02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਫ਼ੈਜ਼ ਅਹਿਮਦ 'ਫ਼ੈਜ਼' (13 ਫ਼ਰਵਰੀ 1911- 20 ਨਵੰਬਰ 1984)

ਅਜੀਤ ਡੈਸਕ 19-07-2026

ਫ਼ੈਜ਼ ਅਹਿਮਦ 'ਫ਼ੈਜ਼', ਡਾ. ਸਰ ਮੁਹੰਮਦ 'ਇਕਯਬਾਲ' ਤੋਂ ਬਾਅਦ ਸਭ ਤੋਂ ਉੱਘਾ, ਬਹੁ ਚਰਚਿਤ ਤੇ ਵਿਸ਼ਵ-ਵਿਆਪੀ ਸ਼ੁਹਰਤ ਵਾਲਾ ਅਦੀਬ, ਸ਼ਾਇਰ ਤੇ ਸੰਪਾਦਕ ਸੀ।
'ਫ਼ੈਜ਼' ਦਾ ਜਨਮ 13 ਫ਼ਰਵਰੀ 1911 ਨੂੰ ਪਿੰਡ ਕਾਲਾ ਕਾਦਿਰ, ਜ਼ਿਲ੍ਹਾ ਸਿਆਲਕੋਟ ਵਿਚ ਹੋਇਆ ਜੋ ਕਿ ਪੱਛਮੀ ਪੰਜਾਬ ਵਿਚ ਸਥਿੱਤ ਛੋਟਾ ਜਿਹਾ ਪਿੰਡ ਹੈ ਤੇ ਜਿਸ ਨੂੰ 'ਕਾਲਾ' ਤੇ 'ਕਾਦਰ' ਨਾਉਂ ਦੇ ਦੋ ਭਰਾਵਾਂ ਨੇ ਵਸਾਇਆ ਸੀ। ਅੱਜ ਕੱਲ੍ਹ 'ਫ਼ੈਜ਼ ਨਗਰ' ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਜ਼ਿਲ੍ਹਾ ਨਾਰੋਵਾਲ (ਪਾਕਿਸਤਾਨ) ਦਾ ਹਿੱਸਾ ਹੈ। ਸਿਆਲਕੋਟ ਪੀਰਾਂ, ਫ਼ਕੀਰਾਂ ਤੇ ਕਲਮਕਾਰਾਂ ਦੀ ਧਰਤੀ ਹੈ। ਜਿਵੇਂ ਕਿ ਕ੍ਰਿਸ਼ਨ ਮੋਹਨ ਨਾਮ ਦੇ ਸ਼ਾਇਰ ਨੇ ਲਿਖਿਆ ਹੈ:
'ਮੈਂ ਜਿਸ ਧਰਤੀ ਕਾ ਬੇਟਾ ਹੂੰ, ਨਾਮਵਰੋਂ ਕੀ ਧਰਤੀ ਹੈ
ਪੈਦਾ ਇਸ ਧਰਤੀ ਸੇ ਹੂਏ ਹੈਂ, 'ਫੈਜ਼' ਕਈ 'ਇਕਯਬਾਲ' ਕਈ।'
'ਇਕਯਬਾਲ' ਤੇੇ 'ਫ਼ੈਜ਼' ਤੋਂ ਪਹਿਲਾਂ ਇਸ ਧਰਤੀ ਨਾਲ ਪੂਰਨ ਭਗਤ ਦਾ ਨਾਉਂ-ਜੁੜਿਆ, ਜਿਸ ਬਾਰੇ ਕਵੀ ਕਾਦਰ ਯਾਰ ਨੇ 'ਪੂਰਨ ਭਗਤ' ਦਾ ਕਿੱਸਾ ਲਿਖਕੇ ਮਸ਼ਹੂਰ ਕੀਤਾ, ਜੋ ਕਿ ਪੰਜਾਬ ਦੇ ਹਰ ਸ਼ਹਿਰ, ਮੁਹੱਲੇ ਤੇ ਪਿੰਡ ਵਿਚ ਪੜ੍ਹਿਆ, ਗਾਇਆ ਤੇ ਸੁਣਿਆ ਜਾ ਚੁੱਕਾ ਹੈ, ਜਿਸਦਾ ਅਰੰਭਿਕ ਸ਼ੇਅਰ ਹੈ:
'ਅਲਫ਼ ਆ ਸਖੀ ਸਿਆਲਕੋਟ ਅੰਦਰ
ਪੂਰਨ ਪੁੱਤ ਸਲਵਾਨ ਨੇ ਜਾਇਆ ਈ'
ਕਾਲਾ ਕਾਦਰ ਪਿੰਡ ਤੇ ਉਸਦੇ ਨੇੜੇ-ਤੇੜੇ ਦਾ ਸਾਰਾ ਇਲਾਕਾ ਅਤਿ-ਗ਼ਰੀਬੀ ਵਿਚ ਗੁਜ਼ਾਰਾ ਕਰ ਰਿਹਾ ਸੀ। 'ਖੇਤੀ ਖਸਮਾਂ ਸੇਤੀ' ਅੱਲ੍ਹਾ ਮੀਆਂ ਦੇ ਰਹਿਬੋ-ਕਰਮ 'ਤੇ ਸੀ। ਜੇ ਚੰਗੇ ਮੀਂਹ ਵਰ੍ਹ ਗਏ ਤਾਂ ਵਾਰੇ-ਨਿਆਰੇ ਨਹੀਂ, ਤੇ ਫਾਕਿਆਂ ਤੇ ਤੋਟਾਂ ਭਰੇ ਹਾਲਾਤ ਵਿਚ ਦਿਨ ਬੀਤਦੇ ਸਨ। ਡੰਗਰ ਵੱਛਾ ਆਮ ਸੀ ਜੋ ਕਿ ਇਸ ਗ਼ਰੀਬ ਸਮਾਜ ਦਾ ਆਖ਼ਰੀ ਆਰਥਿਕ ਸਹਾਰਾ ਸਨ।
'ਫ਼ੈਜ਼' ਦੇ ਵਡੇਰੇ ਅਫ਼ਗਾਨਿਸਤਾਨ ਤੋਂ ਆਏ ਸਨ ਤੇ ਉਨ੍ਹਾਂ ਦਾ 'ਕੁੱਲ-ਕਬੀਲਾ', 'ਤਤਲਾ' - ਜੱਟਾਂ ਵੱਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਹੋਰ ਜਾਤਾਂ ਤੇ ਸ਼੍ਰੇਣੀਆਂ ਦੇ ਲੋਕ ਆਦਰ ਨਾਲ 'ਚੌਧਰੀ' ਆਖਦੇ ਸਨ।
'ਫ਼ੈਜ਼' ਦਾ ਪਿਤਾ ਸੁਲਤਾਨ ਮੁਹੰਮਦ ਖਾਨ ਐਸੇ ਜ਼ਿੰਮੀਦਾਰਾਂ ਵਿਚੋਂ ਸੀ ਜਿਨ੍ਹਾਂ ਕੋਲ ਜ਼ਮੀਨਾਂ ਤਾਂ ਸਨ ਪਰ ਫ਼ਸਲ ਮੀਂਹ ਦੇ ਆਸਰੇ ਸੀ ਤੇ ਡੰਗਰ-ਵੱਛਾ ਚਾਰਨ ਵਾਸਤੇ ਹਰਿਆਲੀ ਦੀ ਕਮੀ ਨਹੀਂ ਸੀ। ਪਿੰਡ ਦੇ ਲੋਕ ਮਿਲਕੇ ਮਾਲ-ਡੰਗਰ ਚਾਰਨ ਲਈ ਇਕ ਪਾਲੀ ਰੱਖਿਆ ਕਰਦੇ ਸਨ। ਜਿਸ ਨੂੰ ਕੰਮ ਬਦਲੇ ਦਾਣਾ-ਫੱਕਾਂ ਦੇ ਦਿੱਤਾ ਜਾਂਦਾ ਸੀ। ਬਾਲਕ ਸੁਲਤਾਨ ਮੁਹੰਮਦ ਖਾਨ ਪਿੰਡ ਦਾ ਪਾਲੀ ਸੀ। ਪਰ ਬੜੀ ਤਿੱਖਣ ਬੁੱਧੀ, ਉਤਸ਼ਾਹ ਤੇ ਹੌਸਲੇ ਵਾਲਾ। ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਉਸ ਦਾ ਪਿਉ ਪੜ੍ਹਾਉਣ ਦੀ ਵੁੱਕਤ ਨਹੀਂ ਸੀ ਰੱਖਦਾ ਪਰ ਉਹ ਆਪਣੇ ਡੰਗਰਾਂ ਦੇ ਚੌਣੇ ਤੇ ਆਹਰ ਵਿਚੋਂ ਸਮਾਂ ਕੱਢ ਕੇ ਸਕੂਲ ਵਿਚ ਜਾ ਵੜਦਾ ਸੀ। ਸਕੂਲ ਮਾਸਟਰ ਨੇ ਉਸਦੇ ਉਤਸ਼ਾਹ ਤੇ ਹਿੰਮਤ ਨੂੰ ਦੇਖ ਕੇ ਵਿਦਿਆਰਥੀ ਮੰਨ ਲਿਆ ਤੇ ਉਹ ਪ੍ਰਾਇਮਰੀ ਪਾਸ ਕਰ ਗਿਆ। ਮਿਡਲ ਸਕੂਲ ਪਿੰਡ ਤੋਂ ਕਾਫ਼ੀ ਦੂਰ ਸੀ। ਪਰ ਉਸਦੇ ਉਤਸ਼ਾਹ ਅੱਗੇ ਦੂਰੀਆਂ ਦੀ ਕੋਈ ਰੁਕਾਵਟ ਨਹੀਂ ਸੀ, ਉਹ ਹਰ ਰੋਜ਼ ਪਿੰਡ ਤੋਂ 4 ਮੀਲ ਦੂਰ ਸਕੂਲ ਵਿਚ ਜਾਂਦਾ ਤੇ ਮਿਡਲ ਵੀ ਪਾਸ ਕਰ ਲਈ। ਫਿਰ ਉਸ ਨੇ ਲਾਹੌਰ ਵਿਚ ਇਕ ਮਸਜਿਦ ਦੀ ਸੇਵਾ-ਸੰਭਾਲ ਕਰਦਿਆਂ ਮੈਟ੍ਰਿਕ ਪਾਸ ਕਰ ਲਈ। ਉਸ ਨੇ ਅੰਗਰੇਜ਼ੀ ਪੜ੍ਹਨੀ-ਲਿਖਣੀ ਵੀ ਸਿੱਖ ਲਈ। ਹੌਲੀ ਹੌਲੀ ਤਰੱਕੀ ਕਰਦਾ ਕਰਦਾ ਕਾਬਲ ਪੁੱਜ ਗਿਆ ਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ (ਅਮੀਰ) ਦਾ ਮੰਤਰੀ ਬਣ ਗਿਆ। ਹੋਰ ਹਿੰਮਤ ਤੇ ਚੁਸਤੀ ਨਾਲ ਲੰਡਨ ਜਾ ਪੁੱਜਾ। ਉੱਥੇ ਵਕਾਲਤ (2ar-at-&aw) ਕਰਕੇ ਬੈਰਿਸਟਰ ਸੁਲਤਾਨ ਅਹਿਮਦ ਖਾਨ ਬਣ ਕੇ ਸਿਆਲਕੋਟ ਦਾ ਉੱਘਾ ਵਕੀਲ ਬਣ ਗਿਆ। ਘਰ ਵਿਚ ਧਨ ਦੀ ਵਰਖਾ ਹੋਣ ਲੱਗੀ। ਇਸ ਤਰ੍ਹਾਂ ਉਹ ਸਿਆਲਕੋਟ ਦੇ ਵੱਡੇ ਆਦਮੀਆਂ ਵਿਚ ਗਿਣਿਆ ਜਾਣ ਲੱਗਾ।
'ਫ਼ੈਜ਼' ਨੇ ਮੁੱਢਲੀ ਇਸਲਾਮਿਕ ਵਿੱਦਿਆ ਮਸਜਿਦ ਤੋਂ ਲਈ, ਕੁਰਾੱਨ ਦਾ ਹਿਫ਼ਜ਼ ਪ੍ਰਾਪਤ ਕੀਤਾ, ਫਿਰ ਸਕਾਚ ਮਿਸ਼ਨ ਹਾਈ ਸਕੂਲ ਤੋਂ ਮੈਟ੍ਰਿਕ ਤੇ ਇੰਟਰ ਮੀਡੀਏਟ ਕਾਲਜ, ਸਿਆਲਕੋਟ ਤੇ ਐਫ਼.ਏ. ਪਾਸ ਕੀਤੀ। ਫ਼ਿਰ ਗੌਰਮਿੰਟ ਕਾਲਜ ਲਾਹੌਰ ਤੋਂ ਐਮ.ਏ. ਅੰਗ੍ਰੇਜ਼ੀ ਦੀ ਡਿਗਰੀ ਲਈ ਤੇ ਓਰੀਐਂਟਲ ਕਾਲਜ ਤੋਂ ਐਮ.ਏ. ਅਰਬੀ ਪਾਸ ਕੀਤੀ। ਉਸਨੇ ਅਹਿਮਦ ਸ਼ਾਹ 'ਬੁਖ਼ਾਰੀ', ਸੂਫ਼ੀ ਗੁਲਾਮ ਮੁਸਤਫ਼ਾ 'ਤਬਸੁਮ', ਚਿਰਾਗ਼ ਹਸਨ 'ਹਸਰਤ' ਤੇ ਪੰਡਿਤ ਹਰੀ ਚੰਦਰ 'ਅਖ਼ਤਰ' ਆਦਿ ਤੋਂ ਜਨਰਲ ਤੇ ਅਦਬੀ ਤਾਲੀਮ ਲਈ।
ਐਮ.ਏ.ਓ. ਕਾਲਜ, ਅੰਮ੍ਰਿਤਸਰ ਵਿਚ ਚਾਰ ਸਾਲ ਉਰਦੂ, ਫ਼ਾਰਸੀ ਤੇ ਅਰਬੀ ਦਾ ਪ੍ਰੋਫ਼ੈਸਰ ਰਿਹਾ ਤੇ ਦੋ ਸਾਲ ਹੇਲੀ ਕਾਲਜ ਆਫ਼ ਕਾਮਰਤ, ਲਾਹੌਰ ਦਾ ਪ੍ਰਿੰਸੀਪਲ ਰਿਹਾ।
ਉਸਨੇ 'ਅਦਬੇ ਲਤੀਫ਼', ਰੋਜ਼ਾਨਾ 'ਇਮਰੋਜ਼' ਤੇ ਪਾਕਿਸਤਾਨ ਟਾਈਮਜ਼, ਲਾਹੌਰ ਦਾ ਸੰਪਾਦਨ ਕੀਤਾ। 'ਰਾਵਲਪਿੰਡੀ ਸਾਜ਼ਿਸ਼ ਕੇਸ' ਵਿਚ 4 ਸਾਲ ਤੇ ਹੋਰ ਕਈ ਵਾਰ ਜੇਲ੍ਹਾਂ ਕੱਟੀਆਂ।
ਅੰਮ੍ਰਿਤਸਰ ਦੇ ਮੁਹੰਮਦਨ ਐਂਗਲੋ ਓਰੀਐਂਟਲ ($1®) ਕਾਲਜ ਦਾ ਪ੍ਰਿੰਸੀਪਲ ਡਾ. ਮੁਹੰਮਦ ਤਾਸੀਰ ਸੀ ਜੋ ਇੰਗਲੈਂਡ ਤੋਂ ਡਾਕਟਰੇਟ ਕਰਕੇ ਆਇਆ ਸੀ ਤੇ ਨਾਲ ਇਕ ਇੰਗਲੈਂਡ ਦੀ ਕਮਿਊਨਿਸਟ ਪਾਰਟੀ ਦੀ ਮੈਂਬਰ ਯੁਵਤੀ ਨਾਲ ਵਿਆਹ ਕਰਵਾ ਕੇ ਆਇਆ ਸੀ। 