02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਨੀਟ ਪੇਪਰ ਲੀਕ ਦੇ ਵਿਰੋਧ ’ਚ ਰਵੀਸ਼ ਸ਼ਰਮਾ ਭੁੱਖ ਹੜਤਾਲ ’ਤੇ ਬੈਠੇ, ਸਿੱਖਿਆ ਮੰਤਰੀ ਤੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ

ਅਜੀਤ ਡੈਸਕ 25-07-2026
ਜਲੰਧਰ, 24 ਜੁਲਾਈ, (ਪਵਨ ਖਰਬੰਦਾ)- ਪੰਜਾਬ ਬ੍ਰਾਹਮਣ ਸਭਾ ਦੇ ਸਾਬਕਾ ਡਾਇਰੈਕਟਰ ਤੇ ਕਾਂਗਰਸ ਪਾਰਟੀ ਦੇ ਯੂਥ ਆਗੂ ਰਵੀਸ਼ ਰਾਜ ਸ਼ਰਮਾ ਨੇ ਨੀਟ ਪੇਪਰ ਲੀਕ ਅਤੇ ਦਿੱਲੀ ਵਿਚ ਚੱਲ ਰਹੇ ਪ੍ਰਦਰਸ਼ਨ ਦੌਰਾਨ ਨੌਜਵਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ‘ਨਿਆਂ ਸਤਿਆਗ੍ਰਹ’ ਦਾ ਆਯੋਜਨ ਕੀਤਾ। ਇਸ ਤਹਿਤ ਉਹ ਅੱਜ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਡੀਸੀ ਦਫ਼ਤਰ ਦੇ ਬਾਹਰ 12 ਘੰਟਿਆਂ ਦੀ ਭੁੱਖ ਹੜਤਾਲ ‘ਤੇ ਬੈਠੇ। ਇਸ ਦੌਰਾਨ ਧਰਨੇ ’ਚ ਪਹੁੰਚੇ ਵਿਦਿਆਰਥੀਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਇਸ ਸਤਿਆਗ੍ਰਹ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ, ਵਕੀਲਾਂ ਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਵੀ ਆਪਣਾ ਸਮਰਥਨ ਦਿੱਤਾ। ਇਸ ਦੌਰਾਨ ਨੀਟ ਪੇਪਰ ਲੀਕ ਕਾਰਨ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਗਈ । ਮੀਡੀਆ ਨਾਲ ਗੱਲਬਾਤ ਕਰਦਿਆਂ ਰਵੀਸ਼ ਰਾਜ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਨੀਟ ਪੇਪਰ ਲੀਕ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਇਸ ਦੇ ਨਾਲ ਹੀ ਦਿੱਲੀ ਵਿਚ ਨੌਜਵਾਨਾਂ ‘ਤੇ ਲਾਠੀਚਾਰਜ ਦੇ ਦੋਸ਼ਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਵੀ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਨੌਜਵਾਨਾਂ ਤੋਂ ਮੁਆਫ਼ੀ ਮੰਗੇ। ਇਹ ਦੇਸ਼ ਦਾ ਭਵਿੱਖ ਹਨ। ਧਰਮੇਂਦਰ ਪ੍ਰਧਾਨ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ। ਉਨ੍ਹਾਂ ਨੂੰ ਬਰਖ਼ਾਸਤ ਕਰਨ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ? ਸਰਕਾਰ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਵੀਸ਼ ਨੇ ਕਿਹਾ ਕਿ 2014 ਤੋਂ ਹੁਣ ਤੱਕ ਨੀਟ-ਯੂਜੀ, ਯੂਜੀਸੀ-ਨੈੱਟ ਵਰਗੀਆਂ ਮਹੱਤਵਪੂਰਨ ਪ੍ਰੀਖਿਆਵਾਂ ਦੇ ਲਗਪਗ 152 ਪੇਪਰ ਲੀਕ ਹੋ ਚੁੱਕੇ ਹਨ, ਪਰ ਅਜੇ ਤੱਕ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਹੋਈ। ਇਸ ਕਾਰਨ ਲਗਭਗ 7.5 ਕਰੋੜ ਵਿਦਿਆਰਥੀਆਂ ਦੀ ਸਿੱਖਿਆ ਪ੍ਰਭਾਵਿਤ ਹੋਈ ਹੈ। ਨੀਟ ਦੀ ਤਿਆਰੀ ‘ਤੇ ਲਗਪਗ 1.32 ਲੱਖ ਕਰੋੜ ਰੁਪਏ ਖਰਚ ਹੋ ਰਹੇ ਹਨ, ਜੋ ਦੇਸ਼ ਦੇ 1.40 ਲੱਖ ਕਰੋੜ ਰੁਪਏ ਦੇ ਸਿੱਖਿਆ ਬਜਟ ਦੇ ਬਰਾਬਰ ਹੈ। ਇਹ 12 ਘੰਟਿਆਂ ਦੀ ਭੁੱਖ ਹੜਤਾਲ ਨਹੀਂ, ਸਗੋਂ ਇੱਕ ਵੱਡੇ ਅੰਦੋਲਨ ਦੀ ਸ਼ੁਰੂਆਤ ਹੈ। ਦੇਸ਼ ਦੇ ਨੌਜਵਾਨਾਂ ਨੂੰ ਇਨਸਾਫ਼ ਮਿਲਣ ਤੱਕ ਇਹ ਸੰਘਰਸ਼ ਹਰ ਮੰਚ ‘ਤੇ ਜਾਰੀ ਰਹੇਗਾ ਅਤੇ ਲੋੜ ਪਈ ਤਾਂ ਪੰਜਾਬ ਤੋਂ ਲੈ ਕੇ ਦਿੱਲੀ ਦੀਆਂ ਸੜਕਾਂ ਤੱਕ ਲੜਾਈ ਲੜੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਡਾ. ਜਸਲੀਨ ਸੇਠੀ, ਸੀਨੀਅਰ ਆਗੂ ਤੇ ਕੌਂਸਲਰ ਪਵਨ ਕੁਮਾਰ, ਜਗਦੀਪ ਸਿੰਘ ਸੋਨੂ ਸੰਧਰ, ਕੀਰਤੀ ਆਜ਼ਾਦ, ਯੂਨੀਅਨ ਆਗੂ ਪ੍ਰੇਮ ਪਾਲ ਡੁਮੇਲੀ, ਨੀਟੂ ਸ਼ਟਰਾਂਵਾਲਾ ਅਤੇ ਅਤੁਲ ਚੱਢਾ ਨੇ ਸੰਬੋਧਨ ਕੀਤਾ। ਸਾਰਿਆਂ ਨੇ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਜ਼ੋਰਦਾਰ ਮੰਗ ਕੀਤੀ ਅਤੇ ਨੀਟ ਪ੍ਰੀਖਿਆਵਾਂ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਵਿਦਿਆਰਥੀਆਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ । ਇਸ ਤੋਂ ਇਲਾਵਾ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਦਵਿੰਦਰ ਸ਼ਰਮਾ , ਪੋਂਟੀ ਰਾਜਪਾਲ, ਦੀਪਕ ਸਪਰਾ, ਸ਼ੈਂਕੀ, ਡਾ. ਅਮਰਿੰਦਰ ਸਿੰਘ ਰਾਜਪੂਤ, ਜੱਸੀ ਲੱਲੀਆਂ, ਬਲਵੀਰ ਕਲੇਰ, ਰੋਹਨ ਚੱਢਾ, ਐਡਵੋਕੇਟ ਰੋਹਿਤ ਗੰਭੀਰ, ਐਡਵੋਕੇਟ ਮੋਹਿਤ ਸ਼ਰਮਾ, ਨਰੇਸ਼ ਵਰਮਾ, ਅੰਕਿਤ ਕਟਿਆਲ, ਬੱਬੂ ਸੁਧਾਣਾ, ਚੰਦਨ ਵਾਸਨ, ਬੱਬੂ ਸਿੰਘ, ਬਿੱਟੂ ਸਿੰਘ, ਦੀਪਕ ਗੁਪਤਾ, ਰਜਤ ਮਹਾਜਨ ਤੇ ਭੂਪੇਸ਼ ਸੁਗੰਧ ਸਮੇਤ ਹੋਰ ਪਰਿਵਾਰਾਂ ਨੇ ਵੀ ਆਪਣਾ ਸਮਰਥਨ ਦਿੱਤਾ।
ਪਿਛਲੀ ਖ਼ਬਰ ਚੋਰੀ ਹੋਏ ਮੋਟਰਸਾਈਕਲ ਦਾ ਆਰ. ਟੀ. ਓ. ਤੋਂ ਆਇਆ ਮੈਸੇਜ, ‘ਚਲਾਨ ਭੁਗਤੋ ਨਹੀਂ ਤਾਂ ਅਦਾਲਤ ’ਚ ਭੇਜ ਦਿੱਤਾ ਜਾਵੇਗਾ ਕੇਸ’ ਅਗਲੀ ਖ਼ਬਰ ਭਲਕੇ ਧਰਨਾ-ਪ੍ਰਦਰਸ਼ਨ ‘ਚ ਪੁੱਜੇਗੀ ਜੇ.ਐੱਨ.ਯੂ. ਦੇ ਵਿਦਿਆਰਥੀਆਂ ਦੀ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।