ਪੁਆਧ : ਖ਼ਾਲਸਾ ਪੰਥ ਦੀ ਜਨਮ-ਭੂਮੀ
ਸੰਪਾਦਕ : ਮਨਮੋਹਨ ਸਿੰਘ ਦਾਊਂ, ਡਾ. ਮੁਖਤਿਆਰ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫੇ : 188+16
ਸੰਪਰਕ : 98151-23900

ਸ. ਮਨਮੋਹਨ ਸਿੰਘ ਦਾਊਂ ਇਕ ਪਰਿਪੱਕ ਕਵੀ, ਸੁਘੜ ਸੰਪਾਦਕ ਅਤੇ ਕੁਸ਼ਲ ਖੋਜਕਾਰ ਹੈ, ਇਸ ਤੋਂ ਵੀ ਵੱਧ ਉਹ ਪੰਜਾਬ ਦੇ ਪੁਆਧੀ ਖੇਤਰ ਨਾਲ ਸੰਬੰਧਿਤ ਭਾਸ਼ਾ, ਸੱਭਿਆਚਾਰ, ਆਂਚਲਿਕਤਾ ਅਤੇ ਭੂਗੋਲ ਨੂੰ ਸਾਂਭਣ-ਸਹੇਜਣ ਲਈ ਵਚਨਬੱਧ ਹੈ। ਮੈਨੂੰ ਇਹ ਗੱਲ ਅੱਜ ਤੱਕ ਮਾਲੂਮ ਨਹੀਂ ਹੋ ਸਕੀ ਕਿ ਨਗਰੀਕਰਨ ਦੇ ਪੂੰਜੀਵਾਦੀ ਚਰਿੱਤਰ ਦੇ ਇਸ ਗਲੋਬਲ ਝੁਕਾਓ ਦੇ ਯੁੱਗ ਵਿਚ, ਉਸ ਦੇ ਮਨ-ਮਸਤਕ ਵਿਚ ਅਜਿਹੀ ਪਵਿੱਤਰ ਭਾਵਨਾ ਕਿਵੇਂ ਪੈਦਾ ਹੋਈ? ਪਰ ਏਨਾ ਨਿਸ਼ਚਿਤ ਹੈ ਕਿ ਉਹ ਉਪਭੋਗਤਾਵਾਦੀ ਆਗ੍ਰਾਹਾਂ ਤੋਂ ਮੁਕਤ ਹੋ ਕੇ ਆਪਣੇ ਵਿਰਸੇ ਬਾਰੇ ਧਾਰਾ ਪ੍ਰਵਾਹ ਲਿਖ-ਬੋਲ ਸਕਦਾ ਹੈ।
ਇਸ ਪੁਸਤਕ ਵਿਚ ਉਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ, ਭੂਗੋਲ, ਸੱਭਿਆਚਾਰ ਬਾਰੇ 25 (16+5+4) ਖੋਜਭਰਪੂਰ ਲੇਖ, 17 ਕਵਿਤਾਵਾਂ, ਇਕ ਲੋਕ ਗੀਤ ਅਤੇ 32 ਰੰਗੀਨ ਚਿੱਤਰ ਪ੍ਰਕਾਸ਼ਿਤ ਕੀਤੇ ਹਨ। ਮਨਮੋਹਨ ਸਿੰਘ ਦਾਊਂ, ਆਪਣੇ ਸਹਿ-ਸੰਪਾਦਕ ਡਾ. ਮੁਖਤਿਆਰ ਸਿੰਘ ਦੇ ਪਰਿਸ਼ਰਮ ਅਤੇ ਗਹਿਰ-ਗੰਭੀਰ ਦ੍ਰਿਸ਼ਟੀ ਬਾਰੇ ਮੁਕਤ ਕੰਠ ਨਾਲ ਪ੍ਰਸੰਸਾ ਕਰਦਾ ਹੈ। ਇਸ ਪੁਸਤਕ ਨੂੰ, ਉਸ ਨੇ ਪੁਆਧ ਖੇਤਰ ਬਾਰੇ ਕੀਤੇ ਖੋਜ ਕਾਰਜ ਦਾ, 'ਛੇਵਾਂ ਪਰਾਗਾ' ਨਾਮ ਦਿੱਤਾ ਹੈ, ਕਿਉਂਕਿ ਉਹ ਇਸ ਤੋਂ ਪਹਿਲਾਂ ਪੁਆਧ ਬਾਰੇ ਪੰਜ ਹੋਰ (ਪਰਾਗੇ) (ਪੁਸਤਕਾਂ) ਪ੍ਰਕਾਸ਼ਿਤ ਕਰ ਚੁੱਕਾ ਹੈ। ਪੁਸਤਕ ਦੇ ਲੇਖਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਦਾ ਭੂਗੋਲ ਅਤੇ ਇਸ ਦੇ ਮਹੱਤਵ, ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧ ਕਲਾ ਅਤੇ ਨੀਤੀ, ਚਪੜਚਿੜੀ ਅਤੇ ਪੁਆਧ ਦੀਆਂ ਰਣ-ਭੂਮੀਆਂ, ਗੁਰੂ ਸਾਹਿਬਾਨ ਦਾ ਫਲਸਫਾ, ਚਮਕੌਰ ਦੀ ਗੜ੍ਹੀ ਦਾ ਯੁੱਧ, ਪੁਆਧ ਖੇਤਰ ਦੇ ਕੁਝ ਹੋਰ ਇਤਿਹਾਸਕ ਸਥਾਨਾਂ ਅਤੇ ਅਨੰਦਪੁਰ ਸਾਹਿਬ ਦੀ ਸਥਾਪਨਾ-ਪੁਨਰ ਸਥਾਪਨਾ ਪ੍ਰਮਾਣਿਕ ਲੇਖ ਸੰਕਲਿਤ ਹੋਏ ਹਨ।
ਇਹ ਤੱਥ ਵੀ ਉਲੇਖਯੋਗ ਹੈ ਕਿ ਕੁਝ ਦਹਾਕੇ ਪਹਿਲਾਂ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਿਤ ਸਰਵੇਖਣ-ਪੁਸਤਕਾਂ ਵਾਂਗ ਇਹ ਪੁਸਤਕ ਮਹਿਜ਼ ਸਰਵੇਖਣ ਨਹੀਂ ਬਲਕਿ ਇਕ ਵਚਨਬੱਧਤਾ (ਕੁਮਿਟਮੈਂਟ) ਹੈ। ਚਾਹੀਦਾ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਇਸ ਪੁਸਤਕ ਨੂੰ ਖੁਦ ਖਰੀਦ ਕੇ ਹਜ਼ਾਰਾਂ ਦੀ ਗਿਣਤੀ ਵਿਚ ਪੂਰੇ ਵਿਸ਼ਵ ਤੱਕ ਪਹੁੰਚਾਵੇ ਪਰ ਕਮੇਟੀ ਦੇ ਆਪਣੇ ਹਿੱਤ ਹੁੰਦੇ ਹਨ। ਉਨ੍ਹਾਂ ਨਾਲ ਛੇੜ-ਛਾੜ ਕਿਵੇਂ ਹੋਵੇ? ਕੌਣ ਆਖੇ ਸਾਹਿਬ ਨੂੰ...।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਰਿਸ਼ਤੇ ਰੂਹਾਂ ਦੇ
ਲੇਖਕ : ਦਰਸ਼ਨ ਸਿੰਘ ਸਿੱਧੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 97799-32264

'ਰਿਸ਼ਤੇ ਰੂਹਾਂ ਦੇ' ਹੱਥਲੀ ਕਾਵਿ ਪੁਸਤਕ ਲੇਖਕ ਦਰਸ਼ਨ ਸਿੰਘ ਸਿੱਧੂ' ਦਾ ਚੌਥਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੀਆਂ ਤਿੰਨ ਪੁਸਤਕਾਂ 'ਸੱਤਰੰਗੀ ਪੀਂਘ' (ਕਾਵਿ ਸੰਗ੍ਰਹਿ), ਮਹਿਕਦੀ ਮਿੱਟੀ (ਕਾਵਿ ਸੰਗ੍ਰਹਿ), ਜਜ਼ਬਾਤੀ ਛੱਲਾਂ (ਕਾਵਿ ਤੇ ਗੀਤ ਸੰਗ੍ਰਹਿ) ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹੱਥਲੀ ਪੁਸਤਕ 'ਰਿਸ਼ਤੇ ਰੂਹਾਂ ਦੇ' ਉਸਦੀਆਂ 81 ਕਾਵਿ ਰਚਨਾਵਾਂ ਦਾ ਗੁਲਦਸਤਾ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਰਿਸ਼ਤਿਆਂ ਦਾ ਨਿੱਘ ਹੈ। ਲੇਖਕ ਨੇ ਰੂਹਾਂ ਦੇ ਰਿਸ਼ਤਿਆਂ, ਸਾਹਿਤਕ ਰਿਸ਼ਤਿਆਂ ਅਤੇ ਜ਼ਿੰਦਗੀ 'ਚ ਰੰਗ ਬਦਲਦੇ ਰਿਸ਼ਤਿਆਂ ਦਾ ਨਿਖੇੜਾ ਬਾਖ਼ੂਬੀ ਕੀਤਾ ਹੈ। ਮਿਲਾਵਟਖੋਰੀ, ਰਿਸ਼ਵਤਖੋਰੀ, ਕਿਰਤੀ ਲੋਕਾਂ ਦੀ ਲੁੱਟ-ਖਸੁੱਟ ਖਿਲਾਫ਼ ਵਿਦਰੋਹੀ ਸੁਰ ਅਲਾਪਦਾ ਲੇਖਕ ਰੰਗਲੇ ਪੰਜਾਬ ਦੀ ਸਿਰਜਣਾ ਲਈ ਸਾਰਥਿਕ ਉਪਰਾਲੇ ਵਿੱਢਣ ਲਈ ਹੋਕਾ ਦਿੰਦਾ ਜਾਪਦਾ ਹੈ। ਪੰਜਾਬ ਦੀਆਂ ਤੀਆਂ, ਭੰਗੜੇ ਦੀ ਧਮਾਲ ਉਸ ਨੂੰ ਧੁਰ ਅੰਦਰੋਂ ਖਿੱਚ ਪਾਉਂਦੀ ਹੈ :
ਇੱਥੇ ਤੀਆਂ, ਗਿੱਧਾ,
ਭੰਗੜਾ ਤੇ ਸ਼ਬਦਾਂ ਦੀ ਟੁਣਕਾਰ।
ਇੱਥੇ ਬੇਲੇ ਮੱਝੀਆਂ ਚਾਰ ਗਏ,
ਵਿੱਚ ਬਾਰਾਂ ਸਾਲ ਪਿਆਰ।
ਭਾਵੇਂ ਸੜਣ ਥਲਾਂ ਦੇ ਵਿੱਚ ਉਹ ਜਾਂ
ਡੁੱਬ ਨਦੀ ਵਿੱਚ ਜਾਣ।
ਸਾਡਾ ਵਿਰਸਾ ਸੱਭਿਆਚਾਰ ਹੈ,
ਦੇਸ਼ ਕੌਮ ਦੀ ਸ਼ਾਨ। ( ਪੰਨਾ : 33)
ਇਨਸਾਨ ਦੀ ਨੀਅਤ ਦਾ ਗੰਧਲਾ ਹੋਣਾ, ਕਿਰਦਾਰ ਦਾ ਪ੍ਰਦੂਸ਼ਿਤ ਹੋਣਾ, ਨਫ਼ਰਤ ਦੀ ਖੇਡ, ਇਨਸਾਨ ਦਾ ਗਿਰਗਿਟ ਵਾਂਗੂ ਰੰਗ ਬਦਲਣਾ ਲੇਖਕ ਨੂੰ ਧੁਰ ਅੰਦਰੋਂ ਵਲੂੰਧਰਦਾ ਹੈ। ਉਸ ਦੀਆਂ ਕਾਵਿ ਰਚਨਾਵਾਂ 'ਚ ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਖੁਦਕੁਸ਼ੀਆਂ ਦਾ ਰਾਹ ਤਿਆਗ ਕੇ ਸੰਘਰਸ਼ਾਂ ਦੇ ਬਲਬੂਤੇ ਅੱਗੇ ਵਧਣ ਲਈ ਹੌਸਲਾ ਵੀ ਹੈ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ, ਪਾਣੀ ਦਾ ਪ੍ਰਦੂਸ਼ਿਤ ਹੋਣਾ, ਹਵਾਵਾਂ 'ਚ ਘੁਲ ਰਹੇ ਜ਼ਹਿਰ ਤੋਂ ਕਵੀ ਡਾਹਢਾ ਚਿੰਤਤ ਜਾਪਦਾ ਹੈ। ਕਾਰਪੋਰੇਟ ਘਰਾਣਿਆਂ ਵਲੋਂ ਕਿਰਤੀ ਲੋਕਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਉਸਨੂੰ ਬੇਚੈਨ ਕਰਦੀ ਹੈ। ਰੋਜ਼ੀ-ਰੋਟੀ ਲਈ ਵਿਦੇਸ਼ਾਂ 'ਚ ਜਾ ਰਹੀ ਜਵਾਨੀ ਦਾ ਫਿਕਰ ਉਸਨੂੰ ਅੰਦਰੋ-ਅੰਦਰੀ ਸਤਾਉਂਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ ਵਿਸ਼ਾ-ਵਸਤੂ ਪੱਖ ਤੋਂ ਮਜ਼ਬੂਤ ਅਤੇ ਸਰਲ ਸ਼ੈਲੀ 'ਚ ਗੁੰਦੀਆਂ ਹੋਣ ਕਰਕੇ ਪਾਠਕ ਨੂੰ ਖਿੱਚ ਪਾਉਂਦੀਆਂ ਹਨ। ਮੈਂ ਇਸ ਖ਼ੂਬਸੂਰਤ ਪੁਸਤਕ ਦਾ ਦਿਲੋਂ ਸਵਾਗਤ ਕਰਦਾ ਹਾਂ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਤੁਣਕ ਤੁਣਕ ਤੁਣ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ: ਆਰਸੀ ਪਬਲਿਸ਼ਰ, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 163
ਸੰਪਰਕ : 98760-62329

ਧਰਮ ਸਿੰਘ ਕੰਮੇਆਣਾ ਪਿਛਲੇ 50 ਸਾਲ ਤੋਂ ਨਿਰੰਤਰ ਲਿਖ ਤੇ ਛਪ ਰਿਹਾ ਪੰਜਾਬੀ ਦਾ ਪ੍ਰਮੁੱਖ ਲੇਖਕ ਹੈ। ਭਾਵੇਂ ਉਸ ਦੀ ਵਧੇਰੇ ਪ੍ਰਸਿੱਧੀ ਸ਼ਾਇਰ ਤੇ ਗੀਤਕਾਰ ਵਜੋਂ ਹੈ, ਪਰ ਉਸ ਨੇ ਪੰਜਾਬੀ ਸਾਹਿਤ ਦੀਆਂ ਲਗਭਗ ਸਾਰੀਆਂ ਵਿਧਾਵਾਂ ਵਿਚ ਹੀ ਜ਼ਿਕਰਯੋਗ ਲਿਖਿਆ ਤੇ ਕਿਤਾਬੀ ਰੂਪ ਵਿਚ ਛਪਵਾਇਆ ਹੈ। ਸੰਨ 1978 ਤੋਂ ਲੈ ਕੇ 2025 ਤੱਕ ਉਸ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਗਿਣਤੀ 40 ਤੋਂ ਵੀ ਵੱਧ ਹੋ ਗਈ ਹੈ। 'ਤੁਣਕ ਤੁਣਕ ਤੁਣ' ਪੁਸਤਕ ਬਾਲ-ਸਾਹਿਤ ਦੀਆਂ ਆਮ ਪੁਸਤਕਾਂ ਦੇ ਮੁਕਾਬਲਤਨ ਵੱਡ-ਅਕਾਰੀ ਹੈ। ਇਸ ਪੁਸਤਕ ਵਿਚ ਬਾਲ-ਨਾਵਲ, ਬਾਲ-ਕਹਾਣੀਆਂ, ਬਾਲ-ਸਫ਼ਰਨਾਮਾ, ਬਾਲ-ਸਵੈ-ਜੀਵਨੀ ਤੇ ਬਾਲ-ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਨਾਵਲ ਤੁਣਕ ਤੁਣਕ ਤੁਣ ਦਾ ਮੁੱਖ ਪਾਤਰ ਜੀਤਾ ਇਕ ਸਧਾਰਨ ਪਰਿਵਾਰ ਵਿਚ, ਇਕ ਸਾਜਿੰਦੇ ਦੇ ਘਰ ਜਨਮ ਲੈ ਕੇ ਮਿਹਨਤ ਅਤੇ ਕੁਦਰਤੀ ਕਲਾ ਦੇ ਬਲਬੂਤੇ, ਸੱਭਿਆਚਾਰਕ ਗੀਤ ਗਾਉਣ ਵਾਲਾ ਕਾਮਯਾਬ ਗਾਇਕ ਬਣਦਾ ਹੈ। ਭੋਲੂ ਪਾਲਤੂ ਕੁੱਤੇ ਬਾਰੇ ਦਿਲਚਸਪ ਤੇ ਭਾਵਪੂਰਤ ਨਾਵਲ ਹੈ। ਮਿਹਨਤ ਦਾ ਰੰਗ ਨਾਵਲ ਦੋ ਬੱਚਿਆਂ ਦੀ ਕਹਾਣੀ ਹੈ। ਮੱਧਵਰਗੀ ਪਰਿਵਾਰ ਦਾ ਬੇਟਾ ਮਿੰਦਾ ਮਿਹਨਤ ਤੋਂ ਜੀ ਚੁਰਾਉਣ ਵਾਲਾ ਨਾਲਾਇਕ ਹੁੰਦਾ ਹੈ, ਜੋ ਪੜ੍ਹਾਈ ਵਿਚ ਪਛੜ ਜਾਂਦਾ ਹੈ, ਪਰ ਗ਼ਰੀਬ ਘਰ ਦਾ ਚੇਤਨ ਲਗਨ ਤੇ ਮਿਹਨਤ ਦੇ ਬਲਬੂਤੇ ਪੜ੍ਹ ਕੇ ਐਸ.ਡੀ.ਐਮ. ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਬਾਲ-ਕਹਾਣੀਆਂ ਵੀ ਦਿਲਚਸਪ ਤੇ ਪ੍ਰੇਰਣਾਦਾਇਕ ਹਨ। ਬਾਲ-ਸਵੈ-ਜੀਵਨੀ ਵਿਚ ਲੇਖਕ ਨੇ ਆਪਣੇ ਮੁਢਲੇ ਜੀਵਨ ਰਾਹੀਂ ਬਾਲਾਂ ਅੱਗੇ ਕਾਮਯਾਬੀ ਦੇ ਮੂਲ-ਮੰਤਰ ਦਾ ਮਾਡਲ ਪੇਸ਼ ਕੀਤਾ ਹੈ। ਬਾਲ-ਕਵਿਤਾਵਾਂ ਬੱਚਿਆਂ ਨੂੰ ਬਹੁ-ਭਾਂਤੀ ਗਿਆਨ ਦੇਣ ਦੇ ਨਾਲ-ਨਾਲ ਬੀਬੇ ਬਾਲਕ ਬਣਨ ਦੀ ਸਿੱਖਿਆ ਵੀ ਭਲੀਭਾਂਤ ਦਿੰਦੀਆਂ ਹਨ। ਇਹ ਪੁਸਤਕ ਏਨੀ ਦਿਲਚਸਪ ਹੈ ਕਿ ਇਕ ਵਾਰ ਸ਼ੁਰੂ ਕਰਕੇ ਸਾਰੀ ਪੜ੍ਹਣ ਨੂੰ ਦਿਲ ਕਰਦਾ ਹੈ। ਇਸ ਵਿਚਲੀਆਂ ਸਾਰੀਆਂ ਰਚਨਾਵਾਂ ਬਾਲਾਂ ਨੂੰ ਗਿਆਨ ਦੇਣ ਤੇ ਮਨੋਰੰਜਨ ਕਰਨ ਦੇ ਨਾਲ-ਨਾਲ, ਉਨ੍ਹਾਂ ਨੂੰ ਮਿਹਨਤੀ, ਸਾਊ, ਕਾਮਯਾਬ ਤੇ ਵਿਗਿਆਨਕ ਸੋਚ ਦਾ ਧਾਰਨੀ ਬਣਨ ਦਾ ਰਾਹ ਦੱਸਦੀਆਂ ਹਨ। ਮੈਂ ਧਰਮ ਸਿੰਘ ਕੰਮੇਆਣਾ ਦੀ ਇਸ ਸ਼ਾਹਕਾਰ ਬਾਲ-ਪੁਸਤਕ ਨੂੰ ਜੀ ਆਇਆਂ ਆਖਦਾ ਹੋਇਆ ਇਸ ਪੁਸਤਕ ਨੂੰ ਹਰ ਲਾਇਬ੍ਰੇਰੀ (ਸਕੂਲਾਂ ਦੀ ਵਿਸ਼ੇਸ਼ ਕਰਕੇ) ਦਾ ਹਿੱਸਾ ਬਣਿਆ ਵੇਖਣਾ ਚਾਹੁੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 9863542896
ਵਾਰਿਸ ਸਭ ਦੁਨੀਆ ਦਗੇਬਾਜ਼ ਹੈ ਜੀ
ਲੇਖਕ : ਜਿੰਦਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਸ, ਨਵੀਂ ਦਿੱਲੀ
ਮੁੱਲ 300 ਰੁਪਏ, ਸਫੇ : ਪੰਨੇ 151
ਸੰਪਰਕ : 98148-03254

'ਵਾਰਿਸ ਸਭ ਦੁਨੀਆ ਦਗੇਬਾਜ਼ ਹੈ ਜੀ' ਪੁਸਤਕ ਲੇਖਕ ਜਿੰਦਰ ਦੀ ਹੱਡ ਬੀਤੀ ਹੈ ਜਿਸ ਵਿਚ ਲੇਖਕ ਦੇ ਆਪਣੇ ਕੁਝ ਨਿੱਜੀ ਪਲਾਂ ਦਾ ਸਫਰ ਤੇ ਕੁਝ ਹੋਰ ਲੋਕਾਂ ਦਾ ਜ਼ਿਕਰ ਕੀਤਾ ਹੈ, ਜਿਨਾਂ ਦਾ ਉਸ ਨਾਲ ਕੁਝ ਨੇੜਲਾ ਰਿਸ਼ਤਾ ਹੈ । ਪੁਸਤਕ ਵਿਚ ਲੇਖਕ ਨੇ ਵੱਖ-ਵੱਖ ਘਟਨਾਵਾਂ ਦਾ ਬਿਆਨ ਕੀਤਾ ਹੈ ਜਿਵੇਂ ਆਪਣੇ ਪੋਤੇ ਸਮਰ ਨਾਲ ਬਿਤਾਏ ਪਲਾਂ ਦਾ ਸਫਰ ਕਾਫੀ ਘਟਨਾਵਾਂ ਵਿਚ ਸਾਂਝਾ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਲੇਖਕ ਦਾ ਆਪਣੇ ਪੋਤੇ ਸਮਰ ਨਾਲ ਬਹੁਤ ਜ਼ਿਆਦਾ ਪਿਆਰ ਹੈ। ਪੁਸਤਕ ਵਿਚਲੀ ਘਟਨਾ 'ਸਾਡੀ ਕੁੜੀ' ਵਿਚ ਉਸ ਨੇ ਆਪਣੇ ਦੋਸਤ ਦੁਆਰਾ ਦੱਸਿਆ ਇਕ ਵਾਕਿਆ ਦਾ ਵਰਨਣ ਕੀਤਾ ਕਿ ਕਿਸ ਤਰ੍ਹਾਂ ਅੱਜ ਦੇ ਮੁੰਡੇ-ਕੁੜੀਆਂ ਕੱਚੀ ਉਮਰੇ ਵਿਆਹ ਦਾ ਸੋਚਦੇ ਹਨ, ਪਰ ਜੇ ਉਨ੍ਹਾਂ ਨੂੰ ਕੋਈ ਸਹੀ ਸੇਧ ਦੇਣ ਵਾਲਾ ਮਿਲ ਜਾਏ ਤਾਂ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਨਹੀਂ ਹੁੰਦੀ । ਉਹ ਸਹੀ ਰਾਹ 'ਤੇ ਜਾ ਸਕਦੇ ਹਨ। ਇਸ ਤਰ੍ਹਾਂ ਪੁਸਤਕ ਵਿਚ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਹਨ, ਜੋ ਪਾਠਕ ਨੂੰ ਭਾਵੁਕ ਕਰ ਦਿੰਦੀਆਂ ਹਨ ਜਿਵੇਂ ਇੱਜ਼ਤ, ਗੁਡਬਾਏ ਫੋਰਐਵਰ, ਰੱਬ ਰਾਖਾ, ਸ਼ਾਇਦ, ਹੰਜੂਆਂ ਦੀ ਭਾਸ਼ਾ, ਗੌਰਵ ਉਠ ਓਏ ਆਦਿ ਘਟਨਾਵਾਂ ਵਿਚ ਦਰਦ ਭਰਿਆ ਸੁਨੇਹਾ ਹੈ। ਪੁਸਤਕ ਦੇ ਸਿਰਲੇਖ ਵਿਚਲੀ ਘਟਨਾ 'ਨਵੀਂ ਸ਼ੁਰੂਆਤ' ਵਿਚ ਲੇਖਕ ਨੇ ਦੱਸਿਆ ਹੈ ਕਿ ਕਿਵੇਂ ਇਕ ਮੰਗਤੇ ਨੇ ਮੰਗਣ ਦਾ ਕੰਮ ਛੱਡ ਕੇ ਆਪਣੀ ਮਿਹਨਤ ਦੀ ਕਮਾਈ ਕਰਨੀ ਸ਼ੁਰੂ ਕੀਤੀ ਜਦੋਂ ਲੇਖਕ ਨੇ ਉਸਨੂੰ ਪੁੱਛਿਆ ਕਿ ਤੇਰੇ ਨਾਲ ਵੀ ਕਿਸੇ ਨੇ ਦਗੇਬਾਜ਼ੀ ਕੀਤੀ ਹੈ? ਤਾਂ ਉਸਦਾ ਜਵਾਬ ਸੀ 'ਵਾਰਿਸ ਸਭ ਦੁਨੀਆ ਦਗੇਬਾਜ਼ ਹੈ ਜੀ, ਰੱਖ ਰੱਬ ਦੀ ਤਰਫ ਧਿਆਨ ਮੀਆਂ' ਇਸ ਤਰਾਂ ਇਹ ਘਟਨਾ ਪਾਠਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਕਰਨ ਦਾ ਚੰਗਾ ਸੁਨੇਹਾ ਵੀ ਦਿੰਦੀ ਹੈ। ਪੁਸਤਕ ਦੀਆਂ ਘਟਨਾਵਾਂ ਵਿਚਲੇ ਸਭ ਤੱਥ ਲੇਖਕ ਦੀ ਹੱਡ ਬੀਤੀ ਨੂੰ ਰੌਚਕ ਬਣਾਉਂਦੇ ਹਨ ਤੇ ਸਹੀ ਸੇਧ ਦਿੰਦੇ ਹਨ। ਪੁਸਤਕ ਵਿਚ ਜਿੰਨੇ ਵੀ ਪਾਤਰਾਂ ਦਾ ਲੇਖਕ ਨੇ ਜ਼ਿਕਰ ਕੀਤਾ ਹੈ ਉਨ੍ਹਾਂ ਅੰਦਰ ਕੋਈ ਨਾ ਕੋਈ ਦਰਦ ਲੁਕਿਆ ਹੋਇਆ ਹੈ। ਇਸ ਪੁਸਤਕ ਵਿਚਲੀ ਹਰ ਇਕ ਘਟਨਾ ਵਿਚ ਕੋਈ ਨਾ ਕੋਈ ਸੰਦੇਸ਼ ਹੈ ਜੋ ਪਾਠਕਾਂ ਦੀ ਦਿਲਚਸਪੀ ਨੂੰ ਕਾਇਮ ਰੱਖਦਾ ਹੈ। ਲੇਖਕ ਦੀ ਜਗ ਬੀਤੀ ਹੱਡ ਬੀਤੀ ਪੁਸਤਕ 'ਵਾਰਿਸ ਸਭ ਦੁਨੀਆ ਦਗੇਬਾਜ਼ ਹੈ ਜੀ' ਨੂੰ ਕਲਮਬੱਧ ਕਰਨ ਲਈ ਵਧਾਈ।
-ਇੰਦਰਪ੍ਰੀਤ ਕੌਰ ਲੁਧਿਆਣਾ
ਮੋਬਾਈਲ : 98886-90280
ਚੂੜੇਵਾਲੀ
ਲੇਖਕ: ਮਨਜੀਤ ਕੌਰ
ਪ੍ਰਕਾਸ਼ਕ:ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ:108
ਸੰਪਰਕ: 94638-36591

ਹਥਲੀ ਪੁਸਤਕ ਵਿਚ ਪ੍ਰਦੇਸੀ, ਪ੍ਰਮਾਤਮਾ ਦਾ ਤੇ ਚੂੜੇਵਾਲੀ ਨੂੰ ਆਤਮਾ ਦਾ ਪ੍ਰਤੀਕ ਦਰਸਾਇਆ ਗਿਆ ਹੈ। ਚੂੜੇਵਾਲੀ ਵਿਚ ਲੇਖਿਕਾ ਨੇ ਇਕ ਚੂੜੇਵਾਲੀ ਪਾਤਰ ਦੀ ਸਿਰਜਣਾ ਕਰਕੇ ਉਸ ਦੀ ਅਟੁੱਟ ਮੁਹੱਬਤ ਪ੍ਰਦੇਸੀ ਨਾਲ ਚਿਤਰਨ ਕੀਤੀ ਹੈ। ਚੂੜੇਵਾਲੀ ਨੂੰ ਪ੍ਰਦੇਸੀ ਛੱਡ ਕੇ ਪ੍ਰਦੇਸ ਚਲਾ ਜਾਂਦਾ ਹੈ। ਪਰ ਚੂੜੇਵਾਲੀ ਹਮੇਸ਼ਾ ਉਸ ਦੇ ਸੁਪਨੇ ਲੈਂਦੀ ਹੈ। ਚੂੜੇਵਾਲੀ (ਆਤਮਾ), ਪ੍ਰਦੇਸੀ (ਪ੍ਰਮਾਤਮਾ) ਨੂੰ ਮਿਲਣਾ ਚਾਹੁੰਦੀ ਹੈ, ਉਹਦੇ ਨਾਲ ਗੱਲਾਂ ਕਰਨੀਆਂ ਚਾਹੁੰਦੀ ਹੈ, ਚੂੜੇਵਾਲੀ ਨੂੰ ਆਤਮਾ ਰੂਪੀ ਦਰਸਾਇਆ ਗਿਆ ਹੈ, ਜੋ ਜਨਮਾਂ- ਜਨਮਾਂ ਤੋਂ ਪ੍ਰਦੇਸੀ ਪ੍ਰਮਾਤਮਾ ਨਾਲ ਵਿਛੜੀ ਹੋਈ ਹੈ। ਚੂੜੇਵਾਲੀ ਪੁਸਤਕ ਵਿਚ ਚੂੜੇਵਾਲੀ, ਨਵੀਂ ਦੁਨੀਆ, ਇਕ ਰੂਪ, ਸੁਧਾਰ ਘਰ, ਨਾਮ-ਦਾਨ, ਕਰਮ ਭੂਮੀ, ਸਤਿਸੰਗ, ਇਕ ਹੱਲ, ਰੂਹ ਦੀ ਖ਼ੁਸ਼ੀ, ਗੁਬਾਰ, ਦੁਨੀਆਦਾਰੀ, ਸੇਵਾ, ਤਿਆਰੀ, ਵਿਕਾਰ, ਰੂਹ ਦੀ ਖ਼ੁਰਾਕ, ਸੱਚੇ ਰਾਹ, ਜੀਵਨ ਮੁਕਤ ਭਾਗ ਲੇਖਿਕਾ ਨੇ ਬਹੁਤ ਹੀ ਸੂਝਬੂਝ ਅਤੇ ਵਿਲੱਖਣਤਾ ਨਾਲ ਲਿਖੇ ਹਨ, ਜੋ ਪਾਠਕ ਨੂੰ ਜਿੱਥੇ ਸੇਧ ਦਿੰਦੇ ਹਨ ਉੱਥੇ ਅਕਾਊ ਵੀ ਨਹੀਂ ਹੋਣ ਦਿੰਦੇ। ਇਹੀ ਇਸ ਪੁਸਤਕ ਦੀ ਵਿਲੱਖਣਤਾ ਹੈ ਕਿ ਲੇਖਿਕਾ ਆਪਣੇ ਹੀ ਢੰਗ ਨਾਲ ਸਾਰਥਿਕ ਸੇਧ ਦੇਣ ਵਿਚ ਸਫਲ ਹੈ। ਲੇਖਿਕਾ ਲਿਖਦੀ ਹੈ ਕਿ ਪਹਿਲਾਂ ਮਨ ਨੂੰ ਧਰਮ ਨਾਲ ਜੋੜਨਾ ਹੈ, ਤਾਂ ਜੋ ਮਨ 'ਤੇ ਚੰਗੇ ਪ੍ਰਭਾਵ ਪੈਣ 'ਤੇ ਉਹ ਪ੍ਰਦੇਸੀ (ਪ੍ਰਮਾਤਮਾ) ਨੂੰ ਹਮੇਸ਼ਾ ਯਾਦ ਰੱਖੇ। ਚੂੜੇਵਾਲੀ (ਆਤਮਾ) ਆਪਣੇ ਨਾਲ ਸਿਰਫ਼ ਨਾਮ ਦੀ ਕਮਾਈ ਲੈ ਕੇ ਜਾ ਸਕਦਾ ਹੈ। ਇਸੇ ਕਮਾਈ ਨਾਲ ਉਹ ਸ਼ੀਲਤਾ, ਸਬਰ-ਸੰਤੋਖ, ਵਿਰਾਗ ਅਤੇ ਸਹਿਣਸ਼ੀਲਤਾ ਵਰਗੇ ਗੁਣਾਂ ਨੂੰ ਧਾਰਦੀ ਜਾਂਦੀ ਹੈ। ਲੇਖਿਕਾ ਲਿਖਦੀ ਹੈ ਕਿ ਨਾਮ ਦੀ ਕਮਾਈ (ਭਗਤੀ) ਨੂੰ ਲੁੱਟਣ ਲਈ ਪੰਜ ਵਿਕਾਰ ਕਾਮ, ਕਰੋਧ, ਮੋਹ, ਲੋਭ ਅਤੇ ਹੰਕਾਰ ਵਾਰੋ-ਵਾਰੀ ਆਉਂਦੇ ਹਨ। ਇਨ੍ਹਾਂ ਤੋਂ ਚੇਤਨ ਰਹਿਣ ਦੀ ਲੋੜ ਹੈ, ਲੰਬੇ ਸਮੇਂ ਦੀ ਸਾਧਨਾ ਨਾਲ ਇਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪ੍ਰਮਾਤਮਾ ਖ਼ੁਦ ਆਤਮਾ ਦਾ ਮਾਰਗ ਦਰਸ਼ਕ ਬਣਦਾ ਹੈ। ਜਦੋਂ ਭਗਤੀ ਪੂਰੀ ਹੋ ਜਾਂਦੀ ਹੈ ਤਾਂ ਗੁਰੂ ਖ਼ੁਦ ਚੂੜੇਵਾਲੀ (ਆਤਮਾ) ਨੂੰ ਭਵਸਾਗਰ ਤੋਂ ਪਾਰ ਕਰ ਉਸਦੇ ਪ੍ਰਦੇਸੀ (ਪ੍ਰਮਾਤਮਾ) ਕੋਲ ਪਹੁੰਚਾ ਦਿੰਦਾ ਹੈ। ਇਨਸਾਨ ਨੂੰ ਹਮੇਸ਼ਾ ਆਪਣੀ ਅੰਦਰਲੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ, ਇਹ ਪ੍ਰਮਾਤਮਾ ਦੀ ਆਵਾਜ਼ ਹੈ।
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020