'ਫ਼ੈਜ਼' ਉਸ ਕਾਲਜ ਵਿਚ ਚਾਰ ਸਾਲ ਅਰਬੀ ਤੇ ਫ਼ਾਰਸੀ ਦਾ ਪ੍ਰੋਫ਼ੈਸਰ ਰਿਹਾ। ਇਸ ਕਾਲਜ ਵਿਚ 'ਫ਼ੈਜ਼' ਦੇ ਵਿਚਾਰਾਂ ਵਿਚ ਹੋਰ ਡੂੰਘਾਈ ਤੇ ਪਕਿਆਈ ਆਈ। ਉਸਦੇ ਸਾਥੀ ਪ੍ਰੋਫ਼ੈਸਰ ਦੀ ਬੇਗ਼ਮ ਰਸ਼ੀਦ ਜਹਾਂ ਨੇ 'ਫ਼ੈਜ਼' ਦੀਆਂ ਕਵਿਤਾਵਾਂ ਸੁਣੀਆਂ ਤੇ ਸਲਾਹ ਦਿੱਤੀ ਕਿ, 'ਉਹ ਆਪਣੀ ਪ੍ਰੇਮਿਕਾ ਦੇ ਗ਼ਮ ਤੇ ਵਿਛੋੜੇ ਦਾ ਰੋਣਾ-ਧੋਣਾ ਬੰਦ ਕਰੇ। ਕੀ ਤੈਨੂੰ ਆਪਣੇ ਚਾਰ-ਚੁਫ਼ੇਰੇ ਸਮਾਜ ਵਿਚ ਗ਼ਰੀਬਾਂ ਦੇ ਦੁੱਖ ਨਹੀਂ ਦਿਸਦੇ? 'ਫ਼ੈਜ਼' 'ਤੇ ਇਸਦਾ ਕਾਫ਼ੀ ਅਸਰ ਹੋਇਆ ਤੇ ਉਸਦੀ ਕਵਿਤਾ ਵਿਚ ਗ਼ਮੇ-ਜਾਨ ਤੋਂ ਗ਼ਮੇ-ਜਹਾਨ ਹਾਵੀ ਹੋ ਗਿਆ।' ਉਸ ਨੇ ਉਰਦੂ ਸ਼ਾਇਰੀ ਦੀਆਂ ਅੱਠ ਪੁਸਤਕਾਂ ਛਪਵਾਈਆਂ ਤੇ ਪੰਜਾਬੀ ਕਵਿਤਾ ਵੀ ਲਿਖੀ।
ਮਿਸਿਜ਼ ਤਾਸੀਰ ਦੀ ਛੋਟੀ ਭੈਣ ਵੀ ਇੰਗਲੈਂਡ ਦੀ ਕਮਿਊਨਿਸਟ ਪਾਰਟੀ ਦੀ ਮੈਂਬਰ ਸੀ। ਉਸਦੇ ਵਿਚਾਰ ਤੇ ਸ਼ਖ਼ਸੀਅਤ 'ਫ਼ੈਜ਼' ਨੂੰ ਬਹੁਤ ਪਸੰਦ ਆਏ ਤੇ ਦੋਨੋਂ ਇਕ ਦੂਜੇ ਨੂੰ ਪਿਆਰ ਕਰਨ ਲੱਗੇ ਤੇ ਸਾਲ 1941 ਵਿਚ ਸ਼ਾਦੀ ਦੇ ਬੰਧਨ ਵਿਚ ਬੱਝ ਗਏ। ਉਨ੍ਹਾਂ ਦਾ ਨਿਕਾਹ ਸ੍ਰੀਨਗਰ ਵਿਚ ਹੋਇਆ, ਜਿਸ ਵਿਚ ਸ਼ੇਖ ਮੁਹੰਮਦ ਅਬਦੁੱਲਾ, ਬਖ਼ਸ਼ੀ ਗ਼ੁਲਾਮ ਮੁਹੰਮਦ ਤੇ ਸ਼ੇਖ ਮੁਹੰਮਦ 'ਸਾਦਿਕ' ਵੀ ਸ਼ਾਮਿਲ ਹੋਏ। 'ਐਲਿਸ ਫ਼ੈਜ਼' ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਦੀ ਰਹੀ, ਉਸ ਨੇ ਬਹੁਤ ਔਖੇ ਸਮੇਂ ਦੇਖੇ ਤੇ 'ਫ਼ੈਜ਼' ਲਈ ਹਿੰਮਤ ਤੇ ਸਹਾਰਾ ਸਿੱਧ ਹੋਈ। ਉਨ੍ਹਾਂ ਦੀਆਂ ਦੋ ਬੇਟੀਆਂ ਸਲੀਮਾ ਤੇ ਮੁਨੀਜ਼ਾ ਲਾਹੌਰ ਵਿਚ ਵਸ ਰਹੀਆਂ ਹਨ।
ਉਰਦੂ ਦੇ ਦੋ ਮੰਨੇ-ਪ੍ਰਮੰਨੇ ਵਿਦਵਾਨ ਤੇ ਸਮਾਂਲੋਚਕ ਹਨ। ਸੱਯਦ ਅਹਿਤਸ਼ਾਮ ਹੂਸੈਨ ਤੇ ਆਲੇ ਅਹਿਮਦ 'ਸਰੂਰ'। 'ਸਰੂਰ' ਨੇ 'ਫ਼ੈਜ਼' ਦੀ ਪੁਸਤਕ 'ਦਸਤੇ-ਤਹੇ-ਸੰਗ' ਦੀ ਭੂਮਿਕਾ ਲਿਖਦੇ ਹੋਏ 'ਫ਼ੈਜ਼' ਦੀ ਸ਼ਾਇਰੀ ਦੀ ਬੇਹੱਦ ਪ੍ਰਸੰਸਾ ਕੀਤੀ ਹੈ ਤੇ ਸੱਯਦ ਸਾਹਿਬ ਨੇ ਉਸ ਦੀ ਹੇਠ ਲਿਖੀ ਨਜ਼ਮ ਨੂੰ ਇਕ ਸੰਪੂਰਨ ਤੇ ਸਰਵੋਤਮ ਕਵਿਤਾ ਵੱਜੋਂ ਪਰਖਿਆ:
ਫਿਰ ਕੋਈ ਆਇਆ ਦਿਲੇ-ਜ਼ਾਰ ਨਹੀਂ ਕੋਈ ਨਹੀਂ
ਰਾਹ-ਰੌ ਹੋਗਾ ਕਹੀਂ ਔਰ ਚਲਾ ਜਾਏਗਾ
ਢਲ ਚੁਕੀ ਰਾਤ ਬਿਖਰਨੇ ਲਗਾ ਤਾਰੋਂ ਕਾ ਗ਼ੁਬਾਰ
ਲੜਖੜਾਨੇ ਲਗੇ ਏਵਾਨੋਂ ਮੇਂ ਖ਼੍ਵਾਬੀਦਾ ਚਿਰਾਗ਼
ਸੋ ਗਈ ਰਾਸਤਾ ਤਕ ਤਕ ਕੇ ਹਰ ਇਕ ਰਾਹ ਗੁਜ਼ਾਰ
ਅਜਨਬੀ ਖ਼ਾਕ ਨੇ ਧੁੰਦਲਾ ਦੀਏ ਕਦਮੋਂ ਕੇ ਸੁਰਾਗ਼
ਗੁਲ ਕਰੋ ਸ਼ਮ੍ਹਾਂ ਬੜਾ ਦੋ ਮੈਅ ਅੋ ਮੀਨਾ ਅੋ ਅਯਾਗ਼
ਅਪਨੇ ਬੇ-ਖ਼੍ਵਾਬ ਕਿਵਾੜੋਂ ਕੋ ਮੁਕੱਫ਼ਲ ਕਰ ਲੋ
ਅਬ ਜਹਾਂ ਕੋਈ ਨਹੀਂ ਕੋਈ ਨਹੀਂ ਆਏਗਾ।
-ਜਸਮੇਲ ਸਿੰਘ ਬਾਲਾ

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਸੰਸਦ ਭਵਨ ਤੇ ਆਸ-ਪਾਸ ਦੀ ਸੁਰੱਖਿਆ ਸਖ਼ਤ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।