ਜਲੰਧਰ, 28 ਅਪ੍ਰੈਲ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ ਦੀਆਂ ਟੀਮਾਂ ਨੇ ਦੋ ਵੱਖ-ਵੱਖ ਮਾਮਲਿਆਂ 'ਚ 4 ਵਿਅਕਤੀਆਂ ਨੂੰ ਪਿਸਤੌਲਾਂ ਤੇ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 3 ਪਿਸਤੌਲਾਂ, 2 ਜ਼ਿੰਦਾ ਰੌਂਦ ਤੇ 1 ਕਿੱਲੋ ਅਫ਼ੀਮ ਬਰਾਮਦ ਕੀਤੀ ਗਈ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਅਨਿਲ ਉਰਫ ਬੁੱਗੀ ਵਾਸੀ ਗ੍ਰੀਨ ਐਵੇਨਿਊ, ਵਿਕਰਮਜੀਤ ਸਿੰਘ ਉਰਫ ਵਿੱਕੀ ਕਾਸ਼ੀ ਨਗਰ ਥਾਣਾ ਸਿਟੀ ਫਿਰੋਜ਼ਪੁਰ, ਅਸ਼ੀਸ਼ ਉਰਫ ਸਹੋਤਾ ਵਾਸੀ ਪਿੰਡ ਚੱਕ ਖੁਰਦ ਥਾਣਾ ਨਕੋਦਰ ਤੇ ਮਨਿੰਦਰ ਗਿੱਲ ਵਾਸੀ ਪਿੰਡ ਭੱਦਮ ਥਾਣਾ ਸ਼ਾਹਕੋਟ ਵਜੋਂ ਹੋਈ ਹੈ | ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਵਲੋਂ ਜਾਰੀ ਬਿਆਨ ਮੁਤਾਬਕ ਸੀ. ਆਈ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਅਨਿਲ ਤੇ ਵਿਕਰਮਜੀਤ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 500-500 ਗ੍ਰਾਮ ਅਫ਼ੀਮ ਜ਼ਬਤ ਕੀਤੀ | ਇਸੇ ਤਰ੍ਹਾਂ ਦੂਜੀ ਟੀਮ ਨੇ ਮਕਸੂਦਾਂ ਚੌਕ 'ਚ ਕਾਰਵਾਈ ਕਰਦਿਆਂ ਅਸ਼ੀਸ਼ ਤੇ ਮਨਿੰਦਰ ਗਿੱਲ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 3 ਪਿਸਤੌਲਾਂ ਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ | ਪਹਿਲੇ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ ਥਾਣਾ ਭਾਰਗੋ ਕੈਂਪ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਤੇ ਦੂਜੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ-1 ਵਿਚ ਆਰਮਜ਼ ਐਕਟ ਤਹਿਸ ਕੇਸ ਦਰਜ ਕੀਤੇ ਗਏ ਹਨ |