ਡਿਲਿਵਰੀ ਕੰਪਨੀ ਨਾਲ ਸੰਬੰਧਿਤ ਸੀ | ਜਾਣਕਾਰੀ ਮੁਤਾਬਕ ਉੱਜਵਲ ਆਪਣੀ ਡਿਊਟੀ ਮੁਕਾ ਕੇ ਵਾਪਸ ਆ ਰਿਹਾ ਸੀ ਕਿ ਪਿੱਛੋਂ ਆ ਰਹੇ ਟਰੱਕ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਟਰੱਕ ਹੇਠ ਆ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਤੇ ਸਥਾਨਕ ਲੋਕ ਤੁਰੰਤ ਇਕੱਠੇ ਹੋ ਗਏ | ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ 'ਤੇ ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ | ਪੁਲਿਸ ਨੇ ਟਰੱਕ ਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਟਰੱਕ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਂਚ ਅਧਿਕਾਰੀ ਮੁਤਾਬਕ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਤੇ ਹਾਦਸੇ ਦੇ ਸਹੀ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ | ਸੂਤਰਾਂ ਮੁਤਾਬਕ ਉੱਜਵਲ ਭਗਤ ਸਿੰਘ ਕਾਲੋਨੀ ਨੇੜੇ ਸਟੋਰ 'ਚ ਕੰਮ ਕਰਦਾ ਸੀ | ਹਾਦਸੇ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ ਤੇ ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਵਾਇਆ ਗਿਆ ਹੈ | ਇਸ ਦਿਲ ਦਹਿਲਾਉਣ ਵਾਲੀ ਘਟਨਾ ਨੇ ਇਕ ਵਾਰ ਫਿਰ ਸ਼ਹਿਰ ਵਿੱਚ ਬੇਪਰਵਾਹ ਡਰਾਈਵਿੰਗ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ | ਨੌਜਵਾਨ ਦੀ ਅਚਾਨਕ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ |