ਜਲੰਧਰ, 18 ਮਈ (ਐੱਮ.ਐੱਸ. ਲੋਹੀਆ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਬਣਾਏ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 'ਚ ਸ਼ਾਮਲ ਕੀਤੀਆਂ ਕੁਝ ਮੱਦਾਂ ਨੂੰ ਹਟਵਾਉਣ ਲਈ ਇਸ ਐਕਟ ਦਾ ਵਿਰੋਧ ਕਰਨ ਲਈ ਜਲੰਧਰ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘ, ਸਿੱਖ ਸੰਸਥਾਵਾਂ, ਸੇਵਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਸਾਂਝੀ ਮੀਟਿੰਗ 23 ਮਈ ਦਿਨ ਸਨਿਚਰਵਾਰ ਨੂੰ ਸ਼ਾਮ 4 ਵਜੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਵਿਖੇ ਰੱਖੀ ਗਈ ਹੈ | ਸਮੂਹ ਸਿੰਘ ਸਭਾਵਾਂ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਜੇਕਰ ਇਹ ਕਾਨੂੰਨ ਅਮਲ 'ਚ ਆ ਜਾਂਦਾ ਹੈ ਤਾਂ ਕਾਨੂੰਨ ਦੀ ਪਹਿਲੀ ਗਾਜ਼ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਉੱਪਰ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਵਿਖੇ ਰੱਖੀ ਗਈ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਸੀ, ਕਿ ਅਗਲੇਰੀ ਮੀਟਿੰਗ 23 ਮਈ ਨੂੰ ਰੱਖੀ ਜਾਵੇ | ਉਨ੍ਹਾਂ ਕਿਹਾ ਕਿ ਇਸ ਲਈ ਸਮੂਹ ਨਾਨਕ ਨਾਮ ਲੇਵਾ ਸੰਗਤ ਹੋਣ ਵਾਲੀ ਇਸ ਇਕੱਤਰਤਾ 'ਚ ਸ਼ਾਮਲ ਹੋ ਕੇ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਇਸ ਕਾਨੂੰਨ ਵਿਰੁੱਧ ਸੰਘਰਸ਼ 'ਚ ਆਪਣਾ ਯੋਗਦਾਨ ਪਾਉਣ | ਜਥੇਦਾਰ ਜਗਜੀਤ ਸਿੰਘ ਗਾਬਾ ਨੇ ਬਣਾਏ ਗਏ ਨਵੇਂ ਕਾਨੂੰਨ ਨੂੰ ਰੱਦ ਕਰਵਾਉਣ ਲਈ ਇਕਜੁੱਟ ਹੋ ਕੇ ਸੰਘਰਸ਼ ਤੇਜ਼ ਕਰਨ ਦੀ ਅਪੀਲ ਕੀਤੀ ਹੈ |