02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

ਅਜੀਤ ਡੈਸਕ 19-07-2026


ਨਰਿੰਦਰ ਪਾਲ ਸਿੰਘ ਕੰਗ ਪੰਜਾਬੀ ਗ਼ਜ਼ਲ ਦੇ ਕਾਫ਼ਲੇ ਵਿਚ ਅਛੋਪਲੇ ਜਿਹੇ ਦਾਖ਼ਲ ਹੋਇਆ ਸੀ ਪਰ ਆਪਣੀ ਸਮਰੱਥਾ ਦੇ ਸਿਰ 'ਤੇ ਉਸ ਨੇ ਇਸ ਕਾਫ਼ਲੇ ਦੇ ਅਗਲੇਰੇ ਗ਼ਜ਼ਲਕਾਰਾਂ ਵਿਚ ਸਥਾਨ ਬਣਾ ਲਿਆ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਰਲ ਹੁੰਦੇ ਹਨ ਜਿਨ੍ਹਾਂ ਵਿਚ ਵਧੇਰੇ ਕਰਕੇ ਮਨੁੱਖੀ ਕਿਰਦਾਰ ਦੇ ਪਤਨ ਦਾ ਵਰਨਣ ਹੁੰਦਾ ਹੈ। ਮੁਹੱਬਤ ਗ਼ਜ਼ਲ ਦਾ ਸੁਭਾਅ ਹੈ ਤੇ ਇਸ ਦੇ ਵੇਲ ਬੂਟੇ ਉਸ ਦੇ ਸ਼ਿਅਰਾਂ ਵਿਚ ਵੀ ਲਹਿਲਹਾਉਂਦੇ ਦੇਖੇ ਜਾ ਸਕਦੇ ਹਨ। ਉਹ ਮੱਲੋਮੱਲੀ ਮਿਥ ਕੇ ਨਹੀਂ ਲਿਖਦਾ ਤੇ ਸੁਭਾਵਿਕਤਾ ਨੂੰ ਪਹਿਲ ਦਿੰਦਾ ਹੈ। ਜਲੰਧਰ ਵਿਖੇ ਰਹਿ ਰਿਹਾ ਇਹ ਗ਼ਜ਼ਲਕਾਰ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ ਹੈ। ਵਿਚਾਰ ਚਰਚਾ ਤੇ ਸੰਵਾਦਾਂ ਲਈ ਸਾਹਿਤਕ ਸਮਾਗਮ ਕਰਵਾਉਣ ਵਿਚ ਵੀ ਉਸ ਦੀ ਰੁਚੀ ਹੈ। ਪੁਸਤਕ ਪ੍ਰਕਾਸ਼ਨ ਦੇ ਸਬੰਧ ਵਿਚ ਉਹ ਕਾਫ਼ੀ ਢਿੱਲਾ ਹੈ, ਉਂਝ ਇਹ ਮਿਥ ਵੀ ਠੀਕ ਨਹੀਂ ਕਿ ਪੁਸਤਕਾਂ ਦੀ ਗਿਣਤੀ ਕਿਸੇ ਗ਼ਜ਼ਲਕਾਰ ਨੂੰ ਵੱਡਾ ਕਰ ਦਿੰਦੀ ਹੈ। ਪੇਸ਼ ਹਨ ਕੰਗ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002

ਉਸਦੀ ਮੇਰੀ ਪ੍ਰੇਮ ਕਹਾਣੀ ਏਨੀ ਹੀ ਸੀ।
ਮੈਂ ਰਾਜਾ ਉਹ ਮੇਰੀ ਰਾਣੀ ਏਨੀ ਹੀ ਸੀ।

ਕਿਰਤ ਕਮਾਉਣੀ ਹੈ ਤੇ ਵੰਡ ਕੇ ਛਕਣਾ ਆਪਾਂ,
ਮੈ ਤਾਂ ਬਸ ਸਮਝੀ ਗੁਰਬਾਣੀ ਏਨੀ ਹੀ ਸੀ।

ਪੈਰ ਢਕਾਂ ਤਾਂ ਸਿਰ ਮੇਰਾ ਨੰਗਾ ਹੋ ਜਾਵੇ,
ਖ਼ੁਦ ਤੇ ਮੈਂ ਜੋ ਚਾਦਰ ਤਾਣੀ ਏਨੀ ਹੀ ਸੀ।

ਵਕਤ ਬੁਰੇ ਵਿਚ ਨਾਲ ਨਹੀਂ ਪਰਛਾਵਾਂ ਤੁਰਦਾ,
ਮੈ ਤਾਂ ਇਹ ਗੱਲ ਬੁੱਝੀ ਜਾਣੀ ਏਨੀ ਹੀ ਸੀ।

ਇਕ ਬਚਿਆ ਸੀ ਉਹ ਵੀ ਰਾਤੀਂ ਗੁਜ਼ਰ ਗਿਆ ਹੈ,
ਬਚਪਨ ਤੋਂ ਜੋ ਨਾਲ ਸੀ ਢਾਣੀ ਏਨੀ ਹੀ ਸੀ।

ਸਾਲ ਛਿਮਾਹੀ ਖ਼ੁਸ਼ੀ ਗ਼ਮੀ 'ਤੇ ਮਿਲਦਾ ਸੀ ਜੋ,
ਉਸਦੀ ਮੇਰੇ ਆਉਣੀ ਜਾਣੀ ਏਨੀ ਹੀ ਸੀ।
*


*
ਏਸ ਤੋਂ ਵੱਧ ਹੋਰ ਮੁਸ਼ਕਲ ਕੁਝ ਨਹੀਂ।
ਸਭ ਅਧੂਰਾ ਹੈ ਮੁਕੰਮਲ ਕੁਝ ਨਹੀਂ।

ਦੂਰ ਤੱਕ ਅੰਦਰ ਜੋ ਮੇਰੇ ਪਸਰਿਆ,
ਓਸ ਦੇ ਸਾਹਵੇਂ ਇਹ ਜੰਗਲ ਕੁਝ ਨਹੀਂ।

ਕੋਲ ਜਿਸਦੇ ਨਈਂ ਹੁਨਰ ਮਟਕਾਉਣ ਦਾ,
ਉਸ ਦਿਆਂ ਨੈਣਾਂ 'ਚ ਕੱਜਲ ਕੁਝ ਨਹੀਂ।

ਡਰ ਬੈਚੇਨੀ ਤੇ ਉਦਾਸੀ ਰਹਿ ਗਏ,
ਹੁਣ ਸੁਭਾਅ ਮੇਰੇ 'ਚ ਚੰਚਲ ਕੁਝ ਨਹੀਂ।

ਸਭ ਗੁਣਾਂ, ਤਕਸੀਮ ਕਰ ਕੇ ਦੇਖਿਆ,
ਜ਼ਿੰਦਗੀ ਮੇਰੀ ਦਾ ਹਾਸਲ ਕੁਝ ਨਹੀਂ।

ਸਿਰ ਤਲੀ 'ਤੇ ਜੋ ਟਿਕਾਈ ਫਿਰ ਰਿਹੈ,
ਉਸ ਦੀਆਂ ਨਜ਼ਰਾਂ 'ਚ ਮਕਤਲ ਕੁਝ ਨਹੀ।

ਪਿਛਲੀ ਖ਼ਬਰ ਭੁਲੱਕੜਨਾਮਾ ਫਗਵਾੜਾ ਅਗਲੀ ਖ਼ਬਰ ਫ਼ੈਜ਼ ਅਹਿਮਦ 'ਫ਼ੈਜ਼' (13 ਫ਼ਰਵਰੀ 1911- 20 ਨਵੰਬਰ 1984)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।