ਜਲੰਧਰ, 19 ਫਰਵਰੀ (ਸ਼ਿਵ)- ਐਲ. ਐਂਡ. ਟੀ. ਕੰਪਨੀ ਨੇ ਕਰੀਬ 800 ਕਰੋੜ ਦੇ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਜੀ. ਟੀ. ਬੀ. ਨਗਰ (ਗੁਰੂ ਤੇਗ਼ ਬਹਾਦਰ ਨਗਰ) ਵਿਚ ਪਾਈਆਂ ਪਾਣੀ ਦੀਆਂ ਪਾਈਪਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ | ਸ੍ਰੀ ਗੁਰੂ ਤੇਗ਼ ਬਹਾਦਰ ਚੌਕ ਤੋਂ ਲੈ ਕੇ ਜੀ. ਟੀ. ਬੀ. ਨਗਰ ਵਿਚ ਕਰੀਬ 9 ਵੱਡੀਆਂ ਪਾਈਪਾਂ ਪਾਈਆਂ ਗਈਆਂ ਸੀ | ਰਿਹਾਇਸ਼ੀ ਇਲਾਕੇ ਵਿਚ ਪਾਈਪਾਂ ਪਾਉਣ ਕਰਕੇ ਤੋੜੀਆਂ ਗਈਆਂ ਸੜਕਾਂ ਤੋਂ ਲੋਕਾਂ 'ਚ ਕਾਫੀ ਰੋਸ ਫੈਲ ਗਿਆ ਸੀ ਕਿਉਂਕਿ ਲਤੀਫਪੁਰਾ ਦੇ ਲੋਕਾਂ ਵੱਲੋਂ 120 ਫੁੱਟੀ ਰੋਡ 'ਤੇ ਕਬਜ਼ਾ ਹੋਣ ਕਰਕੇ ਪਾਈਪਾਂ ਪਾਉਣ ਦਾ ਰੁੱਖ ਜੀ. ਟੀ. ਬੀ. ਨਗਰ ਵੱਲ ਮੋੜ ਦਿੱਤਾ ਗਿਆ ਸੀ ਤਾਂ ਇਹ ਪਾਈਪ ਉਸ ਵੇਲੇ ਜੀ. ਟੀ. ਬੀ. ਨਗਰ ਦੇ ਇਲਾਕੇ ਵਿਚੋਂ ਘੁੰਮ ਕੇ ਕੇਵਲ ਵਿਹਾਰ ਤੱਕ ਪਾਈ ਗਈ ਪਾਈਪ ਨਾਲ ਕੁਨੈਕਸ਼ਨ ਕੀਤਾ ਜਾਣਾ ਸੀ | ਹੁਣ ਜਦੋਂ ਕਿ 120 ਫੁੱਟੀ ਰੋਡ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੁਲ੍ਹਵਾ ਦਿੱਤਾ ਗਿਆ ਹੈ ਤਾਂ ਇਸ ਕਰਕੇ ਹੁਣ ਜੀ. ਟੀ. ਬੀ. ਨਗਰ ਦੀ ਥਾਂ ਸਿੱਧੇ ਹੀ ਲਤੀਫਪੁਰਾ ਦੀ 120 ਫੁੱਟੀ ਰੋਡ 'ਤੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਜਾਣਕਾਰੀ ਮੁਤਾਬਿਕ ਇਹ ਪਾਈਪਾਂ ਨੂੰ ਕੱਢਣ ਲਈ ਕੁੱਝ ਦਿਨ ਲੱਗ ਸਕਦੇ ਹਨ | ਹੁਣ ਜਦੋਂ ਇਨ੍ਹਾਂ ਪਾਈਪਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਇਲਾਕੇ ਦੇ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ ਕਿਉਂਕਿ ਇਸ ਨਾਲ ਹੁਣ ਇਲਾਕੇ ਦੀ ਸੜਕ ਵੀ ਜਲਦੀ ਬਣ ਜਾਣ ਦੀ ਸੰਭਾਵਨਾ ਹੈ | ਐਲ. ਐਂਡ. ਟੀ. ਕੰਪਨੀ ਵੱਲੋਂ ਆਦਮਪੁਰ ਤੋਂ ਦਰਿਆਈ ਪਾਣੀ ਪਾਈਪਾਂ ਨਾਲ ਲਿਆ ਕੇ ਸ਼ਹਿਰੀਆਂ ਨੂੰ ਸਪਲਾਈ ਕਰਨ ਲਈ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਪਾਈਪਾਂ ਪਾਉਣ ਦਾ ਕੰਮ ਕਰ ਰਹੀ ਹੈ | ਬੀਤੇ ਦਿਨੀਂ ਹੀ ਪਠਾਨਕੋਟ ਚੌਕ ਦੇ ਕੋਲ ਹੀ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਐਲ. ਐਂਡ. ਟੀ. ਕੰਪਨੀ ਨੂੰ ਹੁਣ ਪਾਈਪਾਂ ਪਾਉਣ ਦਾ ਕੰਮ ਤੇਜ਼ੀ ਨਾਲ ਕਰਨ ਲਈ ਕਿਹਾ ਗਿਆ ਹੈ | ਪਾਈਪਾਂ ਕੱਢਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੀ ਇਸ ਸੜਕ ਨੂੰ ਦੁਬਾਰਾ ਬਣਾਉਣ ਦਾ ਕੰਮ ਕੀਤਾ ਜਾਵੇਗਾ |