ਜਲੰਧਰ, 1 ਮਾਰਚ (ਹਰਵਿੰਦਰ ਸਿੰਘ ਫੁੱਲ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਅਮਰੀਕਾ-ਇਜ਼ਰਾਇਲ ਵਲੋਂ ਸਾਂਝੇ ਤੌਰ 'ਤੇ ਈਰਾਨ ਉੱਪਰ ਕੀਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ | ਪਾਰਟੀ ਵਲੋਂ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਇਹ ਸਾਂਝਾ ਹਮਲਾ ਈਰਾਨ ਤੋਂ ਸੰਭਾਵਿਤ ਖ਼ਤਰੇ ਨੂੰ ਬਹਾਨਾ ਬਣਾ ਕੇ ਕੀਤਾ ਗਿਆ ਹੈ | ਅਮਰੀਕਾ ਵਲੋਂ ਇਸ ਹਮਲੇ 'ਚ ਈਰਾਨ ਦਾ ਸੁਪਰੀਮ ਲੀਡਰ ਆਇਤ ਉਲ ਅਲੀ ਖੁਮੀਨੀ, ਰੱਖਿਆ ਮੰਤਰੀ, ਰੈਵੋਲੂਸ਼ਨਰੀ ਗਾਰਡ, ਕਮਾਂਡਰ ਤੇ ਸੈਂਕੜੇ ਲੋਕ ਮਾਰੇ ਗਏ ਹਨ ਅਤੇ ਈਰਾਨ 'ਚ ਰਾਜ ਪਲਟਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ | ਅਮਰੀਕਾ ਸੰਸਾਰ ਚੌਧਰ ਮੁੜ ਸਥਾਪਿਤ ਕਰਨ ਲਈ ਵੱਖਰੇ-ਵੱਖਰੇ ਦੇਸ਼ਾਂ ਨੂੰ ਡਰਾਉਣ ਧਮਕਾਉਣ, ਰਾਜ ਪਲਟੇ ਕਰਵਾਉਣ ਤੇ ਲੋਕਾਂ ਵਲੋਂ ਚੁਣੇ ਗਏ ਮੁਖੀਆਂ ਨੂੰ ਮਾਰਨ ਜਾਂ ਗਿ੍ਫ਼ਤਾਰ ਕਰਨ ਦੀ ਮੁਹਿੰਮ 'ਚ ਜੁਟਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਅਮਰੀਕਾ, ਈਰਾਨ ਨਾਲ ਪ੍ਰਮਾਣੂ ਪ੍ਰੋਗਰਾਮ ਸੰਬੰਧੀ ਗੱਲਬਾਤ ਕਰ ਰਿਹਾ ਸੀ ਅਤੇ ਦੂਜੇ ਪਾਸੇ ਬਿਨਾਂ ਭੜਕਾਹਟ ਤੋਂ ਈਰਾਨ ਉੱਪਰ ਹਮਲਾ ਕਰ ਕੇ ਸੰਸਾਰ ਅਮਨ ਲਈ ਖ਼ਤਰਾ ਪੈਦਾ ਕੀਤਾ ਗਿਆ ਹੈ | ਪਾਰਟੀ ਨੇ ਲੋਕਾਂ ਨੂੰ ਅਮਰੀਕਾ ਦੇ ਚੌਧਰ ਸਥਾਪਤੀ ਲਈ ਕੀਤੇ ਇਨ੍ਹਾਂ ਹਮਲਿਆਂ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ | ਪਾਰਟੀ ਨੇ ਭਾਰਤ ਸਰਕਾਰ ਤੋਂ ਅਰਬ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਬੁਲਾਉਣ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਹੈ |