ਜਲੰਧਰ, 1 ਮਾਰਚ (ਸ਼ਿਵ)-ਮੇਅਰ ਵਨੀਤ ਧੀਰ ਦੀ ਹਦਾਇਤ ਤੋਂ ਬਾਅਦ ਬਿਲਡਿੰਗ ਸ਼ਾਖਾ ਨੇ ਉਨ੍ਹਾਂ ਕਾਲੋਨੀਆਂ ਤੋਂ ਬਕਾਇਆ ਵਸੂਲੀ ਕਰਨ ਲਈ ਸੂਚੀਆਂ ਤਿਆਰ ਕਰ ਲਈਆਂ ਸੀ ਜਿਨ੍ਹਾਂ ਨੇ ਆਪਣੀਆਂ ਕਾਲੋਨੀਆਂ ਪਾਸ ਕਰਵਾਉਣ ਲਈ ਪਹਿਲਾਂ ਕੁੱਝ ਕਿਸ਼ਤਾਂ ਜਮਾਂ ਕਰਵਾ ਦਿੱਤੀਆਂ ਸੀ ਪਰ ਬਾਅਦ 'ਚ ਇਹ ਰਕਮ ਜਮਾਂ ਨਹੀਂ ਕਰਵਾਈਆਂ ਗਈਆਂ ਸੀ | ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਵਲੋਂ ਵੀ ਇਨ੍ਹਾਂ ਇਸ ਤਰ੍ਹਾਂ ਦੇ ਕਾਲੋਨੀਆਂ ਤਿਆਰ ਕਰਨ ਵਾਲੇ ਕਾਲੋਨਾਈਜਰਾਂ ਤੋਂ ਵਸੂਲੀ ਨਹੀਂ ਕੀਤੀ ਗਈ ਸੀ | ਜਦੋਂ ਮੇਅਰ ਨੇ ਹਦਾਇਤ ਕੀਤੀ ਤਾਂ ਇਹ ਅਲਮਾਰੀਆਂ 'ਚ ਬੰਦ ਪਈਆਂ ਫਾਈਲਾਂ ਦੀਆਂ ਸੂਚੀਆਂ ਬਾਹਰ ਕੱਢੀਆਂ ਗਈਆਂ ਸੀ | ਇਕ ਜਾਣਕਾਰੀ ਮੁਤਾਬਿਕ ਇਨ੍ਹਾਂ ਕਾਲੋਨਾਈਜਰਾਂ ਵਲੋਂ ਕਰੋੜਾਂ ਰੁਪਏ ਦੀ ਰਕਮ ਬਕਾਇਆ ਖੜ੍ਹੀ ਹੈ | ਜੇਕਰ ਕਾਲੋਨਾਈਜਰਾਂ ਨੇ ਆਪਣੀ ਕਾਲੋਨੀ ਦੇ ਪਲਾਟ ਵੇਚ ਲਏ ਹਨ ਤਾਂ ਫਿਰ ਨਿਗਮ ਨੂੰ ਉਸ ਦੀ ਬਕਾਇਆ ਫ਼ੀਸ ਕਿਉਂ ਨਹੀਂ ਦਿੱਤੀ ਜਾ ਰਹੀ ਹੈ ਜਦਕਿ ਇਸ ਤੋਂ ਪਹਿਲਾਂ ਸਾਬਕਾ ਕਮਿਸ਼ਨਰ ਕਰੂਨੇਸ਼ ਸ਼ਰਮਾ ਨੇ ਇਸ ਤਰ੍ਹਾਂ ਦੇ ਕਰੋੜਾਂ ਦੇ ਬਕਾਏ ਨਾ ਦੇਣ ਵਾਲੇ ਕਾਲੋਨਾਈਜ਼ਰਾਂ 'ਤੇ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ | ਪੁੱਡਾ ਦੇ ਸਾਬਕਾ ਮੁੱਖ ਪ੍ਰਸ਼ਾਸਕ ਸ੍ਰੀ ਦੀਪਸ਼ਿਖਾ ਸ਼ਰਮਾ ਨੇ ਵੀ ਪੁੱਡਾ ਦੀ ਬਕਾਇਆ ਵਸੂਲੀ ਕਰਨ ਲਈ ਇਸ ਤਰ੍ਹਾਂ ਦੇ ਮਾਮਲੇ 'ਚ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ | ਉਂਜ ਜੇਕਰ ਮੇਅਰ ਵਨੀਤ ਧੀਰ ਵਲੋਂ ਇਨ੍ਹਾਂ ਮਾਮਲਿਆਂ ਦੀਆਂ ਸੂਚੀਆਂ ਤਲਬ ਨਾ ਕੀਤੀਆਂ ਹੁੰਦੀਆਂ ਤਾਂ ਇਹ ਮਾਮਲੇ ਫਾਈਲਾਂ 'ਚ ਦੱਬੇ ਹੀ ਰਹਿਣੇ ਸੀ | ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਵਲੋਂ ਕੁਝ ਦਿਨ ਪਹਿਲਾਂ ਹੀ ਡਿਫਾਲਟਰਾਂ ਦੀਆਂ ਸੂਚੀਆਂ ਮੇਅਰ ਨੂੰ ਉਪਲਬਧ ਕਰਵਾਈਆਂ ਸੀ ਤਾਂ ਇਸ ਬਾਰੇ ਸੂਚੀਆਂ ਮੀਡੀਆ 'ਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਹੁਣ ਨਗਰ ਨਿਗਮ ਪ੍ਰਸ਼ਾਸਨ ਸਾਹਮਣੇ ਇਹ ਵੀ ਵੱਡੀ ਚੁਨੌਤੀ ਹੈ ਕਿ ਜਿਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਬਕਾਇਆ ਰਕਮ ਵਸੂਲ ਕਰਨੀ ਹੈ ਕਿ ਨਿਗਮ ਪ੍ਰਸ਼ਾਸਨ ਉਨ੍ਹਾਂ ਤੋਂ ਇਹ ਰਕਮ ਵਸੂਲ ਕਰ ਸਕੇਗਾ ਕਿਉਂਕਿ ਇਹ ਰਕਮਾਂ ਕਰੋੜਾਂ ਵਿਚ ਹਨ ਤਾਂ ਇਨ੍ਹਾਂ ਰਕਮਾਂ ਦੀ ਵਸੂਲੀ ਲਈ ਕਾਂਗਰਸ ਦੇ ਕਾਰਜਕਾਲ 'ਚ ਬਿਲਡਿੰਗ ਕਮੇਟੀ ਦੇ ਆਗੂ ਤੇ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾਂ ਵੀ ਕਈ ਬਾਰ ਮੰਗ ਉਠਾ ਚੁੱਕੇ ਹਨ ਕਿ ਡਿਫਾਲਟਰਾਂ ਤੋਂ ਕਰੋੜਾਂ ਰੁਪਏ ਵਸੂਲ ਕੀਤਾ ਜਾਵੇ ਪਰ ਉਨ੍ਹਾਂ ਵਲੋਂ ਬਾਰ-ਬਾਰ ਮੰਗ ਕਰਨ ਦੇ ਬਾਵਜੂਦ ਇਹ ਮਾਮਲਾ ਦੱਬ ਗਿਆ ਸੀ | ਹੁਣ ਜਦੋਂ ਮੇਅਰ ਵਲੋਂ ਇਸ ਮਾਮਲੇ ਨੂੰ ਦੁਬਾਰਾ ਖੋਲਿ੍ਹਆ ਗਿਆ ਹੈ ਤਾਂ ਕਈਆਂ ਦੀ ਨੀਂਦ ਜ਼ਰੂਰ ਉੱਡ ਗਈ ਹੈ ਕਿਉਂਕਿ ਜੇਕਰ ਇਸ ਰਕਮ ਦੀ ਵਸੂਲੀ ਹੋ ਜਾਵੇ ਤਾਂ ਨਿਗਮ ਪ੍ਰਸ਼ਾਸਨ ਨੂੰ ਇਸ ਦਾ ਕਾਫ਼ੀ ਫ਼ਾਇਦਾ ਹੋਵੇਗਾ | ਪਹਿਲਾਂ ਹੀ ਨਿਗਮ ਫ਼ੰਡਾਂ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਹਨ | ਉਂਜ ਮੇਅਰ ਵਨੀਤ ਧੀਰ ਵੀ ਇਸ ਮਾਮਲੇ 'ਚ ਕਹਿ ਰਹੇ ਹਨ ਕਿ ਪਹਿਲਾਂ ਤਾਂ ਡਿਫਾਲਟਰਾਂ ਨੂੰ ਇਕ ਮੌਕਾ ਦਿੱਤਾ ਜਾਵੇਗਾ ਕਿ ਉਹ ਬਕਾਇਆ ਰਕਮਾਂ ਜਮਾਂ ਕਰਵਾ ਦੇਣ ਤੇ ਜੇਕਰ ਉਹ ਰਕਮਾਂ ਜਮਾਂ ਨਹੀਂ ਕਰਵਾਉਂਦੇ ਹਨ ਤਾਂ ਇਸ ਮਾਮਲੇ 'ਚ ਨਿਗਮ ਪ੍ਰਸ਼ਾਸਨ ਅਗਲੀ ਕਾਰਵਾਈ ਕਰੇਗਾ | ਓਧਰ ਬਿਲਡਿੰਗ ਐਡਹਾਕ ਕਮੇਟੀ ਦੀ ਮੀਟਿੰਗ ਵੀ ਆਉਣ ਵਾਲੇ ਸਮੇਂ 'ਚ ਦੁਬਾਰਾ ਹੋਣ ਦੀ ਸੰਭਾਵਨਾ ਹੈ ਤੇ ਇਸ ਹੋਣ ਵਾਲੀ ਮੀਟਿੰਗ 'ਚ ਵੀ ਚੇਅਰਮੈਨ ਤੋਂ ਇਲਾਵਾ ਕਮੇਟੀ ਮੈਂਬਰ ਡਿਫਾਲਟਰਾਂ ਤੋਂ ਵਸੂਲੀ ਕਰਨ ਤੋਂ ਇਲਾਵਾ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਰਿਪੋਰਟ ਲੈ ਸਕਦੇ ਹਨ | ਮੇਅਰ ਨੇ ਪਿਛਲੀ ਮੀਟਿੰਗ 'ਚ ਕਾਲੋਨੀਆਂ ਪਾਸ ਕਰਵਾਉਣ ਵਾਲੇ ਕਾਲੋਨਾਈਜਰਾਂ ਤੋਂ ਪੂਰੀਆਂ ਰਕਮਾਂ ਲੈਣ ਤੋਂ ਇਲਾਵਾ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਸੀ | ਜੇਕਰ ਸ਼ਹਿਰ 'ਚ ਕਈ ਇਲਾਕਿਆਂ 'ਚ ਸੀਵਰੇਜ ਬੰਦ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਤਾਂ ਉਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਸ਼ਹਿਰ 'ਚ ਕਈ ਨਾਜਾਇਜ਼ ਕਾਲੋਨੀਆਂ ਬਣਾਉਣ ਵਾਲੇ ਨਿਗਮ ਦੇ ਖ਼ਜ਼ਾਨੇ ਨੂੰ ਤਾਂ ਚੂਨਾ ਲਗਾਉਂਦੇ ਹਨ ਸਗੋਂ ਸਰਕਾਰੀ ਸੀਵਰ ਨਾਲ ਨਾਜਾਇਜ਼ ਆਪਣਾ ਸੀਵਰ ਜੋੜ ਕੇ ਨਿਗਮ ਦੇ ਸਰਕਾਰੀ ਸੀਵਰ 'ਤੇ ਹੋਰ ਭਾਰ ਵਧਾ ਦਿੰਦੇ ਹਨ, ਜਿਸ ਕਰਕੇ ਸੀਵਰ ਜਾਮ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ | ਨਿਗਮ ਦੇ ਬਿਲਡਿੰਗ ਸ਼ਾਖਾ ਵਲੋਂ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕੋਈ ਪ੍ਰਭਾਵੀ ਕਾਰਵਾਈ ਨਾ ਹੋਣ ਕਰਕੇ ਕਈ ਇਲਾਕਿਆਂ 'ਚ ਨਾਜਾਇਜ਼ ਸੀਵਰ ਜੋੜਨ ਨਾਲ ਇਲਾਕਿਆਂ 'ਚ ਸੀਵਰੇਜ ਜਾਮ ਦੀ ਸਮੱਸਿਆਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਨਾਲ ਨਿਗਮ ਦਾ ਅਕਸ ਖ਼ਰਾਬ ਹੁੰਦਾ ਹੈ |