ਜਲੰਧਰ, 28 ਅਪ੍ਰੈਲ (ਸ਼ਿਵ)-ਸਥਾਨਕ ਸਰਕਾਰਾਂ ਵਿਭਾਗ ਵਲੋਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸਾਬਕਾ ਫ਼ੌਜੀਆਂ ਦੀ ਬਣਾਈ ਗਈ ਨਿਗਰਾਨੀ ਟੀਮ ਕੋਲ ਵੀ ਇਸ ਵੇਲੇ ਜ਼ਿਆਦਾਤਰ ਸ਼ਿਕਾਇਤਾਂ ਕੂੜੇ ਨਾਲ ਸੰਬੰਧਿਤ ਆ ਰਹੀਆਂ ਹਨ, ਜਿਨ੍ਹਾਂ ਨੂੰ ਹੱਲ ਕਰਵਾਉਣ ਲਈ ਨਿਗਮ ਪ੍ਰਸ਼ਾਸਨ ਵਲੋਂ ਹੱਲ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ | ਪੀ. ਐਮ. ਆਈ. ਡੀ. ਸੀ. ਵਲੋਂ ਸਾਬਕਾ ਫ਼ੌਜੀਆਂ 'ਤੇ ਆਧਾਰਿਤ ਬਣਾਈ ਗਈ ਨਿਗਰਾਨੀ ਟੀਮ ਵਲੋਂ ਤਾਂ ਕਾਫੀ ਮਿਹਨਤ ਕੀਤੀ ਜਾ ਰਹੀ ਹੈ, ਜਿਨ੍ਹਾਂ ਵਲੋਂ ਫ਼ੀਲਡ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲੈ ਕੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਸਮੇਤ ਨਿਗਮ ਦੇ ਸੰਬੰਧਿਤ ਅਫ਼ਸਰਾਂ ਨੂੰ ਭੇਜ ਦਿੱਤੀਆਂ ਜਾਂਦੀਆਂ ਹਨ | ਇਸ ਤੋਂ ਬਾਅਦ ਇਨ੍ਹਾਂ ਨੂੰ ਹੱਲ ਕਰਵਾਉਣ ਦੀ ਵੀ ਲੰਬੀ ਪ੍ਰਕਿਰਿਆ ਹੈ ਤੇ ਦੱਸਿਆ ਜਾਂਦਾ ਹੈ ਕਿ ਨਿਗਰਾਨੀ ਟੀਮ ਕੋਲ ਕਈ ਸ਼ਿਕਾਇਤਾਂ ਹੱਲ ਨਾ ਹੋਣ 'ਤੇ ਦੁਬਾਰਾ ਸ਼ਿਕਾਇਤਾਂ ਪੁੱਜ ਰਹੀਆਂ ਹਨ | ਪਿਛਲੇ 6 ਮਹੀਨੇ 'ਚ ਨਿਗਰਾਨੀ ਟੀਮ ਕੋਲ 7500 ਤੋਂ ਜ਼ਿਆਦਾ ਸ਼ਿਕਾਇਤਾਂ ਦਰਜ ਹੋਈਆਂ ਦੱਸੀਆਂ ਜਾਂਦੀਆਂ ਹਨ ਤੇ ਇਨ੍ਹਾਂ 'ਚ 65 ਫੀਸਦੀ ਦੇ ਕਰੀਬ ਸ਼ਿਕਾਇਤਾਂ ਕੂੜੇ ਨਾਲ ਸੰਬੰਧਿਤ ਸੀ | ਨਿਗਮ ਨੇ ਆਈਆਂ ਸ਼ਿਕਾਇਤਾਂ 'ਚ 42 ਨੂੰ ਰੱਦ ਕੀਤਾ ਹੈ ਜਦਕਿ 133 ਦੇ ਕਰੀਬ ਕੂੜੇ ਨਾਲ ਸੰਬੰਧਿਤ ਸ਼ਿਕਾਇਤਾਂ ਲੰਬਿਤ ਪਈਆਂ ਹਨ | ਸਾਬਕਾ ਫ਼ੌਜੀਆਂ ਦੀ ਨਿਗਰਾਨੀ ਟੀਮ ਸ਼ਹਿਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ | ਦੱਸਿਆ ਜਾਂਦਾ ਹੈ ਕਿ ਸ਼ਹਿਰ ਦੀਆਂ ਕਈ ਸੜਕਾਂ 'ਤੇ ਕੂੜੇ ਦੇ ਢੇਰ ਦੀਆਂ ਵੱਡੀ ਸਮੱਸਿਆ ਬਣੇ ਹੋਏ ਹਨ ਸਗੋਂ ਕਈ ਗਲੀਆਂ ਦੇ ਮੋੜਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹੁੰਦੇ ਹਨ, ਪਲਾਟਾਂ ਵਿਚ ਕੂੜਾ ਪਿਆ ਹੋਣ ਤੋਂ ਇਲਾਵਾ ਸੜਕਾਂ 'ਤੇ ਪਏ ਕੂੜੇ ਬਾਰੇ ਸ਼ਿਕਾਇਤਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਲੋਕ ਕਾਫੀ ਪੇ੍ਰਸ਼ਾਨ ਹਨ | ਨਿਗਮ ਪ੍ਰਸ਼ਾਸਨ ਵਲੋਂ ਕੁੱਝ ਸਮਾਂ ਪਹਿਲਾਂ ਡੰਪਾਂ 'ਤੇ ਕੈਮਰੇ ਲਗਾਉਣ ਦੀ ਗੱਲ ਕਹੀ ਗਈ ਸੀ ਤੇ ਇਨ੍ਹਾਂ ਵੱਡੇ ਅਦਾਰਿਆਂ ਵਲੋਂ ਜਾਂ ਫਿਰ ਦੁਪਹਿਰ ਬਾਅਦ ਕੂੜਾ ਸੁੱਟਣ ਵਾਲਿਆਂ ਨੂੰ ਰੋਕਣ ਲਈ ਕਰਮਚਾਰੀ ਤੈਨਾਤ ਕਰਨ ਦੀ ਗੱਲ ਕਹੀ ਗਈ ਸੀ ਪਰ ਇਸ ਬਾਰੇ ਹਦਾਇਤਾਂ ਦੇਣ ਦੇ ਬਾਵਜੂਦ ਸੁਧਾਰ ਨਹੀਂ ਹੋਇਆ ਹੈ | ਕਈ ਵੱਡੇ ਅਦਾਰਿਆਂ ਵਲੋਂ ਆਪਣੇ ਕੂੜੇ ਨੂੰ ਖ਼ਤਮ ਕਰਨ ਲਈ ਕੋਈ ਪ੍ਰਬੰਧ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਡੰਪਾਂ 'ਤੇ ਸੁੱਟਿਆ ਜਾ ਰਿਹਾ ਹੈ ਤੇ ਦੁਪਹਿਰ ਬਾਅਦ ਵੀ ਕਈ ਲੋਕਾਂ ਵਲੋਂ ਡੰਪਾਂ 'ਤੇ ਕੂੜਾ ਸੁੱਟਿਆ ਜਾ ਰਿਹਾ ਹੈ | ਨਿਗਮ ਪ੍ਰਸ਼ਾਸਨ ਵਲੋਂ ਚਾਹੇ ਨਿਗਰਾਨੀ ਟੀਮ ਦੀ ਸਿਫ਼ਾਰਸ਼ ਵਾਲੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਤੌਰ 'ਤੇ ਹੱਲ ਕਰਵਾਇਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਨੂੰ ਸੁਧਾਰ ਲਈ ਹੋਰ ਕਦਮ ਉਠਾਉਣੇ ਪੈਣਗੇ | ਸਾਬਕਾ ਫ਼ੌਜੀਆਂ ਦੀ ਨਿਗਰਾਨੀ ਟੀਮ ਜਿਹੜੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸ਼ਿਕਾਇਤਾਂ ਹੱਲ ਕਰਵਾਉਣ ਲਈ ਮਦਦ ਕਰ ਰਹੀ ਹੈ | ਇਹ ਟੀਮ ਸਥਾਨਕ ਸਰਕਾਰਾਂ ਵਿਭਾਗ ਦੇ ਸਾਬਕਾ ਡੀ. ਜੀ. ਐਮ. ਸੇਵਾਮੁਕਤ ਕੈਪਟਨ ਚਰਨਬੀਰ ਸਿੰਘ ਦੀ ਅਗਵਾਈ 'ਚ ਕੰਮ ਕਰ ਰਹੀਆਂ ਹਨ | ਸਾਰੇ ਵਿਧਾਨ ਸਭਾ ਹਲਕਿਆਂ ਵਿਚ ਸਾਬਕਾ ਫ਼ੌਜੀਆਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਤੇ ਉਕਤ ਟੀਮ ਰੋਜ਼ਾਨਾ ਹੀ ਇਲਾਕਿਆਂ ਵਿਚ ਜਾ ਕੇ ਸਮੱਸਿਆਵਾਂ ਬਾਰੇ ਰਿਪੋਰਟਾਂ ਤਿਆਰ ਕਰਦੀ ਹਨ | ਕੈਪਟਨ ਚਰਨਬੀਰ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਕੋਲ ਜ਼ਿਆਦਾ ਸ਼ਿਕਾਇਤਾਂ ਕੂੜੇ ਨਾਲ ਸਬੰਧਿਤ ਹਨ | ਇਸ ਬਾਰੇ ਬਕਾਇਦਾ ਸਰਕਾਰ ਨੂੰ ਵੀ ਰਿਪੋਰਟ ਭੇਜੀ ਜਾ ਰਹੀ ਹੈ | ਟੀਮ ਦੀਆਂ ਰਿਪੋਰਟਾਂ ਨਾਲ ਨਿਗਮ ਨੂੰ ਕਾਫੀ ਫ਼ਾਇਦਾ ਮਿਲ ਰਿਹਾ ਹੈ |